‘ਮਮਤਾ ਦਾ ਵਿਰੋਧੀ ਧਿਰ ਦੇ ਆਗੂਆਂ ਨੂੰ ਏਕਤਾ ਪੱਤਰ’

04/02/2021 3:19:23 AM

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣਾ ਸਿਆਸੀ ਕਰੀਅਰ 1970 ਦੇ ਦਹਾਕੇ ’ਚ ਕਾਂਗਰਸ ਤੋਂ ਸ਼ੁਰੂ ਕੀਤਾ ਅਤੇ 1997 ’ਚ ਕਾਂਗਰਸ ਤੋਂ ਅਸਤੀਫਾ ਦੇ ਕੇ 1 ਜਨਵਰੀ, 1998 ਨੂੰ ਆਪਣੀ ਪਾਰਟੀ ‘ਤ੍ਰਿਣਮੂਲ ਕਾਂਗਰਸ’ ਬਣਾ ਲਈ।

1999 ’ਚ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਭਾਜਪਾ ਵਾਲੀ ‘ਰਾਜਗ’ ਨਾਲ ਜੁੜ ਕੇ ਉਹ ਉਨ੍ਹਾਂ ਦੀ ਸਰਕਾਰ ’ਚ ਰੇਲ ਮੰਤਰੀ ਬਣੀ ਪਰ ਕੁਝ ਸਮੇਂ ਬਾਅਦ ਰਾਜਗ ਨਾਲੋਂ ਨਾਤਾ ਤੋੜ ਕੇ ਕਾਂਗਰਸ ਵਾਲੀ ‘ਯੂ. ਪੀ. ਏ.’ ਨਾਲ ਜੁੜ ਗਈ ਅਤੇ ਉਸ ’ਚ ਵੀ ਰੇਲ ਮੰਤਰੀ ਬਣੀ।

ਕੇਂਦਰ ਵਿਚ ਮੰਤਰੀ ਰਹਿੰਦੇ ਹੋਏ ਵੀ ਉਨ੍ਹਾਂ ਦੀ ਨਜ਼ਰ ਪੱਛਮੀ ਬੰਗਾਲ ’ਤੇ ਸ਼ਾਸਨ ਕਰਨ ’ਤੇ ਹੀ ਟਿਕੀ ਰਹੀ ਅਤੇ ਅਖੀਰ ਬੰਗਾਲ ਵਿਚ 34 ਸਾਲਾਂ ਦਾ ਖੱਬੇਪੱਖੀ ਸ਼ਾਸਨ ਖਤਮ ਕਰ ਕੇ ਉਹ 22 ਮਈ, 2011 ਨੂੰ ਸੂਬੇ ਦੀ ਮੁੱਖ ਮੰਤਰੀ ਬਣ ਗਈ।

10 ਸਾਲ ਤੋਂ ਬੰਗਾਲ ਦੀ ਸੱਤਾ ’ਤੇ ਕਾਬਿਜ਼ ਮਮਤਾ ਬੈਨਰਜੀ ਹੁਣ ਤੀਜੀ ਵਾਰ ਆਪਣੀ ਸਫਲਤਾ ’ਤੇ ਪੂਰਾ ਜ਼ੋਰ ਲਗਾ ਰਹੀ ਹੈ ਤੇ ਦੂਸਰੇ ਪਾਸੇ ਕੇਂਦਰ ’ਚ ਸੱਤਾਧਾਰੀ ਭਾਜਪਾ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਲਈ ਯਤਨਸ਼ੀਲ ਹੈ। ਕਈ ਮਹੀਨਿਆਂ ਤੋਂ ਭਾਜਪਾ ਦੇ ਚੋਟੀ ਦੇ ਨੇਤਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਪ੍ਰਧਾਨ ਜੇ. ਪੀ. ਨੱਢਾ, ਅਮਿਤ ਸ਼ਾਹ, ਰਾਜਨਾਥ ਸਿੰਘ, ਯੋਗੀ ਅਦਿੱਤਿਆਨਾਥ ਆਦਿ ਸੂਬੇ ਦੇ ਲਗਾਤਾਰ ਦੌਰੇ ਕਰ ਰਹੇ ਹਨ।

ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸੱਤਾ ਵਿਰੋਧੀ ਲਹਿਰ ਦੇ ਨਾਲ ਪਾਰਟੀ ’ਚ ਵਧ ਰਹੇ ਅਸੰਤੋਸ਼ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਭਰੋਸੇਯੋਗ ਸਾਥੀ ਅਤੇ ਸਾਬਕਾ ਮੰਤਰੀ ਸ਼ੁਭੇਂਦੂ ਅਧਿਕਾਰੀ ਸਮੇਤ ਦਰਜਨਾਂ ‘ਤ੍ਰਿਣਮੂਲ ਕਾਂਗਰਸ ਨੇਤਾ’ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਹਨ।

ਇਹੀ ਨਹੀਂ ਮਮਤਾ ਬੈਨਰਜੀ ਦੇ ਸੰਸਦ ਮੈਂਬਰ ਭਤੀਜੇ ਅਭਿਸ਼ੇਕ ਬੈਨਰਜੀ ਅਤੇ ਉਨ੍ਹਾਂ ਦੀ ਪਤਨੀ ਰੁਜਿਰਾ ਨਰੂਲਾ ਦੀ ਕੋਲਾ ਸਮੱਗਲਿੰਗ ’ਚ ਕਥਿਤ ਸ਼ਮੂਲੀਅਤ, ਵਿਦੇਸ਼ੀ ਬੈਂਕ ਖਾਤਿਆਂ ’ਚ ਰਕਮ ਆਦਿ ਨੂੰ ਲੈ ਕੇ ਵੀ ਰੋਸ ਪੈਦਾ ਹੋਇਆ ਹੈ।

ਇਸੇ ਦਰਮਿਆਨ ਜਿੱਥੇ ਮਮਤਾ ਦੇ ਮੁਸਲਿਮ ਵੋਟ ਕੱਟਣ ਲਈ ‘ਅਸਦੂਦੀਨ ਓਵੈਸੀ’ ਨੇ ਆਪਣੇ ਉਮੀਦਵਾਰ (ਏ. ਆਈ. ਐੱਮ. ਆਈ. ਐੱਮ.) ਮੈਦਾਨ ’ਚ ਉਤਾਰੇ ਹੋਏ ਹਨ, ਉੱਥੇ ‘ਫੁਰਫੁਰਾ ਸ਼ਰੀਫ’ ਦਰਗਾਹ ਦੇ ਮੌਲਾਨਾ ‘ਪੀਰਜਾਦਾ ਅੱਬਾਸ ਸਦੀਕੀ’ ਨੇ ਵੀ ਆਪਣੀ ਸਿਆਸੀ ਪਾਰਟੀ ‘ਇੰਡੀਅਨ ਸੈਕੂਲਰ ਫਰੰਟ’ ਬਣਾ ਕੇ ਮਮਤਾ ਲਈ ਮੁਸ਼ਕਿਲ ਪੈਦਾ ਕਰ ਦਿੱਤੀ ਹੈ।

