ਸਿੱਖਿਆ ਜਗਤ ਨਾਲ ਜੁੜੇ ਕੁਝ ਲੋਕਾਂ ’ਚ ਕਾਰੋਬਾਰੀ ਨੈਤਿਕਤਾ ਦੀ ਕਮੀ
Monday, Sep 18, 2023 - 01:55 AM (IST)
‘ਗੁਰੂ ਬਿਨ ਗਿਆਨ ਨਾ ਉਪਜੇ, ਗੁਰੂ ਬਿਨ ਮਿਲੇ ਨਾ ਮੋਕਸ਼।’ ਸਾਡੀ ਪ੍ਰੰਪਰਾ ਕਬੀਰ ਜੀ ਦੇ ਇਸ ਕਥਨ ’ਚ ਸਮਾਈ ਹੋਈ ਹੈ ਪਰ ਅੱਜ ਕੁਝ ਅਧਿਆਪਕ-ਅਧਿਆਪਿਕਾਵਾਂ ਅਨੈਤਿਕ ਅਤੇ ਇਤਰਾਜ਼ਯੋਗ ਆਚਰਣ ’ਚ ਸ਼ਾਮਲ ਹੋ ਰਹੇ ਹਨ, ਜਿਸ ਕਾਰਨ ਅਧਿਆਪਨ ਜਗਤ ਦੀ ਸ਼ਾਨ ਘੱਟ ਰਹੀ ਹੈ। ਹੁਣੇ ਜਿਹੇ ਹੀ ਅਜਿਹੀਆਂ ਕੁਝ ਉਦਾਹਰਣਾਂ ਸਾਹਮਣੇ ਆਈਆਂ ਹਨ।
* 12 ਸਤੰਬਰ ਨੂੰ ਛੱਤੀਸਗੜ੍ਹ ਦੇ ਗਰਿਆਬੰਦ ਜ਼ਿਲੇ ’ਚ ਇਕ ਪ੍ਰਾਈਵੇਟ ਰਿਹਾਇਸ਼ੀ ਹੋਸਟਲ ਦੇ ਸੁਪਰਡੈਂਟ ਅਤੇ ਇਕ ਵਾਰਡਨ ਨੂੰ ਉੱਥੇ ਰਹਿਣ ਵਾਲੀਆਂ ਨਾਬਾਲਿਗ ਕੁੜੀਆਂ ਦਾ ਸੈਕਸ ਸ਼ੋਸ਼ਣ ਕਰਨ ਅਤੇ ਬਾਹਰੀ ਲੋਕਾਂ ਨੂੰ ਹੋਸਟਲ ’ਚ ਦਾਖਲ ਹੋਣ ਦੀ ਆਗਿਆ ਦੇਣ ਵਿਰੁੱਧ ਕੇਸ ਦਰਜ ਕੀਤਾ ਗਿਆ।
ਇਨ੍ਹਾਂ ’ਚੋਂ ਸੁਪਰਡੈਂਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ ਹੈ ਕਿ ਜਮਾਤ 1 ਤੋਂ 12ਵੀਂ ਤਕ ਦੀਆਂ ਇਨ੍ਹਾਂ ਵਿਦਿਆਰਥਣਾਂ ਦੇ ਸੈਕਸ ਸ਼ੋਸ਼ਣ ਦੇ ਇਲਾਵਾ ਉਨ੍ਹਾਂ ਨੂੰ ਅਸ਼ਲੀਲ ਗੱਲਾਂ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।
* 7 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਸਥਿਤ ਭਾਰਤੀ ਤਕਨਾਲੋਜੀ ਅਦਾਰੇ (ਆਈ. ਆਈ. ਟੀ.) ਦੇ ਨਿਰਦੇਸ਼ਕ ਲਕਸ਼ਮੀਧਰ ਬੇਹਰਾ ਨੇ ਵਿਦਿਆਰਥੀਆਂ ਨੂੰ ਮਾਸ ਨਾ ਖਾਣ ਦਾ ਸੰਕਲਪ ਲੈਣ ਦਾ ਸੱਦਾ ਦਿੰਦੇ ਹੋਏ ਦਾਅਵਾ ਕੀਤਾ ਕਿ ਪਸ਼ੂਆਂ ’ਤੇ ਜ਼ੁਲਮ ਕਰਨ ਕਾਰਨ ਸੂਬੇ ’ਚ ਜ਼ਮੀਨ ਖਿਸਕਣ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
* 3 ਸਤੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਲੋਅਰ ‘ਸੁਬਾਨਸ਼੍ਰੀ’ ਜ਼ਿਲੇ ’ਚ ਹਪੋਲੀ ਸਥਿਤ ਇਕ ਪ੍ਰਾਈਵੇਟ ਸਕੂਲ ਦੇ ਅਧਿਆਪਕ ਅਤੇ ਪ੍ਰਿੰਸੀਪਲ ਨੂੰ ਪੰਜਵੀਂ ਅਤੇ ਛੇਵੀਂ ਜਮਾਤ ਦੀਆਂ ਕਈ ਵਿਦਿਆਰਥਣਾਂ ਨਾਲ ਛੇੜਛਾੜ ਅਤੇ ਜਬਰ-ਜ਼ਨਾਹ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
