ਭਾਰਤੀ ਵਫਦ ਦੀ ਅਫਗਾਨਿਸਤਾਨ ਯਾਤਰਾ ਆਗਾਜ਼ ਤਾਂ ਚੰਗਾ ਹੈ...
Saturday, Jun 04, 2022 - 12:34 AM (IST)
ਅਫਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ਸੰਭਾਲਣ ਦੇ ਬਾਅਦ ਤੋਂ ਉੱਥੇ ਗਰੀਬੀ ਅਤੇ ਭੁੱਖਮਰੀ ਪਹਿਲਾਂ ਦੀ ਤੁਲਨਾ ’ਚ ਵਧੀ ਹੈ। ਅਫਗਾਨਿਸਤਾਨ ’ਚ ਤਾਲਿਬਾਨੀਆਂ ਨੇ ਸੱਤਾ ’ਤੇ ਤਾਂ ਕਬਜ਼ਾ ਕਰ ਲਿਆ ਹੈ ਪਰ ਇਸ ਸਮੇਂ ਉੱਥੋਂ ਦੇ ਲੋਕ ਆਪਣੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਜੂਝ ਰਹੇ ਹਨ। ਇਸ ਲਈ ਅਫਗਾਨਿਸਤਾਨ ਦੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਭਾਰਤ ਸਰਕਾਰ ਹੁਣ ਤੱਕ ਉਥੇ 20 ਹਜ਼ਾਰ ਮੀਟ੍ਰਿਕ ਟਨ ਕਣਕ, 13 ਟਨ ਦਵਾਈਆਂ, ਕੋਵਿਡ ਰੋਕੂ ਵੈਕਸੀਨ ਦੀਆਂ 5 ਲੱਖ ਖੁਰਾਕਾਂ ਅਤੇ ਸਰਦੀਆਂ ਦੇ ਮੌਸਮ ’ਚ ਵਰਤੇ ਜਾਣ ਵਾਲੇ ਕੱਪੜੇ ਆਦਿ ਜੀਵਨ ਉਪਯੋਗੀ ਵਸਤਾਂ ਭੇਜ ਚੁੱਕੀ ਹੈ। ਆਪਣੀ ਮਨੁੱਖੀ ਸਹਾਇਤਾ ਮੁਹਿੰਮ ਦਾ ਜਾਇਜ਼ਾ ਲੈਣ ਅਤੇ ਅਫਗਾਨਿਸਤਾਨ ਦੀ ਸਹਾਇਤਾ ਕਰਨ ਦੇ ਸਬੰਧ ’ਚ ਤਾਲਿਬਾਨ ਨੇਤਾਵਾਂ ਨਾਲ ਗੱਲਬਾਤ ਲਈ ਭਾਰਤੀ ਵਿਦੇਸ਼ ਮੰਤਰਾਲਾ ਦੇ ਸੰਯੁਕਤ ਸਕੱਤਰ ਜੇ. ਪੀ. ਸਿੰਘ ਦੀ ਅਗਵਾਈ ’ਚ ਅਫਗਾਨਿਸਤਾਨ ਗਿਆ ਵਫਦ ਉੱਥੇ ਕਈ ਨੇਤਾਵਾਂ ਨੂੰ ਮਿਲਿਆ। ਤਾਲਿਬਾਨ ਦੇ ਵਿਦੇਸ਼ ਮੰਤਰੀ ‘ਅਮੀਰ ਖਾਨ ਮੁੱਤਕੀ’ ਅਤੇ ਉਪ-ਵਿਦੇਸ਼ ਮੰਤਰੀ ‘ਸ਼ੇਰ ਮੁਹੰਮਦ ਅੱਬਾਸ ਸਟਾਨੇਕਜਈ’ ਨਾਲ ਭਾਰਤੀ ਵਫਦ ਦੀ ਗੱਲਬਾਤ ਉੱਥੇ ਸੱਤਾ ਪਲਟ ਦੇ ਬਾਅਦ ਦੋਵਾਂ ਦੇਸ਼ਾਂ ਦੇ ਦਰਮਿਆਨ ਹੁਣ ਤੱਕ ਦੀ ਸਭ ਤੋਂ ਉੱਚ ਪੱਧਰੀ ਗੱਲਬਾਤ ਹੈ ਜਿਸ ਨੂੰ ਅਫਗਾਨ ਵਿਦੇਸ਼ ਮੰਤਰਾਲਾ ਦੇ ਬੁਲਾਰੇ ‘ਅਬਦੁਲ ਕਾਹਰ ਬਾਲਖੀ’ ਨੇ ਚੰਗੀ ਸ਼ੁਰੂਆਤ ਦੱਸਿਆ ਹੈ।
