ਭਾਜਪਾ ਦੀ 3 ਸੂਬਿਆਂ ’ਚ ਅਤੇ ਕਾਂਗਰਸ ਦੀ 1 ਸੂਬੇ ’ਚ ਜਿੱਤ ਦੇ ਸਬਕ

12/04/2023 3:28:41 AM

3 ਦਸੰਬਰ ਨੂੰ 4 ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ਦੇ ਚੋਣ ਨਤੀਜੇ ਐਲਾਨ ਦਿੱਤੇ ਗਏ ਅਤੇ ਮਿਜ਼ੋਰਮ ਵਿਧਾਨ ਸਭਾ ਦਾ ਚੋਣ ਨਤੀਜਾ 4 ਦਸੰਬਰ ਨੂੰ ਐਲਾਨਿਆ ਜਾਵੇਗਾ।

ਰਾਜਸਥਾਨ ’ਚ ਸੱਤਾਧਾਰੀ ਕਾਂਗਰਸ ਨੂੰ ਪਿਛਲੀ ਵਾਰ 108 ਸੀਟਾਂ ਮਿਲੀਆਂ ਸਨ ਜੋ ਇਸ ਵਾਰ ਸਿਰਫ 69 ਸੀਟਾਂ ਤੱਕ ਸੁੰਗੜ ਗਈ ਅਤੇ ਇਸ ਨੂੰ 39 ਸੀਟਾਂ ਦਾ ਘਾਟਾ ਹੋਇਆ ਜਦਕਿ ਭਾਜਪਾ ਪਿਛਲੀ ਵਾਰ ਦੀਆਂ 73 ਸੀਟਾਂ ’ਚ 42 ਸੀਟਾਂ ਦਾ ਵਾਧਾ ਕਰ ਕੇ 115 ਸੀਟਾਂ ’ਤੇ ਜਾ ਪਹੁੰਚੀ ਅਤੇ ਇੱਥੇ ਬਦਲ-ਬਦਲ ਕੇ ਸਰਕਾਰਾਂ ਆਉਣ ਦਾ ਰਿਵਾਜ ਕਾਇਮ ਰਿਹਾ।

ਐਂਟੀ ਇੰਕੰਬੈਂਸੀ ਦੇ ਬਾਵਜੂਦ ਮੱਧ ਪ੍ਰਦੇਸ਼ ’ਚ ਚੌਥੀ ਵਾਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਇਕ ਲਿਹਾਜ਼ ਤੋਂ ਮੱਧ ਪ੍ਰਦੇਸ਼ ਤਾਂ ਦੂਜਾ ਗੁਜਰਾਤ ਬਣ ਗਿਆ ਹੈ ਜਿੱਥੇ ਲਗਾਤਾਰ ਭਾਜਪਾ ਆ ਰਹੀ ਹੈ। ਪਿਛਲੀ ਵਾਰ ਦੀਆਂ 109 ਸੀਟਾਂ ਦੀ ਤੁਲਨਾ ’ਚ ਇਸ ਵਾਰ ਭਾਜਪਾ ਦੀਆਂ 55 ਸੀਟਾਂ ਵਧ ਕੇ 164 ਹੋ ਗਈਆਂ ਜਦਕਿ ਪਿਛਲੀ ਵਾਰ ਦੀਆਂ 116 ਸੀਟਾਂ ਦੀ ਤੁਲਨਾ ’ਚ ਇੱਥੇ ਕਾਂਗਰਸ ਦੀਆਂ 51 ਸੀਟਾਂ ਘੱਟ ਕੇ ਸਿਰਫ 65 ਰਹਿ ਗਈਆਂ।

