ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਚੋਣਾਂ ਵਿਚ ''ਆਯਾ ਰਾਮ-ਗਯਾ ਰਾਮ''–ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ

10/26/2019 1:25:53 AM

ਚੜ੍ਹਦੇ ਸੂਰਜ ਨੂੰ ਸਲਾਮ ਕਰਨ ਦੇ ਪੁਰਾਣੇ ਦਸਤੂਰ ਮੁਤਾਬਿਕ ਸਾਡੇ ਨੇਤਾਵਾਂ 'ਚ ਪਿਛਲੇ ਕੁਝ ਸਮੇਂ ਤੋਂ ਆਪਣੀਆਂ ਮੂਲ ਪਾਰਟੀਆਂ ਛੱਡ ਕੇ ਸੱਤਾ ਦੇ ਲਾਲਚ 'ਚ ਦੂਜੀਆਂ ਪਾਰਟੀਆਂ ਵਿਚ ਜਾਣ ਦਾ ਰੁਝਾਨ ਵਧ ਗਿਆ ਹੈ।
ਇਸੇ ਮੁਤਾਬਿਕ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਹੁਣੇ-ਹੁਣੇ ਹੋਈਆਂ ਚੋਣਾਂ ਤੋਂ ਪਹਿਲਾਂ ਵੱਡੀ ਗਿਣਤੀ 'ਚ ਵੱਖ-ਵੱਖ ਨੇਤਾਵਾਂ ਨੇ ਦਲ-ਬਦਲੀ ਦੀ ਖੇਡ ਖੇਡੀ ਪਰ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਸਿੱਧ ਕਰ ਦਿੱਤਾ ਹੈ ਕਿ ਅੱਜ ਦੇਸ਼ ਦੇ ਵੋਟਰ ਜਾਗਰੂਕ ਹੋ ਚੁੱਕੇ ਹਨ ਅਤੇ ਸਿਰਫ ਸੁਆਰਥਾਂ ਦੀ ਪੂਰਤੀ ਲਈ ਆਪਣੀ ਮੂਲ ਪਾਰਟੀ ਛੱਡ ਕੇ ਦੂਜੀ ਪਾਰਟੀ ਦਾ ਪੱਲਾ ਫੜਨ ਵਾਲੇ ਦਲ-ਬਦਲੂਆਂ ਨੂੰ ਉਹ ਸਵੀਕਾਰ ਨਹੀਂ ਕਰਦੇ।
ਇਸੇ ਕਾਰਣ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਆਪਣੀਆਂ ਮੂਲ ਪਾਰਟੀਆਂ ਛੱਡ ਕੇ ਭਾਜਪਾ, ਕਾਂਗਰਸ ਅਤੇ ਜਜਪਾ ਵਿਚ ਸ਼ਾਮਿਲ ਹੋ ਕੇ ਚੋਣਾਂ ਲੜਨ ਵਾਲੇ ਇਕ ਦਰਜਨ ਤੋਂ ਜ਼ਿਆਦਾ ਮੰਨੇ-ਪ੍ਰਮੰਨੇ ਆਗੂ ਹਾਰ ਗਏ।
ਹੋਰਨਾਂ ਸਿਆਸੀ ਪਾਰਟੀਆਂ ਤੋਂ ਭਾਜਪਾ ਵਿਚ ਸ਼ਾਮਿਲ ਹੋ ਕੇ ਟਿਕਟ ਹਾਸਿਲ ਕਰਨ 'ਚ ਸਫਲ ਹੋਏ ਕਈ ਉਮੀਦਵਾਰ ਹਾਰ ਗਏ। ਇਨੈਲੋ ਦੇ 10 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਿਧਾਇਕ ਨੇ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਦਾ ਪੱਲਾ ਫੜਿਆ ਸੀ।
