ਪੀ. ਡੀ. ਪੀ. ਵਿਧਾਇਕ ਦਾ ਦੋਸ਼ ਮਹਿਬੂਬਾ ਨੇ ਪਾਰਟੀ ਨੂੰ ''ਘਰੇਲੂ ਜਾਗੀਰ'' ਬਣਾ ਦਿੱਤਾ

Tuesday, Jul 03, 2018 - 04:56 AM (IST)

ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਉਂਝ ਤਾਂ ਜੰਮੂ-ਕਸ਼ਮੀਰ ਦੀ 13ਵੀਂ ਮੁੱਖ ਮੰਤਰੀ ਬਣੀ ਪਰ ਉਨ੍ਹਾਂ ਨੂੰ ਇਸ ਸੂਬੇ ਦੀ ਪਹਿਲੀ ਮੁਸਲਿਮ ਮਹਿਲਾ ਮੁੱਖ ਮੰਤਰੀ ਬਣਨ ਦਾ ਸਿਹਰਾ ਵੀ ਹਾਸਿਲ ਹੈ। ਉਨ੍ਹਾਂ ਤੋਂ ਪਹਿਲਾਂ 1980 ਵਿਚ ਸਈਦਾ ਅਨਵਰਾ ਤੈਮੂਰ ਕਿਸੇ ਭਾਰਤੀ ਸੂਬੇ (ਆਸਾਮ) ਦੀ ਪਹਿਲੀ ਮੁਸਲਿਮ ਮੁੱਖ ਮੰਤਰੀ ਬਣੀ ਸੀ। 
ਮਹਿਬੂਬਾ ਮੁਫਤੀ ਦੀ ਭੈਣ ਰੂਬੀਆ ਸਈਦ ਨੂੰ 1989 ਵਿਚ ਅਗ਼ਵਾ ਕਰ ਲਿਆ ਗਿਆ ਸੀ, ਜਦੋਂ ਇਨ੍ਹਾਂ ਦੇ ਪਿਤਾ ਮੁਫਤੀ ਮੁਹੰਮਦ ਸਈਦ ਕੇਂਦਰ ਦੀ ਸਰਕਾਰ ਵਿਚ ਗ੍ਰਹਿ ਮੰਤਰੀ ਸਨ। ਰੂਬੀਆ ਨੂੰ ਅਗਵਾ ਕਰਨ ਤੋਂ ਕੁਝ ਦਿਨਾਂ ਬਾਅਦ ਕੁਝ ਅੱਤਵਾਦੀਆਂ ਦੀ ਰਿਹਾਈ ਬਦਲੇ ਛੱਡ ਦਿੱਤਾ ਗਿਆ, ਜਿਸ ਦੇ ਲਈ ਵਿਰੋਧੀ ਪਾਰਟੀਆਂ ਨੇ ਸਰਕਾਰ ਦੀ ਭਾਰੀ ਆਲੋਚਨਾ ਕੀਤੀ ਸੀ ਤੇ ਉਸ ਤੋਂ ਬਾਅਦ ਜੰਮੂ-ਕਸ਼ਮੀਰ ਦੇ ਹਾਲਾਤ ਲਗਾਤਾਰ ਖਰਾਬ ਹੁੰਦੇ ਗਏ। 
ਫਿਲਹਾਲ ਦੇਸ਼ ਦੇ ਕਿਸੇ ਸੂਬੇ ਦੀ ਦੂਜੀ ਮੁਸਲਿਮ ਮੁੱਖ ਮੰਤਰੀ ਬਣਨ ਦਾ ਸਿਹਰਾ ਹਾਸਿਲ ਕਰਨ ਵਾਲੀ ਮਹਿਬੂਬਾ ਮੁਫਤੀ ਨੇ 4 ਅਪ੍ਰੈਲ 2016 ਨੂੰ ਭਾਜਪਾ ਦੇ ਸਹਿਯੋਗ ਨਾਲ ਇਸ ਅਸ਼ਾਂਤ ਸੂਬੇ ਵਿਚ ਗੱਠਜੋੜ ਸਰਕਾਰ ਬਣਾਈ ਪਰ ਕਾਨੂੰਨ ਵਿਵਸਥਾ ਨੂੰ ਕਾਬੂ ਕਰਨ ਵਿਚ ਅਸਫਲ ਰਹਿਣ ਕਰਕੇ ਭਾਜਪਾ ਵਲੋਂ ਪੀ. ਡੀ. ਪੀ. ਤੋਂ ਹਮਾਇਤ ਵਾਪਿਸ ਲੈ ਲੈਣ 'ਤੇ 19 ਜੂਨ 2018 ਨੂੰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। 
ਇਕ ਪਾਸੇ ਜਿੱਥੇ ਸਾਬਕਾ ਗੱਠਜੋੜ ਸਹਿਯੋਗੀ ਭਾਜਪਾ ਅਤੇ ਹੋਰਨਾਂ ਪਾਰਟੀਆਂ ਵਲੋਂ ਜੰਮੂ-ਕਸ਼ਮੀਰ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਲਈ ਮਹਿਬੂਬਾ ਮੁਫਤੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ, ਉਥੇ ਹੀ ਖ਼ੁਦ ਪੀ. ਡੀ. ਪੀ. ਵਿਚ ਵੀ ਮਹਿਬੂਬਾ ਮੁਫਤੀ ਦੀ ਕਾਰਜਸ਼ੈਲੀ ਨੂੰ ਲੈ ਕੇ ਅਸਹਿਮਤੀ ਦੀਆਂ ਆਵਾਜ਼ਾਂ ਉੱਠਣ ਲੱਗੀਆਂ ਹਨ। 
