ਪਾਕਿਸਤਾਨ ’ਚ ਫ਼ੌਜ ਅਤੇ ਸਰਕਾਰ ਵਿਰੁੱਧ ਦੋ-ਦੋ ਮੋਰਚਿਆਂ ’ਤੇ ਲੜ ਰਹੇ ਇਮਰਾਨ ਖਾਨ

Tuesday, Nov 01, 2022 - 12:49 AM (IST)

18 ਅਗਸਤ, 2018 ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਦੇ ਆਗੂ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ ਪਰ ਪ੍ਰਸ਼ਾਸਨਿਕ ਅਸਮਰੱਥਾ ਅਤੇ ਲੱਕ-ਤੋੜ ਮਹਿੰਗਾਈ ਆਦਿ ਕਾਰਨ 10 ਅਪ੍ਰੈਲ, 2022 ਨੂੰ ਨੈਸ਼ਨਲ ਅਸੈਂਬਲੀ ’ਚ ਬੇਭਰੋਸਗੀ ਮਤਾ ਪਾਸ ਹੋਣ ਪਿੱਛੋਂ ਉਨ੍ਹਾਂ ਦੀ ਸਰਕਾਰ ਡਿੱਗ ਗਈ। ਇਸ ਤੋਂ ਬਾਅਦ ਬਣੀ ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ ਵੀ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਪਾ ਰਹੀ। ਹੁਣੇ ਜਿਹੇ ਹੀ ਪਾਕਿਸਤਾਨ ’ਚ ਆਏ ਹੜ੍ਹ ਨਾਲ ਨਜਿੱਠਣ ’ਚ ਅਸਫ਼ਲ ਰਹਿਣ ਕਾਰਨ ਵੀ ਲੋਕ ਉਸ ਤੋਂ ਭਾਰੀ ਨਾਰਾਜ਼ ਹਨ। ਇਹੀ ਕਾਰਨ ਹੈ ਕਿ ਸੱਤਾਹੀਣ ਹੋਣ ਤੋਂ ਬਾਅਦ ਵੀ ਇਮਰਾਨ ਦੀ ਲੋਕਪ੍ਰਿਯਤਾ ’ਚ ਕਮੀ ਨਹੀਂ ਆਈ। ਇਸੇ ਕਾਰਨ ਪਿਛਲੇ ਦਿਨੀਂ ਦੇਸ਼ ’ਚ ਸੰਸਦ ਅਤੇ ਸੂਬਾਈ ਵਿਧਾਨ ਸਭਾ ਦੀਆਂ 11 ਸੀਟਾਂ ’ਤੇ ਹੋਈਆਂ ਉਪ ਚੋਣਾਂ ’ਚ ਇਮਰਾਨ ਦੀ ਪਾਰਟੀ ਨੇ ਸਭ ਤੋਂ ਵੱਧ ਸੀਟਾਂ ਜਿੱਤ ਲਈਆਂ। ਖੁਦ ਇਮਰਾਨ ਨੇ ਵੀ 7 ਸੀਟਾਂ ’ਤੇ ਚੋਣ ਲੜੀ ਅਤੇ 6 ’ਤੇ ਜੇਤੂ ਰਹੇ।

