ਭਾਜਪਾ ''ਚ ਅੰਦਰੂਨੀ ''ਲੋਕਤੰਤਰ ਨੂੰ ਖੋਰਾ'' ਅਤੇ ਨੇਤਾਵਾਂ ਵਿਚਾਲੇ ''ਜੂਤ-ਪਤਾਂਗ''

03/08/2019 7:01:33 AM

ਹੁਣ ਜਦੋਂ ਛੇਤੀ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ 'ਚ ਭਾਜਪਾ ਨੇ ਆਪਣੀ ਸੱਤਾ ਬਚਾਉਣ ਅਤੇ ਵਿਰੋਧੀ ਪਾਰਟੀਆਂ ਨੇ ਇਸ ਨੂੰ ਹਰਾਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ, ਭਾਜਪਾ ਦੇ ਕੁਝ ਸ਼ੁਭਚਿੰਤਕ ਪਾਰਟੀ 'ਚ ਘਰ ਕਰ ਚੁੱਕੀਆਂ ਊਣਤਾਈਆਂ ਬਾਰੇ ਪਾਰਟੀ ਲੀਡਰਸ਼ਿਪ ਨੂੰ ਲਗਾਤਾਰ ਚੌਕਸ ਕਰ ਰਹੇ ਹਨ ਪਰ ਅਜੇ ਵੀ ਕੁਝ ਲੋਕ ਅਜਿਹੇ ਹਨ, ਜੋ ਆਪਣੀਆਂ ਕਰਤੂਤਾਂ ਨਾਲ ਪਾਰਟੀ ਦਾ ਅਕਸ ਖਰਾਬ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੇ। 
ਤਾਜ਼ਾ ਮਾਮਲੇ 'ਚ 1984 ਦੀਆਂ ਲੋਕ ਸਭਾ ਚੋਣਾਂ 'ਚ ਆਂਧਰਾ ਪ੍ਰਦੇਸ਼ ਦੇ ਹਨਮਕੋਂਡਾ 'ਚ ਨਰਸਿਮ੍ਹਾ ਰਾਓ ਨੂੰ ਹਰਾ ਕੇ ਪਾਰਟੀ ਦਾ ਖਾਤਾ ਖੋਲ੍ਹਣ ਵਾਲੇ ਸੰਸਦ ਮੈਂਬਰ ਚੰਦੂ ਪਤਲਾ ਜੰਗਾ ਰੈੱਡੀ ਨੇ ਪਾਰਟੀ 'ਚ ਅੰਦਰੂਨੀ ਲੋਕਤੰਤਰ ਨੂੰ ਖੋਰੇ 'ਤੇ ਸਵਾਲ ਉਠਾਏ ਹਨ। 
ਸ਼੍ਰੀ ਰੈੱਡੀ ਨੇ ਕਿਹਾ ਹੈ ਕਿ ''ਦੇਸ਼ ਨੂੰ ਅੱਜ ਭਾਜਪਾ ਦੀ ਲੋੜ ਹੈ ਪਰ ਦੁਨੀਆ ਦੀ ਇਸ ਸਭ ਤੋਂ ਵੱਡੀ ਸਿਆਸੀ ਪਾਰਟੀ 'ਚ ਪਿਛਲੇ ਕੁਝ ਸਾਲਾਂ ਦੌਰਾਨ ਅੰਦਰੂਨੀ ਲੋਕਤੰਤਰ ਕਮਜ਼ੋਰ ਹੋਇਆ ਹੈ ਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸਮੇਂ ਤੋਂ ਪਹਿਲਾਂ ਹੀ ਨਕਾਰ ਦਿੱਤਾ ਗਿਆ ਹੈ।''
ਪਾਰਟੀ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ''ਬੇਸ਼ੱਕ ਮੈਂ ਨਾਰਾਜ਼ ਹਾਂ ਪਰ ਮੈਂ ਕੀ ਕਰ ਸਕਦਾ ਹਾਂ। ਮੈਂ ਹੁਣ 84 ਵਰ੍ਹਿਆਂ ਦਾ ਹੋ ਗਿਆ ਹਾਂ ਤੇ ਕੋਈ ਮੇਰੀ ਗੱਲ ਨਹੀਂ ਸੁਣਦਾ। ਮੈਂ ਅਮਿਤ ਸ਼ਾਹ ਤੋਂ ਮਿਲਣ ਦਾ ਸਮਾਂ ਲਿਆ ਸੀ ਪਰ 2 ਮਿੰਟਾਂ 'ਚ ਹੀ ਸਾਡੀ ਮੁਲਾਕਾਤ ਖਤਮ ਹੋ ਗਈ।''
