ਕਿੰਨੀ ਉਚਿਤ ਹੈ ਜਹਾਜ਼ ''ਚ ਮੋਬਾਇਲ ਤੇ ਇੰਟਰਨੈੱਟ ਦੀ ਸਹੂਲਤ

01/22/2018 5:12:48 AM

ਭਾਰਤ ਹੀ ਨਹੀਂ, ਜ਼ਿਆਦਾਤਰ ਦੇਸ਼ਾਂ ਵਿਚ ਕਿਸੇ ਵੀ ਏਅਰਲਾਈਨਜ਼ ਦੇ ਜਹਾਜ਼ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਉਡਾਣ ਤੋਂ ਠੀਕ ਪਹਿਲਾਂ ਇਹ ਨਿਰਦੇਸ਼ ਸੁਣਾਈ ਦਿੰਦਾ ਹੈ,'ਆਪਣੇ ਮੋਬਾਇਲ ਫੋਨ ਅਤੇ ਪੋਰਟੇਬਲ ਇਲੈਕਟ੍ਰਾਨਿਕ ਉਪਕਰਣਾਂ ਨੂੰ ਕ੍ਰਿਪਾ ਕਰ ਕੇ ਫਲਾਈਟ ਮੋਡ 'ਤੇ ਜਾਂ ਸਵਿੱਚ ਆਫ ਕਰ ਲਓ।'
ਜ਼ਿਆਦਾਤਰ ਲੋਕ ਫਲਾਈਟ ਅਟੈਂਡੈਂਟ ਦੀ ਇਸ ਅਪੀਲ ਦੀ ਪਾਲਣਾ ਕਰਦੇ ਹਨ ਕਿਉਂਕਿ ਆਮ ਧਾਰਨਾ ਹੈ ਕਿ ਉਡਾਣ ਦੌਰਾਨ ਸਾਨੂੰ ਮੋਬਾਇਲ ਫੋਨ ਬੰਦ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਦਾ ਸਿਗਨਲ ਜਹਾਜ਼ ਦੇ ਨੇਵੀਗੇਸ਼ਨ ਉਪਕਰਣਾਂ 'ਚ ਰੁਕਾਵਟ ਪੈਦਾ ਕਰ ਸਕਦਾ ਹੈ। 
ਇਸ ਸਵਾਲ 'ਤੇ ਫਿਰ ਤੋਂ ਚਰਚਾ ਇਸ ਲਈ ਵੀ ਜ਼ਰੂਰੀ ਹੋ ਗਈ ਹੈ ਕਿਉਂਕਿ ਜਲਦੀ ਹੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟ੍ਰਾਈ) ਦੇਸ਼ ਅਤੇ ਦੇਸ਼ 'ਚੋਂ ਹੋ ਕੇ ਲੰਘਣ ਵਾਲੇ ਹਵਾਈ ਯਾਤਰੀਆਂ ਨੂੰ ਜਹਾਜ਼ਾਂ ਵਿਚ ਇੰਟਰਨੈੱਟ ਅਤੇ ਮੋਬਾਇਲ ਫੋਨ ਸੇਵਾਵਾਂ ਪ੍ਰਦਾਨ ਕਰਨ ਦੀ ਇਜਾਜ਼ਤ ਦੇ ਸਕਦੀ ਹੈ। 
ਟ੍ਰਾਈ ਅਧਿਕਾਰੀਆਂ ਅਨੁਸਾਰ,'ਅਸੀਂ ਮੋਬਾਇਲ ਅਤੇ ਇੰਟਰਨੈੱਟ ਕਮਿਊਨੀਕੇਸ਼ਨ ਦੋਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਉਡਾਣ ਕੰਪਨੀਆਂ 'ਤੇ ਨਿਰਭਰ ਹੈ ਕਿ ਉਹ ਆਪਣੇ ਯਾਤਰੀਆਂ ਨੂੰ ਕਿਹੜੀਆਂ ਸੇਵਾਵਾਂ ਦੇਣਾ ਚਾਹੁੰਦੀਆਂ ਹਨ?'
