‘ਜੋਅ ਬਾਈਡੇਨ’ ਦੀ ਗੁਪਤ ਯੂਕ੍ਰੇਨ ਯਾਤਰਾ ‘ਰੂਸ ਨੂੰ ਸਪੱਸ਼ਟ ਸੰਕੇਤ’
Wednesday, Feb 22, 2023 - 02:00 AM (IST)
1941 ’ਚ ਜਾਪਾਨ ਵੱਲੋਂ ਅਮਰੀਕੀ ਸਮੁੰਦਰੀ ਫੌਜੀ ਅੱਡੇ ਪਰਲ ਹਾਰਬਰ ’ਤੇ ਹਮਲੇ, ਜਿਸ ’ਚ ਜਾਪਾਨ ਨੇ ਅਮਰੀਕਾ ਦੇ 19 ਜਹਾਜ਼ ਤਬਾਹ ਕਰਨ ਦੇ ਇਲਾਵਾ 2400 ਤੋਂ ਵੱਧ ਫੌਜੀ ਮਾਰ ਦਿੱਤੇ ਸਨ। ਵਰਨਣਯੋਗ ਹੈ ਕਿ ਅਮਰੀਕਾ ਦੂਜੀ ਵਿਸ਼ਵ ਜੰਗ ’ਚ ਕੁਝ ਸਮੇਂ ਬਾਅਦ ਦਾਖਲ ਹੋਇਆ ਜਦਕਿ ਦੂਜੀ ਵਿਸ਼ਵ ਜੰਗ ਸ਼ੁਰੂ ਹੋਣ ਦੇ ਬਾਅਦ 1939 ਤੋਂ 1941 ਤੱਕ ਉਹ ਨਿਰਪੱਖ ਰਿਹਾ ਸੀ ਕਿਉਂਕਿ ਉਹ ਨਾ ਯੂਰਪ ਵੱਲ ਸੀ ਨਾ ਹੀ ਜਰਮਨੀ ਵੱਲ।
ਜਰਮਨੀ ਦੇ ਤਾਨਾਸ਼ਾਹ ਹਿਟਲਰ ਦੀ 30 ਅਪ੍ਰੈਲ, 1945 ਨੂੰ ਮੌਤ ਦੇ ਬਾਅਦ ਜਰਮਨੀ ਨੇ ਮਿੱਤਰ ਫੌਜਾਂ ਦੇ ਸਾਹਮਣੇ ਸਮਰਪਣ ਕਰ ਦਿੱਤਾ ਪਰ ਅਗਸਤ ਤੱਕ ਜਾਪਾਨ ਨੇ ਸਮਰਪਣ ਨਹੀਂ ਕੀਤਾ। ਇਸ ਲਈ ਅਮਰੀਕਾ ਨੇ ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਬੰਬ ਸੁੱਟੇ ਜਿਸ ’ਚ ਲੱਖਾਂ ਲੋਕ ਮਾਰੇ ਗਏ।
ਅਮਰੀਕਾ ਦੇ ਜੰਗ ’ਚ ਉਤਰਨ ਦੇ ਕਾਰਨ ਹੀ ਵਿਸ਼ਵ ਜੰਗ ’ਚ ਇੰਗਲੈਂਡ ਦੀ ਜਿੱਤ ਹੋਈ ਕਿਉਂਕਿ ਉਦੋਂ ਤੱਕ ਜਰਮਨੀ ਵੱਲੋਂ ਰੋਜ਼ ਕੀਤੀ ਜਾਣ ਵਾਲੀ ਬੰਬਾਂ ਦੀ ਵਰਖਾ ਦੇ ਕਾਰਨ ਇੰਗਲੈਂਡ ਦੀ ਹਾਲਤ ਖਸਤਾ ਹੋ ਚੁੱਕੀ ਸੀ।
ਉਸ ਸਮੇਂ ਜਾਪਾਨ ਅਤੇ ਅਮਰੀਕਾ ਕੱਟੜ ਦੁਸ਼ਮਣ ਸਨ ਪਰ ਅੱਜ ਬਦਲੇ ਹੋਏ ਸਿਆਸੀ ਦ੍ਰਿਸ਼ ’ਚ ਇਹ ਦੋਵੇਂ ਗੂੜ੍ਹੇ ਸਿਆਸੀ ਅਤੇ ਜੰਗੀ ਸਹਿਯੋਗੀ ਬਣ ਚੁੱਕੇ ਹਨ ਅਤੇ ਰੂਸ ਦੇ ਵਿਰੁੱਧ ਯੂਕ੍ਰੇਨ ਦਾ ਸਾਥ ਦੇ ਰਹੇ ਹਨ।
