ਹੁਣ ਪਾਕਿਸਤਾਨੀ ਮਹਿਲਾ ਜਾਸੂਸ ਦੇ ‘ਰੂਪ-ਜਾਲ'' ’ਚ ਫਸਿਆ ਇਕ ਭਾਰਤੀ ਰੱਖਿਆ ਖੋਜ ਅਧਿਕਾਰੀ’

02/28/2023 1:41:52 AM

ਹੋਂਦ ’ਚ ਆਉਣ ਸਮੇਂ ਤੋਂ ਹੀ ਪਾਕਿਸਤਾਨ ਦੇ ਹੁਕਮਰਾਨਾਂ ਵੱਲੋਂ ਭਾਰਤ ’ਚ ਜਾਅਲੀ ਕਰੰਸੀ, ਨਸ਼ੀਲੇ ਪਦਾਰਥਾਂ, ਹਥਿਆਰਾਂ ਦੀ ਸਮੱਗਲਿੰਗ, ਅੱਤਵਾਦੀਆਂ ਨੂੰ ਆਰਥਿਕ ਮਦਦ ਦੇਣ ਅਤੇ ਉਨ੍ਹਾਂ ਦੀ ਘੁਸਪੈਠ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਇਸ ਤੋਂ ਇਲਾਵਾ ਪਾਕਿਸਤਾਨ ਦੀ ਫੌਜ ਅਤੇ ਖੂਫੀਆ ਏਜੰਸੀ ਆਈ. ਐੱਸ. ਆਈ. ਲਾਲਚ ਦੇ ਕੇ ਜਿੱਥੇ ਭਾਰਤੀਆਂ ਕੋਲੋਂ ਆਪਣੇ ਦੇਸ਼ ਲਈ ਜਾਸੂਸੀ ਕਰਵਾ ਰਹੀ ਹੈ, ਉੱਥੇ ਉਨ੍ਹਾਂ ਨੂੰ ਆਪਣੇ ਦੇਸ਼ ਦੀਆਂ ਮਹਿਲਾ ਜਾਸੂਸਾਂ ਦੇ ਰੂਪ-ਜਾਲ (ਹਨੀ ਟ੍ਰੈਪ) ’ਚ ਫਸਾ ਕੇ ਉਨ੍ਹਾਂ ਕੋਲੋਂ ਦੇਸ਼ ਦੇ ਅਹਿਮ ਰੱਖਿਆ ਅਦਾਰਿਆਂ ਤੱਕ ਦੀ ਜਾਣਕਾਰੀ ਵੀ ਹਾਸਲ ਕਰ ਰਹੀ ਹੈ।

ਅਜੇ ਹਾਲ ਹੀ ’ਚ ਚੀਨ ਦੀ ਸਰਹੱਦ ’ਤੇ ਤਾਇਨਾਤ ਇਕ ਸਿਗਨਲਮੈਨ ਅਲੀਮ ਖਾਨ ਵਿਰੁੱਧ ਪਾਕਿਸਤਾਨ ਹਾਈ ਕਮਿਸ਼ਨ ਦੇ ਮੁਲਾਜ਼ਮ ਨੂੰ ਗੁਪਤ ਜਾਣਕਾਰੀਆਂ ਪ੍ਰਦਾਨ ਕਰਨ ਦੇ ਦੋਸ਼ ਹੇਠ ਕੋਰਟ ਮਾਰਸ਼ਲ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਕੁਝ ਦਿਨ ਪਹਿਲਾਂ ਕੇਂਦਰੀ ਵਿੱਤ ਮੰਤਰਾਲਾ ਦੇ ਡਾਟਾ ਐਂਟਰੀ ਆਪ੍ਰੇਟਰ ਸੁਮਿਤ ਦੀ ਗ੍ਰਿਫਤਾਰੀ ਦੇ ਮਾਮਲੇ ’ਚ ਪਾਕਿਸਤਾਨ ਦਾ ਕੁਨੈਕਸ਼ਨ ਸਾਹਮਣੇ ਆਇਆ ਜਿਸ ਰਾਹੀਂ ਪਾਕਿਸਤਾਨ ’ਚ ਰਹਿਣ ਵਾਲੀ ਇਕ ਮੁਟਿਆਰ ਗੁਪਤ ਸੂਚਨਾਵਾਂ ਹਾਸਲ ਕਰ ਰਹੀ ਸੀ।