ਨਵੰਬਰ 2009 'ਚ ਏਅਰ ਫਰਾਂਸ ਅਜਿਹੀਆਂ ਸੇਵਾਵਾਂ ਦੇਣ ਵਾਲੀ ਪਹਿਲੀ ਉਡਾਣ ਕੰਪਨੀ ਬਣ ਗਈ ਸੀ। ਇਸ ਤੋਂ ਬਾਅਦ ਦੁਨੀਆ ਭਰ ਵਿਚ ਜ਼ਿਆਦਾਤਰ ਕੰਪਨੀਆਂ ਵਿਸ਼ੇਸ਼ ਤੌਰ 'ਤੇ ਆਪਣੀਆਂ ਲੰਮੀਆਂ ਉਡਾਣਾਂ ਦੌਰਾਨ ਯਾਤਰੀਆਂ ਨੂੰ ਵਾਈ-ਫਾਈ ਦੀਆਂ ਸਹੂਲਤਾਂ ਦੇ ਰਹੀਆਂ ਹਨ ਪਰ ਮੋਬਾਇਲ ਫੋਨ ਕਾਲਜ਼ ਦੀ ਸਹੂਲਤ ਨੂੰ ਆਮ ਤੌਰ 'ਤੇ 'ਪ੍ਰੇਸ਼ਾਨੀ' ਦੇ ਰੂਪ ਵਿਚ ਦੇਖਿਆ ਜਾਂਦਾ ਹੈ।
2013 ਤੋਂ ਅਮਰੀਕਾ ਵਿਚ ਇਸ ਦੀ ਇਜਾਜ਼ਤ ਹੈ ਪਰ ਉਥੇ ਘੱਟ ਹੀ ਉਡਾਣ ਕੰਪਨੀਆਂ ਨੇ ਆਪਣੀਆਂ ਉਡਾਣਾਂ ਦੌਰਾਨ ਇਸ ਦੀ ਇਜਾਜ਼ਤ ਦਿੱਤੀ ਹੈ। ਮੋਬਾਇਲ ਫੋਨ ਖਪਤਕਾਰਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਵਾਲੇ ਚੀਨ ਅਤੇ ਭਾਰਤ ਇਸ ਦੀ ਇਜਾਜ਼ਤ ਦੇਣ ਲਈ ਤਿਆਰ ਤਾਂ ਹਨ ਪਰ ਇਹ ਕਦਮ ਕਿਤੇ ਸੁਰੱਖਿਆ ਲਈ ਖ਼ਤਰਾ ਜਾਂ ਸਮਾਜਿਕ ਦਿੱਕਤ ਦਾ ਕਾਰਨ ਤਾਂ ਨਹੀਂ ਬਣ ਜਾਵੇਗਾ? 
ਇਕ ਅਮਰੀਕੀ ਪਾਇਲਟ ਅਤੇ 'ਕਾਕਪਿਟ ਕਾਨਫੀਡਂੈਸ਼ੀਅਲ' ਨਾਂ ਦੀ ਕਿਤਾਬ ਦੇ ਲੇਖਕ ਪੈਟ੍ਰਿਕ ਸਮਿਥ ਕਹਿੰਦੇ ਹਨ ਕਿ ਮੋਬਾਇਲ ਫੋਨ ਅਤੇ ਇਲੈਕਟ੍ਰਾਨਿਕ ਉਪਕਰਣਾਂ ਨੂੰ ਸਵਿੱਚ ਆਫ ਕਰਨਾ ਸਿਰਫ ਸਾਵਧਾਨੀ ਦੇ ਤੌਰ 'ਤੇ ਅਪਣਾਇਆ ਜਾਣ ਵਾਲਾ ਨਿਯਮ ਹੈ। ਅਰਬਾਂ ਰੁਪਏ ਵਾਲੇ ਜਹਾਜ਼ 'ਤੇ ਕੁਝ ਹਜ਼ਾਰ ਰੁਪਏ ਦੇ ਮੋਬਾਇਲ ਫੋਨ ਦਾ ਅਸਰ ਨਹੀਂ ਹੋਵੇਗਾ। ਜਹਾਜ਼ ਹਾਈਟੈੱਕ ਹੁੰਦੇ ਹਨ ਅਤੇ ਉਨ੍ਹਾਂ ਵਿਚ ਲੱਗੇ ਟੈਲੀਕਾਮ ਅਤੇ ਨੇਵੀਗੇਸ਼ਨ ਉਪਕਰਣਾਂ ਨੂੰ ਮੋਬਾਇਲ ਵਰਗੀਆਂ ਆਮ ਚੀਜ਼ਾਂ ਤੋਂ ਪਹੁੰਚ ਸਕਣ ਵਾਲੇ ਸੰਭਾਵਿਤ ਅੜਿੱਕੇ ਤੋਂ ਵਿਸ਼ੇਸ਼ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। 
