ਰਾਜਸਥਾਨ ਅਤੇ ਮਹਾਰਾਸ਼ਟਰ ‘ਸਰਕਾਰਾਂ ’ਚ ਅੰਦਰੂਨੀ ਕਲੇਸ਼ ਜਾਰੀ’
06/02/2023 1:54:14 AM

ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਰਾਜਸਥਾਨ ਦੀ ਕਾਂਗਰਸ ਸਰਕਾਰ 2018 ’ਚ ਕਾਇਮ ਹੋਣ ਦੇ ਕੁਝ ਸਮੇਂ ਬਾਅਦ ਤੋਂ ਹੀ ਅੰਦਰੂਨੀ ਕਲੇਸ਼ ਦੀ ਸ਼ਿਕਾਰ ਹੈ। ਉੱਥੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੂਬਾ ਕਾਂਗਰਸ ਪ੍ਰਧਾਨ ਰਹੇ ਸਚਿਨ ਪਾਇਲਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਿਰੁੱਧ ਮੋਰਚਾ ਖੋਲ੍ਹ ਰੱਖਿਆ ਹੈ।
29 ਮਈ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਹਾਜ਼ਰੀ ’ਚ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦਰਮਿਆਨ ‘ਸੁਲ੍ਹਾ’ ਦੇ ਦਾਅਵਿਆਂ ਦੀ 2 ਦਿਨ ਬਾਅਦ 31 ਮਈ ਨੂੰ ਹੀ ਹਵਾ ਨਿਕਲ ਗਈ ਜਦੋਂ ਸਚਿਨ ਪਾਇਲਟ ਨੇ ਅਸ਼ੋਕ ਗਹਿਲੋਤ ਨਾਲ ਸਮਝੌਤੇ ਤੋਂ ਇਨਕਾਰ ਕਰ ਦਿੱਤਾ।
ਇਕ ਵਾਰ ਫਿਰ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਪਾਇਲਟ ਨੇ ਕਿਹਾ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਨਾਲ ਕੀਤੇ ਗਏ ਵਾਅਦੇ ਕੋਰੇ ਵਾਅਦੇ ਨਹੀਂ ਹਨ ਅਤੇ ਉਹ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ। ਸਚਿਨ ਪਾਇਲਟ ਨੇ ਕਿਹਾ ਕਿ ਉਨ੍ਹਾਂ ਦੇ ਅਲਟੀਮੇਟਮ ਦਾ ਆਖਰੀ ਦਿਨ ਸੀ ਅਤੇ ਦੇਖਦੇ ਹਾਂ ਕਿ ਹੁਣ ਅੱਗੇ ਕੀ ਹੁੰਦਾ ਹੈ।
ਇਕ ਪਾਸੇ ਰਾਜਸਥਾਨ ਦੀ ਕਾਂਗਰਸ ਸਰਕਾਰ ’ਚ ਕਲੇਸ਼ ਮਚਿਆ ਹੋਇਆ ਹੈ ਤਾਂ ਦੂਜੇ ਪਾਸੇ ਮਹਾਰਾਸ਼ਟਰ ’ਚ ਸ਼ਿਵਸੈਨਾ ਦੀ ਅਗਵਾਈ ਵਾਲੀ ਊਧਵ ਠਾਕਰੇ ਦੀ ‘ਮਹਾ ਵਿਕਾਸ ਅਘਾੜੀ’ ਸਰਕਾਰ ਨਾਲ ਬਗਾਵਤ ਕਰ ਕੇ ਭਾਜਪਾ ਦੀ ਮਦਦ ਨਾਲ ਮੁੱਖ ਮੰਤਰੀ ਬਣੇ ਏਕਨਾਥ ਸ਼ਿੰਦੇ ਅਤੇ ਭਾਜਪਾ ਗਠਜੋੜ ਵਾਲੀ ਸਰਕਾਰ ’ਚ ਫੁੱਟ ਦੇ ਸੁਰ ਉਭਰਨ ਲੱਗੇ ਹਨ। ਇਸ ਸਰਕਾਰ ’ਚ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਉਪ ਮੁੱਖ ਮੰਤਰੀ ਹਨ।