ਅਤੇ ਹੁਣ 24 ਫਰਵਰੀ ਨੂੰ ਸੈਕਸ ਸਬੰਧ ਬਣਾਉਣ ਅਤੇ ਮੂੰਹ ਮੰਗੀ ਰਕਮ ਦੇ ਲਾਲਚ ’ਚ ਰਾਵਲਪਿੰਡੀ ਦੀ ਰਹਿਣ ਵਾਲੀ ਇਕ ਪਾਕਿਸਤਾਨੀ ਮਹਿਲਾ ਜਾਸੂਸ ਨਾਲ ਮਿਜ਼ਾਈਲਾਂ ਦੇ ਪ੍ਰੀਖਣਾਂ ਸਮੇਤ ਰੱਖਿਆ ਖੇਤਰ ਦੀ ਅਹਿਮ ਖੂਫੀਆ ਜਾਣਕਾਰੀ ਸਾਂਝੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਓਡਿਸ਼ਾ ਪੁਲਸ ਨੇ ‘ਇੰਟੈਗ੍ਰੇਟਿਡ ਟੈਸਟ ਰੇਂਜ’ (ਆਈ. ਟੀ. ਆਰ.) ਚਾਂਦੀਪੁਰ ’ਚ ‘ਟੈਲੀਮੀਟ੍ਰੀ ਵਿਭਾਗ’ ’ਚ ਕੰਮ ਕਰਦੇ ‘ਰੱਖਿਆ ਖੋਜ ਅਤੇ ਵਿਕਾਸ ਸੰਗਠਨ’ (ਡੀ. ਆਰ. ਡੀ. ਓ.) ਦੇ ਇਕ ਸੀਨੀਅਰ ਤਕਨੀਕੀ ਅਧਿਕਾਰੀ ‘ਬਾਬੂ ਰਾਮ ਡੇ’ ਨੂੰ ਗ੍ਰਿਫਤਾਰ ਕੀਤਾ ਹੈ।

ਓਡਿਸ਼ਾ ਦੇ ਪੁਲਸ ਮੁਖੀ (ਪੂਰਬੀ) ਹਿਮਾਂਸੂ ਕੁਮਾਰ ਲਾਲ ਅਤੇ ਬਾਲਾਸੋਰ ਜ਼ਿਲੇ ਦੀ ਪੁਲਸ ਮੁਖੀ ਸਾਗਰਿਕਾ ਨਾਥ ਮੁਤਾਬਕ ਸੂਬਾਈ ਪੁਲਸ ਅਤੇ ਕੇਂਦਰੀ ਏਜੰਸੀਆਂ ਇਸ ਤੋਂ ਪਹਿਲਾਂ ਆਈ. ਟੀ. ਆਰ. ਵਿਭਾਗ ਦੇ ਕੁਝ ਮੁਲਾਜ਼ਮਾਂ ਦੀ ਇਨ੍ਹਾਂ ਦੋਸ਼ਾਂ ਹੇਠ ਗ੍ਰਿਫਤਾਰੀ ਪਿਛੋਂ ਕੁਝ ਮੁਲਾਜ਼ਮਾਂ ’ਤੇ ਨਜ਼ਰ ਰੱਖ ਰਹੀਆਂ ਸਨ। ਉਨ੍ਹਾਂ ਮੁਤਾਬਕ ਪੁਲਸ ਨੂੰ ਗ੍ਰਿਫਤਾਰ ਕੀਤੇ ਗਏ ਅਧਿਕਾਰੀ ਵੱਲੋਂ ਕੁਝ ਤਸਵੀਰਾਂ ਅਤੇ ਨਾਜ਼ੁਕ ਜਾਣਕਾਰੀ ਭੇਜੇ ਜਾਣ ਦੀ ਠੋਸ ਜਾਣਕਾਰੀ ਮਿਲੀ ਹੈ।

ਚਾਂਦੀਪੁਰ ’ਚ ਡੀ. ਆਰ. ਡੀ. ਓ. ਦੀਆਂ 2 ਟੈਸਟ ਰੇਂਜਾਂ (ਆਈ. ਟੀ. ਆਰ.) ’ਚ ਭਾਰਤ ਦੀਆਂ ਮਿਜ਼ਾਈਲਾਂ, ਰਾਕੇਟਾਂ ਅਤੇ ਹਵਾਈ ਹਮਲਿਆਂ ਦੇ ਹਥਿਆਰਾਂ ਦੀਆਂ ਪ੍ਰਣਾਲੀਆਂ ਦੀ ਕਾਰਗੁਜ਼ਾਰੀ ਅਤੇ ਸਮਰੱਥਾ ਦੀ ਜਾਂਚ ਕੀਤੀ ਜਾਂਦੀ ਹੈ।

