ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਅਤੇ ਸਮੱਗਲਿੰਗ ਨਾਲ ਸੁਰੱਖਿਆ ਵਿਵਸਥਾ ਨੂੰ ਵਧ ਰਿਹਾ ਖਤਰਾ
Friday, Dec 16, 2022 - 03:58 AM (IST)
ਦੇਸ਼ ਵਿਚ ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਅਤੇ ਸਮੱਗਲਿੰਗ ਦਾ ਧੰਦਾ ਜ਼ੋਰਾਂ ’ਤੇ ਹੈ। ਹਾਲ ਹੀ ਦੇ ਸਾਲਾਂ ਦੇ ਦੌਰਾਨ ਜਿੱਥੇ ਦਿੱਲੀ ਆਦਿ ’ਚ ਨਾਜਾਇਜ਼ ਹਥਿਆਰਾਂ ਦੀਆਂ ਫੈਕਟਰੀਆਂ ਫੜੀਆਂ ਗਈਆਂ ਹਨ ਉਥੇ ਹੀ ਹੁਣ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਦੇ ਕੇਂਦਰਾਂ ਦੇ ਰੂਪ ਵਿਚ ਉਭਰੇ ਹਨ। ਬਿਹਾਰ ਦੇ ਮੁੰਗੇਰ ਵਿਚ ਨਾਜਾਇਜ਼ ਹਥਿਆਰ ਧੜੱਲੇ ਨਾਲ ਬਣਾਏ ਜਾ ਰਹੇ ਹਨ ਅਤੇ ਇਸ ਧੰਦੇ ਵਿਚ ਨਕਸਲੀਆਂ ਤੋਂ ਲੈ ਕੇ ਸੱਭਿਅਕ ਅਤੇ ਵੱਡੇ ਘਰਾਂ ਦੇ ਲੜਕੇ ਵੀ ਸ਼ਾਮਿਲ ਪਾਏ ਜਾ ਰਹੇ ਹਨ। ਹਾਲ ਹੀ ਵਿਚ ਪੁਲਸ ਨੇ ਮੁੰਗੇਰ ਦੇ ‘ਘੋਰਘਟ ਬਹਿਯਾਰ (ਦਿਆਰਾ)’ ਵਿਚ ਛਾਪੇਮਾਰੀ ਕਰਕੇ 5 ਮਿੰਨੀ ਗੰਨ ਫੈਕਟਰੀਆਂ ਫੜੀਆਂ ਹਨ।
ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿਚ ਤਾਂ ਹਥਿਆਰਾਂ ਦੀ ਖਰੀਦ-ਵਿਕਰੀ ਦੇ ਲਈ ਮੰਡੀਆਂ ਤੱਕ ਲੱਗਦੀਆਂ ਹਨ ਅਤੇ ਇਸ ਦੇ ਕੁਝ ਜ਼ਿਲਿਆਂ ਵਿਚ ਧੜੱਲੇ ਨਾਲ ਨਾਜਾਇਜ਼ ਹਥਿਆਰ ਬਣਾਏ ਅਤੇ ਵੇਚੇ ਜਾ ਰਹੇ ਹਨ। 7 ਦਸੰਬਰ ਨੂੰ ਭਿੰਡ ਜ਼ਿਲੇ ਦੇ ਗੋਰਮੀ ਥਾਣਾ ਪੁਲਸ ਨੇ ਸੰਘਣੇ ਜੰਗਲ ਵਿਚ ਨਾਜਾਇਜ਼ ਹਥਿਆਰ ਬਣਾਉਣ ਦੀ ਇਕ ਫੈਕਟਰੀ ਵਿਚੋਂ 9 ਕੱਟੇ, 1 ਅਧੀਆ ਅਤੇ 11 ਕਾਰਤੂਸ ਜ਼ਬਤ ਕੀਤੇ।
