ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਵਿਰੁੱਧ ''ਹੱਲਾ ਬੋਲ'', 5 ਮਹੀਨਿਆਂ ''ਚ 200 ਤੋਂ ਵੱਧ ਮੁਲਾਜ਼ਮ ਅਤੇ ਹੋਰ ਗ੍ਰਿਫਤਾਰ

Tuesday, Aug 23, 2022 - 03:36 AM (IST)

ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਵਿਰੁੱਧ ''ਹੱਲਾ ਬੋਲ'', 5 ਮਹੀਨਿਆਂ ''ਚ 200 ਤੋਂ ਵੱਧ ਮੁਲਾਜ਼ਮ ਅਤੇ ਹੋਰ ਗ੍ਰਿਫਤਾਰ

17 ਮਾਰਚ, 2022 ਨੂੰ ਪੰਜਾਬ ’ਚ ਸੱਤਾਧਾਰੀ ਹੋਣ ਦੇ ਅਗਲੇ ਹੀ ਹਫਤੇ 23 ਮਾਰਚ ਨੂੰ ਖਟਕੜ ਕਲਾਂ ’ਚ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਸੰਬੰਧੀ ਸ਼ਿਕਾਇਤਾਂ ਕਰਨ ਲਈ ਵਟਸਐਪ ਹੈਲਪਲਾਈਨ ਨੰ. 9501200200 ਜਾਰੀ ਕੀਤਾ ਸੀ। ਉਕਤ ਹੈਲਪਲਾਈਨ ਨੰਬਰ ’ਤੇ ਆਈਆਂ ਸ਼ਿਕਾਇਤਾਂ ਦੇ ਆਧਾਰ ’ਤੇ ਪਹਿਲੀ ਕਾਰਵਾਈ ਜਲੰਧਰ ’ਚ ਕੀਤੀ ਗਈ ਸੀ ਅਤੇ ਤਹਿਸੀਲ ਦੀ ਇਕ ਮਹਿਲਾ ਕਲਰਕ ਨੂੰ 4.80 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਇਹ ਹੈਲਪਲਾਈਨ ਭ੍ਰਿਸ਼ਟ ਅਧਿਕਾਰੀਆਂ ਅਤੇ ਹੋਰਨਾਂ ਲੋਕਾਂ ਨੂੰ ਬੇਨਕਾਬ ਕਰਨ ’ਚ ਕਾਫੀ ਸਫਲ ਰਹੀ ਤੇ ਹੁਣ ਤੱਕ ਇਸ ’ਤੇ ਆਡੀਓ-ਵੀਡੀਓ ਰਿਕਾਰਡਿੰਗਾਂ ਸਮੇਤ ਮਿਲੀਆਂ 4135 ਸ਼ਿਕਾਇਤਾਂ ਦੇ ਆਧਾਰ ’ਤੇ 40 ਐੱਫ.ਆਈ.ਆਰ. ਦਰਜ ਕਰਕੇ 61 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਭ੍ਰਿਸ਼ਟਾਚਾਰ ਵਿਰੋਧੀ ਇਸ ਮੁਹਿੰਮ ਅਧੀਨ ਮਾਨ ਸਰਕਾਰ ਨੇ ਪਿਛਲੇ 5 ਮਹੀਨਿਆਂ ਦੌਰਾਨ ਨਾ ਸਿਰਫ ਆਪਣੇ ਹੀ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕੀਤਾ ਸਗੋਂ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਸਮੇਤ ਵੱਖ-ਵੱਖ ਵਿਭਾਗਾਂ ਦੇ 135 ਅਧਿਕਾਰੀਆਂ ਤੋਂ ਇਲਾਵਾ 25 ਗਜ਼ਟਿਡ ਅਧਿਕਾਰੀਆਂ ਸਮੇਤ 210 ਵਿਅਕਤੀਆਂ ਨੂੰ ਗ੍ਰਿਫਤਾਰ ਅਤੇ 2 ਅਧਿਕਾਰੀਆਂ ਨੂੰ ਮੁਅੱਤਲ ਵੀ ਕੀਤਾ। ਜੁਲਾਈ ਮਹੀਨੇ ’ਚ ਹੀ 8 ਸਰਕਾਰੀ ਮੁਲਾਜ਼ਮ ਰਿਸ਼ਵਤ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੇ ਹੁਣ ਤੱਕ 80 ਹੋਰਨਾਂ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਅਤੇ 7 ਮਾਮਲਿਆਂ ’ਚ ਵੱਖ-ਵੱਖ ਅਦਾਲਤਾਂ ਵਲੋਂ 8 ਸਰਕਾਰੀ ਅਧਿਕਾਰੀਆਂ ਅਤੇ ਇਕ ਹੋਰ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

ਸਾਬਕਾ  ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਭਾਗ ’ਚ ਅਨਾਜ ਦੀ ਢੁਆਈ ’ਚ ਹੋਏ ਕਰੋੜਾਂ ਰੁਪਏ ਦੇ ਕਥਿਤ ਘਪਲੇ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਨੇ ਸੋਮਵਾਰ ਗ੍ਰਿਫਤਾਰ ਕਰ ਲਿਆ। ਹੁਣੇ ਜਿਹੇ ਹੀ ਉਨ੍ਹਾਂ ਵਿਰੁੱਧ ਵਾਹਨਾਂ ਦੇ ਫਰਜ਼ੀ ਰਜਿਸਟ੍ਰੇਸ਼ਨ ਨੰਬਰ ’ਤੇ ਟਰਾਂਸਪੋਰਟ ਟੈਂਡਰ ਅਲਾਟ ਕਰਨ ਦੇ ਸੰਬੰਧ ’ਚ ਨਵਾਂ ਮਾਮਲਾ ਦਰਜ ਕੀਤਾ ਗਿਆ ਸੀ। ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਮਾਨ ਸਰਕਾਰ ਦੀ ਕਾਰਵਾਈ ਸਹੀ ਹੈ, ਜਿਸ ਨੂੰ ਬਿਨਾਂ ਢਿੱਲ ਜਾਰੀ ਰੱਖਣਾ ਚਾਹੀਦਾ ਹੈ ਅਤੇ ਨਾਲ ਹੀ ਇਹ ਗੱਲ ਵੀ ਧਿਆਨ ’ਚ ਰੱਖਣ ਦੀ ਲੋੜ ਹੈ ਕਿ ਬਹੁਤ ਉਤਸ਼ਾਹ ’ਚ ਕਿਸੇ ਨਿਰਦੋਸ਼ ਅਧਿਕਾਰੀ ਜਾਂ ਮੁਲਾਜ਼ਮ ਜਾਂ ਹੋਰਨਾਂ ਲੋਕਾਂ ਨੂੰ ਨਾ ਫਸਾਇਆ ਜਾਏ।
–ਵਿਜੇ ਕੁਮਾਰ


author

Mukesh

Content Editor

Related News