‘ਜਦੋਂ ਦੇਸ਼ ’ਚ ਪੁਲਸ ਹੀ ਸੁਰੱਖਿਅਤ ਨਹੀਂ’ ਤਾਂ ਅਪਰਾਧ ਕਿਵੇਂ ਰੁਕਣਗੇ!

09/07/2021 3:30:42 AM

ਕੁਝ ਸਮੇਂ ਤੋਂ ਦੇਸ਼ ’ਚ ਅਮਨ ਕਾਨੂੰਨ ਦੀ ਹਾਲਤ ਵਿਗੜ ਰਹੀ ਹੈ। ਇਕ ਪਾਸੇ ਆਮ ਲੋਕਾਂ ਵਿਰੁੱਧ ਕਤਲ, ਲੁੱਟਮਾਰ, ਜਬਰ-ਜ਼ਨਾਹ ਵਰਗੇ ਅਪਰਾਧ ਜ਼ੋਰਾਂ ’ਤੇ ਹਨ ਤਾਂ ਦੂਜੇ ਪਾਸੇ ਪੁਲਸ ਵਾਲੇ ਵੀ ਅਪਰਾਧੀ ਅਨਸਰਾਂ ਤੋਂ ਸੁਰੱਖਿਅਤ ਨਹੀਂ ਹਨ ਅਤੇ ਆਏ ਦਿਨ ਉਨ੍ਹਾਂ ’ਤੇ ਹਮਲੇ ਹੋ ਰਹੇ ਹਨ, ਜੋ ਹੇਠਲੀਅਾਂ ਤਾਜ਼ਾ ਉਦਾਹਰਣਾਂ ਤੋਂ ਸਪੱਸ਼ਟ ਹਨ :

* 26 ਅਗਸਤ ਨੂੰ ਲੁਧਿਆਣਾ ਦੇ ਢੰਡਾਰੀ ਕਲਾਂ ਵਿਖੇ ਤਲਾਸ਼ੀ ਲੈ ਰਹੀ ਪੁਲਸ ਦੀ ਇਕ ਟੀਮ ’ਤੇ ਇਲਾਕੇ ਦੇ ਨਸ਼ੇੜੀਅਾਂ ਨੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਵਰਦੀ ਪਾੜਨ ਪਿਛੋਂ ਜਾਨ ਤੋਂ ਮਾਰ ਦੇਣ ਦੀਅਾਂ ਧਮਕੀਅਾਂ ਦਿੰਦੇ ਹੋਏ ਫਰਾਰ ਹੋ ਗਏ।

* 28 ਅਗਸਤ ਨੂੰ ਦਾਜ ਦੇ ਇਕ ਕੇਸ ਦੀ ਜਾਂਚ ਸੰਬੰਧੀ ਜਲਾਲਾਬਾਦ ਦੇ ਥਾਣਾ ਵੈਰੋਕੇ ਵਿਖੇ ਪੁੱਛਗਿੱਛ ਲਈ ਇਕ ਔਰਤ ਸਮੇਤ ਸੱਦੇ ਗਏ ਕੁਝ ਲੋਕਾਂ ਨੇ ਧੱਕਾ-ਮੁੱਕੀ ’ਚ ਏ.ਐੱਸ.ਆਈ. ਦੀ ਵਰਦੀ ਪਾੜ ਦਿੱਤੀ।

* 28 ਅਗਸਤ ਨੂੰ ਤਰਨਤਾਰਨ ਦੇ ਪਿੰਡ ਘੜਿਆਲਾ ਵਿਖੇ ਬੰਦਕ ਬਣਾਏ ਗਏ ਇਕ ਨੌਜਵਾਨ ਨੂੰ ਛੁਡਵਾਉਣ ਲਈ ਪੁੱਜੀ ਪੁਲਸ ਪਾਰਟੀ ’ਤੇ ਪਿੰਡ ਵਾਲਿਅਾਂ ਨੇ ਹਮਲਾ ਕਰ ਕੇ ਏ.ਅੈੱਸ.ਆਈ. ਅਤੇ ਪੁਲਸ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਕੀਤੀ ਅਤੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ।

* 29 ਅਗਸਤ ਨੂੰ ਲੁਧਿਆਣਾ ਦੇ ਸ਼ੇਰਪੁਰ ਇਲਾਕੇ ’ਚ ਦੋ ਗਰੁੱਪਾਂ ਦਾ ਝਗੜਾ ਖਤਮ ਕਰਨ ਗਏ ਨਾਈਟ ਡਿਊਟੀ ’ਤੇ ਤਾਇਨਾਤ ਏ. ਐੱਸ. ਆਈ. ’ਤੇ ਬਦਮਾਸ਼ਾਂ ਨੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ।

