ਬਹੁਤ ''ਦਿਲਚਸਪੀ'' ਭਰੀਆਂ ਹਨ ਹਰਿਆਣਾ ਦੀਆਂ ਚੋਣਾਂ!

10/19/2019 12:57:05 AM

ਮਤਦਾਨ ਦਾ ਸਮਾਂ ਨੇੜੇ ਆਉਣ ਦੇ ਨਾਲ ਹੀ ਹਰਿਆਣਾ 'ਚ ਚੋਣ ਬੁਖਾਰ ਸਿਖਰਾਂ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਹਾਰ-ਜਿੱਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਤਕ ਸਾਰੇ ਓਪੀਨੀਅਨ ਪੋਲ ਭਾਜਪਾ ਦੇ ਪੱਖ ਵਿਚ ਹੀ ਗਏ ਹਨ। ਬੇਸ਼ੱਕ ਪਹਿਲਾਂ ਮੁਕਾਬਲਾ ਇਕਤਰਫਾ ਹੀ ਦਿਖਾਈ ਦਿੰਦਾ ਸੀ ਪਰ ਚੋਣਾਂ ਦੇ ਨੇੜੇ ਆਉਣ ਦੇ ਨਾਲ ਹੀ ਸਾਰੇ ਵਰਗਾਂ ਵਲੋਂ ਸਰਗਰਮ ਰੁਚੀ ਲੈਣ ਨਾਲ ਇਸ ਦੀ 'ਦਿਲਚਸਪੀ' ਵਧ ਗਈ ਹੈ।
2014 ਦੇ ਉਲਟ ਇਸ ਵਾਰ ਆਦਰਸ਼ ਚੋਣ ਜ਼ਾਬਤਾ ਜਾਰੀ ਹੁੰਦਿਆਂ ਹੀ ਸਿਆਸੀ ਦਲਾਂ ਉੱਤੇ 'ਡਿਫੇਸਮੈਂਟ ਆਫ ਪ੍ਰਾਪਰਟੀ ਐਕਟ' ਲਾਗੂ ਕਰ ਦੇਣ ਨਾਲ ਸੂਬੇ ਦੇ ਜ਼ਿਆਦਾਤਰ ਸਥਾਨਾਂ 'ਤੇ ਨਾ ਹੀ ਉਮੀਦਵਾਰਾਂ ਨੇ ਆਪਣੀ ਪਬਲੀਸਿਟੀ ਲਈ ਕੰਧਾਂ 'ਤੇ ਲਿਖਵਾਇਆ ਅਤੇ ਨਾ ਹੀ ਜ਼ਿਆਦਾ ਹੋਰਡਿੰਗ ਅਤੇ ਝੰਡੇ ਆਦਿ ਲਾਏ।
ਇਸ ਦੌਰਾਨ 'ਜਨ ਨਾਇਕ ਜਨਤਾ ਪਾਰਟੀ' (ਜਜਪਾ) ਅਤੇ ਕਾਂਗਰਸ ਦੀ ਸਥਿਤੀ 'ਚ ਸੁਧਾਰ ਹੋਇਆ ਹੈ ਪਰ ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਡਾ. ਅਸ਼ੋਕ ਤੰਵਰ ਕਾਂਗਰਸ ਨੂੰ ਕਿੰਨਾ ਨੁਕਸਾਨ ਹੁੰਚਾਉਣਗੇ, ਇਹ ਤਾਂ ਚੋਣ ਨਤੀਜੇ ਹੀ ਦੱਸਣਗੇ। ਸਭ ਤੋਂ ਵੱਡਾ ਧੱਕਾ ਖਿੰਡਾਅ ਦੀ ਸ਼ਿਕਾਰ 'ਇਨੈਲੋ' ਨੂੰ ਲੱਗਾ ਹੈ ਅਤੇ ਅੰਤਿਮ ਪੜਾਅ ਵਿਚ ਇਸ ਦੇ ਕਈ ਉਮੀਦਵਾਰ ਮੈਦਾਨ ਛੱਡ ਗਏ।