ਗੁਜਰਾਤ ਵਾਂਗ ਆਂਧਰਾ ਪ੍ਰਦੇਸ਼ 'ਚ ਪਾਰਟੀ ਵਲੋਂ ਆਪਣਾ ਵਿਸਤਾਰ ਨਾ ਕਰ ਸਕਣ ਸਬੰਧੀ ਇਕ ਸਵਾਲ ਦੇ ਜਵਾਬ 'ਚ 3 ਵਾਰ ਦੇ ਵਿਧਾਇਕ ਸ਼੍ਰੀ ਰੈੱਡੀ ਨੇ ਕਿਹਾ ਕਿ ਇਸ ਦੇ ਲਈ ਪਾਰਟੀ ਦੇ ਉਸ ਵੇਲੇ ਦੇ ਨੇਤਾ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਐੱਨ. ਟੀ. ਆਰ. ਦੀ ਅਗਵਾਈ ਵਾਲੀ ਤੇਲਗੂਦੇਸ਼ਮ ਪਾਰਟੀ ਨਾਲ ਗੱਠਜੋੜ ਕਰਨ ਦਾ ਫੈਸਲਾ ਲਿਆ ਸੀ। 
ਸ਼੍ਰੀ ਰੈੱਡੀ ਦੇ ਉਕਤ ਕਥਨ ਦੀ ਪੁਸ਼ਟੀ ਕਰਦਿਆਂ ਪਾਰਟੀ 'ਚ ਅੰਦਰੂਨੀ ਲੋਕਤੰਤਰ ਨੂੰ ਖੋਰਾ ਲੱਗਣ ਅਤੇ ਸਹਿਣਸ਼ੀਲਤਾ ਘਟਣ ਦੀਆਂ ਦੋ ਮਿਸਾਲਾਂ ਹੁਣੇ ਜਿਹੇ ਸਾਹਮਣੇ ਆਈਆਂ ਹਨ। ਪਹਿਲੀ ਮਿਸਾਲ ਰਾਂਚੀ ਦੀ ਹੈ, ਜਿੱਥੇ ਭਾਜਪਾ ਵਿਧਾਇਕ ਸਾਧੂ ਚਰਨ ਮਹਿਤੋ ਦੇ ਵਿਰੁੱਧ ਇਕ ਕੰਪਨੀ ਦੇ ਮੈਨੇਜਰ ਤੇ ਸਟਾਫ ਨੂੰ ਕੁੱਟਣ ਦੇ ਦੋਸ਼ 'ਚ 4 ਮਾਰਚ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। 
ਇਸ ਤੋਂ ਵੀ ਜ਼ਿਆਦਾ ਵੱਡੀ ਤੇ ਸ਼ਰਮਨਾਕ ਮਿਸਾਲ ਯੂ. ਪੀ. ਦੀ ਹੈ, ਜਿੱਥੇ ਸੰਤ ਕਬੀਰ ਨਗਰ 'ਚ ਸਥਿਤ ਕਲੈਕਟ੍ਰੇਟ ਸਭਾ ਹਾਲ 'ਚ ਜ਼ਿਲਾ ਯੋਜਨਾ ਕਮੇਟੀ ਦੀ ਮੀਟਿੰਗ ਦੌਰਾਨ ਭਾਜਪਾ ਐੱਮ. ਪੀ. ਸ਼ਰਦ ਤ੍ਰਿਪਾਠੀ ਵਿਕਾਸ ਕਾਰਜਾਂ ਦੇ ਨੀਂਹ ਪੱਥਰ 'ਤੇ ਆਪਣਾ ਨਾਂ ਨਾ ਲਿਖਿਆ ਦੇਖ ਕੇ ਵਿਧਾਇਕ ਰਾਕੇਸ਼ ਸਿੰਘ ਬਘੇਲ ਨਾਲ ਭਿੜ ਗਏ ਅਤੇ ਦੋਹਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। 
ਐੱਮ. ਪੀ. ਨੇ ਜਦੋਂ ਇੰਜੀਨੀਅਰ ਏ. ਕੇ. ਦੂਬੇ  ਨੂੰ ਪੁੱਛਿਆ ਕਿ ਕਰਮੈਨੀ-ਬੇਲੌਲੀ ਡੈਮ ਦੀ ਮੁਰੰਮਤ ਦੇ ਕੰਮ ਦੇ ਨੀਂਹ ਪੱਥਰ 'ਤੇ ਵਿਧਾਇਕ ਦਾ ਹੀ ਨਾਂ ਕਿਉਂ ਹੈ, ਤਾਂ ਵਿਧਾਇਕ ਰਾਕੇਸ਼ ਸਿੰਘ ਬਘੇਲ ਬੋਲ ਪਏ ਕਿ ''ਜੋ ਪੁੱਛਣਾ ਹੈ ਮੈਨੂੰ ਪੁੱਛੋ, ਇੰਜੀਨੀਅਰ ਨੂੰ ਨਹੀਂ।'' ਜਵਾਬ 'ਚ ਸ਼ਰਦ ਤ੍ਰਿਪਾਠੀ ਨੇ ਕਿਹਾ ਕਿ ''ਤੇਰੇ ਵਰਗੇ ਕਈ ਵਿਧਾਇਕ ਮੈਂ ਦੇਖੇ ਹਨ, ਤੈਨੂੰ ਕੀ ਪੁੱਛਣਾ?'' ਇਸ 'ਤੇ ਵਿਧਾਇਕ ਰਾਕੇਸ਼ ਸਿੰਘ ਨੇ ਜੋਸ਼ 'ਚ ਆ ਕੇ ਐੱਮ. ਪੀ. ਵੱਲ ਇਸ਼ਾਰਾ ਕਰਦਿਆਂ ਕਿਹਾ, ''ਜੁੱਤੀ ਲਾਹਾਂ?'' 