ਇਕ ਸਾਲ ਤੋਂ ਰੂਸ ਅਤੇ ਯੂਕ੍ਰੇਨ ’ਚ ਜਾਰੀ ਭਿਆਨਕ ਜੰਗ ਦੇ ਦਰਮਿਆਨ, ਪੂਰੀ ਦੁਨੀਆ ਨੂੰ ਹੈਰਾਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ 20 ਫਰਵਰੀ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨਾਲ ਮੁਲਾਕਾਤ ਦੇ ਲਈ ਯੂਕ੍ਰੇਨ ਦੀ ਰਾਜਧਾਨੀ ਕੀਵ ਪਹੁੰਚ ਗਏ।
ਇਸ ਯਾਤਰਾ ਦੌਰਾਨ ਬਾਈਡੇਨ ਨੇ ਯੂਕ੍ਰੇਨ ਨੂੰ 50 ਕਰੋੜ ਡਾਲਰ ਦੀ ਫੌਜੀ ਮਦਦ ਦੇ ਨਾਲ-ਨਾਲ ਮਹੱਤਵਪੂਰਨ ਫੌਜੀ ਯੰਤਰ ਦੇਣ ਦੇ ਇਲਾਵਾ ਯੂਕ੍ਰੇਨ ਦੇ ਲੋਕਤੰਤਰ, ਪ੍ਰਭੂਸੱਤਾ ਅਤੇ ਕੇਂਦਰੀ ਅਖੰਡਤਾ ਦੀ ਰੱਖਿਆ ਲਈ ਬਿਨਾਂ ਸ਼ਰਤ ਸਮਰਥਨ ਜਾਰੀ ਰੱਖਣ ਦਾ ਵਾਅਦਾ ਕੀਤਾ।
ਬਾਈਡੇਨ ਦਾ ਇਹ ਦੌਰਾ ਕਿੰਨਾ ਗੁਪਤ ਰੱਖਿਆ ਗਿਆ, ਇਹ ਇਸੇ ਤੋਂ ਸਪੱਸ਼ਟ ਹੈ ਕਿ ਪੋਲੈਂਡ ’ਚ ਇਕ ਘੰਟਾ ਰੁਕਣ ਦੇ ਬਾਅਦ ਰੇਲ ਗੱਡੀ ਰਾਹੀਂ ਉਨ੍ਹਾਂ ਦੇ ਯੂਕ੍ਰੇਨ ਦੀ ਰਾਜਧਾਨੀ ਕੀਵ ਪਹੁੰਚਣ ਦੀ ਭਿਣਕ ਕੀਵ ’ਚ ਕੁਝ ਲੋਕਾਂ ਨੂੰ ਵੀ ਕੁਝ ਮਿੰਟ ਪਹਿਲਾਂ ਹੀ ਲੱਗੀ।
ਬਾਈਡੇਨ 5 ਘੰਟਿਆਂ ਤੋਂ ਵੱਧ ਸਮੇਂ ਤੱਕ ਕੀਵ ’ਚ ਰਹੇ। ਉਸ ਦੌਰਾਨ ਉੱਥੇ ਹਵਾਈ ਹਮਲੇ ਤੋਂ ਚੌਕਸ ਕਰਨ ਵਾਲੇ ਸਾਇਰਨ ਵੱਜਦੇ ਰਹੇ। ਬਾਈਡੇਨ ਦੇ ਆਉਣ ਤੋਂ ਪਹਿਲਾਂ ਕੀਵ ਨੂੰ ‘ਨੋ ਫਲਾਈ ਜ਼ੋਨ’ ਐਲਾਨ ਕਰ ਦਿੱਤਾ ਗਿਆ।
