ਬੜੇ ਘਟੀਆ ਪ੍ਰਬੰਧਾਂ ਦੀਆਂ ਸ਼ਿਕਾਰ ਹਨ ਭਾਰਤ ਦੀਆਂ ਜੇਲਾਂ

07/16/2021 3:20:25 AM

ਵੱਖ-ਵੱਖ ਅਪਰਾਧਾਂ ’ਚ ਸ਼ਾਮਲ ਪਾਏ ਜਾਣ ਵਾਲੇ ਅਪਰਾਧੀਆਂ ਨੂੰ ਜੇਲਾਂ ’ਚ ਰੱਖਣ ਦਾ ਮਕਸਦ ਉਨ੍ਹਾਂ ਦੇ ਆਚਰਨ ’ਚ ਸੁਧਾਰ ਲਿਆਉਣਾ ਹੁੰਦਾ ਹੈ ਪਰ ਮੌਜੂਦਾ ਸਮੇਂ ’ਚ ਜੇਲਾਂ ਹੀ ਅਪਰਾਧਾਂ ਦਾ ਨਵਾਂ ਅੱਡਾ ਬਣ ਰਹੀਆਂ ਹਨ।

ਅੱਜ ਦੇਸ਼ ਦੀਆਂ ਜੇਲਾਂ ’ਚ ਬੰਦ ਕੈਦੀਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਅਤੇ ਹੋਰ ਅਪਰਾਧ ਕਰਨ ਦੇ ਨਾਲ-ਨਾਲ ਜੇਲ ਦੇ ਅੰਦਰ ਰਹਿੰਦੇ ਹੋਏ ਹੀ ਮੋਬਾਇਲ ਫੋਨ ਅਤੇ ਇੰਟਰਨੈੱਟ ਦੀ ਸਹਾਇਤਾ ਦੇ ਨਾਲ ਸੀਖਾਂ ਦੇ ਬਾਹਰ ਆਪਣੀਆਂ ਅਪਰਾਧਿਕ ਸਰਗਰਮੀਆਂ ਚਲਾਉਣੀਆਂ ਆਮ ਗੱਲ ਹੋ ਗਈ ਹੈ। ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 8 ਮਈ ਨੂੰ ਕੋਰੋਨਾ ਇਨਫੈਕਟਿਡ ਕੈਦੀਆਂ ਨੂੰ ਅਲੱਗ ਰੱਖਣ ਲਈ ਰਿਵਾੜੀ ਸ਼ਹਿਰ ’ਚ ਕਤਲ, ਅਗਵਾ, ਡਾਕੇ ਵਰਗੇ ਗੰਭੀਰ ਅਪਰਾਧਾਂ ’ਚ ਸ਼ਾਮਲ 13 ਕੈਦੀ ਜੇਲ ਦੀ ਗਰਿੱਲ ਕੱਟ ਕੇ ਫਰਾਰ ਹੋ ਗਏ।

* 6 ਜੂਨ ਨੂੰ ਉੱਤਰ ਪ੍ਰਦੇਸ਼ ਦੀ ਹਾਈ ਸਕਿਓਰਿਟੀ ਬਾਂਦਾ ਡਵੀਜ਼ਨਲ ਜੇਲ ’ਚੋਂ, ਇਕ ਵਿਚਾਰ ਅਧੀਨ ਕੈਦੀ ਅਧਿਕਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

* 30 ਜੂਨ ਨੂੰ ਲੁਧਿਆਣਾ ਸੈਂਟਰਲ ਜੇਲ ਦਾ ਹੈੱਡ ਵਾਰਡਰ ਰਵਿੰਦਰ ਸਿੰਘ 70 ਗ੍ਰਾਮ ਨਸ਼ੀਲੇ ਪਾਊਡਰ ਤੇ ਤੰਬਾਕੂ ਬੂਟਾਂ ’ਚ ਲੁਕਾ ਕੇ ਜੇਲ ਦੇ ਅੰਦਰ ਲਿਜਾਂਦਾ ਫੜਿਆ ਗਿਆ।

* 2 ਜੁਲਾਈ ਨੂੰ ਫਿਰੋਜ਼ਪੁਰ ਜੇਲ ’ਚ 3 ਕੈਦੀਆਂ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ।

* 10 ਜੁਲਾਈ ਨੂੰ ਬੇਂਗਲੁਰੂ ’ਚ ਸੈਂਟਰਲ ਜੇਲ ’ਚ ਛਾਪੇਮਾਰੀ ਦੌਰਾਨ ਵੱਡੀ ਗਿਣਤੀ ’ਚ ਖਤਰਨਾਕ ਹਥਿਆਰ, ਨਸ਼ੀਲੇ ਪਦਾਰਥ ਅਤੇ ਮੋਬਾਇਲ ਫੋਨ ਜ਼ਬਤ ਕੀਤੇ ਗਏ।

* 11 ਜੁਲਾਈ ਨੂੰ ਸੈਂਟਰਲ ਜੇਲ ਫਿਰੋਜ਼ਪੁਰ ’ਚ ਮਹਿਲਾ ਕੈਦੀਆਂ ਨਾਲ ਝਗੜਾ ਹੋਣ ’ਤੇ 2 ਮਹਿਲਾ ਹਵਾਲਾਤੀਆਂ ਨੇ ਉਨ੍ਹਾਂ ਨੂੰ ਖੂਬ ਕੁੱਟਿਆ ਅਤੇ ਜਦੋਂ ਜੇਲ ਸਟਾਫ ਉਨ੍ਹਾਂ ਛੁਡਾਉਣ ਆਇਆ ਤਾਂ ਮਹਿਲਾ ਹਵਾਲਾਤੀਆਂ ਨੇ ਜੇਲ ਸਟਾਫ ਦੀ ਵੀ ਵਰਦੀ ਪਾੜ ਦਿੱਤੀ।

* 12 ਜੁਲਾਈ ਨੂੰ ਅਰੁਣਾਚਲ ਪ੍ਰਦੇਸ਼ ਦੇ ਈਸਟ ਸਿਆਂਗ ਜ਼ਿਲੇ ਦੀ ਪਾਸੀਘਾਟ ਜੇਲ ’ਚੋਂ 7 ਕੈਦੀ ਜੇਲ ਰਾਖਿਆਂ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਫਰਾਰ ਹੋ ਗਏ।

* 13 ਜੁਲਾਈ ਨੂੰ ਨਾਭਾ ਸੈਂਟਰਲ ਜੇਲ ’ਚੋਂ 2 ਕੈਦੀਆਂ ਨੂੰ ਭਾਰਤ ਸਰਕਾਰ ਦੇ ਨਾਂ ’ਤੇ ਫਰਜ਼ੀ ਵੈੱਬਸਾਈਟ ਚਲਾਉਂਦੇ ਫੜਿਆ ਗਿਆ।

* 13 ਜੁਲਾਈ ਨੂੰ ਬਿਹਾਰ ਦੇ ਔਰੰਗਾਬਾਦ ਜ਼ਿਲੇ ’ਚ ‘ਬਭੰਡੀ’ ਸਥਿਤ ਨਵੇਂ ਬਣੇ ਬਾਲ ਸੁਧਾਰ ਘਰ ’ਚ ਗੰਭੀਰ ਅਪਰਾਧਾਂ ’ਚ ਬੰਦ 6 ਬਾਲ ਕੈਦੀ ਭੱਜ ਗਏ।

* 14 ਜੁਲਾਈ ਨੂੰ ਹੁਸ਼ਿਆਰਪੁਰ ਦੀ ਕੇਂਦਰੀ ਜੇਲ ’ਚੋਂ 6 ਖਤਰਨਾਕ ਕੈਦੀਆਂ ਦੇ ਇਕ ਧੜੇ ਨੇ ਹਮਲਾ ਕਰ ਕੇ 2 ਹਵਾਲਾਤੀਆਂ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ।

ਉਕਤ ਘਟਨਾਵਾਂ ਜੇਲਾਂ ਦੀ ਘਟੀਆ ਸੁਰੱਖਿਆ ਪ੍ਰਬੰਧਾਂ ਦੇ ਸਬੂਤ ਹਨ। ਜੇਕਰ ਇਨ੍ਹਾਂ ਨੂੰ ਰੋਕਣ ਦੇ ਲਈ ਲੋੜੀਂਦੀ ਚੌਕਸੀ ਨਾ ਵਧਾਈ ਗਈ ਤਾਂ ਇਹ ਹੋਰ ਵਧਣਗੇ। ਇਸ ਲਈ ਇਨ੍ਹਾਂ ’ਚ ਸ਼ਾਮਲ ਲੋਕਾਂ ਅਤੇ ਅਧਿਕਾਰੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੇ ਬਿਨਾਂ ਇਸ ਸਥਿਤੀ ’ਚ ਸੁਧਾਰ ਦੀ ਆਸ ਕਰਨੀ ਵਿਅਰਥ ਹੋਵੇਗੀ।

-ਵਿਜੇ ਕੁਮਾਰ


Bharat Thapa

Content Editor

Related News