ਇਹ ਸੁਣਦਿਆਂ ਹੀ ਐੱਮ. ਪੀ. ਵੀ ਕੱਪੜਿਆਂ ਤੋਂ ਬਾਹਰ ਹੋ ਗਿਆ ਤੇ ਇਸ ਤੋਂ ਪਹਿਲਾਂ ਕਿ ਕੋਈ ਵਿਚ ਪੈ ਕੇ ਬਚਾਅ ਕਰਦਾ, ਇੰਚਾਰਜ ਮੰਤਰੀ ਆਸ਼ੂਤੋਸ਼ ਟੰਡਨ ਉਰਫ ਗੋਪਾਲ ਜੀ ਦੇ ਸਾਹਮਣੇ ਹੀ ਸ਼ਰਦ ਤ੍ਰਿਪਾਠੀ ਇੰਨਾ ਗੁੱਸੇ 'ਚ ਆ ਗਏ ਕਿ ਆਪਣੀ ਜੁੱਤੀ ਲਾਹ ਕੇ ਵਿਧਾਇਕ 'ਤੇ ਟੁੱਟ ਪਏ ਤੇ ਉਸ 'ਤੇ ਤਾਬੜ-ਤੋੜ ਜੁੱਤੀਆਂ ਵਰ੍ਹਾ ਦਿੱਤੀਆਂ।
ਦੇਖਦੇ ਹੀ ਦੇਖਦੇ ਕਲੈਕਟ੍ਰੇਟ ਦਾ ਸਭਾ ਹਾਲ ਜੰਗ ਦਾ ਮੈਦਾਨ ਬਣ ਗਿਆ ਤੇ ਸੁਰੱਖਿਆ ਮੁਲਾਜ਼ਮਾਂ ਵਲੋਂ ਵਿਚ ਪੈ ਕੇ ਬਚਾਅ ਕਰਨ ਦੌਰਾਨ ਵਿਧਾਇਕ ਨੇ ਵੀ ਐੱਮ. ਪੀ. 'ਤੇ ਕਈ ਮੁੱਕੇ ਰਸੀਦ ਕਰ ਦਿੱਤੇ ਤੇ ਦੋਵੇਂ ਇਕ-ਦੂਜੇ ਨੂੰ ਅਪਸ਼ਬਦ ਬੋਲਣ ਲੱਗ ਪਏ। 
ਇਹ ਤਾਂ ਸ਼ੁਕਰ ਹੈ ਕਿ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ 'ਤੇ ਇਸ ਘਟਨਾ ਨੂੰ ਲਗਾਤਾਰ ਦਿਖਾਏ ਜਾਣ ਤੋਂ ਬਾਅਦ ਭਾਜਪਾ ਲੀਡਰਸ਼ਿਪ ਇਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਹੋਈ ਤੇ ਭਾਜਪਾ ਦੇ ਸੂਬਾ ਪ੍ਰਧਾਨ ਮਹਿੰਦਰ ਨਾਥ ਪਾਂਡੇ ਨੇ ਦੋਹਾਂ ਨੇਤਾਵਾਂ ਨੂੰ ਲਖਨਊ 'ਚ ਤਲਬ ਕਰ ਲਿਆ ਹੈ। 
ਜਿਵੇਂ ਕਿ ਅਸੀਂ ਸਮੇਂ-ਸਮੇਂ 'ਤੇ ਲਿਖਦੇ ਰਹਿੰਦੇ ਹਾਂ ਕਿ ਭਾਜਪਾ ਆਗੂਆਂ ਦੀਆਂ ਅਜਿਹੀਆਂ ਕਰੂਤਤਾਂ ਪਾਰਟੀ ਲੀਡਰਸ਼ਿਪ ਲਈ ਪ੍ਰੇਸ਼ਾਨੀ ਦੀ ਵਜ੍ਹਾ ਬਣ ਰਹੀਆਂ ਹਨ। ਪਾਰਟੀ 'ਚ ਲੋਕਤੰਤਰ ਤੇ ਅਨੁਸ਼ਾਸਨ ਨੂੰ ਖੋਰਾ ਲੱਗਣਾ ਚਿੰਤਾਜਨਕ ਹੈ। ਇਸ ਨਾਲ ਪਾਰਟੀ ਦੇ ਅਕਸ ਨੂੰ ਠੇਸ ਲੱਗ ਰਹੀ ਹੈ ਤੇ ਆਉਣ ਵਾਲੀਆਂ ਚੋਣਾਂ 'ਚ ਪਾਰਟੀ ਨੂੰ ਇਸ ਨਾਲ ਨੁਕਸਾਨ ਹੋ ਸਕਦਾ ਹੈ।                                     –ਵਿਜੇ ਕੁਮਾਰ


Bharat Thapa

Content Editor

Related News