ਕੇ. ਸੀ. ਆਰ. ਨੇ ਪਾਰਟੀ ਨੂੰ ‘ਰਾਸ਼ਟਰੀ’ ਬਣਾਇਆ, ਉਨ੍ਹਾਂ ਦੇ ਸਮਰਥਕ ਨੇ ਵੰਡੇ ‘ਮੁਰਗੇ ਅਤੇ ਸ਼ਰਾਬ’

Friday, Oct 07, 2022 - 04:03 AM (IST)

ਕੇ. ਸੀ. ਆਰ. ਨੇ ਪਾਰਟੀ ਨੂੰ ‘ਰਾਸ਼ਟਰੀ’ ਬਣਾਇਆ, ਉਨ੍ਹਾਂ ਦੇ ਸਮਰਥਕ ਨੇ ਵੰਡੇ ‘ਮੁਰਗੇ ਅਤੇ ਸ਼ਰਾਬ’

ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਲਗਭਗ 2 ਦਹਾਕੇ ਪਹਿਲਾਂ ਆਂਧਰਾ ਪ੍ਰਦੇਸ਼ ਨੂੰ ਵੰਡ ਕੇ ਇਕ ਵੱਖਰੇ ਤੇਲੰਗਾਨਾ ਸੂਬੇ ਦੇ ਗਠਨ ਦੀ ਮੰਗ ਦੇ ਨਾਲ ‘ਤੇਲੰਗਾਨਾ ਰਾਸ਼ਟਰ ਸਮਿਤੀ’ (ਟੀ. ਆਰ. ਐੱਸ.) ਦਾ ਗਠਨ ਕੀਤਾ ਅਤੇ ਇਨ੍ਹੀਂ ਦਿਨੀਂ ਉਹ ਇਸ ਨੂੰ ‘ਰਾਸ਼ਟਰੀ ਸਰੂਪ’ ਮੁਹੱਈਆ ਕਰਨ ਨੂੰ ਲੈ ਕੇ ਦੇਸ਼ ’ਚ ਚਰਚਾ ’ਚ ਆਏ ਹੋਏ ਹਨ। ਇਸੇ ਲੜੀ ’ਚ ਉਨ੍ਹਾਂ ਨੇ 5 ਅਕਤੂਬਰ ਨੂੰ ਇਸ ਦਾ ਨਾਂ ਵੀ ‘ਤੇਲੰਗਾਨਾ ਰਾਸ਼ਟਰ ਸਮਿਤੀ’ (ਟੀ. ਆਰ. ਐੱਸ.) ਤੋਂ ਬਦਲ ਕੇ ‘ਭਾਰਤ ਰਾਸ਼ਟਰ ਸਮਿਤੀ’ (ਬੀ. ਆਰ. ਐੱਸ.) ਕਰ ਦਿੱਤਾ ਹੈ।

ਓਧਰ ਉਨ੍ਹਾਂ ਦੀ ਪਾਰਟੀ ਦੇ ਕੁਝ ਕੁ ਲੋਕ ਉਨ੍ਹਾਂ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਵਿਚ ਵੀ ਲੱਗ ਗਏ ਹਨ। ਇਸੇ ਦੇ ਤਹਿਤ ਉਨ੍ਹਾਂ ਦੀ ਪਾਰਟੀ ਦੇ ਇਕ ਨੇਤਾ ‘ਰਜਨਾਲਾ ਸ਼੍ਰੀਹਰੀ’ ਨੇ ਵਾਰੰਗਲ ’ਚ ਦੁਸਹਿਰੇ ਦੇ ਮੌਕੇ ’ਤੇ ਤਿਉਹਾਰੀ ਤੋਹਫੇ ਦੇ ਰੂਪ ’ਚ 200 ਕਿਰਤੀਆਂ ਨੂੰ 2-2 ਕਿਲੋ ਦੇ ਜ਼ਿੰਦਾ ਮੁਰਗੇ ਅਤੇ ਸ਼ਰਾਬ ਦੀ 1-1 ਬੋਤਲ ਵੰਡ ਕੇ ਰਾਸ਼ਟਰੀ ਸਿਆਸਤ ’ਚ ਕੇ. ਚੰਦਰਸ਼ੇਖਰ ਰਾਵ ਲਈ ਸ਼ਾਨਦਾਰ ਸਫਲਤਾ ਅਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਦੀ ਕਾਮਨਾ ਕੀਤੀ। ਜਦੋਂ  ਉਸ ਨੂੰ ਇਹ ਕਿਹਾ ਗਿਆ ਕਿ ਉਸ ਦੇ ਇਸ ਕਾਰੇ ਦੀ ਆਲੋਚਨਾ ਹੋਵੇਗੀ ਤਾਂ ਰਜਨਾਲਾ ਨੇ ਜਵਾਬ ਦਿੱਤਾ ਕਿ ਇਥੋਂ ਦੇ ਗਰੀਬ ਮਜ਼ਦੂਰਾਂ ਨੂੰ ਜੇਕਰ ਸ਼ਰਾਬ ਅਤੇ ਮੁਰਗਾ ਮਿਲ ਜਾਵੇਗਾ ਤਾਂ ਉਨ੍ਹਾਂ ਦੇ ਚਿਹਰੇ ’ਤੇ ਖੁਸ਼ੀ ਆਵੇਗੀ।

‘ਰਜਨਾਲਾ ਸ਼੍ਰੀਹਰੀ’ ਦਾ ਇਹ ਤਰਕ ਕਿਸੇ ਵੀ ਨਜ਼ਰੀਏ ਤੋਂ ਸਹੀ ਨਹੀਂ ਹੈ। ਜੇਕਰ ਅਸਲ ’ਚ ਤਿਉਹਾਰ ਦੇ ਮੌਕੇ ’ਤੇ ਲੋਕਾਂ ਨੂੰ ਖੁਸ਼ ਹੀ ਕਰਨਾ ਸੀ ਤਾਂ ਜੀਵ ਹੱਤਿਆ ਤੇ ਸ਼ਰਾਬ ਦੀ ਵਰਤੋਂ ਨੂੰ ਸ਼ਹਿ ਦੇਣ ਦੀ ਬਜਾਏ ਲੋਕਾਂ ਨੂੰ ਮਠਿਆਈ ਜਾਂ ਫਲ ਆਦਿ ਵੀ ਦਿੱਤੇ ਜਾ ਸਕਦੇ ਸਨ। ਭਾਰਤ ਵਰਗੇ ਦੇਸ਼ ’ਚ ਜਿੱਥੇ ਸ਼ਰਾਬ ਪੀਣ ਅਤੇ ਮਾਸ ਖਾਣ ਨੂੰ ਚੰਗੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ, ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਸਿਆਸਤ ’ਚ ਆਪਣੇ ਸਵਾਰਥ ਲਈ ਕੋਈ ਵੀ ਵਿਅਕਤੀ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।

-ਵਿਜੇ ਕੁਮਾਰ


author

Mukesh

Content Editor

Related News