ਦੇਸ਼-ਹਿੱਤ ''ਚ ਜੀ. ਐੱਸ. ਟੀ. ''ਤੇ ਸਭ ਦੀ ਸਹਿਮਤੀ ਅਤੇ ਹੁਣ ਵਿਰੋਧੀ ਧਿਰ ਦੀ ਏਕਤਾ ਦੇ ਯਤਨ

04/09/2017 3:45:04 AM

ਗੁੱਡਜ਼ ਐਂਡ ਸਰਵਿਸ ਟੈਕਸ (ਜੀ. ਐੱਸ. ਟੀ. ) ਬਿੱਲ ਭਾਰਤ ਦਾ ਹੁਣ ਤਕ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਹੈ। ਮੌਜੂਦਾ ਪ੍ਰਣਾਲੀ ਨੂੰ ਸਰਲ ਬਣਾਉਣ ਤੇ ਦੇਸ਼ ਨੂੰ ਏਕੀਕ੍ਰਿਤ ਬਾਜ਼ਾਰ ''ਚ ਬਦਲਣ ਵਿਚ ਇਹ ਮੀਲ ਪੱਥਰ ਸਿੱਧ ਹੋ ਸਕਦਾ ਹੈ। 
ਕਾਫੀ ਸਮੇਂ ਤੋਂ ਡੈੱਡਲਾਕ ਦਾ ਸ਼ਿਕਾਰ ਰਹੀ ਸੰਸਦ ''ਚ ਹਾਲ ਹੀ ਦੇ ਸਮੇਂ ਦੌਰਾਨ ਘੱਟੋ-ਘੱਟ ਇਕ ਮੁੱਦੇ ''ਤੇ ਸੱਤਾਧਾਰੀ ਤੇ ਵਿਰੋਧੀ ਧਿਰ ਦੀਆਂ ਸਾਰੀਆਂ ਪਾਰਟੀਆਂ ਵਿਚਾਲੇ ਸਹਿਮਤੀ ਨਜ਼ਰ ਆਈ ਅਤੇ ਲੋਕ ਸਭਾ ਵਲੋਂ ਪਹਿਲਾਂ ਪਾਸ ਕੀਤੇ ਜਾ ਚੁੱਕੇ ਜੀ. ਐੱਸ. ਟੀ. ਨੂੰ ਲਾਗੂ ਕਰਨ ਦਾ ਰਾਹ ਪੱਧਰਾ ਕਰਦਿਆਂ ਰਾਜ ਸਭਾ ਨੇ ਵੀ ਇਸ ਨੂੰ ਪਾਸ ਕਰ ਦਿੱਤਾ। 
ਨਰਿੰਦਰ ਮੋਦੀ ਨਾਲ ਸਿਆਸੀ ਮਤਭੇਦਾਂ ਦੇ ਬਾਵਜੂਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਘੱਟੋ-ਘੱਟ ਤਿੰਨ ਵਾਰ ਰਾਸ਼ਟਰ-ਹਿੱਤ ਦੇ ਇਸ ਮੁੱਦੇ ''ਤੇ ਭਾਜਪਾ ਸਰਕਾਰ ਦੇ ਫੈਸਲਿਆਂ ਨਾਲ ਖੜ੍ਹੇ ਨਜ਼ਰ ਆਏ, ਜਿਸ ਨਾਲ ਸਰਕਾਰ ਇਹ ਬਿੱਲ ਰਾਜ ਸਭਾ ''ਚ ਪਾਸ ਕਰਵਾ ਸਕੀ।
