ਜਾਨਲੇਵਾ ਨਸ਼ੇ ‘ਐੱਲ. ਐੱਸ. ਡੀ.’ ਦੀ ਦੇਸ਼ ’ਚ ਹੁਣ ਤਕ ਦੀ ਸਭ ਤੋਂ ਵੱਡੀ ਬਰਾਮਦਗੀ

06/09/2023 6:01:37 AM

ਕੇਂਦਰ ਅਤੇ ਵੱਖ-ਵੱਖ ਸੂਬਿਆਂ ਵੱਲੋਂ ਦੇਸ਼ ’ਚ ਨਸ਼ੇ ਦੀ ਬੁਰਾਈ ਨੂੰ ਖਤਮ ਕਰਨ ਲਈ ਲਾਈਆਂ ਜਾ ਰਹੀਆਂ ਮੁਹਿੰਮਾਂ ਦੇ ਬਾਵਜੂਦ ਦੇਸ਼ ’ਚ ਇਹ ਬੁਰਾਈ ਕਾਬੂ ’ਚ ਆਉਣ ਦੀ ਬਜਾਏ ਵਧਦੀ ਹੀ ਜਾ ਰਹੀ ਹੈ।

‘ਨਸ਼ਾ ਕੰਟਰੋਲ ਬਿਊਰੋ’ (ਐੱਨ. ਸੀ. ਬੀ.) ਨੇ ਦੇਸ਼ ਭਰ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਇਕ ਗਿਰੋਹ ਦਾ ਭਾਂਡਾ ਭੰਨ ਕੇ ਇਸ ਗਿਰੋਹ ਦੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 10 ਕਰੋੜ ਰੁਪਏ ਤੋਂ ਵੱਧ ਦੇ ਮੁੱਲ ਦੇ ਐੱਲ. ਐੱਸ. ਡੀ. (ਲਿਸਰਸਿਕ ਐਸਿਡ ਡਾਈਏਥਿਲੇਮਾਇਡ) ਨਾਮਕ ਅਤਿਅੰਤ ਘਾਤਕ ਸਿੰਥੈਟਿਕ ਨਸ਼ੇ ਦੇ 15,000 ਪੈਕੇਟ ਜ਼ਬਤ ਕੀਤੇ ਹਨ।

ਨਸ਼ਾ ਕੰਟਰੋਲ ਬਿਊਰੋ ਵੱਲੋਂ ਜ਼ਬਤ ਇਹ ਐੱਲ. ਐੱਸ. ਡੀ. ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮਾਤਰਾ ਹੈ ਅਤੇ ਨਾਰਕੋਟਿਕਸ ਐਂਡ ਸਾਈਕੋਟ੍ਰਾਪਿਕ ਸਬਸਟੈਂਸ ਕਾਨੂੰਨ ਦੇ ਤਹਿਤ ਇਸ ਦੀ 0.1 ਗ੍ਰਾਮ ਮਾਤਰਾ ਰੱਖਣੀ ਵੀ ਅਪਰਾਧ ਦੀ ਸ਼੍ਰੇਣੀ ’ਚ ਆਉਂਦੀ ਹੈ।

ਵੱਖ-ਵੱਖ ਸਥਾਨਾਂ ਤੋਂ ਗ੍ਰਿਫਤਾਰ ਸਾਰੇ ਦੋਸ਼ੀ ਨੌਜਵਾਨ ਹਨ ਜਿਨ੍ਹਾਂ ’ਚ ਇਕ ਲੜਕੀ ਵੀ ਸ਼ਾਮਲ ਹੈ। ਦਿਮਾਗ ਨੂੰ ਸੁੰਨ ਕਰ ਦੇਣ ਵਾਲਾ ਅਤੇ ਪਾਰਟੀ ਡਰੱਗ ਦੇ ਤੌਰ ’ਤੇ ਵਰਤਿਆ ਜਾਣ ਵਾਲਾ ਇਹ ਨਸ਼ਾ ਮਹਾਨਗਰਾਂ ਦੇ ਨੌਜਵਾਨਾਂ ਨੂੰ ਤੇਜ਼ੀ ਨਾਲ ਆਪਣੀ ਲਪੇਟ ’ਚ ਲੈ ਰਿਹਾ ਹੈ।

ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਅਨੁਸਾਰ ਐੱਲ. ਐੱਸ. ਡੀ. ਦਾ ਨਸ਼ਾ ਦਿੱਲੀ ਐੱਨ. ਸੀ. ਆਰ. ਹੀ ਨਹੀਂ ਸਗੋਂ ਦੇਸ਼ ਦੇ ਸਾਰੇ ਮੈਟਰੋ ਸ਼ਹਿਰਾਂ ਅਤੇ ਵੱਡੇ ਕਾਲਜਾਂ ਦੇ ਆਸ-ਪਾਸ ਵੇਚਿਆ ਜਾਂਦਾ ਹੈ।

ਕਾਗਜ਼ ’ਤੇ ਚਿਪਕਿਆ ਹੋਇਆ ਅਤੇ ਚੱਟ ਕੇ ਲਿਆ ਜਾਣ ਵਾਲਾ ਇਹ ਨਸ਼ਾ ਦਿਮਾਗ ਨੂੰ ਸੁੰਨ ਕਰ ਦਿੰਦਾ ਹੈ ਅਤੇ ਇੰਨਾ ਖਤਰਨਾਕ ਹੈ ਕਿ ਇਸ ਦੀ ਥੋੜ੍ਹੀ ਜਿਹੀ ਵੀ ਵੱਧ ਮਾਤਰਾ ਮੌਤ ਦਾ ਕਾਰਨ ਬਣ ਸਕਦੀ ਹੈ।

ਇੰਨੇ ਖਤਰਨਾਕ ਨਸ਼ੇ ਦੀ ਇੰਨੀ ਵੱਡੀ ਮਾਤਰਾ ’ਚ ਬਰਾਮਦਗੀ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਧਨ ਦੇ ਲੋਭੀ ਮੌਤ ਦੇ ਵਪਾਰੀਆਂ ਨੇ ਆਪਣੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਲਾ ਲਈਆਂ ਹਨ। ਇਸ ਲਈ ਅਜਿਹੇ ਤੱਤਾਂ ਨੂੰ ਓਨੀ ਹੀ ਸਖਤੀ ਨਾਲ ਕੁਚਲਣ ਦੀ ਤੁਰੰਤ ਲੋੜ ਹੈ।

- ਵਿਜੇ ਕੁਮਾਰ


Anmol Tagra

Content Editor

Related News