ਜਾਪਾਨ ਤੋਂ ਸਿੱਖੀਏ ਰੇਲ ਹਾਦਸਿਆਂ ਤੋਂ ਬਚਾਅ ਕਿਵੇਂ ਹੋਵੇ
Monday, Jun 12, 2023 - 02:46 AM (IST)

2 ਜੂਨ ਨੂੰ ਹੋਇਆ ਬਾਲਾਸੋਰ ਰੇਲ ਹਾਦਸਾ ਜਿਸ ’ਚ 288 ਮੁਸਾਫਰਾਂ ਦੀ ਜਾਨ ਚਲੀ ਗਈ ਸੀ, ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਗਈ ਹੈ। ਇਸ ਹਾਦਸੇ ਪਿੱਛੇ ਮਨੁੱਖੀ ਭੁੱਲ ਜਾਂ ਤੋੜ-ਭੰਨ ਦੇ ਮੁੱਦੇ ਨੂੰ ਲੈ ਕੇ ਕਾਫੀ ਕੁਝ ਲਿਖਿਆ ਗਿਆ ਹੈ ਪਰ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਤਾਂ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲੱਗੇਗਾ ਪਰ ਵਧੇਰੇ ਸੰਭਾਵਨਾ ਇਸ ਹਾਦਸੇ ਪਿੱਛੇ ਮਨੁੁੱਖੀ ਭੁੱਲ ਦੀ ਹੀ ਪ੍ਰਗਟ ਕੀਤੀ ਜਾ ਰਹੀ ਹੈ।
ਇਸ ਸਬੰਧੀ ਅਸੀਂ ਬੁਲੇਟ ਟ੍ਰੇਨਾਂ ਲਈ ਪ੍ਰਸਿੱਧ ਜਾਪਾਨ ਤੋਂ ਕਾਫੀ ਕੁਝ ਸਿੱਖ ਸਕਦੇ ਹਾਂ। ਉੱਥੇ ਰੇਲ ਹਾਦਸਿਆਂ ਤੋਂ ਬਚਾਅ ਲਈ ਸਖਤ ਪੈਮਾਨੇ ਤੈਅ ਕੀਤੇ ਗਏ ਹਨ ਅਤੇ 600 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਟ੍ਰੇਨਾਂ ਦੇ ਦੌੜਨ ਦੇ ਬਾਵਜੂਦ ਹਾਦਸੇ ਨਹੀਂ ਹੁੰਦੇ।
ਉੱਥੇ ਸਿਗਨਲਿੰਗ ਅਤੇ ਪਟੜੀਆਂ ਬਦਲਣ ਲਈ ਇਲੈਕਟ੍ਰਾਨਿਕ ਇੰਟਰਲਾਕਿੰਗ ਪ੍ਰਣਾਲੀ ਨਾਲ ਹਾਦਸਿਆਂ ਤੋਂ ਬਚਾਅ ਹੁੰਦਾ ਹੈ ਅਤੇ ਇਕ ਹੀ ਪਟੜੀ ’ਤੇ 2 ਟ੍ਰੇਨਾਂ ਦੇ ਆ ਜਾਣ ’ਤੇ ਇਹ ਪ੍ਰਣਾਲੀ ਸਭ ਨੂੰ ਅਲਰਟ ਕਰ ਦਿੰਦੀ ਹੈ।
ਉੱਨਤ ਸਿਗਨਲ ਪ੍ਰਣਾਲੀ ਰਾਹੀਂ ਰੇਲਗੱਡੀਆਂ ਦੀ ਆਵਾਜਾਈ, ਰਫਤਾਰ ਆਦਿ ’ਤੇ ਨਜ਼ਰ ਰੱਖੀ ਜਾਂਦੀ ਹੈ ਅਤੇ 2 ਰੇਲਗੱਡੀਆਂ ਦਰਮਿਆਨ ਸੁਰੱਖਿਅਤ ਦੂਰੀ ਬਣੀ ਰਹੇ ਇਸ ਦੀ ਨਿਗਰਾਨੀ ਕੀਤੀ ਜਾਂਦੀ ਹੈ। ਟੱਕਰ ਤੋਂ ਬਚਾਅ ਲਈ ਆਧੁਨਿਕ ਸੁਪਰ ਕੰਪਿਊਟਰਾਂ ਦੀ ਮਦਦ ਨਾਲ ਰੇਲਗੱਡੀਆਂ ਦੇ ਚੱਲਣ ਦੇ ਸਮੇਂ, ਰੂਟ ਆਦਿ ਦਾ ਨਿਰਧਾਰਨ ਕੀਤਾ ਜਾਂਦਾ ਹੈ।
ਜਾਪਾਨ ’ਚ ਰੇਲਗੱਡੀ ਨੂੰ ਰੋਕਣ ਲਈ ਆਟੋਮੈਟਿਕ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਰਾਹੀਂ ਰੇਲਗੱਡੀਆਂ ਦੀ ਰਫਤਾਰ ਨੂੰ ਕੰਟਰੋਲ ਕੀਤਾ ਜਾਂਦਾ ਹੈ ਅਤੇ ਐਮਰਜੈਂਸੀ ’ਚ ਆਪਣੇ ਆਪ ਬ੍ਰੇਕ ਲੱਗ ਜਾਂਦੀ ਹੈ। ਇਹ ਪ੍ਰਣਾਲੀ ਖਤਰੇ ਦੀ ਹਾਲਤ ’ਚ ਸਿਗਨਲ ਟੱਪ ਜਾਣ ’ਤੇ ਟ੍ਰੇਨ ਨੂੰ ਆਪਣੇ ਆਪ ਰੋਕ ਦਿੰਦੀ ਹੈ।
