ਇਤਿਹਾਸ ਸਾਨੂੰ ਗਲਤੀਆਂ ਤੋਂ ਬਚਣ ਦੀ ਸਿੱਖਿਆ ਦਿੰਦਾ ਹੈ

12/09/2019 1:33:24 AM

ਅਕਸਰ ਆਪਣੇ ਆਪ ਨੂੰ ਇਕ ਹੀਰੋ ਵਜੋਂ ਦੇਖਣ ਵਾਲੇ ਸਿਆਸੀ ਆਗੂਆਂ, ਸਿਆਸੀ ਮਾਹਿਰਾਂ ਅਤੇ ਜੰਗੀ ਨੇਤਾਵਾਂ ਨੇ ਮੁਸ਼ਕਲ ਫੈਸਲਿਆਂ ਜਾਂ ਨੀਤੀਆਂ ਨੂੰ ਆਪਣੇ ਦੇਸ਼ ’ਚ ਸਹੀ ਠਹਿਰਾਉਣ ਲਈ ਇਤਿਹਾਸ ’ਚ ਦਰਜ ਮਿਸਾਲਾਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਹੈ।

ਖੁਦ ਨੂੰ ਸਿਕੰਦਰ ਮਹਾਨ ਅਤੇ ਜੂਲੀਅਸ ਸੀਜ਼ਰ ਦੇ ਸਹੀ ਉੱਤਰਾਧਿਕਾਰੀ ਵਜੋਂ ਦੇਖਣ ਵਾਲੇ ਨੇਪੋਲੀਅਨ ਬੋਨਾਪਾਰਟ ਨੇ ਸਮੁੱਚੇ ਯੂਰਪ ’ਤੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਖੁਦ ਨੂੰ ਇਕ ਇਤਿਹਾਸਕ ਭੂਮਿਕਾ ’ਚ ਦੇਖਣ ਵਾਲਾ ਇਕ ਹੋਰ ਵਿਅਕਤੀ ਐਡੋਲਫ ਹਿਟਲਰ ਸੀ। ਰੋਮਨਾਂ ਵਿਰੁੱਧ ਪੰਜ ਜੰਗਾਂ ਲੜਨ ਵਾਲੇ ਅਤੇ ਆਸਟ੍ਰੀਆ ਦੇ ਸਮਰਾਟ ਫ੍ਰੈਡਰਿਕ ਪਹਿਲੇ ਵਾਂਗ ਖੁਦ ਨੂੰ ਮੰਨਦੇ ਸਨ।

ਹਿਟਲਰ ਇਕ ਆਸਟ੍ਰੀਅਨ ਹੋਣ ਕਾਰਣ ਇਸੇ ਮਾਨਤਾ ਦੇ ਸਹਾਰੇ ਵੱਡਾ ਹੋਇਆ ਸੀ। ਅਸਲ ਵਿਚ ਰੂਸ ’ਚ ਉਸ ਨੇ ਜੋ ਕਾਰਵਾਈ ਕੀਤੀ ਉਸ ਦਾ ਗੁਪਤ ਨਾਂ ਵੀ ਉਸ ਨੇ ਸਮਰਾਟ ਫ੍ਰੈਡਰਿਕ ਦੇ ਨਾਂ ’ਤੇ ਹੀ ‘ਬਾਬਾਰੋਸਾ’ ਰੱਖਿਆ ਸੀ ਪਰ ਰੂਸ ’ਚ ਹਿਟਲਰ ਦੀ ਅਸਫਲਤਾ ਨੇ ਲੋਕਾਂ ਨੂੰ ਇਹ ਗੱਲ ਭੁਲਾ ਦਿੱਤੀ ਕਿ ਫ੍ਰੈਡਰਿਕ ਨੇ ਕਦੇ ਵੀ ਰੂਸ ਵਿਰੁੱਧ ਜੰਗ ਨਹੀਂ ਕੀਤੀ ਸੀ ਅਤੇ ਇਸ ਤਰ੍ਹਾਂ ਹਿਟਲਰ ਨੇ ਫ੍ਰੈਡਰਿਕ ਮਹਾਨ ਵਲੋਂ ਰੂਸ ’ਚ ਕਾਰਵਾਈ ਬਾਰੇ ਕਈ ਕਹਾਣੀਆਂ ਰਚ ਦਿੱਤੀਆਂ ਸਨ।