ਸੂਬੇ ਦੇ ਕਬਾਇਲੀ ਇਲਾਕੇ ‘ਬਰਵਾਨੀ’ ਵਿਚ ਸਥਿਤ ‘ਉਮਰਤੀ’ ਨਾਂ ਦਾ ਪਿੰਡ ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਦਾ ਵੱਡਾ ਕੇਂਦਰ ਬਣ ਕੇ ਸਾਹਮਣੇ ਆਇਆ ਹੈ। ਇਥੇ ਬਣੇ ਪਿਸਤੌਲ, ਕਾਰਤੂਸ ਅਤੇ ਛੋਟੀਆਂ ਬੰਦੂਕਾਂ ਪੰਜਾਬ ਅਤੇ ਦੂਸਰੇ ਸੂਬਿਆਂ ਵਿਚ ਪਹੁੰਚ ਰਹੀਆਂ ਹਨ।
ਪੰਜਾਬ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ 80 ਮਕਾਨਾਂ ਦੀ ਇਸ ਬਸਤੀ ਵਿਚ ਵਧੇਰੇ ਮਕਾਨ ਇਕ ਵਿਸ਼ੇਸ਼ ਭਾਈਚਾਰੇ ਦੇ ਮੈਂਬਰਾਂ ਦੇ ਹਨ ਅਤੇ ਪੰਜਾਬ ਵਿਚ ਅਪਰਾਧੀ ਗਿਰੋਹਾਂ ਨੂੰ ਸਪਲਾਈ ਕੀਤੇ ਜਾਣ ਵਾਲੇ ਲਗਭਗ 75 ਫੀਸਦੀ ਹਥਿਆਰ ਇਥੋਂ ਆਉਂਦੇ ਹਨ। ਇਸ ਭਾਈਚਾਰੇ ਦੇ ਮੈਂਬਰ ਛੋਟੇ-ਛੋਟੇ ਕਾਰਖਾਨਿਆਂ ਵਿਚ ਨਾਜਾਇਜ਼ ਹਥਿਆਰ ਬਣਾ ਰਹੇ ਹਨ ਅਤੇ ਇਨ੍ਹਾਂ ਦੇ ਕਈ ਏਜੰਟ ਪਿਸਤੌਲਾਂ ਤੋਂ ਲੈ ਕੇ ਕਾਰਬਾਈਨਾਂ ਅਤੇ ਹੋਰ ਅਤਿਆਧੁਨਿਕ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਹਨ ਜੋ ਕਿ ਥੋਕ ਵਿਚ ਵੇਚੇ ਜਾਂਦੇ ਹਨ।
ਪਿਛਲੇ ਸਾਲ ਪੰਜਾਬ ਪੁਲਸ ਨੇ ‘ਉਮਰਤੀ’ ਵਿਚ ਬਣੇ 500 ਦੇ ਲਗਭਗ ਹਥਿਆਰ ਜ਼ਬਤ ਕੀਤੇ ਸਨ ਜਦਕਿ ਇਸੇ ਹਫਤੇ ਦੇ ਸ਼ੁਰੂ ਵਿਚ ਮੋਹਾਲੀ ਪੁਲਸ ਨੇ 20 ਇੰਨੇ ਅਤਿਆਧੁਨਿਕ ਪਿਸਤੌਲ ਜ਼ਬਤ ਕੀਤੇ ਹਨ ਜੋ ਪੱਛਮੀ ਦੇਸ਼ਾਂ ਵਿਚ ਬਣੇ ਗਲੋਕ ਜਾਂ ਬੇਰੇਟਾ ਵਰਗੇ ਪਿਸਤੌਲਾਂ ਨੂੰ ਚੁਣੌਤੀ ਦੇ ਸਕਦੇ ਹਨ।
