‘ਇੰਡੀਆ’ ਗੱਠਜੋੜ ਦੀ ਬੈਠਕ ਮੁਲਤਵੀ, ਨਵੀਂ ਬੈਠਕ ਇਸ ਮਹੀਨੇ ਦੇ ਤੀਜੇ ਹਫਤੇ ’ਚ
Thursday, Dec 07, 2023 - 04:49 AM (IST)
3 ਦਸੰਬਰ ਨੂੰ ਐਲਾਨੇ ਚੋਣ ਨਤੀਜਿਆਂ ’ਚ ਚਾਰ ’ਚੋਂ ਤਿੰਨ ਸੂਬਿਆਂ ’ਚ ਭਾਜਪਾ ਦੀ ਭਾਰੀ ਜਿੱਤ ਅਤੇ ਵਿਰੋਧੀ ਪਾਰਟੀਆਂ ਦੀ ਹਾਰ ਕਾਰਨ ਮਚੀ ਹਫੜਾ-ਦਫੜੀ ਦਰਮਿਆਨ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੀ ਬੈਠਕ 6 ਦਸੰਬਰ ਨੂੰ ਸੱਦੀ ਗਈ ਸੀ ਪਰ ਕੁਝ ਆਗੂਆਂ ਦੀ ਗੈਰ-ਉਪਲਬਧਤਾ ਕਾਰਨ ਇਸ ਨੂੰ ਮੁਲਤਵੀ ਕਰ ਕੇ ਹੁਣ ਇਸ ਮਹੀਨੇ ਦੇ ਤੀਜੇ ਹਫਤੇ ’ਚ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਚੋਣ ਹਾਰ ਪਿੱਛੋਂ ‘ਇੰਡੀਆ’ ਗੱਠਜੋੜ ਦੀਆਂ ਕੁਝ ਸਹਿਯੋਗੀ ਪਾਰਟੀਆਂ ਨੇ ਕਾਂਗਰਸ ਦੀ ਭੂਮਿਕਾ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਨੇ ਕਿਹਾ ਕਿ ਕਾਂਗਰਸ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ‘ਇੰਡੀਆ’ ਦੇ ਭਾਈਵਾਲਾ ਨਾਲ ਕੋਈ ਤਾਲਮੇਲ ਨਾ ਕਰ ਕੇ ਇਕੱਲਿਆਂ ਚੋਣ ਲੜ ਕੇ ਗਲਤੀ ਕੀਤੀ।
ਹਾਲਾਂਕਿ ਕੁਝ ਸਿਆਸੀ ਦਰਸ਼ਕਾਂ ਨੇ ਇਸ ਬੈਠਕ ਨੂੰ ਮੁਲਤਵੀ ਕਰਨ ਨੂੰ ‘ਇੰਡੀਆ’ ਗੱਠਜੋੜ ਲਈ ਇਕ ਝਟਕਾ ਦੱਸਦੇ ਹੋਏ ਇਸ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲਾਇਆ ਹੈ ਪਰ ਬੈਠਕ ’ਚ ਹਿੱਸਾ ਲੈਣ ਲਈ ਨਾ ਆ ਸਕਣ ’ਤੇ ਵੱਖ-ਵੱਖ ਆਗੂਆਂ ਨੇ ਆਪਣੇ-ਆਪਣੇ ਢੰਗ ਨਾਲ ਸਪੱਸ਼ਟੀਕਰਨ ਦੇ ਦਿੱਤਾ ਹੈ।
ਜਿੱਥੇ ਮਮਤਾ ਬੈਨਰਜੀ ਨੇ ਬੈਠਕ ਦੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਤਾਂ ਨਿਤੀਸ਼ ਕੁਮਾਰ ਨੇ ਬੁਖਾਰ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਸੂਬੇ ’ਚ ਰੁਝੇਵੇਂ ਅਤੇ ਅਖਿਲੇਸ਼ ਯਾਦਵ ਨੇ ਕਮਲਨਾਥ ਦੀ ਗੈਰ ਮਰਿਆਦਾ ਵਾਲੀ ਟਿੱਪਣੀ ਪਿੱਛੋਂ ਕਾਂਗਰਸ ਨਾਲ ਨਾਰਾਜ਼ਗੀ ਕਾਰਨ ਇਸ ਬੈਠਕ ’ਚ ਖੁਦ ਹਿੱਸਾ ਨਾ ਲੈਣ ਦੀ ਗੱਲ ਕਹੀ।
ਪਰ ਅਖਿਲੇਸ਼ ਯਾਦਵ ਨੇ ਆਪਣੀ ਥਾਂ ਕਿਸੇ ਹੋਰ ਨੇਤਾ ਨੂੰ ਭੇਜਣ ਦੀ ਗੱਲ ਕਹੀ ਸੀ ਅਤੇ ਇਹ ਵੀ ਕਿਹਾ ਕਿ ‘‘ਵਿਰੋਧੀ ਧਿਰ ਦਾ ਗੱਠਜੋੜ ਹੋਰ ਮਜ਼ਬੂਤ ਹੋਵੇਗਾ। ਜੇ ਇਕ ਸੂਬੇ (ਮੱਧ ਪ੍ਰਦੇਸ਼) ’ਚ ਕਾਂਗਰਸ ਜਾਂ ਜੋ ਪਾਰਟੀ ਦੀ, ਉਸ ਦਾ ਰਵੱਈਆ ਉਹੋ ਜਿਹਾ ਨਾ ਹੁੰਦਾ ਤਾਂ ਤਬਦੀਲੀ ਉੱਥੇ ਹੀ ਹੋ ਜਾਂਦੀ।’’
ਬਿਨਾਂ ਸ਼ੱਕ ਗੱਠਜੋੜ ਦੇ ਮੈਂਬਰਾਂ ਦੀ ਉਮੀਦ ਮੁਤਾਬਕ ਚੋਣ ਨਤੀਜੇ ਨਹੀਂ ਆਏ ਪਰ ਲੋਕ ਸਭਾ ਦੀਆਂ ਚੋਣਾਂ ’ਚ ਅਜੇ ਲਗਭਗ 4 ਮਹੀਨਿਆਂ ਦਾ ਸਮਾਂ ਬਾਕੀ ਹੈ ਅਤੇ ਕਿਉਂਕਿ ‘ਇੰਡੀਆ’ ਗੱਠਜੋੜ ਦਾ ਮੰਤਵ ਲੋਕ ਸਭਾ ਦੀਆਂ ਚੋਣਾਂ ’ਚ ਭਾਜਪਾ ਨੂੰ ਇਕਮੁੱਠ ਹੋ ਕੇ ਚੁਣੌਤੀ ਦੇਣਾ ਹੈ।
ਹੁਣ ਸ਼ਾਇਦ ਗੱਠਜੋੜ ਦੇ ਮੈਂਬਰ ਬੈਠਕ ਲਈ ਉਪਲਬਧ ਸਮੇਂ ਦੌਰਾਨ ਚੋਣ ਨਤੀਜੇ ’ਤੇ ਵਧੀਆ ਢੰਗ ਨਾਲ ਚਿੰਤਨ ਕਰ ਕੇ ਉਸੇ ਮੁਤਾਬਕ ਆਪਣੇ ਭਵਿੱਖ ਦੀ ਰਣਨੀਤੀ ਵਧੀਆ ਢੰਗ ਨਾਲ ਤੈਅ ਕਰ ਸਕਣਗੇ।
