ਦੇਸ਼ ’ਚ ਅਜੇ ਰੌਸ਼ਨ ਹਨ ਭਾਈਚਾਰੇ ਦੇ ਚਿਰਾਗ, ਸਦਭਾਵਨਾ ਦੀਆਂ ਕੁਝ ਮਿਸਾਲੀ ਉਦਾਹਰਣਾਂ

Tuesday, Apr 25, 2023 - 02:51 AM (IST)

ਦੇਸ਼ ’ਚ ਅਜੇ ਰੌਸ਼ਨ ਹਨ ਭਾਈਚਾਰੇ ਦੇ ਚਿਰਾਗ, ਸਦਭਾਵਨਾ ਦੀਆਂ ਕੁਝ ਮਿਸਾਲੀ ਉਦਾਹਰਣਾਂ

ਜਿਥੇ ਇਕ ਪਾਸੇ ਦੇਸ਼ ਵਿਚ ਜਾਤੀ ਅਤੇ ਧਰਮ ਦੇ ਨਾਂ ’ਤੇ ਕੁਝ ਲੋਕ ਨਫਰਤ ਫੈਲਾਅ ਕੇ ਆਪਣੇ ਕਾਰਿਆਂ ਨਾਲ ਮਾਹੌਲ ਵਿਗਾੜ ਰਹੇ ਹਨ, ਉਥੇ ਹੀ ਕਈ ਥਾਵਾਂ ’ਤੇ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਮੈਂਬਰ ਭਾਈਚਾਰੇ ਤੇ ਸਦਭਾਵਨਾ ਦੀਆਂ ਮਿਸਾਲੀ ਉਦਾਹਰਣਾਂ ਪੇਸ਼ ਕਰ ਰਹੇ ਹਨ :

ਇਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 30 ਜਨਵਰੀ ਨੂੰ ਨਾਲਬਾੜੀ (ਆਸਾਮ) ਜ਼ਿਲੇ ਦੇ ‘ਪਬ ਕਲਾਕੁਸ਼ੀ’ ਪਿੰਡ ਵਿਚ 3 ਹਿੰਦੂ ਪਰਿਵਾਰਾਂ ਨੇ ਆਪਣੇ ਇਕ ਸਾਂਝੇ ਪੂਰਵਜ ਦੀ ਇੱਛਾ ਮੁਤਾਬਕ ਮੁਸਲਿਮ ਭਰਾਵਾਂ ਨੂੰ ਮਸਜਿਦ ਬਣਾਉਣ ਲਈ ਆਪਣੇ-ਆਪਣੇ ਹਿੱਸੇ ਦੀ ਜ਼ਮੀਨ ਦਾਨ ਵਿਚ ਦਿੱਤੀ।

ਉਂਝ ਆਸਾਮ ਵਿਚ ਆਮ ਤੌਰ ’ਤੇ ਫਿਰਕੂ ਨਫਰਤ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਪਰ ਇਸ ਪਿੰਡ ਵਿਚ ਕਦੇ ਵੀ ਅਜਿਹੀ ਕੋਈ ਘਟਨਾ ਅੱਜ ਤੱਕ ਨਹੀਂ ਵਾਪਰੀ।

* 9 ਫਰਵਰੀ ਨੂੰ ਬਾਰਪੇਟਾ (ਆਸਾਮ) ਵਿਚ ਇਕ ਵੈਸ਼ਣਵ ਅਧਿਆਤਮਿਕ ਸੰਗਠਨ ਨੇ ਮਸਜਿਦ ਅਤੇ ਕਬਰਿਸਤਾਨ ਦੀ ਉਸਾਰੀ ਲਈ ‘ਮਾਂਡੀਆ ਜਾਮਾ ਮਸਜਿਦ ਈਦਗਾਹ ਕਮੇਟੀ’ ਨੂੰ 5 ਵਿਘਾ ਜ਼ਮੀਨ ਦਿੱਤੀ।

* 3 ਮਾਰਚ ਨੂੰ ਸ਼ਿਮਲਾ (ਹਿਮਾਚਲ ਪ੍ਰਦੇਸ਼) ਦੇ ਰਾਮਪੁਰ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਸੰਚਾਲਿਤ ‘ਸਤਿਆ ਨਾਰਾਇਣ ਮੰਦਰ’ ਵਿਚ ਇਕ ਮੁਸਲਿਮ ਜੋੜੇ ਦਾ ਮੌਲਵੀ ਨੇ ਨਿਕਾਹ ਪੜ੍ਹਾਇਆ ਅਤੇ ਉਸ ਤੋਂ ਬਾਅਦ ਵਕੀਲ ਦੀ ਦੇਖ-ਰੇਖ ਹੇਠ ਵੀ ਸਾਰੀਆਂ ਰਸਮਾਂ ਅਦਾ ਕੀਤੀਆਂ ਗਈਆਂ। ਇਸ ਵਿਚ ਮੁਸਲਿਮ ਅਤੇ ਹਿੰਦੂ ਭਾਈਚਾਰਿਆਂ ਦੇ ਲੋਕਾਂ ਨੇ ਸ਼ਾਮਲ ਹੋ ਕੇ ਨਵੀਂ ਵਿਆਹੁਤਾ ਜੋੜੀ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਸ਼ਾਕਾਹਾਰੀ ਭੋਜਨ ਵੀ ਦਿੱਤਾ ਗਿਆ।