ਹਾਲਾਂਕਿ ਫ਼ੌਜ ਦੇ ਮੁਖੀ ਜਾਵੇਦ ਬਾਜਵਾ ਦੀ ਮਦਦ ਨਾਲ ਹੀ ਇਮਰਾਨ ਸੱਤਾ ’ਚ ਆਏ ਸਨ ਪਰ ਅੱਜਕਲ ਇਮਰਾਨ ਖਾਨ ਨੇ ਜਾਵੇਦ ਬਾਜਵਾ ਅਤੇ ਸਰਕਾਰ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ ਅਤੇ ਫ਼ੌਜ ’ਤੇ ਉਨ੍ਹਾਂ ਦੀ ਸਰਕਾਰ ਡੇਗਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾ ਰਹੇ ਹਨ। ਫੌਜ ਨੂੰ ਇਸ ਗੱਲ ਦੀ ਨਾਰਾਜ਼ਗੀ ਸੀ ਕਿ ਇਮਰਾਨ ਖਾਨ ਦੀ ਪ੍ਰਸ਼ਾਸਨਿਕ ਅਸਮਰੱਥਾ ਫੌਜ ਦੀ ਬਦਨਾਮੀ ਦਾ ਕਾਰਨ ਬਣ ਰਹੀ ਸੀ। ਇਮਰਾਨ ਖਾਨ ਨੇ ਦੇਸ਼ਧ੍ਰੋਹ ਦੇ ਮੁਲਜ਼ਮ ਆਪਣੇ ਇਕ ਸਹਿਯੋਗੀ ਪੱਤਰਕਾਰ ਅਰਸ਼ਦ ਸ਼ਰੀਫ ਦੀ ਕੀਨੀਆ ’ਚ ਭੇਤਭਰੀ ਹੱਤਿਆ ਨੂੰ ਲੈ ਕੇ ਜਾਵੇਦ ਬਾਜਵਾ ’ਤੇ ਸਵਾਲ ਉਠਾਏ, ਜਿਸ ਕਾਰਨ ਫੌਜ ਅਤੇ ਇਮਰਾਨ ਦਰਮਿਆਨ ਮਤਭੇਦ ਹੋਰ ਵਧ ਗਏ। ਇਥੋਂ ਤਕ ਕਿ ਪਾਕਿਸਤਾਨ ਦੇ ਇਤਿਹਾਸ ’ਚ ਪਹਿਲੀ ਵਾਰ ਖੁਫ਼ੀਆ ਏਜੰਸੀ ਆਈ.ਐੱਸ.ਆਈ. ਦੇ ਮੁਖੀ ਨਦੀਮ ਅੰਜੁਮ ਨੇ ਇਮਰਾਨ ਖਾਨ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਆਪਣੀ ਸਰਕਾਰ ਦੀ ਹਮਾਇਤ ਕਰਨ ਦੇ ਬਦਲੇ ’ਚ ਜਾਵੇਦ ਬਾਜਵਾ ਨੂੰ ਇਕ ਵੱਡੀ ਪੇਸ਼ਕਸ਼ ਵੀ ਕੀਤੀ ਸੀ।

ਅਸਲ ’ਚ ਇਮਰਾਨ ਖਾਨ ਇਸ ਗੱਲ ਤੋਂ ਨਾਰਾਜ਼ ਹਨ ਕਿ ਉਨ੍ਹਾਂ ਨੇ ਜਨਰਲ ਜਾਵੇਦ ਬਾਜਵਾ ਦਾ ਕਾਰਜਕਾਲ ਵਧਾਇਆ ਸੀ ਪਰ ਜਨਰਲ ਬਾਜਵਾ ਉਨ੍ਹਾਂ ਦਾ ਪੱਖ ਨਹੀਂ ਲੈ ਰਹੇ ਹਨ। ਪਾਕਿਸਤਾਨ ’ਚ ਫੌਜ ਅਤੇ ਕਿਸੇ ਸਿਆਸਤਦਾਨ ਦਰਮਿਆਨ ਟਕਰਾਅ ਦਾ ਇਹ ਸਿਰਫ ਦੂਜਾ ਮੌਕਾ ਹੈ। ਅੱਜਕਲ ਇਮਰਾਨ ਖਾਨ  ਦੇਸ਼ ’ਚ ਜਲਦੀ ਚੋਣਾਂ ਦੀ ਮੰਗ ’ਤੇ ਜ਼ੋਰ ਦੇਣ ਲਈ ਸ਼ਾਹਬਾਜ਼ ਸਰਕਾਰ ਵਿਰੁੱਧ ‘ਹਕੀਕੀ (ਅਸਲ) ਆਜ਼ਾਦੀ ਮਾਰਚ’ ਵੀ ਕਢ ਰਹੇ ਹਨ। ਇਸ ‘ਮਾਰਚ’ ਵਿਚ ਹਿੱਸਾ ਲੈਣ ਵਾਲਿਆਂ ਨੂੰ ਇਸਲਾਮਾਬਾਦ ’ਚ ਧਰਨਾ ਦੇਣ ਲਈ ਗੈਸ  ਮਾਸਕ, ਚਾਦਰਾਂ, ਕੰਬਲ, ਤੌਲੀਏ, ਤਿੰਨ ਜੋੜੀ ਕੱਪੜੇ, ਛੋਟੇ ਆਕਾਰ ਦੇ ਟੈਂਟ, ਪੱਥਰ, ਗੁਲੇਲ ਅਤੇ ਡੰਡੇ ਲੈ ਕੇ ਆਉਣ ਲਈ ਕਿਹਾ ਗਿਆ ਹੈ। ‘ਆਜ਼ਾਦੀ ਮਾਰਚ’   ਤੋਂ ਪਹਿਲਾਂ  ਇਮਰਾਨ ਖਾਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਇਹ ‘ਮਾਰਚ’ ਸਿਆਸੀ ਜਾਂ ਨਿੱਜੀ ਹਿਤਾਂ ਲਈ ਨਹੀਂ ਸਗੋਂ ਦੇਸ਼ ਨੂੰ ਸੱਚੀ ਆਜ਼ਾਦੀ ਦਿਵਾਉਣ ਅਤੇ ਇਹ ਗੱਲ ਯਕੀਨੀ ਬਣਾਉਣ ਲਈ ਹੈ ਕਿ ਸਭ ਫੈਸਲੇ ਪਾਕਿਸਤਾਨ ’ਚ ਹੀ ਲਏ ਜਾਣ, ਵਾਸ਼ਿੰਗਟਨ ਜਾਂ ਲੰਡਨ ’ਚ ਨਹੀਂ।