ਹਾਰਨ ਵਾਲੇ ਉਮੀਦਵਾਰਾਂ 'ਚ ਇਨੈਲੋ ਤੋਂ ਭਾਜਪਾ ਵਿਚ ਆਏ ਵਿਧਾਇਕ ਰਾਮਚੰਦਰ ਕੰਬੋਜ (ਰਾਨੀਆਂ), ਸਤੀਸ਼ ਨਾਂਦਲ (ਗੜ੍ਹੀ ਸਾਂਪਲਾ ਕਿਲੋਈ), ਪਰਮਿੰਦਰ ਢੁਲ (ਜੁਲਾਨਾ), ਜ਼ਾਕਿਰ ਹੁਸੈਨ (ਨੂਹ), ਨਾਗੇਂਦਰ ਭੜਾਨਾ (ਫ਼ਰੀਦਾਬਾਦ), ਨਸੀਮ ਅਹਿਮਦ (ਫਿਰੋਜ਼ਪੁਰ ਝਿਰਕਾ), ਰਾਜਬੀਰ ਬਰਾੜਾ (ਮੁਲਾਨਾ), ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ 'ਚ ਆਏ ਬਲਕੌਰ ਸਿੰਘ (ਕਾਲਾਂਵਾਲੀ), ਇਨੈਲੋ ਤੋਂ ਕਾਂਗਰਸ 'ਚ ਆਏ ਸਾਬਕਾ ਮੰਤਰੀ ਅਸ਼ੋਕ ਅਰੋੜਾ (ਥਾਨੇਸਰ), ਜਸਬੀਰ ਮਲੌਰ (ਅੰਬਾਲਾ), ਬਸਪਾ ਤੋਂ ਕਾਂਗਰਸ 'ਚ ਆਏ ਅਕਰਮ ਖਾਨ (ਜਗਾਧਰੀ), ਆਜ਼ਾਦ ਤੋਂ ਕਾਂਗਰਸੀ ਬਣੇ ਜੈਪ੍ਰਕਾਸ਼ (ਕਲਾਇਤ), ਕਾਂਗਰਸ ਛੱਡ ਕੇ ਜਜਪਾ 'ਚ ਆਏ ਸਾਬਕਾ ਮੰਤਰੀ ਸਤਪਾਲ ਸਾਂਗਵਾਨ (ਦਾਦਰੀ), ਕਾਂਗਰਸ ਤੋਂ ਭਾਜਪਾ 'ਚ ਆਏ ਬਚਨ ਸਿੰਘ ਆਰੀਆ (ਸਫੀਦੋਂ) ਆਦਿ ਸ਼ਾਮਿਲ ਹਨ।
ਸਮੁੱਚੇ ਦੇਸ਼ ਵਿਚ ਕੁਝ ਹੀ ਸਮਾਂ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ 'ਚ ਮੋਦੀ ਲਹਿਰ ਨੂੰ ਦੇਖਦਿਆਂ ਮਹਾਰਾਸ਼ਟਰ ਵਿਚ ਵੀ ਕਾਂਗਰਸ ਅਤੇ ਰਾਕਾਂਪਾ ਦੇ ਲੱਗਭਗ 35 ਮੈਂਬਰ ਸੱਤਾਧਾਰੀ ਭਾਜਪਾ ਜਾਂ ਸ਼ਿਵ ਸੈਨਾ ਵਿਚ ਸ਼ਾਮਿਲ ਹੋ ਗਏ ਸਨ, ਜਿਨ੍ਹਾਂ 'ਚੋਂ 19 ਦਲ-ਬਦਲੂਆਂ ਦੀ ਹਾਰ ਹੋਣ ਕਾਰਣ ਉਨ੍ਹਾਂ ਦਾ ਸਿਆਸੀ ਕੈਰੀਅਰ ਦਾਅ 'ਤੇ ਲੱਗ ਗਿਆ ਹੈ।
ਹਾਰੇ ਹੋਏ ਦਲ-ਬਦਲੂਆਂ 'ਚ ਚੋਣਾਂ ਤੋਂ ਠੀਕ ਪਹਿਲਾਂ ਰਾਕਾਂਪਾ ਛੱਡ ਕੇ ਸ਼ਿਵ ਸੈਨਾ ਦੀ ਟਿਕਟ 'ਤੇ ਬੀੜ ਤੋਂ ਚੋਣ ਲੜਨ ਵਾਲੇ ਕੈਬਨਿਟ ਮੰਤਰੀ ਜੈਦੱਤ ਕਸ਼ੀਰਸਾਗਰ, ਰਾਕਾਂਪਾ ਤੋਂ ਭਾਜਪਾ ਵਿਚ ਸ਼ਾਮਿਲ ਹੋਏ ਸਾਬਕਾ ਮੰਤਰੀ ਮਧੁਕਰ ਪਿਛੜ ਦਾ ਬੇਟਾ ਵੈਭਵ ਪਿਛੜ (ਆਕੋਲੇ), ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣ ਵਾਲੇ ਸਾਬਕਾ ਕੈਬਨਿਟ ਮੰਤਰੀ ਹਰਸ਼ਵਰਧਨ ਪਾਟਿਲ ਇੰਦਾਪੁਰ ਤੋਂ ਅਤੇ 'ਵੰਚਿਤ ਬਹੁਜਨ ਆਘਾੜੀ' ਤੋਂ ਭਾਜਪਾ ਵਿਚ ਆਏ ਗੋਪੀਚੰਦ ਪਡਲਕਰ ਵੀ ਸ਼ਾਮਿਲ ਹਨ, ਜੋ ਬਾਰਾਮਤੀ 'ਚ ਜ਼ਮਾਨਤ ਜ਼ਬਤ ਕਰਵਾ ਬੈਠੇ ਹਨ।
ਚੋਣਾਂ ਤੋਂ ਠੀਕ ਪਹਿਲਾਂ ਰਾਕਾਂਪਾ ਛੱਡ ਕੇ ਸਾਬਕਾ ਵਿਧਾਇਕ ਪਾਂਡੂਰੰਗ ਬਰੋੜਾ ਅਤੇ ਕਾਂਗਰਸ ਛੱਡ ਕੇ ਸਾਬਕਾ ਵਿਧਾਇਕ ਨਿਰਮਲਾ ਗਾਵਿਤ ਨੇ ਸ਼ਿਵ ਸੈਨਾ ਦਾ ਪੱਲਾ ਫੜ ਲਿਆ ਸੀ ਪਰ ਇਨ੍ਹਾਂ ਦੋਹਾਂ ਨੂੰ ਹੀ ਕ੍ਰਮਵਾਰ ਸ਼ਾਹਪੁਰ ਅਤੇ ਇਗਤਪੁਰੀ 'ਚ ਮੂੰਹ ਦੀ ਖਾਣੀ ਪਈ। ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਵਿਧਾਇਕ ਗੋਪਾਲ ਦਾਸ ਅਗਰਵਾਲ ਆਪਣੀ ਗੋਂਦੀਆ ਸੀਟ ਬਚਾਉਣ 'ਚ ਨਾਕਾਮ ਰਹੇ।