ਇਨ੍ਹਾਂ ਚੋਣਾਂ ਵਿਚ 'ਜਜਪਾ' ਉੱਭਰ ਕੇ ਆਈ ਹੈ। ਅਜੈ ਸਿੰਘ ਚੌਟਾਲਾ ਦੇ ਜੇਲ 'ਚ ਹੋਣ ਦੇ ਬਾਵਜੂਦ ਉਨ੍ਹਾਂ ਦੇ ਪੁੱਤਰ ਦੁਸ਼ਯੰਤ ਚੌਟਾਲਾ ਨੇ ਚੋਣਾਂ ਨੂੰ ਕਾਫੀ ਦਿਲਚਸਪ ਅਤੇ ਸੰਘਰਸ਼ਪੂਰਨ ਬਣਾਇਆ ਹੋਇਆ ਹੈ। ਕੁਝ ਚੋਣ ਖੇਤਰਾਂ ਵਿਚ ਮੁੱਖ ਵਿਰੋਧੀ ਦਲਾਂ ਭਾਜਪਾ ਅਤੇ ਕਾਂਗਰਸ ਲਈ ਬਾਗ਼ੀ ਉਮੀਦਵਾਰ ਸਿਰਦਰਦੀ ਦਾ ਕਾਰਣ ਬਣ ਰਹੇ ਹਨ। ਕੁਝ ਚੋਣ ਖੇਤਰਾਂ 'ਚ ਬਸਪਾ ਵੀ ਇਨ੍ਹਾਂ ਨੂੰ ਸਖਤ ਚੁਣੌਤੀ ਦੇ ਰਹੀ ਹੈ।
ਇਨ੍ਹਾਂ ਚੋਣਾਂ 'ਚ ਅੰਤਿਮ ਸਮੇਂ ਤਕ ਉਲਟਫੇਰ ਹੋ ਰਹੇ ਹਨ। ਜਿੱਥੇ ਸਾਬਕਾ ਮੰਤਰੀ ਕਰਤਾਰ ਭਡਾਨਾ (ਰਾਲੋਦ) ਅਧਿਕਾਰਤ ਤੌਰ 'ਤੇ 18 ਅਕਤੂਬਰ ਨੂੰ ਭਾਜਪਾ ਵਿਚ ਸ਼ਾਮਿਲ ਹੋ ਗਏ, ਉਥੇ ਹੀ ਸੋਨੀਪਤ ਦੀ ਰਾਈ ਸੀਟ 'ਤੇ 'ਇਨੈਲੋ' ਉਮੀਦਵਾਰ ਇੰਦਰਜੀਤ ਸਿੰਘ ਦਹੀਆ ਚੋਣਾਂ ਤੋਂ ਹਟ ਕੇ ਕਾਂਗਰਸ ਦੇ ਜੈਤੀਰਥ ਦਹੀਆ ਦੇ ਸਮਰਥਨ ਵਿਚ ਆ ਗਏ ਹਨ। ਰਾਦੌਰ ਵਿਚ 'ਬਸਪਾ' ਨੇਤਾ ਚੌਧਰੀ ਰਣਧੀਰ ਸਿੰਘ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਹੈ।
ਇਕ ਉਲਟਫੇਰ ਇਹ ਵੀ ਹੋਇਆ ਕਿ ਸੋਨੀਆ ਗਾਂਧੀ ਦੀ 18 ਅਕਤੂਬਰ ਨੂੰ ਮਹੇਂਦਰਗੜ੍ਹ ਵਿਚ ਹੋਣ ਵਾਲੀ ਰੈਲੀ ਰੱਦ ਹੋ ਗਈ ਅਤੇ ਉਨ੍ਹਾਂ ਦੀ ਜਗ੍ਹਾ ਰਾਹੁਲ ਗਾਂਧੀ ਨੇ ਜਨਸਭਾ ਨੂੰ ਸੰਬੋਧਨ ਕੀਤਾ। 
ਤੋਸ਼ਾਮ ਵਿਚ ਕਾਂਗਰਸ ਦੀ ਕਿਰਨ ਚੌਧਰੀ ਵਿਰੁੱਧ ਚੋਣ ਲੜ ਰਹੇ ਭਾਜਪਾ ਉਮੀਦਵਾਰ ਸ਼ਸ਼ੀਰੰਜਨ ਪਰਮਾਰ ਨੂੰ ਦਿਲ ਦਾ ਦੌਰਾ ਪੈ ਜਾਣ ਕਾਰਣ ਸਟੰਟ ਪਾਉਣਾ ਪਿਆ, ਜਿਸ ਕਾਰਣ ਉਹ ਐਂਬੂਲੈਂਸ ਰਾਹੀਂ ਹੀ ਆਪਣਾ ਪ੍ਰਚਾਰ ਕਰ ਰਹੇ ਹਨ।
ਭਾਜਪਾ ਕੇਂਦਰ ਸਰਕਾਰ ਵਲੋਂ ਧਾਰਾ-370 ਖਤਮ ਕਰਨ, ਰਾਫੇਲ ਡੀਲ, ਬਾਲਾਕੋਟ ਏਅਰ ਸਟ੍ਰਾਈਕ ਆਦਿ ਉਪਲੱਬਧੀਆਂ ਭੁਨਾਉਣ ਦੀ ਕੋਸ਼ਿਸ਼ ਵਿਚ ਹੈ ਅਤੇ ਇਨ੍ਹਾਂ ਚੋਣਾਂ 'ਚ ਵਿਰੋਧੀ ਦਲ ਇਕ-ਦੂਜੇ ਵਿਰੁੱਧ ਦੋਸ਼ਾਂ ਦੇ ਖੂਬ ਤੀਰ ਛੱਡ ਰਹੇ ਹਨ।
ਗੋਹਾਨਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ''ਧਾਰਾ-370 ਦੇ ਹਟਣ ਨਾਲ ਕਾਂਗਰਸ ਦੇ ਪੇਟ 'ਚ ਦਰਦ ਹੋ ਗਿਆ ਹੈ।'' ਕੁਰੂਕਸ਼ੇਤਰ 'ਚ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਾਬਕਾ ਕਾਂਗਰਸ ਸਰਕਾਰ 'ਤੇ ਇਕ ਪ੍ਰਾਪਰਟੀ ਡੀਲਰ ਵਾਂਗ ਕੰਮ ਕਰਨ ਅਤੇ ਕਿਸਾਨਾਂ ਤੋਂ ਸਸਤੀਆਂ ਦਰਾਂ 'ਤੇ ਜ਼ਮੀਨ ਖਰੀਦਣ ਦਾ ਦੋਸ਼ ਲਾਇਆ।
ਸੰਨੀ ਦਿਓਲ ਨੇ ਨਾਰਨੌਂਦ ਦੇ 'ਲੌਹਾਰੀ ਰਾਗੋ' ਪਿੰਡ 'ਚ ਕੈਪਟਨ ਅਭਿਮਨਿਊ ਦੀ ਚੋਣ ਸਭਾ 'ਚ ਕਿਹਾ, ''ਤਾਰੀਖ ਪੇ ਤਾਰੀਖ, ਤਾਰੀਖ ਪੇ ਤਾਰੀਖ, ਪਰ 21 ਤਰੀਕ ਨੂੰ ਯਾਦ ਰੱਖਣਾ, ਕਮਲ ਦੇ ਫੁੱਲ ਨੂੰ ਯਾਦ ਰੱਖਣਾ'' ਇਸ ਤੋਂ ਬਾਅਦ ਉਹ ਬੋਲੇ, ''ਇਹ ਢਾਈ ਕਿਲੋ ਦਾ ਹੱਥ ਅੱਜ ਤੁਹਾਡੇ ਕੋਲੋਂ ਵੋਟਾਂ ਮੰਗਣ ਆਇਆ ਹੈ।''
ਕੈਥਲ ਤੋਂ ਕਾਂਗਰਸ ਦੇ ਉਮੀਦਵਾਰ ਰਣਦੀਪ ਸਿੰਘ ਸੂਰਜੇਵਾਲਾ ਨੇ ਇਕ ਸਭਾ 'ਚ ਕਿਹਾ, ''ਮੋਟਰ ਵ੍ਹੀਕਲ ਕਾਨੂੰਨ ਦੇ ਨਾਂ 'ਤੇ ਤੁਗਲਕੀ ਫਰਮਾਨ ਜਾਰੀ ਕਰ ਕੇ ਭਾਜਪਾ ਲੋਕਾਂ ਤੋਂ ਜਬਰੀ ਵਸੂਲੀ ਕਰ ਰਹੀ ਹੈ।''
ਉਨ੍ਹਾਂ ਨੇ ਇਹ ਦੋਸ਼ ਵੀ ਲਾਇਆ ਕਿ ''ਮੁੱਖ ਮੰਤਰੀ ਮਨੋਹਰ ਲਾਲ ਖੱਟੜ ਪੰਜ ਸਾਲਾਂ 'ਚ 69 ਵਾਰ ਕੈਥਲ ਆਏ ਪਰ ਉਨ੍ਹਾਂ ਨੇ ਇਸ ਖੇਤਰ ਦੇ ਵਿਕਾਸ ਲਈ ਕੁਝ ਨਹੀਂ ਕੀਤਾ।''
'ਜਜਪਾ' ਨੇਤਾ ਦਿੱਗਵਿਜੇ ਸਿੰਘ ਚੌਟਾਲਾ ਬੋਲੇ, ''ਭਾਜਪਾ ਸਰਕਾਰੀ ਨੌਕਰੀਆਂ 'ਚ ਹਰਿਆਣਾ ਦੀ ਅਣਡਿੱਠਤਾ ਅਤੇ ਗੁਜਰਾਤੀਆਂ ਨੂੰ ਪਹਿਲ ਦੇ ਰਹੀ ਹੈ।''