ਛੱਤੀਸਗੜ੍ਹ ’ਚ ਸੱਤਾਧਾਰੀ ਕਾਂਗਰਸ ਪਿਛਲੀ ਵਾਰ ਦੀਆਂ 68 ਸੀਟਾਂ ਦੀ ਤੁਲਨਾ ’ਚ ਇਸ ਵਾਰ 35 ਸੀਟਾਂ ਹੀ ਜਿੱਤ ਕੇ 33 ਸੀਟਾਂ ਦੇ ਘਾਟੇ ’ਚ ਰਹੀ ਅਤੇ ਸੱਤਾ ਗੁਆ ਬੈਠੀ ਜਦਕਿ ਭਾਜਪਾ ਦੀਆਂ ਸੀਟਾਂ ਪਿਛਲੀ ਵਾਰ ਦੀਆਂ 15 ਸੀਟਾਂ ਤੋਂ 39 ਸੀਟਾਂ ਵਧ ਕੇ 54 ਹੋ ਗਈਆਂ।

ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਕਾਂਗਰਸ ਦੀਆਂ ਹਾਰਾਂ ਦੀ ਕਹਾਣੀ ਇਕੋ ਜਿਹੀ ਹੈ। ਤਿੰਨਾਂ ਹੀ ਸੂਬਿਆਂ ਦੇ ਨੇਤਾਵਾਂ ’ਚ ਨਾ ਕੋਈ ਤਾਲਮੇਲ ਰੱਖਦੇ ਹਨ ਅਤੇ ਨਾ ਉਹ ਕੇਂਦਰੀ ਆਗੂਆਂ ਦੀ ਗੱਲ ਮੰਨਦੇ ਹਨ। ਇਸ ਹਾਲਤ ’ਚ ਤਾਂ ਅਜਿਹੇ ਹੀ ਨਤੀਜੇ ਆਉਣਗੇ। ਇਸ ਲਈ ਕਾਂਗਰਸ ਨੇਤਾਵਾਂ ਨੂੰ ਭਾਜਪਾ ਵਾਂਗ ਇਕ ਹੀ ਆਵਾਜ਼ ’ਚ ਬੋਲਣ ਦੀ ਲੋੜ ਹੈ।

ਮੱਧ ਪ੍ਰਦੇਸ਼ ’ਚ ਸ਼ਿਵਰਾਜ ਸਿੰਘ ਚੌਹਾਨ ਤਿੰਨ ਵਾਰ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਆਪਣੀ ਜਿੱਤ ਦਾ ਸਿਹਰਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਦੇ ਰਹੇ ਹਨ। ਉੱਥੇ ਜਯੋਤਿਰਾਦਿਤਿਆ ਸਿੰਧੀਆ ਹੋਣ ਜਾਂ ਕੋਈ ਨੇਤਾ ਸਾਰਿਆਂ ਨੇ ਇਕਜੁੱਟ ਹੋ ਕੇ ਸ਼ਿਵਰਾਜ ਚੌਹਾਨ ਦੇ ਹੇਠਾਂ ਕੰਮ ਕੀਤਾ।

ਜਯੋਤਿਰਾਦਿਤਿਆ ਸਿੰਧੀਆ ਵੀ, ਜਿਨ੍ਹਾਂ ਦੇ ਪ੍ਰਭਾਵ ਵਾਲੇ ਚੰਬਲ ਹਲਕੇ ’ਚ ਭਾਜਪਾ ਨੂੰ 16 ਤੋਂ ਵੱਧ ਸੀਟਾਂ ਮਿਲੀਆਂ, ਕੋਈ ਸਿਹਰਾ ਨਹੀਂ ਲੈ ਰਹੇ। ਛੱਤੀਸਗੜ੍ਹ ’ਚ ਵੀ ਭਾਜਪਾ ਦੀ ਸਥਾਨਕ ਲੀਡਰਸ਼ਿਪ ਆਪਣੀ ਭਾਰੀ ਜਿੱਤ ਦਾ ਸਿਹਰਾ ਕੇਂਦਰੀ ਲੀਡਰਸ਼ਿਪ ਨੂੰ ਦੇ ਰਹੀ ਹੈ।

