ਅਮਰੀਕੀ ਚੋਣਾਂ ’ਚ ‘ਭਾਰਤੀ ਵੋਟ’
Monday, Nov 02, 2020 - 02:32 AM (IST)

ਜਿਵੇਂ-ਜਿਵੇਂ ਅਮਰੀਕੀ ਚੋਣਾਂ ਨੇੜੇ ਆ ਰਹੀਅਾਂ ਹਨ, ਇਨ੍ਹਾਂ ਨੂੰ ਲੈ ਕੇ ਦੁਨੀਆ ਭਰ ਦੀ ਉਤਸੁਕਤਾ ਵਧਦੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਚੋਣਾਂ ਦੇ ਨਤੀਜਿਅਾਂ ਦਾ ਅਸਰ ਬਹੁਤ ਦੂਰ ਤਕ ਹੁੰਦਾ ਹੈ। ਹਾਲ ਹੀ ਦੇ ਸਾਲਾਂ ’ਚ ਅਮਰੀਕਾ ਦੇ ਨਾਲ ਭਾਰਤ ਦੇ ਸਬੰਧ ਲਗਾਤਾਰ ਮਜ਼ਬੂਤ ਹੋਏ ਹਨ। ਇਨ੍ਹਾਂ ਚੋਣਾਂ ਦੇ ਪ੍ਰਚਾਰ ਨਾਲ ਜੁੜੇ ਅੰਕੜਿਅਾਂ ’ਤੇ ਸਾਰਿਅਾਂ ਦੀ ਨਜ਼ਰ ਟਿਕੀ ਹੋਈ ਹੈ ਪਰ ਇਹ ਵੀ ਤੈਅ ਹੈ ਕਿ ਇਸ ਵਾਰ ਭਾਰਤੀ ਅਮਰੀਕੀਅਾਂ ਦੇ ਵੋਟ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਸਾਬਿਤ ਹੋਣਗੇ।
ਸਭ ਤੋਂ ਪਹਿਲਾਂ ਸਾਨੂੰ ਕੁਝ ਤੱਥਾਂ ਅਤੇ ਅੰਕੜਿਅਾਂ ਨੂੰ ਜਾਣ ਲੈਣਾ ਚਾਹੀਦਾ ਹੈ-ਪਿਛਲੇ 2 ਦਹਾਕਿਅਾਂ ਦੌਰਾਨ ਮੈਕਸੀਕੋ ਨੂੰ ਛੱਡ ਕੇ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ’ਚ ਵੱਧ ‘ਭਾਰਤੀ ਅਪ੍ਰਵਾਸੀ’ ਅਮਰੀਕਾ ਗਏ ਹਨ। ਭਾਰਤੀ ਅਮਰੀਕੀ ਹੁਣ ਉਥੋਂ ਦੀ ਆਬਾਦੀ ਦਾ 1 ਫੀਸਦੀ ਤੋਂ ਕੁਝ ਵੱਧ ਅਤੇ ਰਜਿਸਟਰਡ ਅਮਰੀਕੀ ਵੋਟਰਾਂ ਦੇ 1 ਫੀਸਦੀ ਤੋਂ ਕੁਝ ਘੱਟ ਹਨ।
ਇਨ੍ਹਾਂ ’ਚੋਂ ਲਗਭਗ 71 ਫੀਸਦੀ ਅਮਰੀਕਾ ਦੇ ਬਾਹਰ ਜਨਮੇ ਅਤੇ 40 ਫੀਸਦੀ 2010 ਤੋਂ ਬਾਅਦ ਦੇਸ਼ ’ਚ ਆਏ। ਇਹ ਦਰਸਾਉਂਦਾ ਹੈ ਕਿ ਭਾਈਚਾਰੇ ਦੀਅਾਂ ਚੋਣਾਂ ਦਾ ਅਸਰ ਅਜੇ ਵੀ ਸ਼ੁਰੂਆਤੀ ਪੜਾਅ ’ਚ ਹੈ। 2020 ਦੀਅਾਂ ਚੋਣਾਂ ਇਸ ਨੂੰ ਇਕ ਮਹੱਤਵਪੂਰਨ ਸਿਆਸੀ ਭਾਈਚਾਰੇ ਦੇ ਰੂਪ ’ਚ ਉਭਾਰ ਸਕਦੀਆਂ ਹਨ।
ਮਿਸ਼ੀਗਨ, ਨਿਊ ਹੈਂਪਸ਼ਾਇਰ ਅਤੇ ਪੈਂਸਿਲਵੇਨੀਆ ਵਰਗੇ ਪ੍ਰਮੁੱਖ ਚੁਣਾਵੀ ਸੂਬਿਅਾਂ ’ਚ ਭਾਰਤੀ ਅਮਰੀਕੀ ਵੋਟਰਾਂ ਦੀ ਆਬਾਦੀ 2016 ਦੀ ਜਿੱਤ ਦੇ ਫਰਕ ਤੋਂ ਵੱਧ ਹੈ। ਭਾਰਤੀ ਭਾਈਚਾਰਾ ਕਿਵੇਂ ਵੋਟ ਕਰਦਾ ਹੈ, ਉਸ ਦਾ ਕਰੀਬੀ ਮੁਕਾਬਲਿਅਾਂ ’ਤੇ ਅਸਲੀ ਪ੍ਰਭਾਵ ਹੋ ਸਕਦਾ ਹੈ।