ਇਤਿਹਾਸ ਦੀ ਪ੍ਰੇਰਕ ਸ਼ਕਤੀ ’ਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਣ ਵਾਲੇ ਇਕ ਹੋਰ ਵਿਅਕਤੀ ਸਨ ਚਾਰ ਖੰਡਾਂ ’ਚ ਇਤਿਹਾਸ ਲਿਖਣ ਵਾਲੇ ਵਿੰਸਟਨ ਚਰਚਿਲ। ਕਿਹਾ ਜਾਂਦਾ ਹੈ ਕਿ ‘‘ਚਰਚਿਲ ਨੇ ਜੰਗ ’ਚ ਅੰਗਰੇਜ਼ਾਂ ਨੂੰ ਹੀ ਨਹੀਂ ਭੇਜਿਆ, ਸਗੋਂ ਉਨ੍ਹਾਂ ਨੇ ਇੰਗਲੈਂਡ ਦੇ ਇਤਿਹਾਸ ਨੂੰ ਵੀ ਜੰਗ ’ਚ ਭੇਜ ਦਿੱਤਾ।’’

ਚਰਚਿਲ ਨੇ ਆਪਣੇ ਇਤਿਹਾਸ ਦੇ ਗਿਆਨ ਦਾ ਸਿਰਫ ਭਾਸ਼ਣਾਂ ’ਚ ਹੀ ਇਸਤੇਮਾਲ ਨਹੀਂ ਕੀਤਾ ਸਗੋਂ ਆਪਣੀਆਂ ਰਣਨੀਤੀਆਂ ਅਤੇ ਦਲੀਲਾਂ ’ਚ ਵੀ ਕੀਤਾ। ਅੱਜ ਦੇਸ਼ ਦੇ ਮੌਜੂਦਾ ਸਿਆਸਤਦਾਨ ਆਪਣੀਆਂ ਸਿਆਸੀ ਨੀਤੀਆਂ ਜਾਂ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਇਤਿਹਾਸ ਦਾ ਇਸਤੇਮਾਲ ਕਰ ਰਹੇ ਹਨ।

ਅੱਜ ਜੰਗ ਦਾ ਨਵਾਂ ਮੋਰਚਾ ਸੋਸ਼ਲ ਮੀਡੀਆ ਬਣ ਗਿਆ ਹੈ, ਜਿਥੇ ਦਿਨ-ਰਾਤ ਸੰਦਰਭ ਦੇ ਬਗੈਰ ਹੀ ਅੱਧੇ-ਅਧੂਰੇ ਨੀਮ ਇਤਿਹਾਸਕ ਤੱਥ ਪੇਸ਼ ਕੀਤੇ ਜਾਂਦੇ ਹਨ। ਇਹੋ ਨਹੀਂ, ਪੂਰੀ ਤਰ੍ਹਾਂ ਨਵੇਂ ਰਚੇ ਹੋਏ ਝੂਠ ਇਤਿਹਾਸ ਦੱਸ ਕੇ ਪੇਸ਼ ਕਰ ਦਿੱਤੇ ਜਾਂਦੇ ਹਨ।

ਹੁਣੇ ਜਿਹੇ ਟਵਿਟਰ ’ਤੇ ਕਿਸੇ ਨੇ ਕਥਿਤ ਤੌਰ ’ਤੇ ਮੁਗਲ ਸ਼ਾਸਕ ਔਰੰਗਜ਼ੇਬ ਵਲੋਂ ਜਾਰੀ ਇਕ ਫਰਮਾਨ ਜ਼ਾਹਿਰ ਕਰ ਦਿੱਤਾ। ਇਸ ਵਿਚ ਕਿਹਾ ਗਿਆ ਸੀ ਕਿ ‘‘ਧਰਮ ਪਰਿਵਰਤਨ ਕਰਨ ਵਾਲੇ ਹਰੇਕ ਹਿੰਦੂ ਮਰਦ ਲਈ 4 ਰੁਪਏ ਅਤੇ ਹਿੰਦੂ ਔਰਤ ਲਈ 2 ਰੁਪਏ। ਮਿਤੀ 7 ਅਪ੍ਰੈਲ 1685’’ (ਇਹ ਉਦਾਹਰਣ ਸੰਭਵ ਹੈ ਕਿ ਉਸ ਵਿਅਕਤੀ ਦੇ ਸਮਰਥਨ ’ਚ ਦਿੱਤੀ ਗਈ ਹੈ, ਜੋ ਇਸਲਾਮ ’ਚੋਂ ਮੁੜ ਧਰਮ ਬਦਲ ਕੇ ਹਿੰਦੂ ਧਰਮ ’ਚ ਪਰਤ ਆਇਆ ਹੈ)।