‘ਅਬਦੁਲ ਕਾਹਰ ਬਾਲਖੀ’ ਨੇ ਹਾਲ ਹੀ ’ਚ ਮਨੁੱਖੀ ਆਧਾਰ ’ਤੇ ਦਿੱਤੀ ਗਈ ਸਹਾਇਤਾ ਦੇ ਲਈ ਭਾਰਤ ਦਾ ਧੰਨਵਾਦ ਕੀਤਾ ਅਤੇ ਭਾਰਤ ’ਚ ਅਫਗਾਨ ਨਾਗਰਿਕਾਂ ਨੂੰ ਜ਼ਰੂਰੀ ਸਹੂਲਤਾਂ ਦੇਣ ਦੀ ਬੇਨਤੀ ਵੀ ਕੀਤੀ। ਅਫਗਾਨਿਸਤਾਨ ਦੇ ਸਾਰੇ 34 ਸੂਬਿਆਂ ’ਚ ਭਾਰਤ ਦੇ 400 ਤੋਂ ਵੱਧ ਪ੍ਰਾਜੈਕਟ ਚੱਲ ਰਹੇ ਹਨ। ਭਾਰਤ ਨੇ ਉੱਥੇ ਸੰਸਦ ਭਵਨ ਤੱਕ ਦਾ ਨਿਰਮਾਣ ਕਰਨ ਦੇ ਇਲਾਵਾ ਹਰ ਖੇਤਰ ਦੇ ਵਿਕਾਸ ’ਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਹੈ। ਇਨ੍ਹਾਂ ’ਚ ਸੜਕਾਂ, ਸਕੂਲ, ਹਸਪਤਾਲ, ਡੈਮ, ਬਿਜਲੀ ਸਬ-ਸਟੇਸ਼ਨ, ਦੂਰਸੰਚਾਰ ਨੈੱਟਵਰਕ, ਬਿਜਲੀ ਟ੍ਰਾਂਸਮਿਸ਼ਨ ਲਾਈਨਾਂ, ਸੋਲਰ ਪੈਨਲ ਲਾਉਣ ਵਰਗੇ ਪ੍ਰਾਜੈਕਟ ਸ਼ਾਮਲ ਹਨ। ਉਕਤ ਯੋਜਨਾਵਾਂ ’ਤੇ ਭਾਰਤ ਨੇ ਅਫਗਾਨਿਸਤਾਨ ’ਚ ਲਗਭਗ 3 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ ਜਦਕਿ ਭਾਰਤ ਨੇ ਪਿਛਲੇ ਸਾਲ ਹੀ ਉਥੇ 8 ਕਰੋੜ ਡਾਲਰ ਦੇ ਵੱਖ-ਵੱਖ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਇਸ ਦੌਰੇ ਦੇ ਦੌਰਾਨ ਭਾਰਤੀ ਵਫਦ ਉੱਥੇ ਭਾਰਤ ਦੀ ਸਹਾਇਤਾ ਨਾਲ ਬਣੇ ਹਸਪਤਾਲ, ਸਕੂਲ ਅਤੇ ਬਿਜਲੀ ਪਲਾਂਟ ਦੇ ਇਲਾਵਾ ਹੋਰ ਪ੍ਰਾਜੈਕਟ ਦੇਖਣ ਗਿਆ। ਹਾਲਾਂਕਿ ਭਾਰਤ ਨੇ ਅਜੇ ਤਾਲਿਬਾਨ ਸ਼ਾਸਨ ਨੂੰ ਮਾਨਤਾ ਨਹੀਂ ਦਿੱਤੀ ਅਤੇ ਬੀਤੇ ਸਾਲ ਅਗਸਤ ਮਹੀਨੇ ’ਚ ਤਾਲਿਬਾਨੀਆਂ ਵੱਲੋਂ ਸੱਤਾ ’ਤੇ ਕਬਜ਼ਾ ਕਰ ਲੈਣ ਦੇ ਬਾਅਦ ਉੱਥੋਂ ਦੇ ਬੁਰੇ ਹਾਲਾਤ ਦੇਖਦੇ ਹੋਏ ਭਾਰਤੀ ਮੁਲਾਜ਼ਮਾਂ ਨੂੰ ਵਾਪਸ ਸੱਦ ਲਿਆ ਗਿਆ ਸੀ ਪਰ ਉੱਥੇ ਕੰਮ ਕਰਨ ਵਾਲੇ ਅਫਗਾਨ ਮੁਲਾਜ਼ਮ ਲਗਾਤਾਰ ਭਾਰਤੀ ਦੂਤਘਰ ਕੰਪਲੈਕਸ ਦੀ ਦੇਖਭਾਲ ਕਰਦੇ ਰਹੇ ਸਨ। ਦੋਵਾਂ ਦੇਸ਼ਾਂ ਦੇ ਪੁਰਾਣੇ ਕੂਟਨੀਤਕ ਸਬੰਧਾਂ ਨੂੰ ਦੇਖਦੇ ਹੋਏ ਇਸ ਯਾਤਰਾ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਜਿਸ ਦੇ ਬਾਰੇ ’ਚ ਵਿਦੇਸ਼ ਮੰਤਰਾਲਾ ਦੇ ਬੁਲਾਰੇ ‘ਅਰਿੰਦਮ ਬਾਗਚੀ’ ਨੇ ਕਿਹਾ ਹੈ ਕਿ ‘‘ਜੇਕਰ ਭਾਰਤ ਤੇ ਤਾਲਿਬਾਨ ’ਚ ਸਮਝੌਤਾ ਹੁੰਦਾ ਹੈ ਤਾਂ ਉਹ ਅਫਗਾਨਿਸਤਾਨ ਦੇ ਨਾਲ ਪਿਛਲੇ ਇਤਿਹਾਸਕ ਸਮਝੌਤਿਆਂ ਦੀ ਬੁਨਿਆਦ ’ਤੇ ਹੀ ਹੋਵੇਗਾ।’’
ਭਾਰਤ ਵੱਲੋਂ ਅਫਗਾਨਿਸਤਾਨ ਦੀ ਸਹਾਇਤਾ ’ਤੇ ਖੁਸ਼ੀ ਪ੍ਰਗਟ ਕਰਦੇ ਹੋਏ ‘ਹੱਕਾਨੀ ਨੈੱਟਵਰਕ’ ਦੇ ਸਰਗਣਾ ਅਤੇ ਅਫਗਾਨਿਸਤਾਨ ਦੇ ਗ੍ਰਹਿ ਮੰਤਰੀ ‘ਸਿਰਾਜੂਦੀਨ ਹੱਕਾਨੀ’ ਦੇ ਭਰਾ ਤੇ ਤਾਲਿਬਾਨ ਦੇ ਸੀਨੀਅਰ ਨੇਤਾ ‘ਅਨਸ ਹੱਕਾਨੀ’ ਨੇ ਕਿਹਾ ਹੈ ਕਿ : ‘‘ਭਾਰਤ ਦੇ ਲਈ ਅਫਗਾਨਿਸਤਾਨ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹੋਏ ਹਨ ਅਤੇ ਅਸੀਂ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਹੈ। ਅਫਗਾਨਿਸਤਾਨ ’ਚ ਤਾਲਿਬਾਨ ਦੀ ਸਰਕਾਰ ਬਣਨ ਦੇ ਬਾਅਦ ਸ਼ਾਂਤੀ ਅਤੇ ਵਿਚਾਰ-ਵਟਾਂਦਰੇ ਦਾ ਸਮਾਂ ਆ ਗਿਆ ਹੈ। ਹੁਣ ਸਾਡੇ ਕੋਲ ਦੁਨੀਆ, ਖਾਸ ਕਰ ਕੇ ਭਾਰਤ ਸਮੇਤ ਗੁਆਂਢੀ ਦੇਸ਼ਾਂ ਲਈ ‘ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ’ ਦੀ ਨੀਤੀ ਹੈ।’’