ਇਸੇ ਸਾਲ ਸਤੰਬਰ ਵਿਚ ਪੰਜਾਬ ਪੁਲਸ ਨੇ ‘ਉਮਰਤੀ’ ਪਿੰਡ ਦੇ 3 ਨਿਵਾਸੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 10 ਲੱਖ ਰੁਪਏ ਮੁੱਲ ਦੇ 51 ਪਿਸਤੌਲ ਅਤੇ ਕੱਚਾ ਮਾਲ ਜ਼ਬਤ ਕੀਤਾ ਸੀ। ‘ਉਮਰਤੀ ਪਿੰਡ’ ਪਹਿਲੀ ਵਾਰ ਪੰਜਾਬ ਪੁਲਸ ਦੇ ਨੋਟਿਸ ’ਚ 2017 ਵਿਚ ਆਇਆ ਸੀ, ਜਦੋਂ ਦਿੱਲੀ ਪੁਲਸ ਨੇ ਮਜ਼ਦੂਰ ਤੋਂ ਹਥਿਆਰਾਂ ਦੀ ਸਪਲਾਇਰ ਬਣੀ ‘ਮੋਬੋਈ ਦੇਵੀ’ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 14 ਪਿਸਤੌਲ ਬਰਾਮਦ ਕੀਤੇ ਸਨ। ਉਹ ਕਈ ਬੱਸਾਂ ਅਤੇ ਰੇਲ ਗੱਡੀਆਂ ਬਦਲ ਕੇ ਆਪਣੇ ਇਨ੍ਹਾਂ ਹਥਿਆਰਾਂ ਦੇ ਨਾਲ ਦਿੱਲੀ ਪਹੁੰਚੀ ਸੀ। ਉਦੋਂ ਤੋਂ ਪੰਜਾਬ ’ਚ ਰੇਲ ਗੱਡੀਆਂ, ਬੱਸਾਂ ਅਤੇ ਨਿੱਜੀ ਵਾਹਨਾਂ ਦੇ ਰਾਹੀਂ ‘ਉਮਰਤੀ’ ਤੋਂ ਹਥਿਆਰਾਂ ਦੀ ਸਮੱਗਲਿੰਗ ਜਾਰੀ ਹੈ।
ਪਤਾ ਲੱਗਾ ਹੈ ਕਿ ਪਹਿਲਾਂ ਜਿੱਥੇ ਹਥਿਆਰ ‘ਉਮਰਤੀ’ ਦੇ ਘਰਾਂ ਅੰਦਰ ਬਣਾਏ ਜਾਂਦੇ ਸਨ, ਹੁਣ ਪੁਲਸ ਵਲੋਂ ਲਗਾਤਾਰ ਛਾਪੇ ਮਾਰੇ ਜਾਣ ਕਾਰਨ ਹਥਿਆਰਾਂ ਦੇ ਨਿਰਮਾਤਾ ਆਪਣੇ ਕਾਰਖਾਨੇ ਪਿੰਡ ਦੇ ਚੁਫੇਰੇ ਸਥਿਤ ਜੰਗਲਾਂ ਵਿਚ ਲੈ ਗਏ ਹਨ।
ਉਮਰਤੀ ’ਚ ਲੋਕ ਵਰ੍ਹਿਆਂ ਤੋਂ ਸਕਰੈਪ ਤੋਂ ਨਾਜਾਇਜ਼ ਹਥਿਆਰ ਬਣਾਉਂਦੇ ਆ ਰਹੇ ਹਨ। ਹਾਲਾਂਕਿ ਪਿਛਲੇ ਸਾਲਾਂ ਦੇ ਦੌਰਾਨ ਉਨ੍ਹਾਂ ’ਚੋਂ ਕੁਝ ਨੇ ਖੇਤੀ ਵੀ ਅਪਣਾ ਲਈ ਹੈ ਪਰ ਉਨ੍ਹਾਂ ਦਾ ਮੁੱਖ ਧੰਦਾ ਅਜੇ ਵੀ ਹਥਿਆਰ ਬਣਾਉਣਾ ਹੀ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲੇ ’ਚ ਜੰਗਲਾਂ ਦੇ ਦਰਮਿਆਨ ਸਥਿਤ ‘ਦਾਂਤ ਪਹਾੜੀ’ ਅਤੇ ‘ਪਾਚੌਰੀ’ ਨਾਂ ਦੇ ਪਿੰਡਾਂ ਦੇ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ’ਤੇ ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਅਤੇ ਸਪਲਾਈ ਦਾ ਦੋਸ਼ ਹੈ।