ਪੁਲਸ ਮੁਤਾਬਕ ਪਿਛਲੇ ਲਗਭਗ 1 ਸਾਲ ਤੋੋਂ ਪਾਕਿਸਤਾਨੀ ਮਹਿਲਾ ਜਾਸੂਸ ਦੇ ਸੰਪਰਕ ’ਚ ਰਹਿਣ ਵਾਲੇ ਉਕਤ ਮੁਲਜ਼ਮ ਨੇ ਮਿਜ਼ਾਈਲ ਪ੍ਰੀਖਣਾਂ ਨਾਲ ਜੁੜੀਆਂ ਰੱਖਿਆ ਸਬੰਧੀ ਖੂਫੀਆ ਜਾਣਕਾਰੀਆਂ ਮਹਿਲਾ ਜਾਸੂਸ ਨੂੰ ਮੁਹੱਈਆ ਕਰਵਾਈਆਂ।

ਉਸ ਵਿਰੁੱਧ ਇੰਡੀਅਨ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤੋਂ ਇਲਾਵਾ ਸਰਕਾਰੀ ਸੀਕ੍ਰੇਸੀ ਐਕਟ ਅਧੀਨ ਮਾਮਲਾ ਵੀ ਦਰਜ ਕੀਤਾ ਗਿਆ ਹੈ।

ਉਕਤ ਅਧਿਕਾਰੀ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ ਗਿਆ ਹੈ। ਇਸ ’ਚ ਪੁਲਸ ਨੂੰ ਪੈਸਿਆਂ ਦੇ ਲੈਣ-ਦੇਣ ਦੇ ਸਬੂਤ, ਉਕਤ ਔਰਤ ਦੀਆਂ ਅਸ਼ਲੀਲ ਤਸਵੀਰਾਂ, ਵਟ੍ਹਸਐਪ ਚੈਟ ਅਤੇ ਵੀਡੀਓ ਆਦਿ ਮਿਲੇ ਹਨ। ਦੋਹਾਂ ਦਰਮਿਆਨ ਹੋਈ ਰੋਮਾਂਟਿਕ ਗੱਲਬਾਤ ਅਤੇ ਲੀਕ ਕੀਤੀਆਂ ਗਈਆਂ ਖੂਫੀਆ ਸੂਚਨਾਵਾਂ ਨਾਲ ਸਬੰਧਤ ਸੰਦੇਸ਼ ਆਦਿ ਵੀ ਮਿਲੇ ਹਨ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ 2021 ’ਚ ਆਈ. ਟੀ. ਆਰ ਚਾਂਦੀਪੁਰ ਦੇ 5 ਕੰਟਰੈਕਟ ਕਰਮਚਾਰੀਆ ਨੂੰ ਇਕ ਹੋਰ ਜਾਸੂਸੀ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2005 ’ਚ ਵੀ ਇਕ ਕੰਟਰੈਕਟ ਮੁਲਾਜ਼ਮ ਦੀ ਇਸੇ ਤਰ੍ਹਾਂ ਦੇ ਇਕ ਮਾਮਲੇ ’ਚ ਗ੍ਰਿਫਤਾਰੀ ਹੋਈ ਸੀ, ਜਿਸ ਨੂੰ 2021 ’ਚ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਨਾਲ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਹੇਠ ਉਮਰਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ਆਪਣੇ ਨਿੱਜੀ ਸਵਾਰਥਾਂ ਕਾਰਨ ਦੇਸ਼ ਦੀ ਸੁਰੱਖਿਆ ਨੂੰ ਦਾਅ ’ਤੇ ਲਾਉਣ ਤੋਂ ਵਧ ਕੇ ਅਪਰਾਧ ਤਾਂ ਕੋਈ ਹੋ ਹੀ ਨਹੀਂ ਸਕਦਾ। ਇਸ ਲਈ ਪਾਕਿਸਤਾਨ ਦੇ ਇਸ਼ਾਰੇ ’ਤੇ ਭਾਰਤ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੋ ਕੇ ਆਪਣੇ ਹੀ ਦੇਸ਼ ਨੂੰ ਭਾਰੀ ਨੁਕਸਾਨ ਪਹੁੰਚਾ ਕੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ’ਚ ਪਾਉਣ ਵਾਲਿਆਂ ਨੂੰ ਜਿੰਨੀ ਵੀ ਸਖਤ ਸਜ਼ਾ ਦਿੱਤੀ ਜਾਵੇ, ਘੱਟ ਹੀ ਹੋਵੇਗੀ।

- ਵਿਜੇ ਕੁਮਾਰ


Anmol Tagra

Content Editor

Related News