ਰਾਜਧਾਨੀ ਦੀ ਜੀਵਨ ਰੇਖਾ ‘ਮੈਟਰੋ’ ਵਿਚ ਵਧਦੀ ਚੋਰੀ ਅਤੇ ਜੇਬ-ਤਰਾਸ਼ੀ

Saturday, Nov 17, 2018 - 07:06 AM (IST)

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (ਡੀ. ਐੱਮ. ਆਰ. ਸੀ.) ਵਲੋਂ ਸੰਚਾਲਿਤ ਮੈਟਰੋ ਰੇਲ ਭਾਰਤ ਦੀ ਰਾਜਧਾਨੀ ਦਿੱਲੀ ਦੀ ਆਵਾਜਾਈ ਵਿਵਸਥਾ ਹੈ। ਇਸ ਦੀ ਸ਼ੁਰੂਆਤ 24 ਦਸੰਬਰ 2002 ਨੂੰ ਸ਼ਾਹਦਰਾ-ਤੀਸ ਹਜ਼ਾਰੀ ਲਾਈਨ ਤੋਂ ਹੋਈ ਸੀ। 229 ਸਟੇਸ਼ਨਾਂ, 314 ਕਿਲੋਮੀਟਰ ਲੰਮੇ ਟ੍ਰੈਕ ਤੇ 10 ਲਾਈਨਾਂ ਵਾਲੀ ਇਹ ਭਾਰਤ ’ਚ ਸਭ ਤੋਂ ਵੱਡੀ ਅਤੇ ਰੁਝੇਵਿਅਾਂ ਭਰੀ ਅਤੇ ਦੁਨੀਆ ਦੀ 9ਵੀਂ ਸਭ ਤੋਂ ਲੰਮੀ ਮੈਟਰੋ ਪ੍ਰਣਾਲੀ ਹੈ। 
ਡੀ. ਐੱਮ. ਆਰ. ਸੀ. ਰੋਜ਼ਾਨਾ ਮੈਟਰੋ ਦੇ 2700 ਤੋਂ ਵੱਧ ਫੇਰੇ ਚਲਾਉਂਦੀ ਹੈ। ਮੈਟਰੋ ਸੇਵਾ ਸਵੇਰੇ 5 ਵਜੇ ਤੋਂ ਸ਼ੁਰੂ ਹੋ ਕੇ ਰਾਤ 11.30 ਵਜੇ ਤਕ ਜਾਰੀ ਰਹਿੰਦੀ ਹੈ ਅਤੇ ਦਿੱਲੀ ਵਾਸੀਅਾਂ ਲਈ ਜੀਵਨ ਰੇਖਾ ਵਾਂਗ ਬਣ ਗਈ ਹੈ ਪਰ ਹਰ ਸਾਲ 100 ਕਰੋੜ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਾਉਣ ਵਾਲੀ ਇਸ ਰੇਲ ਸੇਵਾ ਨੂੰ ਹੁਣ ਕਾਨੂੰਨ-ਵਿਵਸਥਾ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
4 ਮਈ 2017 ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਦਿੱਲੀ ਪੁਲਸ ਦੇ ਹਵਾਲੇ ਨਾਲ ਇਕ ਸਵਾਲ ਦੇ ਜਵਾਬ ’ਚ ਰਾਜ ਸਭਾ ’ਚ ਦੱਸਿਆ ਸੀ ਕਿ ਦਿੱਲੀ ਮੈਟਰੋ ’ਚ ਉਸ ਸਾਲ ਰੋਜ਼ਾਨਾ ਚੋਰੀ ਦੇ 52 ਮਾਮਲੇ ਸਾਹਮਣੇ ਆਏ। 
ਮੈਟਰੋ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਮੈਟਰੋ ’ਚ ਮੁੱਖ ਅਪਰਾਧ ਚੋਰੀ ਹੈ। ਇਥੇ ਕਈ ਅਜਿਹੇ ਗਿਰੋਹ ਕੰਮ ਕਰ ਰਹੇ ਹਨ, ਜੋ ਮੁਸਾਫਿਰਾਂ ਦੀਅਾਂ ਜੇਬਾਂ ’ਚੋਂ ਨਕਦੀ, ਮੋਬਾਇਲ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਦੇ ਹਨ। 