ਹਾਲਾਂਕਿ ਪੈਟ੍ਰਿਕ ਇਹ ਚਿਤਾਵਨੀ ਜ਼ਰੂਰ ਦਿੰਦੇ ਹਨ ਕਿ ਇਸ ਗੱਲ ਦਾ ਵੀ ਮਹੱਤਵ ਹੈ ਕਿ ਕਿਸੇ ਗੈਜੇਟ ਨੂੰ ਕਦੋਂ ਅਤੇ ਕਿਵੇਂ ਵਰਤਿਆ ਜਾਂਦਾ ਹੈ। ਮਿਸਾਲ ਵਜੋਂ ਇਕ ਪੁਰਾਣਾ ਲੈਪਟਾਪ ਹਾਨੀਕਾਰਕ ਊਰਜਾ ਪੈਦਾ ਕਰ ਸਕਦਾ ਹੈ। ਅਜਿਹੇ ਵਿਚ ਜਹਾਜ਼ ਦੀ ਰਫਤਾਰ ਵਿਚ ਅਚਾਨਕ ਕਮੀ ਆਉਣ ਜਾਂ ਟਕਰਾਅ ਦੀ ਸਥਿਤੀ ਵਿਚ ਇਹ ਤੇਜ਼ ਰਫਤਾਰ ਵਾਲੇ ਗੋਲੇ ਦਾ ਰੂਪ ਲੈ ਸਕਦਾ ਹੈ। 
ਹੁਣ ਤਕ ਦੋ ਗੰਭੀਰ ਘਟਨਾਵਾਂ ਦਾ ਦੋਸ਼ ਮੋਬਾਇਲ ਫੋਨ ਨੂੰ ਦਿੱਤਾ ਜਾਂਦਾ ਹੈ। ਪਹਿਲੀ ਘਟਨਾ ਸਾਲ 2000 ਵਿਚ ਸਵਿਟਜ਼ਰਲੈਂਡ ਦਾ ਅਣਸੁਲਝਿਆ ਕ੍ਰਾਸਏਅਰ ਪਲੇਨ ਕ੍ਰੈਸ਼ ਹੈ, ਜਦੋਂ ਕਿਸੇ ਨਾਜਾਇਜ਼ ਟਰਾਂਸਮਿਸ਼ਨ ਦੇ ਕਾਰਨ ਜਹਾਜ਼ ਦਾ ਆਟੋਪਾਇਲਟ ਭੁਲੇਖੇ ਵਿਚ ਪੈ ਗਿਆ ਸੀ। ਦੂਜੀ ਘਟਨਾ 2003 ਵਿਚ ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਵਿਚ ਹੋਇਆ ਘਾਤਕ ਪਲੇਨ ਕ੍ਰੈਸ਼ ਹੈ। ਹਾਲਾਂਕਿ ਇਨ੍ਹਾਂ ਦੋਵਾਂ ਘਟਨਾਵਾਂ ਨੂੰ ਅਪਵਾਦ ਵੀ ਕਿਹਾ ਜਾ ਸਕਦਾ ਹੈ ਅਤੇ ਉਡਾਣ ਦੌਰਾਨ ਮੋਬਾਇਲ ਫੋਨ ਸਵਿੱਚ ਆਫ ਕਰਨ ਦੇ ਨਿਰਦੇਸ਼ ਪਿੱਛੇ ਜ਼ਿਆਦਾਤਰ 'ਹਾਦਸੇ ਨਾਲੋਂ ਸਾਵਧਾਨੀ ਭਲੀ' ਵਾਲੀ ਸੋਚ ਹੁੰਦੀ ਹੈ। 