ਅਜਿਹੇ ’ਚ ਮਹੱਤਵਪੂਰਨ ਸਵਾਲ ਹੈ ਕਿ ਭਾਰਤੀ ਅਮਰੀਕੀ ਕਿਸ ਨੂੰ ਵੋਟ ਦੇਣਗੇ? ਨਿਸ਼ਚਿਤ ਤੌਰ ’ਤੇ ਉਨ੍ਹਾਂ ’ਚ ਡੈਮੋਕ੍ਰੇਟਿਕਸ ਦੇ ਪ੍ਰਤੀ ਝੁਕਾਅ ਰਿਹਾ ਹੈ। ਇਕ ਨਵੇਂ ਭਾਰਤੀ ਅਮਰੀਕੀ ਦ੍ਰਿਸ਼ਟੀਕੋਣ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 72 ਫੀਸਦੀ ਭਾਰਤੀ ਅਮਰੀਕੀ ਵੋਟਰ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਈਡੇਨ ਦਾ ਸਮਰਥਨ ਕਰਨਗੇ ਜਦਕਿ 22 ਫੀਸਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਈ ਵੋਟਾਂ ਪਾਉਣਗੇ (2016 ’ਚ ਸਿਰਫ 16 ਫੀਸਦੀ ਭਾਰਤੀ ਅਮਰੀਕੀਅਾਂ ਨੇ ਟਰੰਪ ਨੂੰ ਵੋਟਾਂ ਪਾਈਆਂ ਸਨ)।
ਅਮਰੀਕਾ ’ਚ ਵੱਸੇ ‘ਭਾਰਤੀ ਸਿੱਖਾਂ’ ਦੇ ਰੁਝਾਨ ਦੀ ਗੱਲ ਕਰੀਏ ਤਾਂ ਇਕ ਰਿਪੋਰਟ ਦੇ ਅਨੁਸਾਰ ਇਸ ਵਾਰ ਉਨ੍ਹਾਂ ’ਚ ਟਰੰਪ ਵੱਲ ਝੁਕਾਅ ਨਜ਼ਰ ਆ ਰਿਹਾ ਹੈ ਜਿਸ ਦੀ ਇਕ ਵਜ੍ਹਾ ਨਰਿੰਦਰ ਮੋਦੀ ਦੇ ਨਾਲ ਉਨ੍ਹਾਂ ਦੀ ਚੰਗੀ ਦੋਸਤੀ ਵੀ ਹੈ (ਇਕ ਹੋਰ ਖੋਜ ਦੇ ਅਨੁਸਾਰ ਰਿਪਬਲਿਕਨ ਪਾਰਟੀ ਦੇ 76 ਫੀਸਦੀ ਸਮਰਥਕ, ਜੋ ਟਰੰਪ ਦੇ ਸਮਰਥਕ ਹਨ, ਉਹ ਮੋਦੀ ਦੇ ਵੀ ਸਮਰਥਕ ਹਨ)। ਭਾਈਚਾਰੇ ਦੇ ਪ੍ਰਮੁੱਖ ਲੋਕਾਂ ਦੇ ਅਨੁਸਾਰ ਟਰੰਪ ਦੀਅਾਂ ਨੀਤੀਅਾਂ ਨੇ ਅਮਰੀਕਾ ’ਚ ਛੋਟੇ ਉਦਯੋਗਾਂ ਦੀ ਮਦਦ ਤਾਂ ਕੀਤੀ ਹੀ ਹੈ ਉਨ੍ਹਾਂ ਨੇ ਭਾਰਤ ਦੇ ਨਾਲ ਵੀ ਅਮਰੀਕਾ ਦੇ ਸਬੰਧ ਮਜ਼ਬੂਤ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ’ਚੋਂ ਵਧੇਰੇ ਛੋਟੇ ਬਿਜ਼ਨੈੱਸਮੈਨ ਹਨ ਅਤੇ ਉਹ ਇਸ ਵਾਰ ਟਰੰਪ ਦੇ ਨਾਲ ਹਨ।
ਉਨ੍ਹਾਂ ਦੇ ਅਨੁਸਾਰ ਮੋਦੀ ਦੇ ਨਾਲ ਟਰੰਪ ਦੀ ਦੋਸਤੀ ਦੀ ਵਜ੍ਹਾ ਨਾਲ ਵੀ ਉਹ ਖੁਸ਼ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਟਰੰਪ ਹਾਰ ਗਏ ਤਾਂ ਚੀਨ ਵੱਧ ਹਮਲਾਵਰ ਰੁਖ ਅਪਣਾ ਸਕਦਾ ਹੈ।
ਅਮਰੀਕਾ ਦੀਅਾਂ ਚੋਣਾਂ ’ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤੀ ਵੋਟਰ ਡੋਨਾਲਡ ਟਰੰਪ ਦੇ ਪੱਖ ਜਾਂ ਵਿਰੋਧ ’ਚ ਵੱਡੀ ਭੂਮਿਕਾ ਨਿਭਾਉਣਗੇ ਅਤੇ ਇਹ ਵੀ ਪਹਿਲਾ ਹੀ ਮੌਕਾ ਹੈ ਕਿ ਉਨ੍ਹਾਂ ਦੀਆਂ ਵੋਟਾਂ ਇੰਨੀਆਂ ਮਹੱਤਵਪੂਰਨ ਹੋ ਗਈਆਂ ਹਨ।