ਪੁਲਸ ਅਜਿਹੇ ਬਦਮਾਸ਼ਾਂ ਨੂੰ ਆਏ ਦਿਨ ਗ੍ਰਿਫਤਾਰ ਵੀ ਕਰਦੀ ਹੈ ਪਰ ਜੇਲ ’ਚੋਂ ਬਾਹਰ ਆਉਣ ਤੋਂ ਬਾਅਦ ਉਹ ਦੁਬਾਰਾ ਇਸੇ ਕੰਮ ’ਚ ਜੁਟ ਜਾਂਦੇ ਹਨ, ਜਿਨ੍ਹਾਂ ’ਚ ਔਰਤਾਂ ਵੀ ਸ਼ਾਮਿਲ ਹਨ। 
ਇਸ ਸਾਲ ਅਕਤੂਬਰ ਤਕ ਹੋਈਅਾਂ ਜੇਬਾਂ ਕੱਟਣ ਦੀਅਾਂ 499 ਘਟਨਾਵਾਂ ’ਚੋਂ 468 ਘਟਨਾਵਾਂ ’ਚ ਮਹਿਲਾ ਜੇਬਕਤਰੀਅਾਂ ਦਾ ਹੱਥ ਸੀ। ਦਿੱਲੀ ਮੈਟਰੋ ’ਚ ਲੇਡੀ ਚੋਰ ਗੈਂਗ ਦੀ ਸਰਗਰਮੀ ਦਿਨ-ਬ-ਦਿਨ ਵਧ ਰਹੀ ਹੈ। 
ਇਹ ਹਮੇਸ਼ਾ ਸਮੂਹ ’ਚ ਟ੍ਰੇਨਾਂ ਦੇ ਗੇਟ ਦੇ ਆਸ-ਪਾਸ ਹੀ ਰਹਿੰਦੀਅਾਂ ਹਨ ਅਤੇ ਕੰਮ ਹੁੰਦਿਅਾਂ ਹੀ ਅਗਲੇ ਸਟੇਸ਼ਨ ’ਤੇ ਉਤਰ ਜਾਂਦੀਅਾਂ ਹਨ। ਜ਼ਿਆਦਾਤਰ ਘਟਨਾਵਾਂ ਪੀਕ ਆਵਰ ਅਤੇ ਭੀੜ-ਭੜੱਕੇ ਵਾਲੇ ਸਟੇਸ਼ਨਾਂ ’ਤੇ ਹੁੰਦੀਅਾਂ ਹਨ। 
ਕੁਝ ਚੋਰਨੀਅਾਂ ਗੋਦ ’ਚ ਛੋਟੇ-ਛੋਟੇ ਬੱਚਿਅਾਂ ਨਾਲ ਮੈਟਰੋ ’ਚ ਸਫਰ ਕਰਦੀਅਾਂ ਹਨ ਅਤੇ ਆਪਣੇ ਸ਼ਿਕਾਰ ਨੂੰ ਘੇਰ ਕੇ ਖੜ੍ਹੀਅਾਂ ਹੋ ਜਾਂਦੀਅਾਂ ਹਨ। ਫਿਰ ਬੱਚਾ ਸੰਭਾਲਣ ਦੇ ਬਹਾਨੇ ਧੱਕਾ-ਮੁੱਕੀ ਕਰਦਿਅਾਂ ਆਪਣੇ ਸ਼ਿਕਾਰ ਦਾ ਧਿਆਨ ਵੰਡਾ ਕੇ ਉਸ ਦਾ ਪਰਸ, ਮੋਬਾਇਲ ਜਾਂ ਹੋਰ ਚੀਜ਼ਾਂ ਉਡਾ ਲੈਂਦੀਅਾਂ ਹਨ। ਮੈਟਰੋ ’ਚ ਇਹ ਚੋਰਨੀਅਾਂ 2006 ਤੋਂ ਸਰਗਰਮ ਹਨ। 
ਮੈਟਰੋ ’ਚ ਮਰਦਾਂ ਦੇ ਗਿਰੋਹ ਸ਼ਾਮ ਨੂੰ ਸਰਗਰਮ ਹੁੰਦੇ ਹਨ। ਇਹ ਗੇਟ ਦੇ ਕੋਲ ਜਾਂ ਦੋ ਕੋਚਾਂ ਨੂੰ ਜੋੜਨ ਵਾਲੀ ਜਗ੍ਹਾ ’ਤੇ ਸ਼ਿਕਾਰ ਨੂੰ ਘੇਰ ਕੇ ਖੜ੍ਹੇ ਹੁੰਦੇ ਹਨ। ਇਕ ਜੇਬ ਕਤਰਾ ਸ਼ਿਕਾਰ ਦੀ ਜੇਬ ’ਚੋਂ ਮੋਬਾਇਲ ਜਾਂ ਪਰਸ ਕੱਢ ਕੇ ਪਿੱਛੇ ਖੜ੍ਹੇ ਆਪਣੇ ਦੂਜੇ ਸਾਥੀ ਨੂੰ ਦਿੰਦਾ ਹੈ ਅਤੇ ਦੂਜਾ ਸਾਥੀ ਤੀਜੇ ਵੱਲ ਵਧਾ ਦਿੰਦਾ ਹੈ। 