* 9 ਮਾਰਚ ਨੂੰ ਮੁਰਾਦਾਬਾਦ (ਉੱਤਰ ਪ੍ਰਦੇਸ਼) ਦੇ ਠਾਕੁਰਦਵਾਰਾ ਵਿਚ ਹੋਲੀ ਅਤੇ ਸ਼ਬ-ਏ-ਬਾਰਾਤ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਨਗਰਪਾਲਿਕਾ ਦਫਤਰ ਦੇ ਸਾਹਮਣੇ ਮੁਸਲਿਮ ਸਮਾਜ ਵਲੋਂ ਹੋਲੀ ਮਿਲਨ ਦਾ ਸਮਾਰੋਹ ਆਯੋਜਿਤ ਕੀਤਾ ਗਿਆ।

* 31 ਮਾਰਚ ਨੂੰ ਕੁਲਗਾਮ (ਜੰਮੂ-ਕਸ਼ਮੀਰ) ‘ਕਰਕਨ’ ਪਿੰਡ ਵਿਚ ਰਹਿਣ ਵਾਲੇ ਇਕੋ-ਇਕ ਹਿੰਦੂ ਪਰਿਵਾਰ ਦੇ ਮੈਂਬਰ ਬਲਬੀਰ ਸਿੰਘ ਦੇ ਅੰਤਿਮ ਸੰਸਕਾਰ ਵਿਚ ਉਨ੍ਹਾਂ ਦੇ ਮੁਸਲਿਮ ਗੁਆਂਢੀਆਂ ਨੇ ਮਦਦ ਕੀਤੀ। ਸੀ. ਆਈ. ਐੱਸ. ਐੱਫ. ਵਿਚ ਨੌਕਰੀ ਕਰ ਰਹੇ ਬਲਬੀਰ ਸਿੰਘ ਆਪਣੇ ਭਰਾ ਦੀ ਬਰਸੀ ’ਤੇ ਪਿੰਡ ਆਏ ਹੋਏ ਸਨ ਅਤੇ ਇਸੇ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਸਥਾਨਕ ਮੁਸਲਮਾਨਾਂ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਅਤੇ ਅੰਤਿਮ ਸੰਸਕਾਰ ਲਈ ਲੱਕੜੀ ਦਾ ਪ੍ਰਬੰਧ ਵੀ ਕੀਤਾ। ਇਕ ਗੁਆਂਢੀ ਜਬਾਰ ਨੇ ਕਿਹਾ, ‘‘ਉਹ ਸਾਡੇ ਵਿਚੋਂ ਇਕ ਸੀ। ਅਸੀਂ ਉਨ੍ਹਾਂ ਨੂੰ ਰਾਜਪੂਤ ਹਿੰਦੂ ਦੇ ਰੂਪ ਵਿਚ ਕਦੇ ਨਹੀਂ ਦੇਖਿਆ।

* 3 ਅਪ੍ਰੈਲ ਨੂੰ ਭਰਤਪੁਰ (ਰਾਜਸਥਾਨ) ਵਿਚ ਹਿੰਦੂ ਸਮਾਜ ਦੇ ਲੋਕਾਂ ਨੇ ਮਸਜਿਦ ਵਿਚ ਜਾ ਕੇ ਮੁਸਲਿਮ ਸਮਾਜ ਦੇ ਮੈਂਬਰਾਂ ਨੂੰ ਰੋਜ਼ਾ ਇਫਤਾਰ ਪਾਰਟੀ ਦੇ ਕੇ ਭਾਈਚਾਰੇ ਅਤੇ ਗੰਗਾ-ਯਮੁਨੀ ਤਹਿਜ਼ੀਬ ਦੀ ਮਿਸਾਲ ਪੇਸ਼ ਕੀਤੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਥੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ’ਤੇ ਫੁੱਲਾਂ ਦੀ ਵਰਖਾ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਸੀ।

