ਇਹ ਹੈ! ‘ਭਾਰਤ ਦੇਸ਼ ਸਾਡਾ’ ਟੁੱਟ ਰਹੀਆਂ ਮਰਿਆਦਾਵਾਂ ਅਤੇ ਰਿਸ਼ਤੇ ਤਾਰ-ਤਾਰ

12/28/2022 3:10:17 AM

ਇਹ ਤ੍ਰਾਸਦੀ ਹੀ ਹੈ ਕਿ ਕਿਸੇ ਸਮੇਂ ਸਾਡੀ ਪੁਰਾਤਨ ਸੱਭਿਅਤਾ, ਸੰਸਕ੍ਰਿਤੀ ਤੇ ਉੱਚ ਸੰਸਕਾਰਾਂ ਕਾਰਨ ਸਮੁੱਚੀ ਦੁਨੀਆ ਮਾਰਗਦਰਸ਼ਨ ਲਈ ਭਾਰਤ ਆਉਣ ’ਚ ਮਾਣ ਮਹਿਸੂਸ ਕਰਦੀ ਸੀ ਪਰ ਅੱਜ ਅਸੀਂ ਆਪਣੇ ਉਨ੍ਹਾਂ ਪੁਰਾਤਨ ਉੱਚ ਸੰਸਕਾਰਾਂ, ਮਾਨਤਾਵਾਂ ਅਤੇ ਮਰਿਆਦਾਵਾਂ ਤੋਂ ਕਿਸ ਕਦਰ ਦੂਰ ਹੋ ਗਏ ਹਾਂ, ਇਹ ਹੇਠ ਲਿਖੀਆਂ ਤਾਜ਼ਾਂ ਘਟਨਾਵਾਂ ਤੋਂ ਸਪੱਸ਼ਟ ਹੈ :

* 11 ਦਸੰਬਰ ਨੂੰ ਜੈਪੁਰ (ਰਾਜਸਥਾਨ) ਵਿਖੇ ਅਨੁਜ ਉਰਫ ਗੋਵਿੰਦ ਦਾਸ ਨਾਮੀ ਨੌਜਵਾਨ ਨੇ ਦਿੱਲੀ ਜਾਣ ਤੋਂ ਰੋਕਣ ’ਤੇ ਆਪਣੀ ਤਾਈ ਦੀ ਹੱਤਿਆ ਕਰਨ ਪਿੱਛੋਂ ਉਸ ਦੇ 10 ਟੁਕੜੇ ਕਰ ਕੇ ਜੰਗਲ ’ਚ ਸੁੱਟ ਦਿੱਤੇ।

* 19 ਦਸੰਬਰ ਨੂੰ ਸਾਗਰ (ਮੱਧ ਪ੍ਰਦੇਸ਼) ਦੇ ਗੋਪਾਲਪੁਰਾ ਪਿੰਡ ’ਚ ‘ਬਲਰਾਮ ਰੈਕਵਾਰ’ ਨਾਮੀ ਵਿਅਕਤੀ ਨੇ ਸ਼ਰਾਬ ਪੀਣ ਤੋਂ ਮਨ੍ਹਾ ਕਰਨ ’ਤੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

* 19 ਦਸੰਬਰ ਨੂੰ ਹੀ ਹੈਦਰਾਬਾਦ (ਤੇਲੰਗਾਨਾ) ਵਿਖੇ ਆਪਣੇ ਚਾਚਾ-ਚਾਚੀ ਨਾਲ ਰਹਿ ਰਹੀ ਮਾਤਾ-ਪਿਤਾ ਵਿਹੀਨ ਨਾਬਾਲਿਗ ਨਾਲ ਉਸ ਦੇ 20 ਸਾਲਾ ਚਚੇਰੇ ਭਰਾ ਨੇ ਜਬਰ-ਜ਼ਨਾਹ ਕੀਤਾ।

