ਤਾਮਿਲਨਾਡੂ ਦੇ 94 ਸਾਲਾ ਸਿਆਸਤਦਾਨ ਐੱਮ. ਕਰੁਣਾਨਿਧੀ ਦਾ ਦੇਹਾਂਤ
Wednesday, Aug 08, 2018 - 06:36 AM (IST)

ਤਾਮਿਲਨਾਡੂ ਦੇ ਸੀਨੀਅਰ ਸਿਆਸਤਦਾਨ ਮੁੱਥੂਵੇਲ ਕਰੁਣਾਨਿਧੀ ਦਾ ਸੰਖੇਪ ਬੀਮਾਰੀ ਤੋਂ ਬਾਅਦ ਚੇਨਈ ਦੇ ਕਾਵੇਰੀ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ 94 ਸਾਲਾਂ ਦੇ ਸਨ। ਤਾਮਿਲਨਾਡੂ ਦੀ ਪ੍ਰਮੁੱਖ ਸਿਆਸੀ ਪਾਰਟੀ ਡੀ. ਐੱਮ. ਕੇ. ਦੇ ਬਾਨੀ ਸੀ. ਐੱਨ. ਅੰਨਾਦੁਰਈ ਦੀ ਮੌਤ ਤੋਂ ਬਾਅਦ 1969 ਤੋਂ ਉਹ ਇਸ ਦੇ ਨੇਤਾ ਚੱਲੇ ਆ ਰਹੇ ਸਨ ਅਤੇ 5 ਵਾਰ ਤਾਮਿਲਨਾਡੂ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਨੇ ਆਪਣੇ 60 ਵਰ੍ਹਿਆਂ ਦੇ ਸਿਆਸੀ ਕੈਰੀਅਰ 'ਚ ਹਰੇਕ ਚੋਣ ਵਿਚ ਆਪਣੀ ਸੀਟ ਜਿੱਤਣ ਦਾ ਰਿਕਾਰਡ ਬਣਾਇਆ।
ਸਿਆਸਤ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਇਕ ਸਕ੍ਰਿਪਟ ਲੇਖਕ ਵਜੋਂ ਤਮਿਲ ਇੰਡਸਟਰੀ 'ਚ ਕੰਮ ਕੀਤਾ ਅਤੇ ਕਈ ਕਹਾਣੀਆਂ, ਨਾਟਕ, ਨਾਵਲ ਅਤੇ ਯਾਦਾਂ ਲਿਖੀਆਂ। ਕਰੁਣਾਨਿਧੀ ਨੇ ਫਿਲਮ ਉਦਯੋਗ 'ਚ ਇਕ ਸਕ੍ਰਿਪਟ ਲੇਖਕ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ ਭਾਸ਼ਣ ਕਲਾ ਸਦਕਾ ਉਹ ਛੇਤੀ ਹੀ ਇਕ ਰਾਜਨੇਤਾ ਬਣ ਗਏ।