ਇਸ ਦੌਰਾਨ 17 ਫਰਵਰੀ, 2023 ਨੂੰ ਚੋਣ ਕਮਿਸ਼ਨ ਨੇ ਊਧਵ ਠਾਕਰੇ ਅਤੇ ਏਕਨਾਥ ਸ਼ਿੰਦੇ ਦਰਮਿਆਨ ਸ਼ਿਵਸੈਨਾ ਦੇ ਨਾਂ ਅਤੇ ਚੋਣ ਨਿਸ਼ਾਨ ਦੀ ਕਾਨੂੰਨੀ ਲੜਾਈ ’ਚ ਜਿੱਥੇ ਪਾਰਟੀ ਦਾ ਨਾਂ ਤੇ ਚੋਣ ਨਿਸ਼ਾਨ ‘ਧਨੁਸ਼-ਬਾਣ’ ਊਧਵ ਠਾਕਰੇ ਕੋਲੋਂ ਖੋਹ ਕੇ ਸ਼ਿੰਦੇ ਨੂੰ ਦੇ ਦਿੱਤਾ, ਉੱਥੇ ਹੀ 11 ਮਈ ਨੂੰ ਸੁਪਰੀਮ ਕੋਰਟ ਨੇ ਊਧਵ ਠਾਕਰੇ ਅਤੇ ਸ਼ਿੰਦੇ ਧੜਿਆਂ ਦੀਆਂ ਪਟੀਸ਼ਨਾਂ ’ਤੇ ਫੈਸਲਾ ਸੁਣਾਇਆ।
ਊਧਵ ਠਾਕਰੇ ਵੱਲੋਂ ਆਪਣੀ ਪਟੀਸ਼ਨ ’ਚ ਉਨ੍ਹਾਂ ਨੂੰ ਮੁੜ ਮੁੱਖ ਮੰਤਰੀ ਅਹੁਦੇ ’ਤੇ ਬਹਾਲ ਕੀਤੇ ਜਾਣ ਸਬੰਧੀ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਅਦਾਲਤ ਨੇ ਸ਼ਿੰਦੇ ਸਰਕਾਰ ਦੀ ਜਾਇਜ਼ਤਾ ਨੂੰ ਲੈ ਕੇ ਕੁਝ ਸਖਤ ਟਿੱਪਣੀ ਤਾਂ ਜ਼ਰੂਰ ਕੀਤੀ ਪਰ ਕਿਹਾ ਕਿ ਉਹ ਸ਼ਿੰਦੇ ਸਰਕਾਰ ਨੂੰ ਅਯੋਗ ਕਰਾਰ ਨਹੀਂ ਦੇ ਸਕਦੀ ਤੇ ਨਾ ਹੀ ਊਧਵ ਠਾਕਰੇ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਮੁੜ ਬਹਾਲ ਕਰ ਸਕਦੀ ਹੈ ਕਿਉਂਕਿ ਉਨ੍ਹਾਂ ਫਲੋਰ ਟੈਸਟ ਦਾ ਸਾਹਮਣਾ ਕੀਤੇ ਬਿਨਾਂ ਹੀ ਸਵੈ-ਇੱਛਾ ਨਾਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਇਸ ਲਈ ਆਪਣੇ ਇਸ ਫੈਸਲੇ ਨਾਲ ਹੀ ਅਦਾਲਤ ਨੇ ਤਤਕਾਲੀਨ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੱਲੋਂ ਫਲੋਰ ਟੈਸਟ ਦਾ ਆਯੋਜਨ ਕਰਵਾਉਣ ਨੂੰ ਭਾਰਤ ਦੇ ਸੰਵਿਧਾਨ ਦੇ ਉਲਟ ਜ਼ਰੂਰ ਦੱਸਿਆ।
ਬੇਸ਼ੱਕ ਸੁਪਰੀਮ ਕੋਰਟ ਦੀ ਉਕਤ ਟਿੱਪਣੀ ਨਾਲ ਖੁਸ਼ ਹੋਏ ਸ਼ਿੰਦੇ ਧੜੇ ਨੇ ਭਰਪੂਰ ਜਸ਼ਨ ਮਨਾਇਆ ਪਰ ਇਸ ਦੇ ਤੁਰੰਤ ਬਾਅਦ ਉਨ੍ਹਾਂ ਦੇ ਹਮਾਇਤੀਆਂ ’ਚ ਭਾਜਪਾ ਦੇ ਗਠਜੋੜ ਨੂੰ ਲੈ ਕੇ ਕੁਝ-ਕੁਝ ਅਸੰਤੋਸ਼ ਦੇ ਸੁਰ ਫੁੱਟਣ ਲੱਗੇ ਹਨ ਅਤੇ ਬੀਤੀ 26 ਮਈ ਨੂੰ ਮੁੰਬਈ ਤੋਂ ਸ਼ਿਵਸੈਨਾ (ਸ਼ਿੰਦੇ ਧੜੇ) ਦੇ ਸੰਸਦ ਮੈਂਬਰ ਗਜਾਨਨ ਕੀਰਤੀਕਰ ਦੇ ਬਿਆਨ ਨਾਲ ਅਜਿਹਾ ਮਹਿਸੂਸ ਹੁੰਦਾ ਹੈ ਕਿ ਇਸ ਗਠਜੋੜ ਸਰਕਾਰ ’ਚ ਹੁਣ ਸਭ ਠੀਕ ਨਹੀਂ ਚੱਲ ਰਿਹਾ।