ਪੀ. ਡੀ. ਪੀ. ਦੀ ਬਦਹਾਲੀ ਲਈ ਮਹਿਬੂਬਾ ਮੁਫਤੀ ਦੀਆਂ ਨੀਤੀਆਂ ਨੂੰ ਮੁੱਖ ਵਜ੍ਹਾ ਕਰਾਰ ਦਿੰਦਿਆਂ ਪੀ. ਡੀ. ਪੀ. ਦੇ ਸੀਨੀਅਰ ਆਗੂ ਅਤੇ ਵਿਧਾਇਕ 'ਆਬਿਦ ਹੁਸੈਨ ਅੰਸਾਰੀ' ਨੇ ਮਹਿਬੂਬਾ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਹੈ। 
1 ਜੁਲਾਈ ਨੂੰ ਸ਼੍ਰੀਨਗਰ ਦੇ ਜੜੀਬਲ ਇਲਾਕੇ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ 'ਆਬਿਦ ਹੁਸੈਨ ਅੰਸਾਰੀ' ਨੇ ਪਾਰਟੀ ਦੀ ਲੀਡਰਸ਼ਿਪ 'ਤੇ ਵੱਡਾ ਹੱਲਾ ਬੋਲਿਆ ਤੇ ਇਸ 'ਤੇ ਪੱਖਪਾਤ ਦਾ ਦੋਸ਼ ਲਾਉਂਦਿਆਂ ਦੁਹਰਾਇਆ ਕਿ ''ਮਹਿਬੂਬਾ ਮੁਫਤੀ ਨੇ ਪਾਰਟੀ ਨੂੰ ਤਬਾਹ ਕਰ ਦਿੱਤਾ ਹੈ ਅਤੇ ਇਸ ਨੂੰ ਇਕ 'ਘਰੇਲੂ ਜਾਗੀਰ' ਬਣਾ ਦਿੱਤਾ ਹੈ।''
'ਆਬਿਦ ਹੁਸੈਨ ਅੰਸਾਰੀ' ਨੇ ਕਿਹਾ ਕਿ ''ਉਹ ਆਪਣੇ ਕੈਮਰਾਮੈਨ ਭਰਾ ਨੂੰ ਲੈ ਆਈ ਤੇ ਉਸ ਨੂੰ ਸੂਬੇ ਦਾ ਸੈਰ-ਸਪਾਟਾ ਮੰਤਰੀ ਬਣਾ ਦਿੱਤਾ। ਹਾਲਾਂਕਿ ਉਸ ਨੂੰ ਸੈਰ-ਸਪਾਟੇ ਬਾਰੇ ਮੁਢਲੀ ਜਾਣਕਾਰੀ ਵੀ ਨਹੀਂ ਹੈ। ਮੈਂ ਹਮੇਸ਼ਾ ਮਹਿਬੂਬਾ ਮੁਫਤੀ ਨੂੰ ਕਹਿੰਦਾ ਰਿਹਾ ਕਿ ਉਹ ਚਾਪਲੂਸਾਂ ਨਾਲ ਘਿਰੀ ਹੋਈ ਹੈ, ਜਿਹੜੇ ਉਨ੍ਹਾਂ ਨੂੰ ਗਲਤ ਸਲਾਹ ਦੇ ਕੇ ਪਾਰਟੀ ਨੂੰ ਤਬਾਹ ਕਰ ਰਹੇ ਹਨ।''
''ਪਰ ਉਨ੍ਹਾਂ ਨੇ ਕਦੇ ਵੀ ਮੇਰੀ ਗੱਲ ਨਹੀਂ ਸੁਣੀ ਕਿਉਂਕਿ ਉਹ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਐੱਸ. ਕੇ. ਆਈ. ਐੱਮ. ਐੱਸ.) ਵਰਗੀਆਂ ਬਹੁਤ ਸੰਵੇਦਨਸ਼ੀਲ ਸੰਸਥਾਵਾਂ ਦਾ 'ਰਿਮੋਟ ਕੰਟਰੋਲ' ਆਪਣੇ ਇਕ ਰਿਸ਼ਤੇਦਾਰ ਨੂੰ ਦੇਣ ਵਿਚ ਰੁੱਝੀ ਹੋਈ ਸੀ, ਜੋ ਇਸ ਨੂੰ ਲੰਡਨ ਵਿਚ ਰਹਿ ਕੇ ਚਲਾ ਰਿਹਾ ਸੀ।''
'ਆਬਿਦ ਹੁਸੈਨ ਅੰਸਾਰੀ' ਨੇ ਇਹ ਵੀ ਕਿਹਾ ਕਿ ਹੁਣ ਉਨ੍ਹਾਂ ਨੇ ਕਿਸੇ ਅਜਿਹੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ, ਜੋ ਉਨ੍ਹਾਂ ਦੇ ਵਰਕਰਾਂ ਅਤੇ ਭਾਈਚਾਰੇ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰੇ। 
