ਮਮਤਾ ਵਲੋਂ ਕੇਂਦਰ ਨੂੰ ਜੀ. ਐੱਸ. ਟੀ. ਦੀ ਅਦਾਇਗੀ ਰੋਕਣ ਦੀ ਧਮਕੀ

Thursday, Nov 17, 2022 - 03:48 AM (IST)

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਵਾਲੀ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕਰਦੇ ਹੋਏ ਧਮਕੀ ਦਿੱਤੀ ਹੈ ਕਿ ਜੇਕਰ ਕੇਂਦਰ ਨੇ ਸੂਬੇ ਦੇ ਬਕਾਏ ਨਾ ਅਦਾ ਕੀਤੇ ਤਾਂ ਉਸ ਨੂੰ (ਪੱਛਮੀ ਬੰਗਾਲ) ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦਾ ਭੁਗਤਾਨ ਰੋਕਣਾ ਪੈ ਸਕਦਾ ਹੈ। ਮਮਤਾ ਬੈਨਰਜੀ  ਨੇ ਕਿਹਾ, ‘‘ਕੇਂਦਰ ਨੂੰ ਸੂਬਿਆਂ ਦਾ ਬਕਾਇਆ ਅਦਾ ਕਰਨਾ ਚਾਹੀਦਾ ਹੈ। ਆਪਣੇ ਬਕਾਏ ਦੇ ਭੁਗਤਾਨ ਦੇ ਲਈ ਕੀ ਸਾਨੂੰ ਕੇਂਦਰ ਕੋਲੋਂ ਭੀਖ ਮੰਗਣੀ ਪਵੇਗੀ? ਜੇਕਰ ਭਾਜਪਾ ਸਰਕਾਰ ਸਾਡੀ ਬਕਾਇਆ ਰਕਮ ਦਾ ਭੁਗਤਾਨ ਨਹੀਂ ਕਰਦੀ ਤਾਂ ਉਸ ਨੂੰ ਸੱਤਾ ਛੱਡਣੀ ਹੋਵੇਗੀ।’’ 

ਮਮਤਾ ਬੈਨਰਜੀ ਨੇ ਕਿਹਾ, ‘‘ਬਕਾਏ ਰੋਕ ਕੇ ਕੇਂਦਰ ਸਰਕਾਰ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਤੋਂ ਵਾਂਝਾ ਕਰ ਰਹੀ ਹੈ। ਇਸ ਦੇ ਵਿਰੁੱਧ ਲੜਾਈ ਹੋਵੇਗੀ। ਸਾਰੇ ਸੂਬਿਆਂ ਨੇ ਮਿਲ ਕੇ ਜੀ. ਐੱਸ. ਟੀ. ਨੂੰ ਪ੍ਰਵਾਨਗੀ ਦਿੱਤੀ ਸੀ। ਕੇਂਦਰ ਸਰਕਾਰ ਸੂਬੇ ਕੋਲੋਂ ਜੀ. ਐੱਸ. ਟੀ. ਤਾਂ ਲਿਜਾ ਰਹੀ ਹੈ ਪਰ ਮਨਰੇਗਾ ਸਮੇਤ ਬੰਗਲਾ ਆਵਾਸ ਅਤੇ ਦਿਹਾਤੀ ਸੜਕਾਂ ਆਦਿ ਨਾਲ ਸੰਬੰਧਤ ਯੋਜਨਾਵਾਂ ਦੇ ਬਕਾਇਆ ਪੈਸੇ ਨਹੀਂ ਦੇ ਰਹੀ।’’

‘‘ਇਹ ਭਾਜਪਾ ਦਾ ਨਹੀਂ, ਆਮ ਲੋਕਾਂ ਦਾ ਪੈਸਾ ਹੈ। ਭਾਜਪਾ ਲੋਕਾਂ ਦੇ ਅਧਿਕਾਰ ਖੋਹ ਰਹੀ ਹੈ। ਕੇਂਦਰ ਸਰਕਾਰ ਸੂਬੇ ਨੂੰ ਪੈਸੇ ਨਹੀਂ ਦੇ ਰਹੀ ਹੈ।’’ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਹਵਾਲਾ ਦਿੰਦੇ ਹੋਏ ਮਮਤਾ  ਬੈਨਰਜੀ ਨੇ ਕਿਹਾ, ‘‘ਅਧਿਕਾਰ ਖੋਹ ਕੇ ਲੈਣਾ ਹੋਵੇਗਾ। ਜੇਕਰ ਤੁਸੀਂ ਭੁਗਤਾਨ ਕਰਨਾ ਬੰਦ ਕਰ ਦਿੰਦੇ ਹੋ ਤਾਂ ਅਸੀਂ ਵੀ ਜੀ. ਐੱਸ. ਟੀ. ਰੋਕ ਸਕਦੇ ਹਾਂ।’’

ਉਂਝ ਵੀ ਕੇਂਦਰ ਸਰਕਾਰ ਵਲੋਂ ਸੂਬਿਆਂ ਦੇ ਬਕਾਇਆਂ ਦੀ ਅਦਾਇਗੀ ਦਾ ਜੋ ਮੁੱਦਾ ਮਮਤਾ ਬੈਨਰਜੀ ਨੇ ਚੁੱਕਿਆ ਹੈ, ਲਗਭਗ ਉਹੋ ਜਿਹੀ ਹੀ ਸਮੱਸਿਆ ਦੂਜੇ ਸੂਬਿਆਂ ਦੇ ਨਾਲ ਵੀ ਹੈ, ਇਸ ਲਈ ਕੇਂਦਰ ਸਰਕਾਰ ਨੂੰ ਇਸ ਵੱਲ ਧਿਆਨ ਦੇ ਕੇ ਸੂਬਿਆਂ ਦੀ ਬਕਾਇਆ ਰਕਮਾਂ ਦੀ ਅਦਾਇਗੀ ਦੀ ਕੋਈ ਠੋਸ ਪ੍ਰਣਾਲੀ ਤਿਆਰ ਕਰਨੀ ਚਾਹੀਦੀ ਹੈ ਤਾਂਕਿ ਉਨ੍ਹਾਂ ਦੇ ਕੰਮ ’ਚ ਕੋਈ ਅੜਿੱਕਾ ਪੈਦਾ ਨਾ ਹੋਵੇ ਅਤੇ ਕੇਂਦਰ ਤੇ ਸੂਬਿਆਂ  ਦੇ ਸੰਬੰਧ ਵੀ ਖਰਾਬ ਨਾ ਹੋਣ। ਇਸ ਲਈ ਕੇਂਦਰ  ਸਰਕਾਰ ਨੂੰ ਸੰਬੰਧਤ ਅਧਿਕਾਰੀਆਂ ਦੇ ਵਿਰੁੱਧ ਉਚਿਤ ਕਾਰਵਾਈ ਕਰਨ ਦੀ ਲੋੜ ਹੈ, ਜਿਨ੍ਹਾਂ ਦੇ ਕਾਰਨ ਇਸ ਤਰ੍ਹਾਂ  ਦੀ ਸਥਿਤੀ ਪੈਦਾ ਹੋ ਰਹੀ ਹੈ।

–ਵਿਜੇ ਕੁਮਾਰ


Mandeep Singh

Content Editor

Related News