ਜਾਪਾਨ ’ਚ ਰੇਲਗੱਡੀਆਂ ’ਚ ਸੁਰੱਖਿਆ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ। ਉੱਥੇ ਟ੍ਰੇਨ ਡਰਾਈਵਰਾਂ ਤੋਂ ਲੈ ਕੇ ਸਮੁੱਚੇ ਰੇਲਵੇ ਸਟਾਫ ਨੂੰ ਬਾਕਾਇਦਾ ਸੁਰੱਖਿਆ ਸਬੰਧੀ ਸਿਖਲਾਈ ਦਿੱਤੀ ਜਾਂਦੀ ਹੈ ਕਿ ਸੰਕਟ ਦਾ ਸਾਹਮਣਾ ਕਿਸ ਤਰ੍ਹਾਂ ਕੀਤਾ ਜਾਵੇ। ਇਹੀ ਨਹੀਂ ਉੱਥੇ ਤਾਂ ਮੁਸਾਫਰਾਂ ਨੂੰ ਵੀ ਰੇਲ ਯਾਤਰਾ ਦੌਰਾਨ ਕਿਸੇ ਮਾੜੀ ਸਥਿਤੀ ਦਾ ਸਾਹਮਣਾ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ।
ਕਿਸੇ ਵੀ ਤਰ੍ਹਾਂ ਦੀ ਤਕਨੀਕੀ ਖਰਾਬੀ ਤੋਂ ਬਚਣ ਲਈ ਨਿਯਮਿਤ ਤੌਰ ’ਤੇ ਨਿਗਰਾਨੀ ਅਤੇ ਜਾਂਚ-ਪੜਤਾਲ ਕੀਤੀ ਜਾਂਦੀ ਹੈ। ਜਾਪਾਨ ’ਚ ਸਮੁੱਚੇ ਰੇਲ ਢਾਂਚੇ ’ਚ ਬਿਹਤਰੀਨ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ।
ਇਸੇ ਤਰ੍ਹਾਂ ਦੇ ਸੁਰੱਖਿਆ ਉਪਾਵਾਂ ਦਾ ਸਿੱਟਾ ਹੈ ਕਿ ਉੱਥੇ ਬੀਤੇ 10 ਸਾਲਾਂ ’ਚ ਰੇਲਾਂ ’ਚ ਲਾਪ੍ਰਵਾਹੀ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਦਿ ਸੈਂਟਰਲ ਜਾਪਾਨ ਰੇਲਵੇ ਕੰਪਨੀ (ਜੇ. ਆਰ. ਸੈਂਟਰਲ) ਮੁਤਾਬਕ 18 ਮਈ, 2015 ਨੂੰ ਜਾਪਾਨ ’ਚ ਇਕ ਬੁਲੇਟ ਟ੍ਰੇਨ ਦੇ ਇਕ 36 ਸਾਲਾ ਡਰਾਈਵਰ ਨੂੰ ਪੇਟ ’ਚ ਦਰਦ ਹੋਣ ਕਾਰਨ ਟਾਇਲਟ ਜਾਣਾ ਪਿਆ ਸੀ।
ਉਸ ਨੇ ਆਪਣੇ ਕੰਡਕਟਰ ਨੂੰ ਜਿਸ ਕੋਲ ਡਰਾਈਵਿੰਗ ਲਾਇਸੰਸ ਨਹੀਂ ਸੀ, ਕਾਕਪਿਟ ’ਚ ਸੱਦਿਆ ਤੇ ਉਸ ਨੂੰ ਟ੍ਰੇਨ ਨੂੰ ਕੰਟਰੋਲ ਕਰਨ ਲਈ ਕਹਿ ਕੇ ਖੁਦ ਲਗਭਗ 3 ਮਿੰਟ ਲਈ ਟਾਇਲਟ ਗਿਆ ਸੀ। ਉਸ ਸਮੇਂ ਟ੍ਰੇਨ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਰਹੀ ਸੀ ਅਤੇ ਉਸ ’ਚ 160 ਮੁਸਾਫਰ ਸਵਾਰ ਸਨ।
ਡਰਾਈਵਰ ਵੱਲੋਂ ਆਪਣੀ ਸੀਟ ਛੱਡ ਕੇ ਜਾਣ ਦੀ ਘਟਨਾ ਨਾਲ ਯਾਤਰਾ ’ਤੇ ਨਾ ਤਾਂ ਕੋਈ ਅਸਰ ਪਿਆ ਅਤੇ ਨਾ ਹੀ ਕੋਈ ਹਾਦਸਾ ਹੋਇਆ। ਜਦੋਂ ਰੇਲਵੇ ਕੰਪਨੀ ਨੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੂੰ ਇਸ ਲਈ ਮੁਆਫੀ ਮੰਗਣੀ ਪਈ ਅਤੇ ਡਰਾਈਵਰ ਵਿਰੁੱਧ ਕਾਰਵਾਈ ਕੀਤੀ ਗਈ।