ਇਸੇ ਤਰ੍ਹਾਂ ਦਾ ਇਕ ਮਾਮਲਾ ਸੂਬੇ ਦੇ ‘ਸ਼ੀ ਯੋਮੀ’ ਜ਼ਿਲੇ ’ਚ ਪਿਛਲੇ ਸਾਲ ਨਵੰਬਰ ’ਚ ਸਾਹਮਣੇ ਆਇਆ ਸੀ ਜਿਸ ’ਚ ਇਕ ਸਕੂਲ ਵਾਰਡਨ ਨੂੰ 6 ਮੁੰਡਿਆਂ ਅਤੇ 15 ਕੁੜੀਆਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ।
* 25 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ ਇਕ ਮੁਸਲਿਮ ਵਿਦਿਆਰਥੀ ਨੂੰ ਗਣਿਤ ਦਾ ਟੇਬਲ ਯਾਦ ਨਾ ਕਰਨ ’ਤੇ ਇਕ ਮਹਿਲਾ ਟੀਚਰ ਵੱਲੋਂ ਉਸੇ ਦੀ ਜਮਾਤ ਦੇ ਵਿਦਿਆਰਥੀਆਂ ਕੋਲੋਂ ਲਗਾਤਾਰ ਥੱਪੜ ਮਰਵਾਉਣ ਦਾ ਸ਼ਰਮਨਾਕ ਵੀਡੀਓ ਵਾਇਰਲ ਹੋਇਆ।
* 11 ਅਗਸਤ ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲੇ ’ਚ ਇਕ ਖੂਹ ’ਚੋਂ 16 ਸਾਲ ਦੀ ਸਕੂਲੀ ਵਿਦਿਆਰਥਣ ਦੀ ਲਾਸ਼ ਬਰਾਮਦ ਹੋਣ ਤੋਂ ਅਗਲੇ ਦਿਨ ਇਕ ਅਧਿਆਪਕ ਨੂੰ ਉਸ ਦੇ ਅਗਵਾ, ਜਬਰ-ਜ਼ਨਾਹ ਅਤੇ ਹੱਤਿਆ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਗਿਆ।
ਕਿਸੇ ਪੱਛਮੀ ਦੇਸ਼ ’ਚ ਅਜਿਹਾ ਕਦੀ ਵੀ ਨਹੀਂ ਹੋ ਸਕਦਾ ਸੀ ਕਿਉਂਕਿ ਉੱਥੇ ਬੱਚਿਆਂ ਨੂੰ ਸਰੀਰਕ ਸਜ਼ਾ ਦੇਣ ਅਤੇ ਕਿਸੇ ਵੀ ਤਰ੍ਹਾਂ ਦੇ ਸਰੀਰਕ-ਮਾਨਸਿਕ ਤਸੀਹੇ ਦੇਣ ’ਤੇ ਪਾਬੰਦੀ ਹੈ ਅਤੇ ਅਜਿਹਾ ਕਰਨਾ ਸਜ਼ਾਯੋਗ ਅਪਰਾਧ ਦੀ ਸ਼੍ਰੇਣੀ ’ਚ ਆਉਂਦਾ ਹੈ।
ਜਿੱਥੇ ਇੰਗਲੈਂਡ ’ਚ ਸਿੱਖਿਆ ’ਚ ਸੁਧਾਰ ਦੀ ਗੱਲ ਜ਼ੋਰ ਫੜ ਰਹੀ ਹੈ ਪਰ ਉੱਥੇ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਵਿਦਿਆਰਥੀਆਂ ’ਚ ਖੁਦ ਨੂੰ ਨੁਕਸਾਨ ਪਹੁੰਚਾਉਣ ਅਤੇ ਹੋਰ ਮਾਨਸਿਕ ਅਤੇ ਸਿਹਤ ਸਬੰਧੀ ਸਮੱਸਿਆਵਾਂ ਵੀ ਹਨ।