ਸੂਬੇ ’ਚ ਚੱਲ ਰਹੀਆਂ ਅਜਿਹੀਆਂ ਸਰਗਰਮੀਆਂ ਦਰਮਿਆਨ ਭਾਜਪਾ ਦੇ ਲਗਾਤਾਰ ਹਮਲਿਆਂ ਦੇ ਕਾਰਨ ਆਪਣੇ ਸਿਰ ’ਤੇ ਖਤਰਾ ਮੰਡਰਾਉਂਦਾ ਦੇਖ ਕੇ ਮਮਤਾ ਨੇ ਸੋਨੀਆ ਗਾਂਧੀ (ਕਾਂਗਰਸ), ਸ਼ਰਦ ਪਵਾਰ (ਰਾਕਾਂਪਾ), ਐੱਮ. ਕੇ. ਸਟਾਲਿਨ (ਦ੍ਰਮੁਕ), ਅਖਿਲੇਸ਼ ਯਾਦਵ (ਸਪਾ), ਤੇਜਸਵੀ ਯਾਦਵ (ਰਾਜਦ), ਊਧਵ ਠਾਕਰੇ (ਸ਼ਿਵ ਸੈਨਾ), ਕੇਜਰੀਵਾਲ (ਆਪ) ਅਤੇ ਨਵੀਨ ਪਟਨਾਇਕ (ਬੀਜਦ) ਸਮੇਤ 15 ਗੈਰ-ਭਾਜਪਾ ਨੇਤਾਵਾਂ ਨੂੰ ਪੱਤਰ ਲਿਖਿਆ ਹੈ।

ਇਸ ਪੱਤਰ ’ਚ ਮਮਤਾ ਬੈਨਰਜੀ ਨੇ ਭਾਜਪਾ ’ਤੇ ਦੇਸ਼ ’ਚ ਇਕ ਪਾਰਟੀ ਤਾਨਾਸ਼ਾਹੀ ਸ਼ਾਸਨ ਸਥਾਪਤ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਲੋਕਤੰਤਰ ਅਤੇ ਸੰਵਿਧਾਨ ’ਤੇ ਭਾਜਪਾ ਦੇ ਹਮਲਿਆਂ ਦੇ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ।

ਪਰ ਮਮਤਾ ਬੈਨਰਜੀ ਨੂੰ ਰਾਕਾਂਪਾ, ਰਾਜਦ, ਨੈਕਾ, ‘ਆਪ’ ਅਤੇ ਪੀ. ਡੀ. ਪੀ. ਵਰਗੀਆਂ 4-5 ਖੇਤਰੀ ਪਾਰਟੀਆਂ ਦਾ ਹੀ ਸਮਰਥਨ ਮਿਲਿਆ ਹੈ, ਜਿਨ੍ਹਾਂ ਦਾ ਬੰਗਾਲ ’ਚ ਕੋਈ ਲੋਕ ਆਧਾਰ ਹੀ ਨਹੀਂ ਹੈ, ਜਦਕਿ ਸੂਬੇ ’ਚ ਕਾਂਗਰਸ ਅਤੇ ਕਮਿਊਨਿਸਟਾਂ ਵਰਗੀਆਂ ਲੋਕ ਆਧਾਰ ਵਾਲੀਆਂ ਪਾਰਟੀਆਂ ਨੇ ਉਨ੍ਹਾਂ ਦੇ ਪੱਤਰ ’ਤੇ ਕੋਈ ਪ੍ਰਤੀਕਿਰਿਆ ਹੀ ਨਹੀਂ ਦਿੱਤੀ। ਭਾਜਪਾ ਲੀਡਰਸ਼ਿਪ ਦਾ ਕਹਿਣਾ ਹੈ ਕਿ ਇਸ ਪੱਤਰ ਦੇ ਪਿੱਛੇ ਮਮਤਾ ਨੂੰ ਹਾਰ ਦੀ ਚਿੰਤਾ ਦਿਖਾਈ ਦੇ ਰਹੀ ਹੈ।

ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵਿਰੁੱਧ ਪ੍ਰਮੁੱਖ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋਣ ਦਾ ਜੋ ਸੱਦਾ ਮਮਤਾ ਬੈਨਰਜੀ ਹੁਣ ਦੇ ਰਹੀ ਹੈ, ਉਹ ਉਸ ਨੂੰ ਬਹੁਤ ਪਹਿਲਾਂ ਦੇਣਾ ਚਾਹੀਦਾ ਸੀ। ਕੁਝ ਇਸੇ ਤਰ੍ਹਾਂ ਦਾ ਸੱਦਾ ਪਿਛਲੇ ਸਾਲ ਜਨਵਰੀ ’ਚ ਸੋਨੀਆ ਗਾਂਧੀ ਨੇ ਵਿਰੋਧੀ ਪਾਰਟੀਆਂ ਦੀ ਬੈਠਕ ’ਚ ਦਿੱਤਾ ਸੀ ਪਰ ਉਸ ਬੈਠਕ ’ਚ ਮਮਤਾ ਬੈਨਰਜੀ ਸ਼ਾਮਲ ਹੀ ਨਹੀਂ ਹੋਈ ਸੀ।