ਅਜਿਹੇ ਦੋਸ਼ ਲੱਗਦੇ ਰਹੇ ਹਨ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਪੰਜਾਬ ਦੇ ਅੱਤਵਾਦੀ ਸੰਗਠਨਾਂ ਵਲੋਂ ਨਾਜਾਇਜ਼ ਸਰਗਰਮੀਆਂ ਲਈ ਕੀਤੀ ਜਾਂਦੀ ਹੈ, ਉਥੇ ਹੀ ਦਿੱਲੀ ’ਚ ਵੀ ਕਈ ਵੱਡੇ ਅਪਰਾਧੀਆਂ ਨੂੰ ‘ਪਾਚੌਰੀ’ ਤੋਂ ਨਾਜਾਇਜ਼ ਹਥਿਆਰ ਪਹੁੰਚਾਏ ਜਾਂਦੇ ਹਨ। ਬਿਹਾਰ ਅਤੇ ਮੱਧ ਪ੍ਰਦੇਸ਼ ’ਚ ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਅਤੇ ਕਾਰੋਬਾਰ ਦਾ ਜਾਰੀ ਰਹਿਣਾ ਜਿਥੇ ਸੰਬੰਧਤ ਸੂਬਿਆਂ ਦੇ ਪੁਲਸ ਪ੍ਰਸ਼ਾਸਨ ਲਈ ਇਕ ਚੁਣੌਤੀ ਬਣਿਆ ਹੋਇਆ ਹੈ, ਉਥੇ ਹੀ ਇਨ੍ਹਾਂ ਸੂਬਿਆਂ ਤੋਂ ਦੂਜੇ ਸੂਬਿਆਂ ਨੂੰ ਹੋਣ ਵਾਲੀ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਕਾਨੂੰਨੀ ਵਿਵਸਥਾ ਦੀਆਂ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰ ਰਹੀ ਹੈ।
ਇਸ ਲਈ ਕੇਂਦਰ ਸਰਕਾਰ ਨੂੰ ਇਹ ਮਾਮਲਾ ਹੱਥ ’ਚ ਲੈ ਕੇ ਇਸ ਸੰਬੰਧ ’ਚ ਢੁੱਕਵੀਂ ਰਣਨੀਤੀ ਬਣਾ ਕੇ ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਅਤੇ ਸਮੱਗਲਿੰਗ ਦੇ ਅੱਡਿਆਂ ਦਾ ਸਖਤੀ ਨਾਲ ਸਫਾਇਆ ਕਰਨਾ ਚਾਹੀਦਾ ਹੈ। ਜੇਕਰ ਅਸੀਂ ਆਪਣੇ ਹੀ ਦੇਸ਼ ਅੰਦਰ ਚੱਲ ਰਹੀਆਂ ਨਾਜਾਇਜ਼ ਸਰਗਰਮੀਆਂ ਦੇ ਟਿਕਾਣਿਆਂ ਨੂੰ ਤਬਾਹ ਨਹੀਂ ਕਰ ਸਕਦੇ ਤਾਂ ਬਾਹਰੀ ਦੁਸ਼ਮਣ ਸ਼ਕਤੀਆਂ ਨਾਲ ਕਿਸ ਤਰ੍ਹਾਂ ਅਸਰਦਾਰ ਢੰਗ ਨਾਲ ਨਜਿੱਠ ਸਕਾਂਗੇ।
–ਵਿਜੇ ਕੁਮਾਰ