ਸਭ ਤੋਂ ਦਿਲਚਸਪ ਮਾਮਲਾ ਤਾਂ ਪਹਿਲੀ ਵਾਰ ਕਾਂਗਰਸ ਦੀ ਟਿਕਟ 'ਤੇ ਗੁਜਰਾਤ ਦੇ ਰਾਧਨਪੁਰ ਤੋਂ ਚੋਣ ਜਿੱਤਣ ਵਾਲੇ ਓ. ਬੀ. ਸੀ. ਨੇਤਾ ਅਲਪੇਸ਼ ਠਾਕੋਰ ਦਾ ਰਿਹਾ। ਉਨ੍ਹਾਂ ਨੇ ਇਸ ਵਾਰ ਕਾਂਗਰਸ ਛੱਡ ਕੇ ਭਾਜਪਾ ਦੀ ਟਿਕਟ 'ਤੇ ਰਾਧਨਪੁਰ ਤੋਂ ਚੋਣ ਲੜੀ ਅਤੇ ਹਾਰ ਗਏ।
ਮਹਾਰਾਸ਼ਟਰ 'ਚ ਸਤਾਰਾ ਲੋਕ ਸਭਾ ਸੀਟ 'ਤੇ ਰਾਕਾਂਪਾ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਿਲ ਹੋਏ ਸ਼ਿਵਾਜੀ ਮਹਾਰਾਜ ਦੇ ਜਾਨਸ਼ੀਨ ਉਦਯਨ ਰਾਜੇ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ। ਅਲਪੇਸ਼ ਠਾਕੋਰ ਅਤੇ ਉਦਯਨ ਰਾਜੇ 'ਚ ਇਕ ਸਮਾਨਤਾ ਇਹ ਹੈ ਕਿ ਦੋਹਾਂ ਨੂੰ ਉਨ੍ਹਾਂ ਦੀ ਪੁਰਾਣੀ ਪਾਰਟੀ ਦੇ ਉਮੀਦਵਾਰਾਂ ਨੇ ਹਰਾਇਆ।
ਸਪੱਸ਼ਟ ਹੈ ਕਿ ਮੂਲ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਜਾਣ ਵਾਲਿਆਂ ਨੂੰ ਨਾ ਵੋਟਰ ਅਤੇ ਨਾ ਹੀ ਦੂਜੀ ਪਾਰਟੀ ਦੇ ਵਰਕਰ ਆਦਿ ਦਿਲੋਂ ਸਵੀਕਾਰ ਕਰਦੇ ਹਨ ਅਤੇ ਉਨ੍ਹਾਂ ਦਾ ਹਸ਼ਰ 'ਨਾ ਇਧਰ ਕੇ ਰਹੇ, ਨਾ ਉਧਰ ਕੇ ਰਹੇ' ਵਾਲਾ ਹੀ ਹੁੰਦਾ ਹੈ।
ਇਸ ਲਈ ਆਦਮੀ ਨੇ ਜਿਸ ਪਾਰਟੀ 'ਚ ਰਹਿ ਕੇ ਆਪਣੀ ਥਾਂ ਬਣਾਈ ਹੋਵੇ, ਉਸ ਨੂੰ ਉਹ ਪਾਰਟੀ ਛੱਡਣ ਦੀ ਬਜਾਏ ਉਸੇ ਵਿਚ ਰਹਿ ਕੇ ਸੰਘਰਸ਼ ਕਰਨਾ ਚਾਹੀਦਾ ਹੈ ਤਾਂ ਕਿ ਵੋਟਰਾਂ ਵਿਚ ਉਸ ਦਾ ਭਰੋਸਾ ਅਤੇ ਵੱਕਾਰ ਬਣਿਆ ਰਹੇ, ਨਹੀਂ ਤਾਂ ਜ਼ਿਆਦਾਤਰ ਮਾਮਲਿਆਂ 'ਚ ਦਲ-ਬਦਲੂਆਂ ਦਾ ਹਾਲ ਬਕੌਲ ਸ਼ਾਇਰ ਕੁਝ ਅਜਿਹਾ ਹੀ ਹੁੰਦਾ ਹੈ :

'ਬੜੇ ਬੇਆਬਰੂ ਹੋਕਰ ਤੇਰੇ ਕੂਚੇ ਸੇ ਹਮ ਨਿਕਲੇ'।

                                                                                                        —ਵਿਜੇ ਕੁਮਾਰ


KamalJeet Singh

Content Editor

Related News