ਜਾਪਾਨ ’ਚ ਆਖਰੀ ਵਾਰ ਰੇਲ ਹਾਦਸਾ 2005 ’ਚ ਹੋਇਆ ਸੀ ਜਿਸ ਦੌਰਾਨ ਆਮਾ ਗਸਕੀ ਸ਼ਹਿਰ ’ਚ ਇਕ ਰੇਲਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ 107 ਵਿਅਕਤੀਆਂ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉੱਥੋਂ ਦੇ ਰੇਲ ਪ੍ਰਸ਼ਾਸਨ ਨੇ ਰੇਲ ਹਾਦਸਿਆਂ ਤੋਂ ਬਚਾਅ ਲਈ ਅਤਿਅੰਤ ਸਖਤ ਕਦਮ ਬਣਾਏ ਹੋਏ ਹਨ।
ਨਿਯਮਾਂ ਮੁਤਾਬਕ ਜੇ ਡਰਾਈਵਰ ਅਸਹਿਜ ਮਹਿਸੂਸ ਕਰਦਾ ਹੈ ਤਾਂ ਉਸ ਨੂੰ ਆਪਣੇ ਟ੍ਰਾਂਸਪੋਰਟ ਕਮਾਨ ਸੈਂਟਰ ਨੂੰ ਸੂਚਿਤ ਕਰਨਾ ਜ਼ਰੂਰੀ ਹੁੰਦਾ ਹੈ। ਉਹ ਆਪਣੇ ਕੰਡਕਟਰ ਨੂੰ ਵੀ ਕੰਮ ਸੰਭਾਲਣ ਲਈ ਕਹਿ ਸਕਦਾ ਹੈ ਜੇ ਉਸ ਕੋਲ ਡਰਾਈਵਿੰਗ ਲਾਇਸੰਸ ਹੋਵੇ।
ਭਾਰਤ ’ਚ ਵੀ ਜਾਪਾਨ ਵਰਗੀਆਂ ਰੇਲਗੱਡੀਆਂ ’ਚ ਸੁਰੱਖਿਆ ਉਪਾਅ ਅਪਣਾਉਣ ਦੀ ਲੋੜ ਹੈ। ਬੇਸ਼ੱਕ ਅਸੀਂ ਟ੍ਰੇਨਾਂ ਦਾ ਆਧੁਨਿਕੀਕਰਨ ਕਰ ਰਹੇ ਹਾਂ ਅਤੇ ਵੰਦੇ ਭਾਰਤ ਅਤੇ ਤੇਜਸ ਵਰਗੀਆਂ ਹਾਈ ਸਪੀਡ ਗੱਡੀਆਂ ਚਲਾ ਰਹੇ ਹਾਂ ਪਰ ਸਾਨੂੰ ਮੈਨੁਅਲ ਪ੍ਰਣਾਲੀ ’ਤੇ ਨਿਰਭਰ ਹੋਣ ਦੀ ਬਜਾਏ ਇਲੈਕਟ੍ਰਾਨਿਕ ਪ੍ਰਣਾਲੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਭਾਰਤ ’ਚ ਤਾਂ ਆਮ ਤੌਰ ’ਤੇ ਦੇਖਣ ’ਚ ਆਇਆ ਹੈ ਕਿ ਸਿਗਨਲ ਆਦਿ ਲਈ ਮੈਨੁਅਲ ਤਰੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਮਸ਼ੀਨਾਂ ਦੀ ਸੇਵਾ-ਸੰਭਾਲ ’ਚ ਸਾਨੂੰ ਆਧੁਨਿਕ ਤਕਨੀਕ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਸਾਡੇ ਭਾਰਤੀਆਂ ਦੀ ਇਹ ਆਦਤ ਹੁੰਦੀ ਹੈ ਕਿ ਹਰ ਕੰਮ ਲਈ ਅਸੀਂ ਖੁਦ ਹੀ ਡਾਕਟਰ, ਇੰਜੀਨੀਅਰ ਬਣ ਜਾਂਦੇ ਹਾਂ। ਸਾਨੂੰ ਇਸ ਆਦਤ ਨੂੰ ਹੁਣ ਨਕਾਰਨਾ ਹੋਵੇਗਾ।
ਇਹ ਯਕੀਨੀ ਬਣਾਉਣਾ ਹੋਵੇਗਾ ਕਿ ਪਿਛਲੇ ਲੰਬੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਭਵਿੱਖ ’ਚ ਨਾ ਹੋਣ।