ਇਸ ਤਰ੍ਹਾਂ ਦੇ ਲੇਖ ਜਾਂ ਫਰਮਾਨ ਸੰਭਵ ਹੈ ਕਿ ਜਜ਼ੀਆ ਵਰਗੀ ਵਿਵਸਥਾ ਦਾ ਹਿੱਸਾ ਸਨ। ਜਜ਼ੀਆ ਵਰਗੇ ਕਾਨੂੰਨਾਂ ਅਤੇ ਟੈਕਸਾਂ ’ਤੇ 1579 ’ਚ ਅਕਬਰ ਨੇ ਪਾਬੰਦੀ ਲਗਾ ਦਿੱਤੀ ਸੀ, ਜਿਨ੍ਹਾਂ ਨੂੰ 150 ਸਾਲ ਬਾਅਦ ਔਰੰਗਜ਼ੇਬ ਨੇ ਦੁਬਾਰਾ ਲਾਗੂ ਕੀਤਾ।

ਹਰ ਸਮਰਾਟ ਦੀ, ਚਾਹੇ ਉਹ ਹਿੰਦੂ ਹੋਵੇ ਜਾਂ ਮੁਸਲਮਾਨ, ਆਪਣੀ ਇਕ ਟੈਕਸ ਪ੍ਰਣਾਲੀ ਸੀ। ਖੈਰ, ਕੀ ਅਸੀਂ ਇਤਿਹਾਸ ਤੋਂ ਕਿਸੇ ਮੁਸਲਿਮ ਸ਼ਾਸਕ ਵਲੋਂ 325 ਸਾਲ ਪਹਿਲਾਂ ਕੀਤੇ ਗਏ ਅਪਰਾਧ ਦਾ ਬਦਲਾ ਲੈਣ ਦੀ ਸਿੱਖਿਆ ਹਾਸਲ ਕਰ ਰਹੇ ਹਾਂ?

ਤਾਂ ਫਿਰ ਅਸੀਂ ਇਤਿਹਾਸ ਕਿਸ ਲਈ ਪੜ੍ਹਦੇ ਹਾਂ–ਮਨੋਰੰਜਨ ਅਤੇ ਮਾਰਗਦਰਸ਼ਨ ਲਈ। ਕਦੇ-ਕਦੇ ਇਸ ਦੇ ਸਬਕ ਕੌੜੇ ਅਤੇ ਨਾ ਟਾਲੇ ਜਾਣ ਵਾਲੇ ਹੁੰਦੇ ਹਨ।

ਵਾਸ਼ਿੰਗਟਨ ’ਚ ਸਮਿਥਸੋਨੀਅਨ ਮਿਊਜ਼ੀਅਮ ਦੇ ਮੁਖੀ ਬਣਨ ਵਾਲੇ ਪਹਿਲੇ ਅਫਰੀਕੀ-ਅਮਰੀਕੀ ਇਤਿਹਾਸਕਾਰ ਲੋਨਿਕ ਬੰਚ ਮੁਤਾਬਕ, ‘‘ਇਹ ਜ਼ਰੂਰੀ ਨਹੀਂ ਕਿ ਲੋਕ ਕੀ ਯਾਦ ਰੱਖਣਾ ਚਾਹੁੰਦੇ ਹਨ, ਜ਼ਰੂਰੀ ਇਹ ਹੈ ਕਿ ਉਨ੍ਹਾਂ ਨੂੰ ਕੀ ਯਾਦ ਰੱਖਣ ਦੀ ਲੋੜ ਹੈ।’’

ਸਰਵਸ੍ਰੇਸ਼ਠ ਇਤਿਹਾਸ ਸਾਨੂੰ ਅਤੀਤ ’ਚ ਕੀਤੀਆਂ ਹੋਈਆਂ ਗਲਤੀਆਂ ਪਛਾਣਨ ਅਤੇ ਮਨੁੱਖੀ ਆਤਮਾ ਦੇ ਹਨੇਰੇ ਨਾਲ ਭਰੇ ਕੋਨਿਆਂ ਦੀ ਪਛਾਣ ਕਰਨ ’ਚ ਮਦਦ ਦਿੰਦਾ ਹੈ, ਜਿਨ੍ਹਾਂ ਵਿਰੁੱਧ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਇਤਿਹਾਸ ਨੂੰ ਸਾਫ-ਸਾਫ ਦੇਖਣ ਨਾਲ ਅਸੀਂ ਪ੍ਰਚਲਿਤ ਮਾਨਤਾਵਾਂ ਤੋਂ ਬਾਹਰ ਨਿਕਲ ਕੇ ਅਸਹਿਜ ਮਹਿਸੂਸ ਕਰ ਸਕਦੇ ਹਾਂ ਪਰ ਇਸ ਦੀ ਓਟ ਲੈ ਕੇ ਅਸੀਂ ਹੋਰ ਅਪਰਾਧ ਕਰਨ ਦਾ ਬਹਾਨਾ ਨਹੀਂ ਬਣਾ ਸਕਦੇ।


Bharat Thapa

Content Editor

Related News