* 4 ਸਤੰਬਰ ਨੂੰ ਉੱਤਰਾਖੰਡ ਦੇ ਪਿਥੌਰਾਗੜ੍ਹ ਵਿਖੇ ਸੀਮਾਂਤ ਇੰਜੀਨੀਅਰਿੰਗ ਕਾਲਜ (ਐੱਸ. ਆਈ. ਟੀ.) ਵਿਖੇ ਛੇੜਖਾਨੀ ਦੇ ਇਕ ਮਾਮਲੇ ਦੀ ਜਾਂਚ ਕਰਨ ਪੁੱਜੀ ਪੁਲਸ ਟੀਮ ’ਤੇ ਵਿਦਿਆਰਥੀਅਾਂ ਨੇ ਹਮਲਾ ਕਰ ਕੇ ਇਕ ਪੁਲਸ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ ਅਤੇ ਦੋ ਮਹਿਲਾ ਪੁਲਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ।

* 5 ਸਤੰਬਰ ਨੂੰ ਬਿਹਾਰ ’ਚ ਵੈਸ਼ਾਲੀ ਦੇ ਮਹੂਅਾ ਥਾਣਾ ’ਚ ਕੁਝ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਸ ਪਾਰਟੀ ’ਤੇ ਪੇਂਡੂਅਾਂ ਨੇ ਤਲਵਾਰਾਂ ਅਤੇ ਲਾਠੀਅਾਂ-ਡੰਡਿਅਾਂ ਨਾਲ ਹਮਲਾ ਕਰ ਕੇ ਥਾਣਾ ਮੁਖੀ ਸਮੇਤ ਕਈ ਪੁਲਸ ਮੁਲਾਜ਼ਮਾਂ ਨੂੰ ਲਹੂ-ਲੁਹਾਨ ਕਰ ਦਿੱਤਾ ਅਤੇ ਤਾਬੜ-ਤੋੜ ਫਾਇਰਿੰਗ ਕੀਤੀ।

* 5 ਸਤੰਬਰ ਨੂੰ ਹੀ ਬਿਹਾਰ ’ਚ ਔਰੰਗਾਬਾਦ ਦੇ ‘ਸਈਰਾ’ ਪਿੰਡ ’ਚ ਗੈਰ-ਕਾਨੂੰਨੀ ਢੰਗ ਨਾਲ ਰੇਤ ਨਾਲ ਲੱਦੇ ਟ੍ਰੈਕਟਰ ਨੂੰ ਫੜਨ ਗਈ ਪੁਲਸ ’ਤੇ ਪੇਂਡੂਅਾਂ ਨੇ ਇੱਟਾਂ-ਪੱਥਰਾਂ ਅਤੇ ਡੰਡਿਅਾਂ ਨਾਲ ਹਮਲਾ ਕਰ ਕੇ ਕਈ ਪੁਲਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ।

ਲੋਕਾਂ ਅਤੇ ਦੇਸ਼ ਦੀ ਰਾਖੀ ਕਰਨ ਵਾਲੇ ਪੁਲਸ ਮੁਲਾਜ਼ਮਾਂ ’ਤੇ ਹਮਲੇ ਯਕੀਨੀ ਹੀ ਅਪਰਾਧੀ ਅਨਸਰਾਂ ਦੀ ਵੱਧ ਰਹੀ ਜੁਰਅਤ ਅਤੇ ਕਾਨੂੰਨ ਦਾ ਡਰ ਖਤਮ ਹੋ ਜਾਣ ਦਾ ਹੀ ਸਿੱਟਾ ਹੈ। ਲਿਹਾਜ਼ਾ ਅਜਿਹੇ ਅਪਰਾਧਾਂ ਨਾਲ ਨਜਿੱਠਣ ਲਈ ਸਖਤ ਵਿਵਸਥਾਵਾਂ ਵਾਲਾ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਜੋ ਅਜਿਹਾ ਕਰਨ ਵਾਲਿਅਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਅਤੇ ਦੂਜਿਅਾਂ ਨੂੰ ਨਸੀਹਤ।

–ਵਿਜੇ ਕੁਮਾਰ


Bharat Thapa

Content Editor

Related News