ਉੱਥੇ ਹੀ ਹਾਰਵਰਡ ਦੇ ਪ੍ਰੋਫੈਸਰ ਰੇਨਲ ਬੈਲਫਰ ਅਮਰੀਕਾ ’ਚ ਸਿੱਖਿਆ ’ਚ ਸੁਧਾਰ ਇਸ ਲਈ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਹਵਾ, ਵਾਤਾਵਰਣ ਦੇ ਬਦਲਣ ਨਾਲ ਪਾਣੀ, ਖਾਣ-ਪੀਣ ਵਾਲੀਆਂ ਵਸਤਾਂ ਦੀ ਸਮੱਸਿਆ, ਨਵੀਂ ਬਾਇਓਐਡਵਾਂਸਮੈਂਟ ’ਚ ਇਨਸਾਨ ਦੀ ਉਮਰ 120 ਸਾਲ ਤਕ ਜਾ ਸਕਦੀ ਹੈ, ਉਸੇ ਤਰ੍ਹਾਂ ਅੱਜਕਲ੍ਹ ਦੇ ਬੱਚਿਆਂ ਦੀ ਸੋਚਣ ਦੀ ਸਮਰੱਥਾ ’ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਅਜਿਹੀ ਹਾਲਤ ’ਚ ਭਾਰਤ ’ਚ ਘੱਟੋ-ਘੱਟ ਨੀਤੀ, ਨਿਆਂ ਅਤੇ ਉੱਚ ਸਿਧਾਂਤਾਂ ਦੀ ਗੱਲ ਤਾਂ ਕਰੋ।
ਜਿੱਥੇ ਆਈ. ਆਈ. ਟੀ. ’ਚ ਪੜ੍ਹਾਉਣ ਵਾਲੇ ਅਧਿਆਪਕ ਵੱਲੋਂ ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਵਿਗਿਆਨ ਦੀ ਕਿਸੇ ਵੀ ਕਸੌਟੀ ’ਤੇ ਖਰੀਆਂ ਨਹੀਂ ਉਤਰਦੀਆਂ, ਉੱਥੇ ਕਿਸੇ ਅਧਿਆਪਕ ਵੱਲੋਂ ਆਪਣੀਆਂ ਵਿਦਿਆਰਥਣਾਂ ਨਾਲ ਜਬਰ-ਜ਼ਨਾਹ ਕਰਨ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਨੂੰ ਕਿਸੇ ਵੀ ਪੱਖੋਂ ਢੁੱਕਵਾਂ ਨਹੀਂ ਕਿਹਾ ਜਾ ਸਕਦਾ। ਤਾਂ ਕੀ ਸਾਡੀ ਸਿੱਖਿਆ ਪ੍ਰਣਾਲੀ ਨੂੰ ਹੁਣ ਨਵੇਂ ਗਿਆਨ ਆਧਾਰਿਤ ਕਰਨ ਦੇ ਨਾਲ-ਨਾਲ ਨੈਤਿਕਤਾ ਆਧਾਰਿਤ ਕਰਨ ਦੀ ਲੋੜ ਨਹੀਂ ਹੈ?
ਕੀ ਸਾਡੀ ਸਿੱਖਿਆ ਪ੍ਰਣਾਲੀ ’ਚ ਸੁਧਾਰ ਦਾ ਮਤਲਬ ਸਿਰਫ ਅਧਿਆਪਕਾਂ ਨੂੰ ਵੱਧ ਤਨਖਾਹ, ਉਨ੍ਹਾਂ ਨੂੰ ਸਿਖਲਾਈ ਲਈ ਵੱਧ ਕਾਲਜ ਆਦਿ ਦੇਣਾ ਹੈ ਤਾਂ ਅਧਿਆਪਕਾਂ ਅੰਦਰ ਨੈਤਿਕਤਾ ਦੀ ਭਾਵਨਾ ਕਿਸ ਤਰ੍ਹਾਂ ਕਾਇਮ ਕੀਤੀ ਜਾਵੇ? ਆਖਿਰ ਉਹ ਆਪਣੀ ਜ਼ਿੰਮੇਵਾਰੀ ਤੋਂ ਕਿਵੇ ਬਚ ਸਕਦੇ ਹਨ? ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਦੇਸ਼ ’ਚ ਸਭ ਤੋਂ ਵੱਧ ਆਬਾਦੀ 16 ਸਾਲ ਤੋਂ ਹੇਠਾਂ ਦੀ ਹੈ ਅਤੇ ਉਨ੍ਹਾਂ ਦਾ ਭਵਿੱਖ ਚੰਗੀ ਸਿੱਖਿਆ ’ਤੇ ਨਿਰਭਰ ਹੈ।
ਅਧਿਆਪਕਾਂ ਦੇ ਦਿਲ ਅਤੇ ਦਿਮਾਗ ’ਚ ਇਹ ਡਰ ਕਿਉਂ ਨਹੀਂ ਹੈ ਕਿ ਬੱਚਿਆਂ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਨ ਅਤੇ ਉਨ੍ਹਾਂ ਨੂੰ ਪੁੱਠੀਆਂ-ਸਿੱਧੀਆਂ ਗੱਲਾਂ ਦੱਸਣ ’ਤੇ ਉਨ੍ਹਾਂ ਨੂੰ ਸਮਾਜ ਅਤੇ ਕਾਨੂੰਨ ਕੁਝ ਨਹੀਂ ਕਹੇਗਾ।