ਇਕ ਪਾਸੇ ਕੇਂਦਰ ਸਰਕਾਰ ਦੇਸ਼ ''ਚ ਇਕੋ ਜਿਹੀ ਟੈਕਸ ਪ੍ਰਣਾਲੀ ਲਾਗੂ ਕਰਨ ਦਾ ਇਤਿਹਾਸਕ ਕਦਮ ਚੁੱਕਣ ਜਾ ਰਹੀ ਹੈ ਤਾਂ ਦੂਜੇ ਪਾਸੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਦੇਸ਼ ''ਚ ਇਕ ਮਜ਼ਬੂਤ ਵਿਰੋਧੀ ਧਿਰ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। 
ਇਸ ਸੰਬੰਧ ''ਚ ਤਾਜ਼ਾ ਪਹਿਲ 10 ਫਰਵਰੀ ਨੂੰ ਨਿਤੀਸ਼ ਕੁਮਾਰ ਨੇ ਮਾਰਕਸੀ ਨੇਤਾ ਸੀਤਾਰਾਮ ਯੇਚੁਰੀ ਨੂੰ ਮਿਲ ਕੇ ਕੀਤੀ ਸੀ ਅਤੇ ਨਰਿੰਦਰ ਮੋਦੀ ਤੇ ਭਾਜਪਾ ਨੂੰ ਰੋਕਣ ਲਈ ਹਮਖਿਆਲੀ ਪਾਰਟੀਆਂ ਦੇ ਇਕ ਹੋਣ ਦੀ ਲੋੜ ਦੱਸੀ ਸੀ। 
ਹੁਣ 5 ਸੂਬਿਆਂ ਦੀਆਂ ਚੋਣਾਂ ''ਚ ਭਾਜਪਾ ਦੀ ਪ੍ਰਚੰਡ ਜਿੱਤ ਤੋਂ ਬਾਅਦ ਇਕ ਵਾਰ ਫਿਰ ਇਸ ਦਿਸ਼ਾ ''ਚ ਕਵਾਇਦ ਤੇਜ਼ ਹੋ ਗਈ ਹੈ। ਖੁਦ ਕਾਂਗਰਸ ਅੰਦਰ ਵਿਰੋਧੀ ਪਾਰਟੀਆਂ ਨਾਲ ਗੱਠਜੋੜ ਬਣਾਉਣ ਦੀ ਲੋੜ ''ਤੇ ਜ਼ੋਰ ਦਿੱਤਾ ਜਾਣ ਲੱਗਾ ਹੈ। 
ਸੀਨੀਅਰ ਕਾਂਗਰਸੀ ਨੇਤਾ ਮਣੀਸ਼ੰਕਰ ਅਈਅਰ ਨੇ ਤਾਂ ਸਾਫ-ਸਾਫ ਕਿਹਾ ਹੈ ਕਿ ''''2019 ਦੀਆਂ ਚੋਣਾਂ ''ਚ ਇਕੱਲਿਆਂ ਮੋਦੀ ਨੂੰ ਨਹੀਂ ਹਰਾਇਆ ਜਾ ਸਕਦਾ, ਇਸ ਲਈ ਸਾਰੀਆਂ ਪੁਰਾਣੀਆਂ ਪਾਰਟੀਆਂ ਮਿਲ ਕੇ ਇਕ ''ਮਹਾਗੱਠਜੋੜ'' ਬਣਾਉਣ। ਇਸ ਦੇ ਲਈ ਕਾਂਗਰਸ ਨੂੰ ਆਪਣੀ ਰਣਨੀਤੀ ''ਤੇ ਮੁੜ ਵਿਚਾਰ ਅਤੇ ਸੰਗਠਨ ''ਚ ਤਬਦੀਲੀ ਕਰਨ ਦੀ ਲੋੜ ਹੈ।''''
ਇਸੇ ਸੰਦਰਭ ''ਚ 5 ਅਪ੍ਰੈਲ ਨੂੰ ਨਿਤੀਸ਼ ਕੁਮਾਰ ਨੇ ਬਿਹਾਰ ਦੀ ਤਰਜ਼ ''ਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਮਿਲਾ ਕੇ ਮਹਾਗੱਠਜੋੜ ਬਣਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ''''ਕੌਮੀ ਪੱਧਰ ''ਤੇ ''ਮਹਾਗੱਠਜੋੜ'' ਮਹਾਸਫਲ ਹੋ ਸਕਦਾ ਹੈ ਤੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਕਾਂਗਰਸ ਨੂੰ ਇਸ ਦਿਸ਼ਾ ''ਚ ਪਹਿਲ ਕਰਨੀ ਚਾਹੀਦੀ ਹੈ।''''
ਇਸੇ ਲਈ ਰਾਹੁਲ ਗਾਂਧੀ ਨੇ ਵੀ 5 ਅਪ੍ਰੈਲ ਨੂੰ ਸੀਤਾਰਾਮ ਯੇਚੁਰੀ ਨਾਲ ਦੇਸ਼ ''ਚ ਭਾਜਪਾ ਵਿਰੁੱਧ ਇਕ ਨਵਾਂ ਬਦਲ ਲੱਭਣ ਦੀਆਂ ਸੰਭਾਵਨਾਵਾਂ ''ਤੇ ਚਰਚਾ ਕੀਤੀ ਅਤੇ ਖੇਤਰੀ ਪਾਰਟੀਆਂ ਨੂੰ ਇਕ-ਦੂਜੀ ਦੇ ਨੇੜੇ ਲਿਆਉਣ ਦੀ ਲੋੜ ਦੱਸੀ।
ਇਸੇ ਤਰ੍ਹਾਂ ਰਾਜਦ ਮੁਖੀ ਲਾਲੂ ਯਾਦਵ ਨੇ ਵੀ ਕਿਹਾ ਹੈ, ''''ਯੂ. ਪੀ. ''ਚ ਕਿਸੇ ਦੀ ਹਨੇਰੀ ਨਹੀਂ ਸੀ, ਉਥੇ ਧਰਮ-ਨਿਰਪੱਖ ਪਾਰਟੀਆਂ ਦੀਆਂ ਵੋਟਾਂ ਖਿੰਡਰਨ ਕਾਰਨ ਹੀ ਭਾਜਪਾ ਦੀ ਜਿੱਤ ਹੋਈ ਹੈ। ਇਸ ਲਈ ਜੇ ਉਥੇ ਬਸਪਾ, ਸਪਾ ਤੇ ਕਾਂਗਰਸ ਦੀਆਂ ਵੋਟਾਂ ਨੂੰ ਇਕੱਠੀਆਂ ਕਰ ਦੇਈਏ ਤਾਂ ਇਹ ਲੱਗਭਗ 52 ਫੀਸਦੀ ਬਣ ਜਾਂਦੀਆਂ ਹਨ, ਜਦਕਿ ਭਾਜਪਾ ਨੂੰ ਇਸ ਨਾਲੋਂ ਬਹੁਤ ਘੱਟ ਵੋਟਾਂ ਮਿਲੀਆਂ ਹਨ। ਲਿਹਾਜ਼ਾ ਜੇਕਰ ਅਸੀਂ ਇਕਜੁੱਟ ਹੋ ਗਏ ਤਾਂ ਭਾਜਪਾ ਸਾਡੇ ਸਾਹਮਣੇ ਟਿਕ ਨਹੀਂ ਸਕੇਗੀ।''''
''''ਕਿਉਂਕਿ ਨਰਿੰਦਰ ਮੋਦੀ ਅਗਲੇ ਸਾਲ 5 ਸੂਬਿਆਂ ਦੀਆਂ ਚੋਣਾਂ ਦੇ ਨਾਲ ਹੀ ਲੋਕ ਸਭਾ ਦੀਆਂ ਚੋਣਾਂ ਕਰਵਾਉਣ ਦੀ ਤਿਆਰੀ ''ਚ ਹਨ, ਇਸ ਲਈ ਅਸੀਂ ਜੋ ਵੀ ਕਰਨਾ ਹੈ, ਛੇਤੀ ਕਰਨਾ ਹੈ।''''