‘‘ਆਓ ਅਤੇ ਸਾਡੇ ਨਾਲ ਪੁਰਾਣੇ ਦੋਸਤਾਂ ਵਾਂਗ ਰਹੋ। ਅਸੀਂ ਚਾਹੁੰਦੇ ਹਾਂ ਕਿ ਭਾਰਤ ਆਪਣਾ ਦੂਤਘਰ ਫਿਰ ਖੋਲ੍ਹੇ। ਅਫਗਾਨਿਸਤਾਨ ਦੀ ‘ਇਸਲਾਮਿਕ ਅਮੀਰਾਤ ਸਰਕਾਰ’ ਆਪਣੇ ਦੇਸ਼ ’ਚ ਭਾਰਤੀ ਰਾਜਨਾਇਕ ਮਿਸ਼ਨ, ਪ੍ਰਾਜੈਕਟਾਂ ਅਤੇ ਵਪਾਰੀਆਂ ਨੂੰ ਸੁਰੱਖਿਆ ਦੇਣ ਲਈ ਪਾਬੰਦ ਹੈ।’’ ਵਰਨਣਯੋਗ ਹੈ ਕਿ ਅਫਗਾਨਿਸਤਾਨ ’ਚ ਤਾਲਿਬਾਨ ਮੁਕਤ ਸ਼ਾਸਨ ਦੇ ਦੌਰਾਨ ਹਮੇਸ਼ਾ ਭਾਰਤ ਦੇ ਅਫਗਾਨਿਸਤਾਨ ਦੇ ਨਾਲ ਰਿਸ਼ਤੇ ਚੰਗੇ ਅਤੇ ਤਾਲਿਬਾਨ ਦੇ ਸ਼ਾਸਨ ਦੇ ਦੌਰਾਨ ਖਰਾਬ ਹੀ ਰਹੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦੇ ਅਫਗਾਨਿਸਤਾਨ ’ਚ ਤਾਲਿਬਾਨ ਦੇ ਸ਼ਾਸਨ ਵਾਲੀ ਸਰਕਾਰ ਦੇ ਨਾਲ ਰਵਾਇਤੀ ਰਿਸ਼ਤੇ ਬਣਦੇ ਜਾ ਰਹੇ ਹਨ। ਬਦਲੇ ਹੋਏ ਹਾਲਾਤ ’ਚ ਭਾਰਤੀ ਵਫਦ ਦੀ ਅਫਗਾਨਿਸਤਾਨ ਯਾਤਰਾ ਦੇ ਨਤੀਜਿਆਂ ਦਾ ਪਤਾ ਤਾਂ ਬਾਅਦ ’ਚ ਹੀ ਲੱਗੇਗਾ, ਫਿਲਹਾਲ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਹ ਸ਼ੁਰੂਆਤ ਚੰਗੀ ਹੈ। ਹਾਲਾਂਕਿ ਸਾਨੂੰ ਅਫਗਾਨਿਸਤਾਨ ਨਾਲ ਸਬੰਧਾਂ ਨੂੰ ਅੱਗੇ ਵਧਾਉਂਦੇ ਹੋਏ ਫੂਕ-ਫੂਕ ਕੇ ਕਦਮ ਰੱਖਣਾ ਹੋਵੇਗਾ ਪਰ ਇਹ ਭਾਰਤ ਲਈ ਉਸ ਨਾਲ ਸਬੰਧ ਸੁਧਾਰਨ ਦਾ ਇਕ ਚੰਗਾ ਮੌਕਾ ਹੈ ਇਸ ਲਈ ਭਾਰਤ ਨੂੰ ਇਸ ਮਾਮਲੇ ’ਚ ਅੱਗੇ ਵਧਣਾ ਚਾਹੀਦਾ ਹੈ।
ਵਿਜੇ ਕੁਮਾਰ