* ਅਤੇ ਹੁਣ 22 ਅਪ੍ਰੈਲ ਨੂੰ ਭਿੰਡ (ਮੱਧ ਪ੍ਰਦੇਸ਼) ਦੇ ‘ਮੌ’ ਕਸਬੇ ਵਿਚ ਈਦ ਦੇ ਦਿਨ ਆਜ਼ਾਦ ਖਾਨ ਨਾਮਕ ਮੁਸਲਿਮ ਨੌਜਵਾਨ ਦੇ ਪਰਿਵਾਰ ਨੇ ‘ਜਾਗਾ ਹਨੂੰਮਾਨ ਮੰਦਿਰ’ ਵਿਚ ਭਾਗਵਦ ਕਥਾ ਦਾ ਆਯੋਜਨ ਸ਼ੁਰੂ ਕਰਵਾਇਆ। ਇਹ ਕਥਾ 29 ਅਪ੍ਰੈਲ ਤੱਕ ਚੱਲੇਗੀ। ਉਹੀ ਇਸ ਕਥਾ ਦੇ ਮੁੱਖ ਮਹਿਮਾਨ ਹਨ। ਇਸ ਵਿਚ ਦੋਵਾਂ ਭਾਈਚਾਰਿਆਂ ਦੇ ਲੋਕ ਸ਼ਾਮਲ ਹੋ ਰਹੇ ਹਨ।

ਇਸ ਦਿਨ ਆਜ਼ਾਦ ਖਾਨ ਨੇ ਪਹਿਲਾਂ ਨਮਾਜ਼ ਅਦਾ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਹਿੰਦੂ ਤੇ ਮੁਸਲਿਮ ਭਰਾ-ਭੈਣਾਂ ਨੂੰ ਸੱਦ ਕੇ ਸਨਾਤਨ ਪਹਿਰਾਵੇ ਵਿਚ ਸਮੁੱਚੇ ਕਸਬੇ ਵਿਚ ਕਲਸ਼ ਯਾਤਰਾ ਕੱਢੀ। ਇਸ ਵਿਚ ਆਜ਼ਾਦ ਖਾਨ ‘ਸ਼੍ਰੀਮਦ ਭਾਗਵਦ ਕਥਾ ਪੋਥੀ’ ਨੂੰ ਸਿਰ ’ਤੇ ਰੱਖ ਕੇ ਅੱਗੇ-ਅੱਗੇ ਚੱਲ ਰਹੇ ਸਨ।

ਆਜ਼ਾਦ ਖਾਨ ਦਾ ਕਹਿਣਾ ਹੈ ਕਿ ਹਨੂੰਮਾਨ ਜੀ ਦੀ ਪੂਜਾ-ਅਰਚਨਾ ਨਾਲ ਉਨ੍ਹਾਂ ਦੇ ਸਾਰੇ ਕੰਮ ਪੂਰੇ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਆਜ਼ਾਦ ਖਾਨ ਦਾ ਪਰਿਵਾਰ ਪਿਛਲੇ 8 ਸਾਲਾਂ ਤੋਂ ‘ਜਾਗਾ ਹਨੂੰਮਾਨ ਮੰਦਿਰ’ ਵਿਚ ਪੂਜਾ-ਅਰਚਨਾ ਕਰਦਾ ਆ ਰਿਹਾ ਹੈ।

ਆਜ਼ਾਦ ਖਾਨ ਦਾ ਕਹਿਣਾ ਹੈ ਕਿ ਈਸ਼ਵਰ-ਅੱਲ੍ਹਾ ਇਕ ਹਨ। ਅਸੀਂ ਤਾਂ ਸਿਰਫ ਇਨਸਾਨੀਅਤ ਨੂੰ ਮੰਨਦੇ ਹਾਂ। ਜਿਸ ਭਗਤੀ ਭਾਵਨਾ ਨਾਲ ਉਹ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਰੋਜ਼ੇ ਰੱਖਦੇ ਹਨ, ਉਸੇ ਭਗਤੀ ਭਾਵਨਾ ਨਾਲ ਹਨੂੰਮਾਨ ਜੀ ਦੀ ਪੂਜਾ-ਅਰਚਨਾ ਵੀ ਕਰਦੇ ਹਨ।

ਭਾਰਤ ਵਿਚ ਯੁੱਗਾਂ ਤੋਂ ਚੱਲੀ ਆ ਰਹੀ ਸਰਵ-ਧਰਮ ਸਦਭਾਵਨਾ ਦੀ ਭਾਵਨਾ ਮੁਤਾਬਕ ਭਾਈਚਾਰਕ ਖੁਸ਼ਹਾਲੀ ਦੀਆਂ ਉਕਤ ਮਿਸਾਲਾਂ ਗਵਾਹ ਹਨ ਕਿ ਨਫਰਤਾਂ ਦੀ ਹਨੇਰੀ ਵਿਚ ਵੀ ਸਾਡੇ ਦੇਸ਼ ਵਿਚ ਭਾਈਚਾਰੇ ਦੇ ਚਿਰਾਗ ਸਦਾ ਰੌਸ਼ਨ ਸਨ ਅਤੇ ਰੌਸ਼ਨ ਰਹਿਣਗੇ ਕਿਉਂਕਿ ਬੁਰਾਈ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਚੰਗਿਆਈ ਨਾਲੋਂ ਛੋਟੀ ਹੀ ਹੁੰਦੀ ਹੈ।

– ਵਿਜੇ ਕੁਮਾਰ


author

Anmol Tagra

Content Editor

Related News