* 20 ਦਸੰਬਰ ਨੂੰ ਰੋਪੜ (ਪੰਜਾਬ) ਵਿਖੇ ਇਕ ਨਾਬਾਲਿਗ ਕੁੜੀ ਨੂੰ ਨਸ਼ੀਲਾ ਪਦਾਰਥ ਪਿਆ ਕੇ ਉਸ ਦਾ ਜਬਰ-ਜ਼ਨਾਹ ਕਰਵਾਉਣ ਦੀ ਸਾਜ਼ਿਸ਼ ’ਚ ਸ਼ਾਮਲ ਮਤਰੇਈ ਮਾਂ ਤੇ ਭੈਣ ਸਮੇਤ 4 ਵਿਅਕਤੀਆਂ ਵਿਰੱੁਧ ਮਾਮਲਾ ਦਰਜ ਕਰ ਕੇ ਪੁਲਸ ਨੇ 2 ਔਰਤਾਂ ਨੂੰ ਗ੍ਰਿਫਤਾਰ ਕੀਤਾ।

* 20 ਦਸੰਬਰ ਨੂੰ ਹੀ ਜਗਰਾਓਂ ਥਾਣਾ ਸਿਟੀ ਪੁਲਸ ’ਚ ਇਕ ਔਰਤ ਨੇ ਆਪਣੇ ਦੂਜੇ ਪਤੀ ਵਿਰੁੱਧ ਪਹਿਲੇਵਿਆਹ ਤੋਂ ਉਸ ਦੀ ਬੇਟੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ।

* 20 ਦਸੰਬਰ ਨੂੰ ਹੀ ਸਾਹਨੇਵਾਲ ਵਿਖੇ ਇਕ ਵਿਅਕਤੀ ਨੇ ਕਿਸੇ ਹੋਰ ਵਿਅਕਤੀ ਦੇ ਨਾਲ ਆਪਣੀ ਪਤਨੀ ਦੇ ਕਥਿਤ ਸਬੰਧਾਂ ਦੇ ਸ਼ੱਕ ਹੇਠ ਧੌਣ ਵੱਢ ਕੇ ਉਸ ਦੀ ਹੱਤਿਆ ਕਰਨ ਪਿੱਛੋਂ ਲਾਸ਼ ਨੂੰ ਖਾਲੀ ਪਲਾਟ ’ਚ ਸੁੱਟ ਦਿੱਤਾ।

* 21 ਦਸੰਬਰ ਨੂੰ ਥਾਣਾ ਸਦਰ ਜਲੰਧਰ ਅਧੀਨ ਸਥਿਤ ਪਿੰਡ ਉਸਮਾਨਪੁਰ ਵਿਖੇ ਇਕ ਨੌਜਵਾਨ ਨੇ ਆਪਣੀ ਨਾਨੀ ਦੇ ਜਨਮਦਿਨ ’ਤੇ ਉਸ ਦੀ ਹੱਤਿਆ ਕਰ ਦਿੱਤੀ।

* 23 ਦਸੰਬਰ ਨੂੰ ਅਨੰਤਨਾਗ ਜ਼ਿਲੇ ਦੇ ਅਸ਼ਮੁਕਾਮ ਇਲਾਕੇ ’ਚ ਜਾਵੇਦ ਅਹਿਮਦ ਨਾਮੀ ਇਕ ਵਿਅਕਤੀ ਨੇ ਆਪਣੀ ਮਾਂ ਤੇ ਪਰਿਵਾਰ ਦੇ ਦੋ ਹੋਰਨਾਂ ਮੈਂਬਰਾਂ ਨੂੰ ਲਾਠੀ ਨਾਲ ਕੁੱਟ-ਕੁੱਟ ਕੇ ਮਾਰ ਸੁੱਟਿਆ ਤੇ 7 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ।