ਰਾਜਸਥਾਨ ’ਚ ਅਸ਼ੋਕ ਗਹਿਲੋਤ ਨੇ ਸਿਰਫ ਪਿਛਲੇ 6 ਮਹੀਨਿਆਂ ਦੌਰਾਨ ਹੀ ਮਹਿਲਾ ਕੇਂਦ੍ਰਿਤ ਕੁਝ ਯੋਜਨਾਵਾਂ ਸ਼ੁਰੂ ਕੀਤੀਆਂ ਜਦਕਿ ਇਸ ਤੋਂ ਪਹਿਲਾਂ ਦੇ ਸਾਲਾਂ ਦੌਰਾਨ ਉਨ੍ਹਾਂ ਦੇ ਅਤੇ ਸਚਿਨ ਪਾਇਲਟ ਦਰਮਿਆਨ ਖਿੱਚੋਤਾਣੀ ਹੀ ਚੱਲਦੀ ਰਹੀ।

ਮੱਧ ਪ੍ਰਦੇਸ਼ ’ਚ ਸ਼ਿਵਰਾਜ ਸਿੰਘ ਚੌਹਾਨ ਨੇ ਔਰਤਾਂ ਨੂੰ 1200 ਰੁਪਏ ਮਾਸਿਕ ਦੇਣ ਦੀ ਯੋਜਨਾ 2 ਸਾਲ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਮੱਧ ਪ੍ਰਦੇਸ਼ ਸਰਕਾਰ ਦੀਆਂ ਸਮਾਜ ਭਲਾਈ ਦੀਆਂ ਯੋਜਨਾਵਾਂ ਦਾ ਲੋਕਾਂ ’ਚ ਹਾਂਪੱਖੀ ਸੰਦੇਸ਼ ਗਿਆ।

ਹਾਲਾਂਕਿ ਰਾਜਸਥਾਨ ਅਤੇ ਛੱਤੀਸਗੜ੍ਹ ’ਚ ਪੈਸੇ ਦੇਣ ਦੇ ਬਾਵਜੂਦ ਅਸ਼ੋਕ ਗਹਿਲੋਤ ਅਤੇ ਭੂਪੇਸ਼ ਬਘੇਲ ਦੀਆਂ ਯੋਜਨਾਵਾਂ ਲੋਕਾਂ ਨੂੰ ਸਮਝ ਹੀ ਨਹੀਂ ਆਈਆਂ ਜਿਸ ਨਾਲ ਲੋਕਾਂ ’ਚ ਕਾਂਗਰਸ ਦਾ ਭਰੋਸਾ ਘਟਿਆ ਅਤੇ ਇਨ੍ਹਾਂ ਦਾ ਕਾਂਗਰਸ ਨੂੰ ਕੋਈ ਲਾਭ ਨਹੀਂ ਪਹੁੰਚਿਆ।

ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦਾ ਉੱਤਰ ਭਾਰਤ ’ਚ ਤਾਂ ਕੋਈ ਪ੍ਰਭਾਵ ਨਹੀਂ ਦਿਸਿਆ ਪਰ ਦੱਖਣੀ ਭਾਰਤ ’ਚ ਕਾਂਗਰਸ ਦਾ ਅਜੇ ਵੀ ਕੁਝ ਪ੍ਰਭਾਵ ਹੈ।

ਜਿੱਥੋਂ ਤੱਕ ਇਕੋ-ਇਕ ਸੂਬੇ ਤੇਲੰਗਾਨਾ ’ਚ ਕਾਂਗਰਸ ਨੂੰ ਮਿਲੀ ਅਣਕਿਆਸੀ ਸਫਲਤਾ ਦਾ ਸਬੰਥ ਹੈ, ਉੱਥੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਪਾਰਟੀ ਬੀ. ਆਰ. ਐੱਸ. ਇਸ ਵਾਰ ਪਿਛਲੀ ਵਾਰ ਦੀਆਂ 88 ਸੀਟਾਂ ਦੇ ਮੁਕਾਬਲੇ 23 ਸੀਟਾਂ ਹੀ ਜਿੱਤ ਸਕੀ ਅਤੇ ਇਸ ਨੂੰ 65 ਸੀਟਾਂ ਦਾ ਘਾਟਾ ਹੋਇਆ ਜਦਕਿ ਕਾਂਗਰਸ ਗੱਠਜੋੜ ਨੂੰ ਪਿਛਲੀ ਵਾਰ ਦੀਆਂ 21 ਸੀਟਾਂ ਦੇ ਮੁਕਾਬਲੇ 64 ਸੀਟਾਂ ਮਿਲੀਆਂ ਅਤੇ ਇਸ ਨੂੰ 43 ਸੀਟਾਂ ਦਾ ਲਾਭ ਹੋਇਆ।