ਯੂਕ੍ਰੇਨ ’ਚ ਅਜਿਹੇ ਸਰਗਰਮ ਜੰਗੀ ਖੇਤਰ ’ਚ, ਜਿੱਥੇ ਅਮਰੀਕਾ ਸਿੱਧੇ ਤੌਰ ’ਤੇ ਜੰਗ ’ਚ ਸ਼ਾਮਲ ਨਹੀਂ ਹੈ, ਪਹੁੰਚਣ ਵਾਲੇ ਜੋਅ ਬਾਈਡੇਨ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ। ਰੱਖਿਆ ਮਾਹਿਰਾਂ ਦੇ ਅਨੁਸਾਰ ਬਾਈਡੇਨ ਦਾ ਯੂਕ੍ਰੇਨ ਪਹੁੰੰਚਣਾ ਬੜਾ ਹੀ ਜੋਖਮ ਭਰਿਆ ਕਦਮ ਸੀ।
ਇਹ ਅਮਰੀਕਾ ਵੱਲੋਂ ਰੂਸ ਨੂੰ ਵੱਡਾ ਸੰਕੇਤ ਹੈ ਕਿ ਉਹ ਯੂਕ੍ਰੇਨ ’ਚ ਆਰ-ਪਾਰ ਦੇ ਲਈ ਤਿਆਰ ਹੈ ਅਤੇ ਬੇਸ਼ੱਕ ਹੀ ਯੂਰਪੀ ਦੇਸ਼ ਪਿੱਛੇ ਹਟ ਜਾਣ ਅਮਰੀਕਾ ਯੂਕ੍ਰੇਨ ਨੂੰ ਸਮਰਥਨ ਜਾਰੀ ਰੱਖੇਗਾ।
ਇਸ ਸਮੇਂ ਜਦਕਿ ਯੂਰਪ ਦੇ ਸਾਰੇ ਦੇਸ਼ਾਂ ਨੂੰ ਮਹਿੰਗਾਈ ਅਤੇ ਹੋਰਨਾਂ ਸਮੱਸਿਆਵਾਂ ਦੇ ਕਾਰਨ ਆਪਣੀ-ਆਪਣੀ ਅਰਥਵਿਵਸਥਾ ਦੇ ਪ੍ਰਭਾਵਿਤ ਹੋਣ ਦਾ ਡਰ ਸਤਾਉਣ ਦੇ ਕਾਰਨ ਯੂਕ੍ਰੇਨ ਨੂੰ ਕੁਝ ਦੇਸ਼ ਹੀ ਸਮਰਥਨ ਦੇ ਰਹੇ ਹਨ ਅਤੇ ਯੂਕ੍ਰੇਨ ਨੂੰ ਨਵੇਂ ਹਥਿਆਰ, ਟੈਂਕ ਆਦਿ ਨਹੀਂ ਮਿਲ ਰਹੇ ਹਨ, ਅਜਿਹੇ ’ਚ ਅਮਰੀਕਾ ਨੇ ਉਸ ਨੂੰ ਸਹਾਇਤਾ ਦੇਣ ਦੇ ਲਈ ਅੱਗੇ ਆ ਕੇ ਹੋਰਨਾਂ ਯੂਰਪੀ ਦੇਸ਼ਾਂ ਨੂੰ ਵੀ ਯੂਕ੍ਰੇਨ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿਣ ਦਾ ਸੰਦੇਸ਼ ਦਿੱਤਾ ਹੈ।
ਇਸ ਜੰਗ ’ਚ ਦੋਵੇਂ ਧਿਰਾਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਮਾਰੇ ਤਾਂ ਨਿਰਦੋਸ਼ ਲੋਕ ਜਾ ਰਹੇ ਹਨ। ਇਹ ਕਹਿਣਾ ਮੁਸ਼ਕਲ ਹੈ ਕਿ ਕਦੋਂ ਇਸ ਜੰਗ ’ਚ ਪ੍ਰਮਾਣੂ ਜੰਗ ਦੀ ਐਂਟਰੀ ਹੋ ਜਾਵੇ ਜਿਸ ਨਾਲ ਲੱਖਾਂ-ਕਰੋੜਾਂ ਲੋਕ ਮੌਤ ਦੇ ਮੂੰਹ ’ਚ ਸਮਾ ਸਕਦੇ ਹਨ।