* 23 ਦਸੰਬਰ ਨੂੰ ਹੀ ਰਾਏਬਰੇਲੀ (ਉੱਤਰ ਪ੍ਰਦੇਸ਼) ਦੇ ਸਮੁਦਾਇਕ ਸਿਹਤ ਕੇਂਦਰ ’ਚ ਇਕ ਔਰਤ ਵੱਲੋਂ ਪੰਜਵੀਂ ਬੇਟੀ ਨੂੰ ਜਨਮ ਦੇਣ ’ਤੇ ਉਸ ਦੇ ਪਤੀ ਨੇ ਪਹਿਲਾਂ ਤਾਂ ਵਾਰਡ ’ਚ ਹੀ ਉਸ ਨੂੰ ਚਪੇੜਾਂ ਮਾਰੀਆਂ ਤੇ ਫਿਰ ਨਵਜਨਮੀ ਬੱਚੀ ਦੇ ਮੂੰਹ ’ਤੇ ਥੁੱਕ ਿਦੱਤਾ।

* 24 ਦਸੰਬਰ ਨੂੰ ਲਖਨਊ ਦੇ ‘ਸੈਰਪੁਰ’ ਇਲਾਕੇ ’ਚ ਇਕ ਨੌਜਵਾਨ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ਹੇਠ ਆਪਣੀ ਛੋਟੀ ਭੈਣ ਦੀ ਧੌਣ ਦਬਾ ਕੇ ਹੱਤਿਆ ਕਰਨ ਪਿੱਛੋਂ ਉਸ ਦੀ ਲਾਸ਼ ਨੂੰ ਕਮਰੇ ’ਚ ਹੀ ਦਫਨਾ ਦਿੱਤਾ।

* 24 ਦਸੰਬਰ ਨੂੰ ਹੀ ਗਰੀਆਬੰਦ (ਛੱਤੀਸਗੜ੍ਹ) ਦੇ ਮਜਰਕੱਟਾ ਪਿੰਡ ’ਚ ‘ਦਮਨਕਾਂਤ ਧਰੁਵ’ ਨਾਮੀ ਅਧਿਆਪਕ ਨੂੰ ਜਦੋਂ ਉਸ ਦੀ ਅਧਿਆਪਿਕਾ ਪਤਨੀ ਮੀਨਾ ਨੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਉਸ ਨੇ ਉਸ ਦੇ ਸਿਰ ’ਤੇ ਲੋਹੇ ਦੀ ਛੜ ਨਾਲ ਤਾਬੜਤੋੜ ਹਮਲਾ ਕਰ ਕੇ ਉਸ ਦੀ ਜੀਵਨ ਲੀਲਾ ਖਤਮ ਕਰ ਦਿੱਤੀ।

* 24 ਦਸੰਬਰ ਨੂੰ ਹੀ ਉੱਤਰਾਖੰਡ ਦੇ ਕਾਸ਼ੀਪੁਰ ’ਚ ਪੁਲਸ ਨੇ ਨਾਬਾਲਿਗ ਬੇਟੀ ਦਾ ਸੈਕਸ ਸ਼ੋਸ਼ਣ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਉਸ ਦੇ ਪਿਤਾ ਤੇ ਇਸ ਅਪਰਾਧ ’ਚ ਉਸ ਦਾ ਸਾਥ ਦੇਣ ਦੇ ਦੋਸ਼ ਹੇਠ ਉਸ ਦੀ ਮਾਂ ਨੂੰ ਗ੍ਰਿਫਤਾਰ ਕੀਤਾ।

* 25 ਦਸੰਬਰ ਨੂੰ ਸੂਰਤ ’ਚ ਇਕ ਵਿਅਕਤੀ ਨੂੰ ਆਪਣੀ ਨਾਰਾਜ਼ ਪਤਨੀ ਨੂੰ ਘੁਮਾਉਣ ਲਈ ਲਿਜਾਣ ਦੇ ਬਹਾਨੇ ਉਸ ਨੂੰ ਇਨਫੈਕਸ਼ਨ ਵਾਲਾ ਇੰਜੈਕਸ਼ਨ ਲਾਉਣ ਦੇ ਦੋਸ਼ ਹੇਠ ਫੜਿਆ ਗਿਆ।