ਇਸ ’ਚ ਕਾਂਗਰਸ ਦੇ ਚੋਣ ਵਾਅਦਿਆਂ ਦਾ ਵੱਡਾ ਯੋਗਦਾਨ ਰਿਹਾ ਜਿਨ੍ਹਾਂ ’ਚ ਵਿਆਹ ’ਤੇ ਲੜਕੀਆਂ ਨੂੰ 10 ਗ੍ਰਾਮ ਸੋਨਾ ਅਤੇ 1 ਲੱਖ ਰੁਪਏ ਨਕਦ, 500 ਰੁਪਏ ’ਚ ਸਿਲੰਡਰ, ਔਰਤਾਂ ਨੂੰ 2500 ਰੁਪਏ ਮਹੀਨਾ, 200 ਯੂਨਿਟ ਮੁਫਤ ਘਰੇਲੂ ਬਿਜਲੀ, ਕਿਸਾਨਾਂ ਨੂੰ ਪ੍ਰਤੀ ਸਾਲ 15000 ਰੁਪਏ ਨਿਵੇਸ਼ ਸਹਾਇਤਾ ਆਦਿ ਸ਼ਾਮਲ ਹਨ।

ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਸਰਕਾਰ ਦੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੀ ਸਿਆਸਤ ਨੇ ਵੀ ਕਾਂਗਰਸ ਨੂੰ ਸਫਲਤਾ ਦਿਵਾਉਣ ’ਚ ਮਦਦ ਕੀਤੀ। ਉਂਝ ਉੱਥੇ ਵੀ ਭਾਜਪਾ ਨੇ ਆਪਣਾ ਵੋਟ ਫੀਸਦੀ ਵਧਾਇਆ ਹੈ ਅਤੇ ਪਿਛਲੀ ਵਾਰ ਦੀ ਇਕ ਸੀਟ ਦੇ ਮੁਕਾਬਲੇ ਇਸ ਵਾਰ 8 ਸੀਟਾਂ ਜਿੱਤ ਲਈਆਂ ਹਨ।

ਕਾਂਗਰਸ ਨੂੰ ਭਾਜਪਾ ਨੇਤਾਵਾਂ ਤੋਂ 3 ਗੱਲਾਂ ਸਿੱਖਣੀਆਂ ਹੋਣਗੀਆਂ। ਪਹਿਲੀ-ਇਸ ਨੂੰ ਆਪਣਾ ਗੱਠਜੋੜ ਰੀ-ਆਰਗੇਨਾਈਜ਼ ਕਰਨ ਅਤੇ ਤਾਲਮੇਲ ਵਧਾਉਣ, ਦੂਜੀ-ਇਸ ਨੂੰ ਭਾਜਪਾ ਵਾਂਗ ਲਗਾਤਾਰ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਤੇ ਭਾਜਪਾ ਵਾਂਗ ਜ਼ਮੀਨੀ ਪੱਧਰ ’ਤੇ ਸੰਗਠਨ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਤੀਜੀ-ਕਾਂਗਰਸ ਲੀਡਰਸ਼ਿਪ ਨੂੰ ਆਪਣਾ ਸੰਦੇਸ਼ ਹੇਠਾਂ ਦੇ ਪੱਧਰ ਦੇ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਾ ਹੋਵੇਗਾ।