ਉਹ ਦ੍ਰਵਿੜ ਅੰਦੋਲਨ ਨਾਲ ਵੀ ਜੁੜੇ ਰਹੇ ਅਤੇ ਸਮਾਜਵਾਦੀ ਆਦਰਸ਼ਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਸਮਾਜਿਕ ਸੁਧਾਰਵਾਦੀ ਕਹਾਣੀਆਂ ਲਿਖਣ ਲਈ ਮਸ਼ਹੂਰ ਸਨ। ਉਨ੍ਹਾਂ ਨੇ ਤਮਿਲ ਸਿਨੇਮਾ ਦੀ ਵਰਤੋਂ ਆਪਣੇ ਸਿਆਸੀ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਕੀਤੀ।
ਉਨ੍ਹਾਂ ਨੇ ਵਿਧਵਾ ਪੁਨਰ-ਵਿਆਹ, ਛੂਤ-ਛਾਤ ਦੇ ਖਾਤਮੇ, ਸਵੈ-ਮਾਣ, ਜ਼ਿਮੀਂਦਾਰੀ ਪ੍ਰਥਾ ਦੇ ਖਾਤਮੇ ਅਤੇ ਧਾਰਮਿਕ ਪਖੰਡ ਦੇ ਖਾਤਮੇ ਵਰਗੇ ਵਿਸ਼ਿਆਂ 'ਤੇ ਫਿਲਮਾਂ ਬਣਾਈਆਂ। 1950 ਦੇ ਦਹਾਕੇ 'ਚ ਉਨ੍ਹਾਂ ਦੇ ਲਿਖੇ ਹੋਏ 2 ਨਾਟਕਾਂ 'ਤੇ ਪਾਬੰਦੀ ਵੀ ਲਾ ਦਿੱਤੀ ਗਈ ਸੀ।
'ਜਸਟਿਸ ਪਾਰਟੀ' ਦੇ ਅਲਗਿਰੀ ਸਵਾਮੀ ਦੇ ਭਾਸ਼ਣ ਤੋਂ ਪ੍ਰੇਰਿਤ ਹੋ ਕੇ ਉਹ 14 ਸਾਲ ਦੀ ਉਮਰ 'ਚ ਸਿਆਸਤ 'ਚ ਆ ਗਏ ਅਤੇ ਹਿੰਦੀ ਵਿਰੋਧੀ ਅੰਦੋਲਨ 'ਚ ਹਿੱਸਾ ਲਿਆ। ਉਨ੍ਹਾਂ ਨੇ ਸਥਾਨਕ ਨੌਜਵਾਨਾਂ ਦਾ ਇਕ ਸੰਗਠਨ ਵੀ ਬਣਾਇਆ ਸੀ, ਜੋ 'ਮਨਾਵਰ ਨੇਸਨ' ਨਾਮੀ ਹੱਥੀਂ ਲਿਖੀ ਅਖਬਾਰ ਵੀ ਕੱਢਦਾ ਸੀ। ਉਨ੍ਹਾਂ ਨੇ 'ਤਮਿਲ ਮਨਾਵਰ ਮੰਦਰਮ' ਨਾਮੀ ਇਕ ਵਿਦਿਆਰਥੀ ਸੰਗਠਨ ਦੀ ਸਥਾਪਨਾ ਵੀ ਕੀਤੀ, ਜੋ ਦ੍ਰਵਿੜ ਅੰਦੋਲਨ ਦਾ ਪਹਿਲਾ ਵਿਦਿਆਰਥੀ ਵਿੰਗ ਸੀ।
ਹਿੰਦੀ ਵਿਰੋਧੀ ਮੁਜ਼ਾਹਰਿਆਂ ਨਾਲ ਉਨ੍ਹਾਂ ਨੂੰ ਤਮਿਲ ਸਿਆਸਤ 'ਚ ਆਪਣੀ ਪਕੜ ਮਜ਼ਬੂਤ ਬਣਾਉਣ 'ਚ ਸਹਾਇਤਾ ਮਿਲੀ ਅਤੇ ਇਸ ਸਿਲਸਿਲੇ 'ਚ ਉਨ੍ਹਾਂ ਨੇ ਜੇਲ ਯਾਤਰਾ ਵੀ ਕੀਤੀ। ਉਹ ਤਿਰੂਚਿਰਾਪੱਲੀ ਜ਼ਿਲੇ ਦੇ ਪੁੱਲੀਥਲਾਈ ਵਿਧਾਨ ਸਭਾ ਹਲਕੇ ਤੋਂ 1957 'ਚ ਤਾਮਿਲਨਾਡੂ ਵਿਧਾਨ ਸਭਾ ਲਈ ਪਹਿਲੀ ਵਾਰ ਚੁਣੇ ਗਏ। ਉਹ 1961 