ਕਈ ਵਾਰ ਸ਼ਿਕਾਰ ਨੂੰ ਘੇਰ ਕੇ ਖੜ੍ਹਾ ਚੋਰ ਸਮੂਹ ਉਸ ਦੇ ਪੈਰ ’ਤੇ ਆਪਣਾ ਪੈਰ ਰੱਖ ਦਿੰਦਾ ਹੈ ਜਾਂ ਉਸ ਨੂੰ ਧੱਕਾ ਮਾਰ ਦਿੰਦਾ ਹੈ ਅਤੇ ਕਈ ਵਾਰ ਉਹ ਲੋਕ ਆਪਸ ’ਚ ਝੂਠ-ਮੂਠ ਦੀ ਬਹਿਸ ਵੀ ਕਰਨ ਲੱਗ ਜਾਂਦੇ ਹਨ। ਇਸ ਨਾਲ ਸ਼ਿਕਾਰ ਦਾ ਧਿਆਨ ਵੰਡਿਆ ਜਾਂਦਾ ਹੈ ਅਤੇ ਇਸੇ ਦੌਰਾਨ ਮੌਕੇ ਦਾ ਲਾਭ ਉਠਾ ਕੇ ਗਿਰੋਹ ਦੇ ਦੂਜੇ ਮੈਂਬਰ ਆਪਣੇ ਸ਼ਿਕਾਰ ਦੀ ਜੇਬ ਸਾਫ ਕਰ ਦਿੰਦੇ ਹਨ। 
ਚੋਰੀ ਤੋਂ ਇਲਾਵਾ ਮੈਟਰੋ ’ਚ ਨਾਜਾਇਜ਼ ਹਥਿਆਰ ਲੈ ਕੇ ਜਾਣ ਦੇ ਕਈ ਮਾਮਲੇ ਵੀ ਸਾਹਮਣੇ ਆ ਰਹੇ ਹਨ। ਸਿਰਫ ਇਸੇ ਸਾਲ ਹੁਣ ਤਕ 27 ਮਾਮਲੇ ਫੜੇ ਗਏ ਹਨ, ਜਦਕਿ 2017 ’ਚ ਇਸੇ  ਮਿਆਦ ਦੌਰਾਨ ਇਹ ਗਿਣਤੀ 20 ਅਤੇ 2016 ’ਚ 17 ਸੀ। 
ਫਿਲਹਾਲ ਹੁਣ ਮੈਟਰੋ ’ਚ ਚੋਰੀ ਅਤੇ ਹੋਰ ਅਪਰਾਧ ਰੋਕਣ ਲਈ ਪੁਲਸ ਕਈ ਪ੍ਰਬੰਧ ਕਰ ਰਹੀ ਹੈ। ਇਨ੍ਹਾਂ ’ਚ ਪੀਕ ਆਵਰਜ਼ ਦੌਰਾਨ ਸਟੇਸ਼ਨ ਕੰਪਲੈਕਸਾਂ ’ਚ ਪੁਲਸ ਦੀ ਮੌਜੂਦਗੀ ਵਧਾਉਣਾ, ਸ਼ਿਕਾਇਤਾਂ ’ਤੇ ਐਕਸ਼ਨ ਲੈਣਾ, ਸੀ. ਸੀ. ਟੀ. ਵੀ. ਸਰਵਿਲਾਂਸ ’ਤੇ ਜ਼ੋਰ ਦੇਣਾ, ਸਟੇਸ਼ਨਾਂ ’ਤੇ ਨਵੇਂ ਪੁਲਸ ਬੂਥ ਬਣਾਉਣਾ, ਚੋਰਾਂ ਨੂੰ ਰੰਗੇ ਹੱਥੀਂ ਫੜਨ ਵਾਲੇ ਲੋਕਾਂ ਨੂੰ ਸਨਮਾਨਿਤ ਕਰਨਾ ਆਦਿ ਸ਼ਾਮਿਲ ਹਨ। 
ਇਸ ਤੋਂ ਇਲਾਵਾ ਸੀ. ਆਈ. ਐੱਸ. ਐੱਫ. ਨਾਲ ਕੋ-ਆਰਡੀਨੇਸ਼ਨ ਵਧਾਉਣਾ ਅਤੇ ਸਾਦੇ ਕੱਪੜਿਅਾਂ ’ਚ ਪੁਲਸ ਮੁਲਾਜ਼ਮਾਂ ਦੀ ਪੈਸੰਜਰ ਦੇ ਰੂਪ ’ਚ ਟ੍ਰੇਨਾਂ ਅੰਦਰ ਡਿਊਟੀ ਲਗਾਉਣ ਵਰਗੇ ਕਦਮ ਵੀ ਚੁੱਕੇ ਜਾ ਰਹੇ ਹਨ। ਕਈ ਅਪਰਾਧੀ ਅਨਸਰਾਂ ਨੂੰ ਤੜੀਪਾਰ ਐਲਾਨਣ ਦੀ ਤਿਆਰੀ ਵੀ ਚੱਲ ਰਹੀ ਹੈ। 
ਇਨ੍ਹਾਂ ਸਾਰੇ ਕਦਮਾਂ ਨੂੰ ਜਿੰਨੀ ਜਲਦੀ ਲਾਗੂ ਕੀਤਾ ਜਾ ਸਕੇ, ਓਨਾ ਹੀ ਚੰਗਾ ਹੋਵੇਗਾ ਅਤੇ ਮੈਟਰੋ ਦਾ ਸਫਰ ਓਨਾ ਹੀ ਸੁਰੱਖਿਅਤ, ਸੁਖਾਵਾਂ ਤੇ ਆਰਾਮਦਾਇਕ  ਬਣ ਸਕੇਗਾ। 
                                                                    –ਵਿਜੇ ਕੁਮਾਰ


Related News