ਗਜਾਨਨ ਕੀਰਤੀਕਰ ਨੇ ਭਾਜਪਾ ’ਤੇ ਦੋਸ਼ ਲਾਇਆ ਹੈ ਕਿ ‘‘ਅਸੀਂ ਰਾਜਗ ਦਾ ਹਿੱਸਾ ਹਾਂ, ਇਸ ਲਈ ਸਾਡਾ ਕੰਮ ਉਸੇ ਹਿਸਾਬ ਨਾਲ ਹੋਣਾ ਚਾਹੀਦਾ ਹੈ ਅਤੇ ਸਹਿਯੋਗੀ ਪਾਰਟੀਆਂ ਨੂੰ ਬਣਦਾ ਦਰਜਾ ਮਿਲਣਾ ਚਾਹੀਦਾ ਹੈ ਪਰ ਸਾਡੇ ਨਾਲ ਮਤਰੇਆ ਵਤੀਰਾ ਕੀਤਾ ਜਾ ਰਿਹਾ ਹੈ ਅਤੇ ਮੈਂ ਮੁੱਖ ਮੰਤਰੀ ਸ਼ਿੰਦੇ ਨੂੰ ਵੀ ਬੈਠਕ ’ਚ ਇਹ ਗੱਲ ਦੱਸ ਦਿੱਤੀ ਹੈ।’’
ਇਸੇ ਦਿਨ ਸ਼ਿਵਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ ਸੀਨੀਅਰ ਨੇਤਾ ਸੰਜੇ ਰਾਊਤ ਨੇ ਕਿਹਾ ਕਿ ‘‘ਸ਼ਿੰਦੇ ਧੜਾ ਇਕ ਪਾਰਟੀ ਨਹੀਂ ਸਗੋਂ ਮੁਰਗਿਆਂ ਦਾ ਸਮੂਹ ਹੈ ਜਿਸ ਨੂੰ ਕਦੀ ਵੀ ‘ਹਲਾਲ’ ਕਰ ਦਿੱਤਾ ਜਾਵੇਗਾ।’’
ਇਸ ਤੋਂ ਬਾਅਦ ਸ਼ਿਵਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਨੇ ਆਪਣੇ ਰਸਾਲੇ ‘ਸਾਮਨਾ’ ’ਚ ਪ੍ਰਕਾਸ਼ਿਤ ਲੇਖ ’ਚ ਸ਼ਿੰਦੇ ਧੜੇ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਇਕ ਵਾਰ ਫਿਰ ‘ਭਾਜਪਾ ਦੇ ਪਿੰਜਰੇ ’ਚ ਕੈਦ ਮੁਰਗੇ-ਮੁਰਗੀਆਂ’ ਕਰਾਰ ਦਿੰਦੇ ਹੋਏ ਲਿਖਿਆ ਹੈ ਕਿ ‘‘ਇਨ੍ਹਾਂ ਦੀ ਧੌਣ ’ਤੇ ਕਦੋਂ ਛੁਰੀ ਚੱਲ ਜਾਵੇ, ਕਿਹਾ ਨਹੀਂ ਜਾ ਸਕਦਾ।’’
ਇਸ ਦੇ ਨਾਲ ਹੀ ਅਖਬਾਰ ਨੇ ਦਾਅਵਾ ਕੀਤਾ ਹੈ ਕਿ ‘‘ਏਕਨਾਥ ਸ਼ਿੰਦੇ ਵਾਲੀ ਸ਼ਿਵਸੈਨਾ ਦੇ 22 ਵਿਧਾਇਕ ਤੇ 9 ਸੰਸਦ ਮੈਂਬਰ ਭਾਜਪਾ ਦੇ ‘ਮਤਰੇਏ ਵਤੀਰੇ’ ਕਾਰਨ ਘੁਟਣ ਮਹਿਸੂਸ ਕਰਨ ਦੇ ਨਤੀਜੇ ਵਜੋਂ ਪਾਰਟੀ ਛੱਡ ਸਕਦੇ ਹਨ।’’
ਕੁਲ ਮਿਲਾ ਕੇ ਇਸ ਸਮੇਂ ਜਿੱਥੇ ਰਾਜਸਥਾਨ ’ਚ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਆਪਣੀ ਹੀ ਪਾਰਟੀ ਅੰਦਰੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਮਹਾਰਾਸ਼ਟਰ ’ਚ ਏਕਨਾਥ ਸ਼ਿੰਦੇ ਅਤੇ ਭਾਜਪਾ ਦੇ ਗਠਜੋੜ ਵਾਲੀ ਸਰਕਾਰ ਵੀ ਅਸੰਤੋਸ਼ ਦੀ ਸ਼ਿਕਾਰ ਹੁੰਦੀ ਦਿਖਾਈ ਦੇ ਰਹੀ ਹੈ।
ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਨ੍ਹਾਂ ਦੋਵਾਂ ਹੀ ਸਰਕਾਰਾਂ ’ਚ ਚੱਲ ਰਹੀ ਰੱਸਾਕਸ਼ੀ ਆਉਣ ਵਾਲੇ ਦਿਨਾਂ ’ਚ ਕੀ ਰੂਪ ਧਾਰਨ ਕਰਦੀ ਹੈ। -ਵਿਜੇ ਕੁਮਾਰ