ਅਮਰੀਕਾ, ਰੂਸ ਅਤੇ ਚੀਨ ਦੇ ਅੜੀਅਲ ਵਤੀਰੇ ਦੇ ਕਾਰਨ ‘ਜੀ-20’ ’ਚ ਜਾਰੀ ਨਹੀਂ ਹੋ ਸਕਿਆ ਸਾਂਝਾ ਬਿਆਨ

03/04/2023 4:54:04 AM

2 ਮਾਰਚ ਨੂੰ ਰਾਜਧਾਨੀ ਦਿੱਲੀ ’ਚ ‘ਜੀ-20’ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਾ ਸੰਮੇਲਨ ਸੰਪੰਨ ਹੋ ਗਿਆ ਜਿਸ ’ਚ ਅਮਰੀਕਾ, ਰੂਸ, ਚੀਨ, ਇੰਗਲੈਂਡ ਅਤੇ ਫਰਾਂਸ ਸਮੇਤ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਮੇਲਨ ਦੀ ਸ਼ੁਰੂਆਤ ’ਚ ਹੀ ਸਾਰਿਆਂ ਨੂੰ ਮਤਭੇਦਾਂ ਤੋਂ ਉਪਰ ਉੱਠਣ ਦੀ ਅਪੀਲ ਕੀਤੀ ਅਤੇ ਯੂਕ੍ਰੇਨ ਦੀ ਜੰਗ ਨੂੰ ਲੈ ਕੇ ਸਬੰਧਤ ਦੇਸ਼ਾਂ ਦੇ ਦਰਮਿਆਨ ਆਮ ਸਹਿਮਤੀ ਬਣਾਉਣ ’ਤੇ ਲਗਾਤਾਰ ਯਤਨ ਵੀ ਕੀਤੇ।

ਪਰ ਅਮਰੀਕਾ ਦੇ ਮਿੱਤਰ ਅਤੇ ਸਮਰਥਕ ਪੱਛਮੀ ਦੇਸ਼ਾਂ ਅਤੇ ਰੂਸ ਅਤੇ ਚੀਨ ਦੇ ਗਠਜੋੜ ਦੇ ਦਰਮਿਆਨ ਭਾਰੀ ਵਿਚਾਰਕ ਮਤਭੇਦਾਂ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕੇਨ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਹੋਰ ਕਈ ਵਿਦੇਸ਼ ਮੰਤਰੀਆਂ ਦੇ ਸਖਤ ਤੇਵਰਾਂ ਦੇ ਕਾਰਨ ਇਸ ਸੰਮੇਲਨ ’ਚ ਸਹਿਮਤੀ ਨਾ ਬਣ ਸਕਣ ਕਾਰਨ ਸਾਂਝਾ ਬਿਆਨ ਜਾਰੀ ਨਹੀਂ ਕੀਤਾ ਜਾ ਸਕਿਆ।

ਹਾਲਾਂਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਵਾਂਗ ‘ਜੀ-20’ ਜੰਗ ਦੀ ਸਮਾਪਤੀ ਜਾਂ ਜਾਰੀ ਰਹਿਣ ਆਦਿ ਸਬੰਧੀ ਕੋਈ ਫੈਸਲਾ ਤਾਂ ਨਹੀਂ ਲੈ ਸਕਦਾ ਪਰ ਇਸ ਸੰਮੇਲਨ ਦੀ ਸਭ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਇਕ ਸਾਲ ਤੋਂ ਜਾਰੀ ਯੂਕ੍ਰੇਨ ਜੰਗ ਦੌਰਾਨ ਪਹਿਲੀ ਵਾਰ ਰੂਸ, ਚੀਨ, ਅਮਰੀਕਾ, ਤੁਰਕੀ, ਯੂਕ੍ਰੇਨ ਦੇ ਪ੍ਰਤੀਨਿਧੀ ਇਕ ਥਾਂ ਇਕੱਠੇ ਹੋਏ ਸਨ।

ਸਾਂਝੇ ਬਿਆਨ ’ਤੇ ਸਹਿਮਤੀ ਤਾਂ ਨਹੀਂ ਬਣੀ ਪਰ ਗੱਲਬਾਤ ਦਾ ਇਕ ਰਸਤਾ ਖੁੱਲ੍ਹਿਆ ਹੈ ਜੋ ਜ਼ਰੂਰੀ ਸੀ ਕਿਉਂਕਿ ਯੂਕ੍ਰੇਨ-ਰੂਸ ਜੰਗ ਤੋਂ ਪੈਦਾ ਹੋਈਆਂ ਸਮੱਸਿਆਵਾਂ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਭਾਵੇਂ ਉਹ ਆਰਥਿਕ ਸਮੱਸਿਆਵਾਂ ਹੋਣ ਜਾਂ ਕੋਈ ਹੋਰ ਸਮੱਸਿਆ।

ਇਸ ਸੰਮੇਲਨ ਦੇ ਬਾਅਦ ਜੀ-20 ਦੇ ਰਾਸ਼ਟਰ ਮੁਖੀਆਂ ਦਾ ਸੰਮੇਲਨ ਵੀ ਹੋਣ ਵਾਲਾ ਹੈ ਜਿਸ ’ਚ ਗੱਲ ਅੱਗੇ ਵਧ ਸਕਦੀ ਹੈ। ਉਂਝ ਤਾਂ ਚੀਨ ਤੇ ਤੁਰਕੀ ਵੀ ਰੂਸ ਦੇ ਨਾਲ ਗੱਲ ਕਰ ਸਕਦੇ ਹਨ ਪਰ ਭਾਰਤ ਦੇ ਅਮਰੀਕਾ ਅਤੇ ਰੂਸ ਦੋਵਾਂ ਦੇ ਨਾਲ ਚੰਗੇ ਸਬੰਧ ਹਨ, ਇਸ ਲਈ ਉਹ ਇਸ ’ਚ ਬਿਹਤਰ ਭੂਮਿਕਾ ਨਿਭਾਅ ਸਕਦਾ ਹੈ।

ਚੰਗੀ ਗੱਲ ਇਹ ਹੈ ਕਿ ਇਸ ਦੌਰਾਨ ਭਾਰਤ ਦੇ ਨੇਤਾਵਾਂ ਨੂੰ ਵਿਸ਼ਵ ਦੇ ਪ੍ਰਮੁੱਖ ਨੇਤਾਵਾਂ ਦੇ ਨਾਲ ਆਪਸੀ ਮੁੱਦਿਆਂ ’ਤੇ ਵੀ ਚਰਚਾ ਦਾ ਮੌਕਾ ਮਿਲਿਆ ਹੈ। ਇਸ ਦੌਰਾਨ ਭਾਰਤ ਅਤੇ ਇਟਲੀ ਦੇ ਨਾਲ ਵਪਾਰਕ ਸਮਝੌਤਾ ਵੀ ਹੋਇਆ ਅਤੇ ਹੋਰਨਾਂ ਦੇਸ਼ਾਂ ਦੇ ਨਾਲ ਗੱਲ ਵੀ ਚੱਲ ਰਹੀ ਹੈ। ਕੁਲ ਮਿਲਾ ਕੇ ਭਾਰਤ ਦੇ ਲਈ ਦੁਨੀਆ ਦੇ ਸਾਹਮਣੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨ ਦਾ ਚੰਗਾ ਮੌਕਾ ਰਿਹਾ।

-ਵਿਜੇ ਕੁਮਾਰ


Anmol Tagra

Content Editor

Related News