ਉਨ੍ਹਾਂ ਕਿਹਾ, ‘‘ਮੈਂ ਬਹੁਤ ਸਾਰੀਆਂ ਗੱਲਾਂ ਜਾਣਦਾ ਹਾਂ ਪਰ ਦੇਸ਼ ਦੀ ਖਾਤਿਰ ਚੁੱਪ ਰਹਾਂਗਾ। ਮੈਂ ਦੇਸ਼ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ। ਇਸ ਇੰਪੋਰਟਿਡ ਸਰਕਾਰ ਦੇ ਸਾਥੀ ਅਤੇ ਚੋਰਾਂ ਦੇ ਮਿੱਤਰ ਸੋਚਦੇ ਹਨ ਕਿ ਅਸੀਂ ਇਸ ਸਰਕਾਰ ਨੂੰ ਪ੍ਰਵਾਨ ਕਰ ਲਵਾਂਗੇ ਪਰ ਦੇਸ਼ ਕਦੇ ਵੀ ਇਨ੍ਹਾਂ ਚੋਰਾਂ ਨੂੰ ਪ੍ਰਵਾਨ ਨਹੀਂ ਕਰੇਗਾ।’’ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ’ਤੇ ਵੀ ਜ਼ੋਰਦਾਰ ਟਿੱਪਣੀ ਕੀਤੀ ਅਤੇ ਕਿਹਾ ਕਿ, ‘‘ਮੈਂ ਨਵਾਜ਼ ਸ਼ਰੀਫ ਵਾਂਗ ਦੌੜਿਅਾ ਨਹੀਂ ਹਾਂ, ਮੈਂ ਦੇਸ਼ ’ਚ ਹੀ ਹਾਂ  ਅਤੇ ਕਾਨੂੰਨ ਦਾ ਸਾਹਮਣਾ ਕਰਾਂਗਾ।’’ ਖੈਰ 30 ਅਕਤੂਬਰ ਨੂੰ ਆਪਣੇ ‘ਆਜ਼ਾਦੀ ਮਾਰਚ’ ਦੌਰਾਨ ਇਮਰਾਨ ਖਾਨ ਨੇ ਪਾਸਾ ਪਲਟਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਫੌਜ ਨੂੰ ਕਮਜ਼ੋਰ ਨਹੀਂ ਸਗੋਂ ਉਸ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਦੀ ਆਲੋਚਨਾ ਦਾ ਮੰਤਵ ਫੌਜ ਨੂੰ ਵਧੀਆ ਬਣਾਉਣਾ ਹੈ। 31 ਅਕਤੂਬਰ ਨੂੰ ‘ਚੰਨ ਦਾ ਕਿਲਾ’(ਗੁਜਰਾਂਵਾਲਾ) ਵਿਚ ਪੜਾਅ ਪਾਉਂਦੇ ਸਮੇਂ ਉਨ੍ਹਾਂ ਇਕ ਵਾਰ ਮੁੜ ਦੁਹਰਾਇਆ ਕਿ, ‘‘ਲੋਕ ਇਨ੍ਹਾਂ ਚੋਰਾਂ ਨੂੰ ਕਦੇ ਪ੍ਰਵਾਨ ਨਹੀਂ ਕਰਨਗੇ।’’