'ਚ ਡੀ. ਐੱਮ. ਕੇ. ਦੇ ਖਜ਼ਾਨਚੀ, 1962 'ਚ ਰਾਜ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਉਪ-ਨੇਤਾ, 1967 'ਚ ਜਦੋਂ ਡੀ. ਐੱਮ. ਕੇ. ਸੱਤਾ 'ਚ ਆਈ ਤਾਂ ਜਨਤਕ ਕਾਰਜ ਮੰਤਰੀ ਬਣੇ ਅਤੇ 1969 'ਚ ਅੰਨਾਦੁਰਈ ਦੀ ਮੌਤ ਤੋਂ ਬਾਅਦ ਕਰੁਣਾਨਿਧੀ ਨੂੰ ਤਾਮਿਲਨਾਡੂ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ।
ਕਈ ਪੁਰਸਕਾਰਾਂ ਨਾਲ ਸਨਮਾਨਿਤ ਸ਼੍ਰੀ ਕਰੁਣਾਨਿਧੀ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ। ਉਨ੍ਹਾਂ 'ਤੇ ਸਰਕਾਰੀ ਕਮਿਸ਼ਨ ਵੱਲੋਂ 'ਵੀਰਾਨਾਮ ਪ੍ਰਾਜੈਕਟ' ਲਈ ਟੈਂਡਰ ਅਲਾਟ ਕਰਨ 'ਚ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਗਿਆ।
ਇਸ ਤੋਂ ਇਲਾਵਾ ਚੇਨਈ 'ਚ ਫਲਾਈਓਵਰ ਬਣਾਉਣ 'ਚ ਭ੍ਰਿਸ਼ਟਾਚਾਰ ਦੇ ਦੋਸ਼ 'ਚ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਉਨ੍ਹਾਂ ਦੇ ਨਾਂ ਨਾਲ ਕਈ ਵਿਵਾਦ ਜੁੜੇ। ਰਾਜੀਵ ਗਾਂਧੀ ਦੀ ਹੱਤਿਆ ਦੀ ਜਾਂਚ ਕਰਨ ਵਾਲੇ ਜਸਟਿਸ ਜੈਨ ਕਮਿਸ਼ਨ ਦੀ ਅੰਤ੍ਰਿਮ ਰਿਪੋਰਟ 'ਚ ਕਰੁਣਾਨਿਧੀ 'ਤੇ ਲਿੱਟੇ ਨੂੰ ਸ਼ਹਿ ਦੇਣ ਦਾ ਦੋਸ਼ ਵੀ ਲਾਇਆ ਗਿਆ ਸੀ।
ਕਰੁਣਾਨਿਧੀ ਦੇ ਵਿਰੋਧੀਆਂ ਅਤੇ ਉਨ੍ਹਾਂ ਦੀ ਪਾਰਟੀ ਦੇ ਕੁਝ ਮੈਂਬਰਾਂ ਤੇ ਹੋਰ ਸਿਆਸੀ ਆਬਜ਼ਰਵਰਾਂ ਨੇ ਉਨ੍ਹਾਂ 'ਤੇ ਪਰਿਵਾਰ-ਪੋਸ਼ਣ ਨੂੰ ਹੱਲਾਸ਼ੇਰੀ ਦੇਣ ਅਤੇ ਵੰਸ਼ਵਾਦ ਦਾ ਦੋਸ਼ ਵੀ ਲਾਇਆ।