* 26 ਦਸੰਬਰ ਨੂੰ ਉੱਜੈਨ (ਮੱਧ ਪ੍ਰਦੇਸ਼) ਦੇ ‘ਘੱਟੀਆ ਸਾਈਂਦਾਸ’ ਪਿੰਡ ’ਚ ਇਕ ਵਿਅਕਤੀ ਨੇ ਚਾਹ ਨਾ ਬਣਾਉਣ ’ਤੇ ਆਪਣੀ ਪਤਨੀ ਸ਼ੋਭਾ ਨੂੰ ਰਸੋਈ ’ਚ ਕੰਮ ਆਉਣ ਵਾਲੇ ਚਕਲੇ ਨਾਲ ਕੁੱਟ-ਕੁੱਟ ਕੇ ਮਾਰ ਸੁੱਟਿਆ।

* 26 ਦਸੰਬਰ ਨੂੰ ਹੀ ਲਖਨਊ ਦੇ ਨਿਗੋਹਾਂ ਥਾਣਾ ਖੇਤਰ ’ਚ ਪਿਤਾ ਨਾਲ ਪੈਸਿਆਂ ਲਈ ਝਗੜ ਰਹੇ ਅਨੀਸ਼ ਨਾਮੀ ਨਸ਼ੇੜੀ ਨੌਜਵਾਨ ਨੇ ਪਹਿਲਾਂ ਤਾਂ ਕੁਹਾੜੀ ਮਾਰ ਕੇ ਆਪਣੀ ਦਾਦੀ ਸ਼ੀਤਲਾ ਦੇਵੀ ਦੀ ਹੱਤਿਆ ਕਰ ਿਦੱਤੀ ਤੇ ਫਿਰ ਆਪਣੇ ਪਿਤਾ ਨੂੰ ਗੰਭੀਰ ਜ਼ਖਮੀ ਕਰਨ ਪਿੱਛੋਂ ਪਤਨੀ ਤੇ ਬੱਚਿਆਂ ਨੂੰ ਲੈ ਕੇ ਫਰਾਰ ਹੋ ਗਿਆ।

* 26 ਦਸੰਬਰ ਨੂੰ ਹੀ ਆਗਰਾ (ਉੱਤਰ ਪ੍ਰਦੇਸ਼) ਦੇ ਸ਼ਾਹਗੰਜ ਖੇਤਰ ’ਚ ਇਕ ਪਿਤਾ ਵੱਲੋਂ ਆਪਣੀ 13 ਸਾਲ ਦੀ ਬੇਟੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ। ਬੱਚੀ ਦੀ ਮਾਂ ਦੀ ਸ਼ਿਕਾਇਤ ’ਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ।

ਲੋਕਾਂ ਵੱਲੋਂ ਆਪਣੇ ਹੀ ਪਰਿਵਾਰਕ ਮੈਂਬਰਾਂ ਨਾਲ ਕੀਤੇ ਜਾਣ ਵਾਲੇ ਅਨੈਤਿਕ ਕੰਮਾਂ ਤੇ ਚਰਿੱਤਰਹੀਣਤਾ ਦੀਆਂ ਇਹ ਤਾਂ ਕੁਝ ਕੁ ਉਦਾਹਰਣਾਂ ਹੀ ਹਨ। ਜੇ ਇਸ ਪਤਨ ਨੂੰ ਨਾ ਰੋਕਿਆ ਗਿਆ ਤਾਂ ਸਾਡੇ ਸਮਾਜ ਨੂੰ ਗਰਤ ’ਚ ਜਾਣ ਤੋਂ ਕੋਈ ਨਹੀਂ ਬਚਾ ਸਕਦਾ। ਇਸ ਲਈ ਖੁਦ ਸਮਾਜ ਨੂੰ ਹੀ ਅੱਗੇ ਆ ਕੇ ਲੋਕਾਂ ’ਚ ਉੱਚ ਸੰਸਕਾਰ ਭਰਨ ਦਾ ਯਤਨ ਕਰਨਾ ਹੋਵੇਗਾ, ਨਹੀਂ ਤਾਂ ਦੁਨੀਆ ਸਾਡੇ ’ਤੇ ਹੱਸੇਗੀ।

-ਵਿਜੇ ਕੁਮਾਰ


Mandeep Singh

Content Editor

Related News