ਬੇਸ਼ੱਕ ਇਹ ਕੰਮ ਕਰਨ ਵਾਲਿਆਂ ਲਈ ਵਰਦਾਨ ਹੋਵੇਗਾ ਕਿ ਉਹ ਆਪਣੇ ਕੰਮ ਅਤੇ ਦਫਤਰ ਦੇ ਸੰਪਰਕ ਵਿਚ ਰਹਿਣਗੇ ਪਰ ਸਮਾਜਿਕ ਪੱਖ ਵੀ ਬਰਾਬਰ ਮਹੱਤਵਪੂਰਨ ਹੈ। ਜਦੋਂ ਤਕ ਯਾਤਰੀ ਹੈੱਡਫੋਨ ਲਗਾ ਕੇ ਮੋਬਾਇਲ ਤੋਂ ਗੀਤ ਸੁਣਦਾ ਹੈ, ਗੇਮ ਖੇਡਦਾ ਹੈ ਜਾਂ ਫਿਲਮਾਂ ਦੇਖਦਾ ਹੈ, ਉਦੋਂ ਤਕ ਤਾਂ ਉਸ ਦੇ ਸਹਿ-ਯਾਤਰੀਆਂ ਨੂੰ ਪ੍ਰੇਸ਼ਾਨੀ ਨਹੀਂ ਪਰ 200 ਤੋਂ 300 ਯਾਤਰੀਆਂ ਵਿਚਾਲੇ ਫੋਨ 'ਤੇ ਜ਼ੋਰ-ਜ਼ੋਰ ਨਾਲ ਲੰਮੀਆਂ-ਲੰਮੀਆਂ ਗੱਲਾਂ ਕਰਨ ਲੱਗੇ ਤਾਂ ਲੰਮੀ ਉਡਾਣ ਵਿਚ ਸਫਰ ਕਰ ਰਹੇ ਹੋਰ ਲੋਕ ਨਾ ਤਾਂ ਸ਼ਾਂਤੀ ਨਾਲ ਸੌਂ ਸਕਣਗੇ, ਨਾ ਆਰਾਮ ਕਰ ਸਕਣਗੇ ਅਤੇ ਨਾ ਹੀ ਕੁਝ ਪੜ੍ਹ ਸਕਣਗੇ। ਇਹ ਹਾਲਤ ਠੀਕ ਸਾਡੀਆਂ ਟ੍ਰੇਨਾਂ ਵਰਗੀ ਹੋ ਜਾਵੇਗੀ, ਜਿੱਥੇ ਸਾਡੀ ਨਿੱਜਤਾ ਦੀ ਉਲੰਘਣਾ ਕਰਨ ਵਾਲਾ ਗੈਰ-ਜ਼ਰੂਰੀ ਆਵਾਜ਼ ਪ੍ਰਦੂਸ਼ਣ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ ਹੈ। 
ਕਿਉਂਕਿ ਸਮਾਰਟ ਫੋਨਜ਼ ਨੇ ਸਾਨੂੰ ਪੁਰਾਣੇ ਕੈਮਰਿਆਂ ਤੋਂ ਆਜ਼ਾਦੀ ਦਿਵਾ ਦਿੱਤੀ ਹੈ, ਅਜਿਹੇ ਵਿਚ ਜਹਾਜ਼ ਦੇ ਹਰ ਕੋਨੇ ਵਿਚ ਸੈਲਫੀ ਅਤੇ ਫੋਟੋ ਲੈਣ ਦੀ ਤਾਨਾਸ਼ਾਹੀ ਨਾਲ ਵੀ ਸਹਿ-ਯਾਤਰੀਆਂ ਲਈ ਪ੍ਰੇਸ਼ਾਨੀ ਸ਼ੁਰੂ ਹੋ ਜਾਵੇਗੀ। ਇਸ ਮਾਮਲੇ ਵਿਚ ਸ਼ਾਇਦ ਜਾਪਾਨੀਆਂ ਤੋਂ ਸਿੱਖਿਆ ਲਈ ਜਾ ਸਕਦੀ ਹੈ, ਜਿੱਥੇ ਰੇਲ ਯਾਤਰਾ ਦੌਰਾਨ ਵੀ ਲੋਕ ਫੋਨ ਚੁੱਕਣ ਤੋਂ ਗੁਰੇਜ਼ ਕਰਦੇ ਹਨ, ਤਾਂ ਕਿ ਉਨ੍ਹਾਂ ਦੇ ਸਹਿ-ਯਾਤਰੀ ਪ੍ਰੇਸ਼ਾਨ ਨਾ ਹੋਣ।


Vijay Kumar Chopra

Chief Editor

Related News