ਸਿਆਸਤ 'ਚ ਨਾ ਤਾਂ ਸਥਾਈ ਦੋਸਤ ਹੁੰਦੇ ਹਨ ਤੇ ਨਾ ਹੀ ਦੁਸ਼ਮਣ। ਇਸ ਕਹਾਵਤ ਨੂੰ ਸਹੀ ਸਿੱਧ ਕਰਦਿਆਂ ਕਰੁਣਾਨਿਧੀ ਦੀ ਪਾਰਟੀ ਨੇ ਕੇਂਦਰ 'ਚ ਕਾਂਗਰਸ ਅਤੇ ਭਾਜਪਾ ਦੋਹਾਂ ਨੂੰ ਹੀ ਸਮਰਥਨ ਦਿੱਤਾ। ਦੱਖਣ ਭਾਰਤ ਦੀਆਂ ਘੱਟੋ-ਘੱਟ 50 ਫਿਲਮਾਂ ਦੀਆਂ ਕਹਾਣੀਆਂ ਅਤੇ ਡਾਇਲਾਗ ਲਿਖਣ ਵਾਲੇ ਕਰੁਣਾਨਿਧੀ ਦੀ ਪਛਾਣ ਇਕ ਅਜਿਹੇ ਸਿਆਸਤਦਾਨ ਵਜੋਂ ਸੀ, ਜਿਸ ਨੇ ਆਪਣੀ ਕਲਮ ਨਾਲ ਤਾਮਿਲਨਾਡੂ ਦੀ ਤਕਦੀਰ ਲਿਖੀ।
ਸ਼੍ਰੀ ਕਰੁਣਾਨਿਧੀ ਆਪਣੇ ਪਿੱਛੇ ਆਪਣੇ ਪੁੱਤਰਾਂ ਐੱਮ. ਕੇ. ਅਝਾਗਿਰੀ, ਐੱਮ. ਕੇ. ਸਟਾਲਿਨ ਅਤੇ ਧੀ ਕਣੀਮੋਝੀ ਆਦਿ ਦੇ ਰੂਪ 'ਚ ਖੁਸ਼ਹਾਲ ਸਿਆਸੀ ਵਿਰਾਸਤ ਛੱਡ ਗਏ ਹਨ। ਹੁਣ ਡੀ. ਐੱਮ. ਕੇ. ਦਾ ਭਵਿੱਖ ਉਨ੍ਹਾਂ ਦੇ ਵਾਰਿਸਾਂ ਦੇ ਹੱਥ 'ਚ ਹੈ ਅਤੇ ਇਹ ਸਮਾਂ ਹੀ ਦੱਸੇਗਾ ਕਿ ਉਹ ਉਨ੍ਹਾਂ ਦੀ ਵਿਰਾਸਤ ਨੂੰ ਕਿਵੇਂ ਅੱਗੇ ਵਧਾਉਂਦੇ ਹਨ।
ਇਸ ਸਮੇਂ ਸਮੁੱਚਾ ਤਾਮਿਲਨਾਡੂ ਆਪਣੇ ਕਲਾਈਨਾਰ (ਕਲਾ ਦਾ ਵਿਦਵਾਨ) ਦੇ ਦੇਹਾਂਤ ਦੇ ਸੋਗ 'ਚ ਡੁੱਬ ਗਿਆ ਹੈ ਤੇ ਦੇਸ਼ ਨੇ ਜ਼ਮੀਨ ਨਾਲ ਜੁੜੇ ਇਕ ਨੇਤਾ, ਡੂੰਘੇ ਵਿਚਾਰਕ ਅਤੇ ਅਜਿਹੀ ਹਸਤੀ ਨੂੰ ਗੁਆ ਲਿਆ ਹੈ, ਜਿਸ ਨੇ ਗਰੀਬਾਂ ਅਤੇ ਲਤਾੜਿਆਂ ਦੀ ਭਲਾਈ ਲਈ ਉਮਰ ਭਰ ਕੰਮ ਕੀਤਾ। ਸ਼੍ਰੀ ਕਰੁਣਾਨਿਧੀ ਦਾ ਆਪਣੇ ਪਾਰਟੀ ਵਰਕਰਾਂ 'ਤੇ ਇੰਨਾ ਪ੍ਰਭਾਵ ਸੀ ਕਿ ਉਨ੍ਹਾਂ ਦੀ ਬੀਮਾਰੀ ਦਾ ਸਦਮਾ ਸਹਿਣ ਨਾ ਕਰ ਸਕਣ ਕਰਕੇ ਉਨ੍ਹਾਂ ਦੇ 21 ਸਮਰਥਕਾਂ ਦੀ ਮੌਤ ਹੋ ਗਈ। —ਵਿਜੇ ਕੁਮਾਰ