ਪੀ. ਡੀ. ਪੀ.-ਭਾਜਪਾ ਗੱਠਜੋੜ ਖਤਮ ਹੋਣ ਤੋਂ ਪਹਿਲਾਂ ਮਹਿਬੂਬਾ ਮੁਫਤੀ ਵਲੋਂ ਲਏ ਗਏ ਕਈ ਫੈਸਲਿਆਂ ਨੂੰ ਚੁਣੌਤੀ ਦੇਣ ਵਾਲੇ 'ਆਬਿਦ ਹੁਸੈਨ ਅੰਸਾਰੀ' ਨੇ ਮਹਿਬੂਬਾ ਮੁਫਤੀ ਵਲੋਂ ਅਪਣਾਈਆਂ ਗਈਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਪੀ. ਡੀ. ਪੀ. ਅਤੇ ਭਾਜਪਾ ਦੇ ਸ਼ਾਸਨ ਦੌਰਾਨ ਕੀਤੇ ਗਏ ਕੰਮਾਂ ਜਾਂ ਅਪਣਾਈਆਂ ਗਈਆਂ ਨੀਤੀਆਂ ਤੋਂ ਸੰਤੁਸ਼ਟ ਨਹੀਂ ਹਨ। 
'ਆਬਿਦ ਹੁਸੈਨ ਅੰਸਾਰੀ' ਨੇ ਮਹਿਬੂਬਾ ਮੁਫਤੀ ਨੂੰ ਉਨ੍ਹਾਂ ਦੀਆਂ ਜਲਦਬਾਜ਼ੀ ਵਾਲੀਆਂ ਨੀਤੀਆਂ ਲਈ ਦੋਸ਼ੀ ਠਹਿਰਾਇਆ ਤੇ ਪਾਰਟੀ ਲਈ ਉਨ੍ਹਾਂ ਦੇ ਫੈਸਲਿਆਂ ਨੂੰ ਮੁਸ਼ਕਿਲ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਸਰਕਾਰ ਭਾਈਚਾਰੇ ਤੇ ਪੱਖਪਾਤ ਵਿਚ ਫਸ ਗਈ ਸੀ, ਜਿਸ ਵਿਚ ਉਨ੍ਹਾਂ ਦੇ ਚਹੇਤਿਆਂ ਨੂੰ ਚੋਟੀ ਦੇ ਅਹੁਦੇ ਮੁਹੱਈਆ ਕਰਵਾਏ ਗਏ।
ਜ਼ਿਕਰਯੋਗ ਹੈ ਕਿ 'ਆਬਿਦ ਹੁਸੈਨ ਅੰਸਾਰੀ' ਸ਼ੀਆ ਭਾਈਚਾਰੇ ਦੇ ਸ਼ਕਤੀਸ਼ਾਲੀ ਧਾਰਮਿਕ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹ 'ਸ਼ੀਆ ਐਸੋਸੀਏਸ਼ਨ' ਦੇ ਜਨਰਲ ਸਕੱਤਰ ਵੀ ਹਨ ਅਤੇ ਸਾਬਕਾ ਸਿੱਖਿਆ ਮੰਤਰੀ ਇਮਰਾਨ ਅੰਸਾਰੀ ਉਨ੍ਹਾਂ ਦਾ ਭਾਣਜਾ ਹੈ। 
ਸੂਬੇ ਵਿਚ ਪੀ. ਡੀ. ਪੀ.-ਭਾਜਪਾ ਗੱਠਜੋੜ ਸਰਕਾਰ ਦੇ ਡਿਗਣ ਤੋਂ ਬਾਅਦ ਪਾਰਟੀ ਦੇ ਕਿਸੇ ਸੀਨੀਅਰ ਆਗੂ ਵਲੋਂ ਮਹਿਬੂਬਾ 'ਤੇ ਜਨਤਕ ਤੌਰ 'ਤੇ ਕੀਤਾ ਜਾਣ ਵਾਲਾ ਇਹ ਪਹਿਲਾ ਹਮਲਾ ਹੈ, ਜਿਸ ਤੋਂ ਲੱਗਦਾ ਹੈ ਕਿ ਪਾਰਟੀ 'ਚ ਸਭ ਠੀਕ ਨਹੀਂ ਹੈ। ਇਸ ਲਈ ਜੇ ਮਹਿਬੂਬਾ ਨੇ ਪਾਰਟੀ ਦੀ ਕਾਰਗੁਜ਼ਾਰੀ ਨੂੰ ਠੀਕ ਨਾ ਕੀਤਾ ਤਾਂ ਅਗਲੀਆਂ ਚੋਣਾਂ ਵਿਚ ਇਸ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ।                
—ਵਿਜੇ ਕੁਮਾਰ


Vijay Kumar Chopra

Chief Editor

Related News