ਇਸ ਲਈ ਲੋੜ ਇਸ ਗੱਲ ਦੀ ਹੈ ਕਿ ਵਿਸ਼ਵ ਦੇ ਮੋਹਰੀ ਦੇਸ਼ ਦੋਵਾਂ ਧਿਰਾਂ ਨਾਲ ਮਿਲ-ਬੈਠ ਕੇ ਵਿਚਾਰ-ਵਟਾਂਦਰੇ ਨਾਲ ਇਸ ਸਮੱਸਿਆ ਦਾ ਕੋਈ ਸ਼ਾਂਤੀਪੂਰਨ ਸਰਵ-ਪ੍ਰਵਾਨਿਤ ਹੱਲ ਕੱਢਣ।
ਅਜਿਹਾ ਹੋਣ ਨਾਲ ਇਸ ਜੰਗ ’ਚ ਵਰਤੇ ਜਾਣ ਵਾਲੇ ਤਬਾਹੀ ਦੇ ਸਾਮਾਨ ’ਤੇ ਖਰਚ ਹੋ ਰਹੀ ਅਰਬਾਂ-ਖਰਬਾਂ ਡਾਲਰ ਦੀ ਰਕਮ ਸਮਾਜ ਦੀ ਭਲਾਈ ਦੇ ਕੰਮਾਂ ’ਤੇ ਖਰਚ ਕੀਤੀ ਜਾ ਸਕਦੀ ਹੈ ਅਤੇ ਲੋਕਾਂ ਨੂੰ ਬਾਰੂਦ ਦੀ ਵਰਤੋਂ ਨਾਲ ਹੋਣ ਵਾਲੀ ਤਬਾਹੀ, ਫੈਲ ਰਹੇ ਪ੍ਰਦੂਸ਼ਣ ਤੇ ਹੋਰਨਾਂ ਸਮੱਸਿਆਵਾਂ ਤੋੋਂ ਬਚਾਇਆ ਜਾ ਸਕਦਾ ਹੈ।
ਜਦੋਂ ਤੱਕ ਸਾਰੀਆਂ ਵਿਸ਼ਵ ਪੱਧਰੀ ਸ਼ਕਤੀਆਂ ਮਿਲ ਕੇ ਨਹੀਂ ਬੈਠਣਗੀਆਂ ਉਦੋਂ ਤੱਕ ਕੋਈ ਸਮਝੌਤਾ ਹੋਣ ਵਾਲਾ ਨਹੀਂ ਹੈ। ਸਾਰਿਆਂ ਨੂੰ ਇਕੱਠੇ ਮਿਲ ਕੇ ਰੂਸ ’ਤੇ ਦਬਾਅ ਪਾਉਣਾ ਪਵੇਗਾ ਜੋ ਚੀਨ ਵੱਲੋਂ ਰੂਸ ਦਾ ਸਮਰਥਨ ਜਾਰੀ ਰੱਖਣ ਦੇ ਕਾਰਨ ਇਸ ਸਮੇਂ ਸੰਭਵ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ।
ਜੇਕਰ ਰੂਸ ਦੇ ਕੋਲ ਹਥਿਆਰ ਖਤਮ ਹੋ ਜਾਣਗੇ ਤਾਂ ਵੀ ਚੀਨ ਉਸ ਨੂੰ ਸਮਰਥਨ ਦਿੰਦਾ ਰਹੇਗਾ, ਇਸ ਲਈ ਸਿੱਧੇ ਤੌਰ ’ਤੇ ਚੀਨ ਨੂੰ ਵੀ ਇਕ ਚਿਤਾਵਨੀ ਤੇ ਸੰਦੇਸ਼ ਹੈ।
ਅੱਜ ਸਿਰਫ ਯੂਕ੍ਰੇਨ ਅਤੇ ਰੂਸ ਨੂੰ ਹੀ ਨਹੀਂ, ਸਾਰੀਆਂ ਧਿਰਾਂ ਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਇਹ ਜ਼ਿੰਦਗੀ ਚੰਗੀ ਤਰ੍ਹਾਂ ਜਿਊਣ ਦੇ ਲਈ ਮਿਲੀ ਹੈ, ਆਪਸ ’ਚ ਲੜਣ-ਝਗੜਣ ਅਤੇ ਹਿੰਸਾ ਦੇ ਲਈ ਨਹੀਂ ਹੈ।
-ਵਿਜੇ ਕੁਮਾਰ