ਇਨ੍ਹਾਂ ਚੋਣਾਂ 'ਚ ਹਰਿਆਣਾ 'ਚ 9 ਸਾਲਾਂ ਤੋਂ ਵੱਧ ਸਮੇਂ ਤਕ ਮੁੱਖ ਮੰਤਰੀ ਰਹੇ ਭੁਪਿੰਦਰ ਸਿੰਘ ਹੁੱਡਾ (ਕਾਂਗਰਸ) ਦੀ ਸਾਖ ਵੀ ਦਾਅ 'ਤੇ ਲੱਗੀ ਹੋਈ ਹੈ, ਜੋ ਇਨ੍ਹਾਂ ਚੋਣਾਂ 'ਚ ਵੀ ਕਾਂਗਰਸ ਦੀ ਜਿੱਤ ਦਾ ਦਾਅਵਾ ਕਰ ਰਹੇ ਹਨ ਅਤੇ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਦੇ ਰੂਪ 'ਚ ਰੋਹਤਕ ਜ਼ਿਲੇ ਦੀ 'ਗੜ੍ਹੀ ਸਾਂਪਲਾ ਕਿਲੋਈ' ਸੀਟ ਤੋਂ ਚੋਣ ਲੜ ਰਹੇ ਹਨ।
ਜਿਥੇ ਹੁੱਡਾ ਨੇ ਆਪਣੇ ਸਮਰਥਕਾਂ ਨੂੰ 'ਵੋਟ ਕਾਟੂਆਂ' ਤੋਂ ਸਾਵਧਾਨ ਰਹਿਣ ਲਈ ਕਿਹਾ ਹੈ, ਉਥੇ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ 'ਗੜ੍ਹੀ ਸਾਂਪਲਾ ਕਿਲੋਈ' ਵਿਚ ਇਕ ਚੋਣ ਸਭਾ 'ਚ ਬੋਲਦੇ ਹੋਏ ਕਿਹਾ, ''ਹੁੱਡਾ ਭ੍ਰਿਸ਼ਟਾਚਾਰ ਦਾ ਸਬੱਬ ਹਨ ਅਤੇ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਕਿਹਾ ਕਰਦੇ ਸਨ ਕਿ 'ਖੂਬ ਖੇਡਾਂਗਾ ਰਾਜਨੀਤੀ ਦੀ ਖੇਡ ਕਿਉਂਕਿ ਮੇਰੀ ਜੇਬ 'ਚ ਹੈ ਅਹਿਮਦ ਪਟੇਲ।' ਅਤੇ ਉਸ ਤੋਂ ਬਾਅਦ ਉਹ ਬੋਲੇ 'ਹੁਣ ਨਹੀਂ ਚੱਲੇਗੀ ਕੋਈ ਖੇਡ', ਤੁਹਾਡਾ ਇੰਤਜ਼ਾਰ ਕਰ ਰਹੀ ਹੈ ਜੇਲ।''
ਹਰਿਆਣਾ ਦੇ ਚੋਣ ਰੰਗਮੰਚ 'ਤੇ ਕੁਝ ਅਜਿਹੇ ਦ੍ਰਿਸ਼ ਵੀ ਦੇਖਣ ਨੂੰ ਮਿਲੇ ਹਨ। ਆਉਣ ਵਾਲੇ ਕੁਝ ਦਿਨਾਂ 'ਚ ਸੂਬੇ ਦਾ ਸਿਆਸੀ ਦ੍ਰਿਸ਼ ਕੀ ਕਰਵਟ ਲੈਂਦਾ ਹੈ, ਇਹ ਦੇਖਣਾ ਦਿਲਚਸਪ ਹੋਵੇਗਾ।

                                                                                                                —ਵਿਜੇ ਕੁਮਾਰ


KamalJeet Singh

Content Editor

Related News