ਕੁਝ ਦਰਸ਼ਕਾਂ ਦਾ ਕਹਿਣਾ ਹੈ ਕਿ ਇਮਰਾਨ ਖਾਨ ਫੌਜ ਵਿਰੁੱਧ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂ ਕਿ ਪਾਕਿਸਤਾਨ ’ਚ ਸੱਤਾ ’ਚ ਰਹਿਣ ਲਈ ਫੌਜ ਦੀ ਹਮਾਇਤ ਦੀ ਲੋੜ ਹੁੰਦੀ ਹੈ। ਕਿਉਂਕਿ ਉਥੇ ਅਸਲ ਲੋਕਰਾਜ ਤਾਂ ਹੈ ਨਹੀਂ, ਇਸ ਲਈ ਫੌਜ ਨੂੰ ਨਾਰਾਜ਼ ਕਰ ਕੇ ਉਹ ਕਿੱਥੇ ਜਾਣਗੇ? ਇਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਜਿਥੇ ਇਮਰਾਨ ਖਾਨ ਦੇਸ਼ ’ਚ ਜਲਦੀ ਚੋਣਾਂ ਕਰਵਾਉਣ ਦੀ ਮੰਗ ਕਰ ਰਹੇ ਹਨ, ਉਥੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ  ਫੌਜ ’ਚ ਉਨ੍ਹਾਂ ਦੇ ਹਮਾਇਤੀ ਇਸ ਲਈ ਇਮਰਾਨ ਦਾ ਵਿਰੋਧ ਕਰ ਰਹੇ ਹਨ ਕਿ ਭਾਰੀ ਲੋਕਪ੍ਰਿਯਤਾ ਦੇ ਜ਼ੋਰ ’ਤੇ ਉਹ ਚੋਣਾਂ ਜਿੱਤ ਸਕਦੇ ਹਨ। ਬੇਸ਼ੱਕ ਇਮਰਾਨ ਖਾਨ ਨੇ ਆਜ਼ਾਦੀ ਮਾਰਚ ਕੱਢ ਕੇ ਸ਼ਾਹਬਾਜ਼ ਸ਼ਰੀਫ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਅਤੇ ਫੌਜ ਤੇ ਆਈ. ਐੱਸ. ਆਈ. ਨਾਲ ਉਲਝ ਕੇ ਉਸ  ਨੂੰ ਵੀ ਚੁਣੌਤੀ ਦੇ ਦਿੱਤੀ ਹੈ ਪਰ ਇਮਰਾਨ ਦਾ ਫੌਜ ਨਾਲ ਟਕਰਾਅ ਅਤੇ ਉਨ੍ਹਾਂ ਦਾ ‘ਹਕੀਕੀ ਆਜ਼ਾਦੀ ਮਾਰਚ’ ਕੀ ਰੰਗ ਲਿਅਾਉਂਦਾ ਹੈ, ਇਸ ਦਾ ਜਵਾਬ ਭਵਿੱਖ ਦੇ ਗਰਭ ’ਚ  ਹੈ। ਅਜੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਫੌਜ ਅਤੇ ਸ਼ਾਹਬਾਜ਼ ਸਰਕਾਰ ਵਲੋਂ ਇਮਰਾਨ ’ਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਬਾਵਜੂਦ ਉਨ੍ਹਾਂ ਦੀ ਲੋਕਪ੍ਰਿਯਤਾ ਉਤਰੋਤਰ ਵਧ ਰਹੀ ਹੈ ਜੋ ਉਨ੍ਹਾਂ ਦੇ ਆਜ਼ਾਦੀ ਮਾਰਚ ’ਚ ਜੁਟਣ ਵਾਲੀ ਭੀੜ ਤੋਂ ਵੀ ਸਪੱਸ਼ਟ ਨਜ਼ਰ ਆ ਰਿਹਾ  ਹੈ।            
–ਵਿਜੇ ਕੁਮਾਰ
 


Manoj

Content Editor

Related News