ਹਰਿਆਣਾ ਦਾ ਸੀ. ਆਈ. ਡੀ. ਵਿਭਾਗ ਫ਼ਾਡੀ ਅਤੇ ਯੂ. ਪੀ. ਪੁਲਸ ਕਰਦੀ ਜਬਰੀ ਵਸੂਲੀ
Wednesday, Jan 01, 2020 - 01:22 AM (IST)

ਅਕਸਰ ਆਮ ਲੋਕ ਸਰਕਾਰੀ ਵਿਭਾਗਾਂ ਦੇ ਕੰਮਕਾਜ ’ਤੇ ਅਸੰਤੋਸ਼ ਜ਼ਾਹਿਰ ਕਰਦੇ ਹੀ ਰਹਿੰਦੇ ਹਨ ਪਰ ਹੁਣ ਸਰਕਾਰੀ ਵਿਭਾਗਾਂ ਦਾ ਕੰਮਕਾਜ ਕਿੰਨਾ ਵਿਗੜ ਚੁੱਕਾ ਹੈ, ਇਸ ਦਾ ਸੰਕੇਤ ਹਰਿਆਣਾ ਦੇ ਗ੍ਰਹਿ ਮੰਤਰੀ ਸ਼੍ਰੀ ਅਨਿਲ ਵਿਜ ਵਲੋਂ ਸੂਬੇ ਦੇ ਸੀ. ਆਈ. ਡੀ. ਵਿਭਾਗ ਅਤੇ ਉੱਤਰ ਪ੍ਰਦੇਸ਼ ਦੇ ਭਾਜਪਾ ਸੰਸਦ ਮੈਂਬਰ ਸ਼੍ਰੀ ਕੌਸ਼ਲ ਕਿਸ਼ੋਰ ਵਲੋਂ ਸੂਬੇ ਦੇ ਪੁਲਸ ਵਿਭਾਗ ’ਤੇ ਹਾਲ ਹੀ ਵਿਚ ਕੀਤੀਆਂ ਗਈਆਂ ਟਿੱਪਣੀਆਂ ਤੋਂ ਮਿਲਦਾ ਹੈ।
ਸ਼੍ਰੀ ਅਨਿਲ ਵਿਜ ਨੇ ਹਰਿਆਣਾ ਦੇ ਸੀ. ਆਈ. ਡੀ. ਵਿਭਾਗ ਦੀ ਕਾਰਗੁਜ਼ਾਰੀ ’ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ‘‘ਸੀ. ਆਈ. ਡੀ. ਵਿਭਾਗ ਦੀ ਕਾਰਗੁਜ਼ਾਰੀ ਆਸ ਅਨੁਸਾਰ ਨਹੀਂ ਹੈ।’’
‘‘ਕਈ ਵਾਰ ਅਖ਼ਬਾਰਾਂ ਵਿਚ ਰਿਪੋਰਟ ਪਹਿਲਾਂ ਛਪ ਜਾਂਦੀ ਹੈ ਅਤੇ ਸੀ. ਆਈ. ਡੀ. ਨੂੰ ਬਾਅਦ ਵਿਚ ਪਤਾ ਲੱਗਦਾ ਹੈ, ਲਿਹਾਜ਼ਾ ਇਸ ਵਿਭਾਗ ’ਚ ਸੁਧਾਰ ਦੀ ਗੁੰਜਾਇਸ਼ ਹੈ ਅਤੇ ਮੈਂ ਇਕ ਮਹੀਨੇ ਵਿਚ ਹੀ ਮਹਿਸੂਸ ਕਰ ਲਿਆ ਹੈ ਕਿ ਇਹ ਵਿਭਾਗ ਬਹੁਤ ਹੀ ਫਾਡੀ ਹੈ।’’
ਇਸੇ ਨੂੰ ਦੇਖਦੇ ਹੋਏ ਸ਼੍ਰੀ ਵਿਜ ਨੇ ਗ੍ਰਹਿ ਸਕੱਤਰ ਵਿਜੇ ਵਰਧਨ ਦੀ ਅਗਵਾਈ ਵਿਚ ਸੀ. ਆਈ. ਡੀ. ਦੇ ਕੰਮਕਾਜ ਵਿਚ ਸੁੁਧਾਰ ਬਾਰੇ ਸੁਝਾਅ ਦੇਣ ਲਈ ਇਕ 3 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਗਠਨ ਵੀ ਕੀਤਾ ਹੈ, ਜਿਸ ਵਿਚ 2 ਡੀ. ਜੀ. ਪੀ. ਪੱਧਰ ਦੇ ਅਧਿਕਾਰੀ ਸ਼ਾਮਿਲ ਹਨ। ਇਹ ਕਮੇਟੀ ਸੀ. ਆਈ. ਡੀ. ਵਿਭਾਗ ਵਿਚ ਮੁਕੰਮਲ ਸੁਧਾਰ ਲਈ ਸੁਝਾਅ ਦੇਵੇਗੀ ਅਤੇ ਦੱਸੇਗੀ ਕਿ ਇਸ ਦੀ ਕਾਰਗੁਜ਼ਾਰੀ ਸੁਧਾਰਨ ਲਈ ਤਕਨੀਕ ਦੀ ਕਿਸ ਤਰ੍ਹਾਂ ਵਰਤੋਂ ਕੀਤੀ ਜਾ ਸਕਦੀ ਹੈ।
ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਭਾਜਪਾ ਸੰਸਦ ਮੈਂਬਰ ਕੌਸ਼ਲ ਕਿਸ਼ੋਰ ਆਪਣੇ ਸੂਬੇ ਦੀ ਪੁਲਸ ਦੀ ਕਾਰਗੁਜ਼ਾਰੀ ਤੋਂ ਦੁਖੀ ਹਨ ਅਤੇ ਉਨ੍ਹਾਂ ਨੇ ਸੂਬੇ ਵਿਚ ਬੇਕਾਬੂ ਅਪਰਾਧਾਂ ਲਈ ਉਥੋਂ ਦੀ ਪੁਲਸ ਦੇ ਨਾਂਹ-ਪੱਖੀ ਰਵੱਈਏ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਉਨ੍ਹਾਂ ਦੇ ਅਨੁਸਾਰ, ‘‘ਪੁਲਸ ਦੇ ਨਾਂਹ-ਪੱਖੀ ਰਵੱਈਏ ਕਾਰਣ ਹੀ ਸੂਬੇ ਵਿਚ ਹੱਤਿਆਵਾਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਬੇਰੋਕ-ਟੋਕ ਜਾਰੀ ਹਨ। ਜੇਕਰ ਪੁਲਸ ਜਬਰੀ ਵਸੂਲੀ ਕਰੇਗੀ ਤਾਂ ਫਿਰ ਲੋਕਾਂ ਦੇ ਮਨ ਵਿਚੋਂ ਉਸ ਦਾ ਭੈਅ ਆਪਣੇ ਆਪ ਖਤਮ ਹੋ ਜਾਵੇਗਾ।’’
‘‘ਪੁਲਸ ਵਾਲੇ ਤਾਂ ਜਨ-ਪ੍ਰਤੀਨਿਧੀਆਂ ਦੀ ਵੀ ਨਹੀਂ ਸੁਣਦੇ। ਸੀਤਾਪੁਰ ਜ਼ਿਲੇ ਵਿਚ ਜ਼ਿਆਦਾਤਰ ਐੱਸ. ਐੱਚ. ਓਜ਼ ਵਲੋਂ ਮਨਮਰਜ਼ੀ ਨਾਲ ਕੰਮ ਕਰਨ ਕਰਕੇ ਆਮ ਲੋਕਾਂ ਲਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।’’
ਅਕਸਰ ਵਿਰੋਧੀ ਦਲ ਜਦੋਂ ਸਰਕਾਰੀ ਵਿਭਾਗਾਂ ਦੇ ਕੰਮ ਦੀ ਆਲੋਚਨਾ ਕਰਦੇ ਹਨ ਤਾਂ ਸੱਤਾਧਾਰੀ ਲੋਕ ਇਹ ਕਹਿ ਕੇ ਉਸ ਦੀ ਅਣਡਿੱਠਤਾ ਕਰ ਦਿੰਦੇ ਹਨ ਕਿ ਵਿਰੋਧੀ ਦਲਾਂ ਦਾ ਤਾਂ ਕੰਮ ਹੀ ਆਲੋਚਨਾ ਕਰਨਾ ਹੈ ਪਰ ਜਦੋਂ ਸੱਤਾ ਅਦਾਰੇ ਨਾਲ ਜੁੜੇ ਲੋਕ ਹੀ ਆਪਣੇ ਕਿਸੇ ਵਿਭਾਗ ਦੀ ਆਲੋਚਨਾ ਕਰਨ ਤਾਂ ਇਸ ਵਿਚ ਸ਼ੱਕ ਨਹੀਂ ਰਹਿ ਜਾਂਦਾ ਕਿ ਸੱਚਮੁਚ ਸਥਿਤੀ ’ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ।
–ਵਿਜੇ ਕੁਮਾਰ