ਇਸ ਤੋਂ ਇਲਾਵਾ ਗੱਠਜੋੜ ਦੇ ਆਗੂ ਭਾਜਪਾ ਦੇ ਜਿੱਤੇ ਹੋਏ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਚੋਣ ਅਤੇ ਉਸ ’ਤੇ ਹੋਣ ਵਾਲੀ ਪ੍ਰਤੀਕਿਰਿਆ ’ਤੇ ਵੀ ਨਜ਼ਰ ਬਣਾਈ ਰੱਖ ਸਕਣਗੇ, ਜਿਸ ਨੂੰ ਲੈ ਕੇ ਇਸ ਸਮੇਂ ਸੱਤਾਧਾਰੀ ਪਾਰਟੀ ’ਚ ਹਲਚਲ ਅਤੇ ਮੁਲਾਕਾਤਾਂ ਜਾਰੀ ਹਨ।
ਹਾਲਾਂਕਿ ਗੱਠਜੋੜ ਦੇ ਕੁਝ ਨੇਤਾ ਕਹਿ ਰਹੇ ਹਨ ਕਿ ਕਾਂਗਰਸ ਨੂੰ ਵੱਧ ਅਤੇ ਹੋਰਨਾਂ ਪਾਰਟੀਆਂ ਨੂੰ ਘੱਟ ਸੀਟਾਂ ਦਿੱਤੀਆਂ ਗਈਆਂ ਪਰ ਇਸ ਮਾਮਲੇ ’ਚ ਉਨ੍ਹਾਂ ਨੂੰ ਕਾਂਗਰਸ ਨੂੰ ਹਾਸਲ ਹੋਣ ਵਾਲਾ ਵੋਟ ਸ਼ੇਅਰ ਵੀ ਵੇਖਣ ਦੀ ਲੋੜ ਹੈ ਜੋ ਕਿਸੇ ਵੀ ਸੂਬੇ ’ਚ ਘੱਟ ਨਹੀਂ ਹੋਇਆ। ਉਂਝ ਵੀ ਇਨ੍ਹਾਂ ਚੋਣਾਂ ’ਚ ਦੋ ਪਾਰਟੀਆਂ ਭਾਜਪਾ ਅਤੇ ਕਾਂਗਰਸ ਦਰਮਿਆਨ ਹੀ ਮੁਕਾਬਲਾ ਸੀ ਅਤੇ ਕਾਂਗਰਸ ਤੋਂ ਇਲਾਵਾ ਕਿਸੇ ਵੀ ਹੋਰ ਪਾਰਟੀ ਨੂੰ ਕੁਝ ਨਹੀਂ ਮਿਲਿਆ।
ਭਾਜਪਾ ਨੂੰ ਆਪਣੀਆਂ ਰਵਾਇਤੀ ਵੋਟਾਂ ਦੇ ਨਾਲ-ਨਾਲ ਦਲਿਤ, ਮਹਿਲਾ ਅਤੇ ਆਦਿਵਾਸੀ ਵੋਟਾਂ ਵੀ ਮਿਲੀਆਂ। ਜਦੋਂ ਕਿ ਕਾਂਗਰਸ ਨੂੰ ਆਪਣੀਆਂ ਰਵਾਇਤੀ ਵੋਟਾਂ ਤਾਂ ਮਿਲੀਆਂ ਪਰ ਦਲਿਤ, ਮਹਿਲਾ ਅਤੇ ਆਦਿਵਾਸੀ ਵੋਟਾਂ ਨਹੀਂ ਮਿਲੀਆਂ, ਜਿਨ੍ਹਾਂ ਨੂੰ ਆਪਣੇ ਹੱਕ ’ਚ ਕਰਨ ਲਈ ‘ਇੰਡੀਆ’ ਗੱਠਜੋੜ ’ਚ ਸ਼ਾਮਲ ਪਾਰਟੀਆਂ ਨੂੰ ਆਪਸ ’ਚ ਸਹਿਮਤ ਹੋਣਾ ਹੋਵੇਗਾ।