ਇਹ ਸਹੀ ਹੈ ਕਿ ਲੋਕਤੰਤਰ ’ਚ ਇਕ ਮਜ਼ਬੂਤ ਵਿਰੋਧੀ ਧਿਰ ਬਹੁਤ ਜ਼ਰੂਰੀ ਹੈ ਜਿਵੇਂ ਕਿ ਇੰਦਰਾ ਗਾਂਧੀ ਵੱਲੋਂ 1975 ’ਚ ਲਗਾਈ ਗਈ ਐਮਰਜੈਂਸੀ ਦਾ ਜਵਾਬ 1977 ਦੀਆਂ ਚੋਣਾਂ ’ਚ ਇਕਜੁੱਟ ਹੋ ਕੇ ਵਿਰੋਧੀ ਪਾਰਟੀਆਂ ਨੇ ਇੰਦਰਾ ਗਾਂਧੀ ਨੂੰ ਬੁਰੀ ਤਰ੍ਹਾਂ ਹਰਾ ਕੇ ਦਿੱਤਾ ਸੀ।

ਵਿਰੋਧੀ ਧਿਰ ਦੀ ਏਕਤਾ ਦੀ ਇਕ ਹੋਰ ਉਦਾਹਰਣ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ ਲਗਭਗ 22 ਵਿਰੋਧੀ ਪਾਰਟੀਆਂ ਦਾ ਗੱਠਜੋੜ (ਰਾਜਗ) ਬਣਾ ਕੇ ਪਹਿਲੀ ਵਾਰ 1998 ’ਚ ਅਤੇ ਫਿਰ 1999 ’ਚ ਚੋਣ ਜਿੱਤ ਕੇ ਸਰਕਾਰ ਬਣਾ ਕੇ ਪੇਸ਼ ਕੀਤੀ ਸੀ।

ਸਿੱਟੇ ’ਚ ਇਹੀ ਕਿਹਾ ਜਾ ਸਕਦਾ ਹੈ ਕਿ ਇਸ ਸਮੇਂ ਜਦਕਿ ਕੇਂਦਰ ’ਚ ਸੱਤਾਧਾਰੀ ਭਾਜਪਾ ਹਰ ਹਾਲਤ ’ਚ ਪੱਛਮੀ ਬੰਗਾਲ ਦੀ ਚੋਣ ਜਿੱਤਣ ’ਤੇ ਉਤਾਰੂ ਹੈ ਅਤੇ ਜਦੋਂ 8 ਪੜਾਵਾਂ ’ਚੋਂ 2 ਪੜਾਵਾਂ ਦੀਆਂ ਵੋਟਾਂ ਪੈ ਚੁੱਕੀਆਂ ਹਨ, ਹੁਣ ਮਮਤਾ ਬੈਨਰਜੀ ਲੋਕ ਆਧਾਰ ਵਾਲੀ ਕਾਂਗਰਸ, ਕਮਿਊਨਿਸਟ ਅਤੇ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ ਦੇ ਨੇਤਾਵਾਂ ਨੂੰ ਪੱਤਰ ਲਿਖ ਕੇ ਇਕਜੁੱਟ ਹੋਣ ਲਈ ਪੁਕਾਰ ਰਹੀ ਹੈ।

‘ਜਬ ਦੀਯਾ ਰੰਜ ਬੁਤੋਂ ਨੇ ਤੋ ‘ਖੁਦਾ’ ਯਾਦ ਆਇਆ’

-ਵਿਜੇ ਕੁਮਾਰ


Bharat Thapa

Content Editor

Related News