ਅਸ਼ੋਕ ਗਹਿਲੋਤ ਨੇ ਰਾਜਸਥਾਨ ’ਚ ਕਈ ਲੋਕ ਹਿੱਤਕਾਰੀ ਯੋਜਨਾਵਾਂ ਕੱਢੀਆਂ ਪਰ ਉਹ ਵੋਟਰਾਂ ’ਤੇ ਪ੍ਰਭਾਵ ਨਹੀਂ ਛੱਡ ਸਕੀਆਂ ਜਦਕਿ ਮੱਧ ਪ੍ਰਦੇਸ਼ ’ਚ ‘ਲਾਡਲੀ ਬਹਿਨਾ’ ਅਤੇ ਹੋਰਨਾਂ ਯੋਜਨਾਵਾਂ ਦਾ ਵੋਟਰਾਂ ’ਤੇ ਅਸਰ ਪਿਆ।

ਇਕ ਤਾਂ ਭਾਜਪਾ ਦੀ ਚੋਣਾਂ ਸਬੰਧੀ ਮਸ਼ੀਨਰੀ ਚੰਗੀ ਹੈ ਅਤੇ ਦੂਜਾ ਇਸ ਦੀ ਲੀਡਰਸ਼ਿਪ ਆਖਰੀ ਪਲ ਤਕ ਬੈਠਕਾਂ ਕਰਨ, ਇਸ ’ਤੇ ਵਿਚਾਰ ਕਰਨ ’ਚ ਯਕੀਨ ਰੱਖਦੀ ਹੈ ਕਿ ਕਿਸ ਨੂੰ ਰੱਖਣਾ ਅਤੇ ਕਿਸ ਨੂੰ ਬਦਲਣਾ ਹੈ।

2024 ਦੀਆਂ ਲੋਕ ਸਭਾ ਚੋਣਾਂ ਤੋਂ ਕੁਝ ਕੁ ਮਹੀਨੇ ਹੀ ਪਹਿਲਾਂ ਹੋਈਆਂ ਉਕਤ ਚੋਣਾਂ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਵੋਟਰਾਂ ਦੇ ਦਿਮਾਗ ’ਚ ਵੱਖ-ਵੱਖ ਪਹਿਲਾਂ ਰਹਿੰਦੀਆਂ ਹਨ, ਇਸ ਲਈ ਇਹ ਕਹਿਣਾ ਉਚਿਤ ਨਹੀਂ ਹੋਵੇਗਾ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦਾ ਸੰਕੇਤ ਦਿੰਦੇ ਹਨ ਪਰ ਇਨ੍ਹਾਂ ਤੋਂ ਇੰਨਾ ਜ਼ਰੂਰ ਪਤਾ ਲੱਗ ਗਿਆ ਹੈ ਕਿ ਵੋਟਰਾਂ ਦੇ ਮਨ ’ਚ ਕੀ ਚੱਲ ਰਿਹਾ ਹੈ। ਕੁਲ ਮਿਲਾ ਕੇ ਇਹ ਭਾਜਪਾ ਦੀ ਰਣਨੀਤੀ ਦੀ ਜਿੱਤ ਅਤੇ ਕਾਂਗਰਸ ਦੀ ਰਣਨੀਤੀ ਦੀ ਹਾਰ ਹੈ।

ਉੱਤਰ ਭਾਰਤ ’ਚ ਭਾਜਪਾ ਦੀ ਇਸ ਜਿੱਤ ਨੇ ਅਗਲੇ ਸਾਲ ਇਸ ਦੇ ਵਿਰੁੱਧ ਮੁੱਖ ਚੁਣੌਤੀ ਦੇ ਰੂਪ ’ਚ ਉਭਰਨ ਦੀ ਵਿਰੋਧੀ ਪਾਰਟੀਆਂ ਦੇ ਗੱਠਜੋੜ ਦੀ ਸੰਭਾਵਨਾ ਨੂੰ ਭਾਰੀ ਧੱਕਾ ਲਾਇਆ ਹੈ ਜਿਸ ’ਤੇ ਜਲਦੀ ਹੀ ਵਿਰੋਧੀ ਪਾਰਟੀਆਂ ਵਿਚਾਰ ਕਰਨਗੀਆਂ।


Mukesh

Content Editor

Related News