ਇਸ ਤੱਥ ਨੂੰ ਵੀ ਬੇਧਿਆਨ ਨਹੀਂ ਕੀਤਾ ਜਾ ਸਕਦਾ ਕਿ ਜਿੱਥੇ ਵਿਰੋਧੀ ਪਾਰਟੀਆਂ ਹਾਰੀਆਂ, ਉੱਥੇ ਅਖਿਲੇਸ਼ ਯਾਦਵ ਨੇ ਵਧੇਰੇ ਭਾਸ਼ਣ ਦਿੱਤੇ ਸਨ ਅਤੇ ਉੱਥੇ ਵੋਟ ਵੰਡੇ ਜਾਣ ਕਾਰਨ ਕਾਂਗਰਸ ਦੀ ਹਾਰ ਹੋਈ ਜਿਵੇਂ ਕਿ ਭਾਜਪਾ ਚਾਹੁੰਦੀ ਸੀ।
ਇਸ ਦੌਰਾਨ ਜਿੱਥੇ ਨਿਤੀਸ਼ ਕੁਮਾਰ ਨੇ ਗੱਠਜੋੜ ਨੂੰ ਸੀਟਾਂ ਦੀ ਵੰਡ ਅਤੇ ਭਵਿੱਖ ਦੀ ਰਣਨੀਤੀ ਨੂੰ ਅੰਤਿਮ ਰੂਪ ਦੇਣ ’ਚ ਤੇਜ਼ੀ ਨਾਲ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ, ਉੱਥੇ ਮਮਤਾ ਬੈਨਰਜੀ ਨੇ ਰਾਹੁਲ ਗਾਂਧੀ ਨਾਲ ਗੱਲਬਾਤ ਕਰ ਕੇ ਅਗਲੀ ਬੈਠਕ ’ਚ ਸ਼ਾਮਲ ਹੋਣ ਦੀ ਗੱਲ ਕਹੀ ਹੈ, ਉੱਥੇ ਪਾਰਟੀ ਨੇਤਾ ਸੁਦੀਪ ਬੰਦੋਪਾਧਿਆਏ ਨੇ ਕਿਹਾ ਹੈ ਕਿ ਸੀਟਾਂ ਦੀ ਵੰਡ ’ਤੇ ਫੈਸਲਾ ਪਹਿਲ ਦੇ ਆਧਾਰ ’ਤੇ ਕਰ ਲੈਣਾ ਚਾਹੀਦਾ ਹੈ।
ਕਿਸੇ ਵੀ ਦੇਸ਼ ’ਚ ਲੋਕਰਾਜ ਦੇ ਸੁਚਾਰੂ ਸੰਚਾਲਨ ਲਈ ਵਿਰੋਧੀ ਧਿਰ ਦਾ ਮਜ਼ਬੂਤ ਅਤੇ ਸੰਗਠਿਤ ਹੋਣਾ ਅਤਿਅੰਤ ਜ਼ਰੂਰੀ ਹੁੰਦਾ ਹੈ। ਇਸ ਕਾਰਨ ਸੱਤਾਧਾਰੀ ਵਧੇਰੇ ਮਿਹਨਤ ਕਰਦੀ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ’ਤੇ ਵੱਧ ਧਿਆਨ ਦਿੰਦੀ ਹੈ। ਇਸ ਨਾਲ ਜਿੱਥੇ ਦੇਸ਼ ਦਾ ਭਲਾ ਹੁੰਦਾ ਹੈ, ਉੱਥੇ ਸੱਤਾਧਿਰ ਨੂੰ ਵੀ ਇਸ ਦਾ ਲਾਭ ਮਿਲਦਾ ਹੈ। ਇਸ ਲਈ ‘ਇੰਡੀਆ’ ਗੱਠਜੋੜ ਦੇ ਮਜ਼ਬੂਤ ਹੋਣ ’ਚ ਹੀ ਦੇਸ਼ ਦਾ ਭਲਾ ਹੈ।
- ਵਿਜੇ ਕੁਮਾਰ