ਮਜ਼ਬੂਤ ਲੋਕਤੰਤਰ ਲਈ ਓਨੀ ਹੀ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬਹੁਤ ਜ਼ਰੂਰੀ ਹੈ। ਵਿਰੋਧੀ ਧਿਰ ਦੇ ਵੰਡੀ ਹੋਣ ''ਤੇ ਸੱਤਾਧਾਰੀ ਪਾਰਟੀ ਮਨਮਰਜ਼ੀ ਨਾਲ ਫੈਸਲੇ ਲੈ ਸਕਦੀ ਹੈ ਪਰ ਵਿਰੋਧੀ ਧਿਰ ਦੇ ਮਜ਼ਬੂਤ ਹੋਣ ''ਤੇ ਸੱਤਾਧਾਰੀ ਪਾਰਟੀ ਆਪਣੀਆਂ ਤਾਨਾਸ਼ਾਹੀ ਨੀਤੀਆਂ ਨੂੰ ਦੇਸ਼ ''ਤੇ ਲਾਗੂ ਨਹੀਂ ਕਰ ਸਕਦੀ।
ਹੁਣ ਜਿਸ ਤਰ੍ਹਾਂ ਜੀ. ਐੱਸ. ਟੀ. ਪਾਸ ਕਰਨ ''ਚ ਸੱਤਾਧਾਰੀ ਤੇ ਲੱਗਭਗ ਸਾਰੀਆਂ ਵਿਰੋਧੀ ਪਾਰਟੀਆਂ ਨੇ ਸਹਿਮਤੀ ਦਿਖਾਈ ਹੈ, ਉਸੇ ਤਰ੍ਹਾਂ ਹੁਣ ਸਮਾਂ ਆ ਗਿਆ ਹੈ ਕਿ ਸੱਤਾਧਾਰੀ ਪਾਰਟੀ ਦਾ ਇਕ ਮਜ਼ਬੂਤ ਬਦਲ ੂਬਣਨ ਲਈ ਸਾਰੀਆਂ ਵਿਰੋਧੀ ਪਾਰਟੀਆਂ ਇਕ ਹੋਣ ਦੀ ਦਿਸ਼ਾ ''ਚ ਕਦਮ ਵਧਾਉਣ।
ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਆਪਸੀ ਫੁੱਟ ਦੀਆਂ ਸ਼ਿਕਾਰ ਸਾਰੀਆਂ ਕਮਿਊਨਿਸਟ ਪਾਰਟੀਆਂ ਪਹਿਲਾਂ ਤਾਂ ਆਪਣੇ ਮਤਭੇਦ ਭੁਲਾ ਕੇ ਇਕੱਠੀਆਂ ਹੋਣ ਤੇ ਫਿਰ ਇਨ੍ਹਾਂ ਤਿੰਨਾਂ ਹੀ ਪਾਰਟੀਆਂ ਦਾ ਸਮੂਹ ਮਿਲ ਕੇ ਇਕ ''ਮਹਾਗੱਠਜੋੜ'' ਬਣਾਵੇ।
ਇਸ ਨਾਲ ਸਰਕਾਰਾਂ ਦੇ ਬਦਲ-ਬਦਲ ਕੇ ਆਉਣ ਦੀ ਸੰਭਾਵਨਾ ਵਧੇਗੀ ਤੇ ਜੇਕਰ ਹੋ ਸਕੇ ਤਾਂ ਸਰਕਾਰਾਂ ਦਾ ਕਾਰਜਕਾਲ ਵੀ 5 ਸਾਲਾਂ ਤੋਂ ਘਟਾ ਕੇ 4 ਸਾਲ ਕਰ ਦਿੱਤਾ ਜਾਵੇ। ਇਸ ਨਾਲ ਨਾ ਸਿਰਫ ਦੇਸ਼ ਮਜ਼ਬੂਤ ਹੋਵੇਗਾ ਸਗੋਂ ਸੱਤਾ-ਪੱਖ ਅਤੇ ਵਿਰੋਧੀ ਧਿਰ ਵਿਚਾਲੇ ਬਰਾਬਰ ਸ਼ਕਤੀ ਸੰਤੁਲਨ ਕਾਰਨ ਤੇਜ਼ੀ ਨਾਲ ਅੱਗੇ ਵਧੇਗਾ।
—ਵਿਜੇ ਕੁਮਾਰ


Vijay Kumar Chopra

Chief Editor

Related News