ਵਾਹਨ ਚਾਲਕਾਂ ਨੂੰ ਨਿਯਮ ਤੋੜਨ ’ਤੇ ਜੁਰਮਾਨੇ ’ਚ ਰਾਹਤ ਦੇਣ ਦੀ ਗੁਜਰਾਤ ਸਰਕਾਰ ਦੀ ਚੰਗੀ ਪਹਿਲ

09/12/2019 2:17:20 AM

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਣ ਹੋਣ ਵਾਲੇ ਸੜਕ ਹਾਦਸੇ ਰੋਕਣ ਲਈ ਕੇਂਦਰ ਸਰਕਾਰ ਦਾ ਨਵਾਂ ‘ਮੋਟਰ ਵ੍ਹੀਕਲ ਕਾਨੂੰਨ-2019’ 1 ਸਤੰਬਰ ਨੂੰ ਦੇਸ਼ ਦੇ ਜ਼ਿਆਦਾਤਰ ਸੂਬਿਆਂ ’ਚ ਲਾਗੂ ਹੁੰਦਿਆਂ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਰੱਖੀ ਗਈ ਜੁਰਮਾਨੇ ਦੀ ਜ਼ਿਆਦਾ ਰਕਮ ਕਾਰਣ ਵਾਹਨ ਚਾਲਕਾਂ ’ਚ ਭਾਰੀ ਰੋਸ ਫੈਲ ਗਿਆ।

ਕੁਝ ਸੂਬੇ ਇਸ ਨੂੰ ਸਹੀ ਤਾਂ ਕੁਝ ਗਲਤ ਮੰਨ ਰਹੇ ਹਨ। ਇਸੇ ਦੇ ਮੱਦੇਨਜ਼ਰ ਕਾਨੂੰਨ ’ਚ ਸੋਧ ਕੀਤੇ ਬਿਨਾਂ ਹੀ ਭਾਜਪਾ ਦੇ ਸ਼ਾਸਨ ਵਾਲੀ ਗੁਜਰਾਤ ਸਰਕਾਰ ਨੇ 17 ਪ੍ਰਕਾਰ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਜੁਰਮਾਨੇ ਦੀ ਰਕਮ ਅੱਧੀ ਕਰ ਦਿੱਤੀ ਹੈ।

ਹਾਲਾਂਕਿ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਨੁਸਾਰ ਕੋਈ ਵੀ ਸੂਬਾ ਇਸ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦਾ ਪਰ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਦਾ ਕਹਿਣਾ ਹੈ ਕਿ ‘‘ਅਸੀਂ ਮੋਟਰ ਵ੍ਹੀਕਲ ਕਾਨੂੰਨ ਦੀ ਧਾਰਾ 200 ਦੇ ਤਹਿਤ ਆਪਣੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ।’’

ਦੂਜੇ ਪਾਸੇ ਬਿਹਾਰ ’ਚ ਮੋਤੀਹਾਰੀ ਦੀ ਪੁਲਸ ਹੈਲਮੇਟ ਜਾਂ ਬੀਮਾ ਰੀਨਿਊ ਕਰਵਾਏ ਬਿਨਾਂ ਚੱਲਣ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਜੁਰਮਾਨਾ ਕਰਨ ਦੀ ਬਜਾਏ ਉਨ੍ਹਾਂ ਨੂੰ ਗਾਂਧੀਗਿਰੀ ਨਾਲ ਸੁਧਰਨ ਦਾ ਮੌਕਾ ਦੇ ਰਹੀ ਹੈ।

ਸ਼ਹਿਰ ਦੀ ਪੁਲਸ ਨੇ ਵੱਖ-ਵੱਖ ਜਾਂਚ ਚੌਕੀਆਂ ’ਤੇ ਹੈਲਮੇਟ ਵਪਾਰੀਆਂ ਅਤੇ ਵਾਹਨ ਬੀਮਾ ਏਜੰਟਾਂ ਦੇ ਸਟਾਲ ਲਗਵਾ ਦਿੱਤੇ ਹਨ ਤਾਂ ਕਿ ਉਕਤ ਦੋਹਾਂ ਲੋੜਾਂ ਨੂੰ ਪੂਰਾ ਨਾ ਕਰਨ ਵਾਲੇ ਮੋਟਰਸਾਈਕਲ ਸਵਾਰ ਮੌਕੇ ’ਤੇ ਹੀ ਹੈਲਮੇਟ ਖਰੀਦ ਸਕਣ ਅਤੇ ਬੀਮੇ ਦਾ ਨਵੀਨੀਕਰਨ ਵੀ ਕਰਵਾ ਸਕਣ।

ਅਸੀਂ ਸਮਝਦੇ ਹਾਂ ਕਿ ਇਨ੍ਹਾਂ ਕਦਮਾਂ ਨਾਲ ਜੁਰਮਾਨੇ ’ਚ ਵਾਧੇ ਤੋਂ ਪ੍ਰੇਸ਼ਾਨ ਵਾਹਨ ਚਾਲਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ, ਇਸ ਲਈ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਇਸੇ ਦਰਮਿਆਨ ਬੰਗਾਲ ਸਰਕਾਰ ਵਲੋਂ ਵੀ ਨਵੇਂ ਟ੍ਰੈਫਿਕ ਨਿਯਮ ਸੂਬੇ ’ਚ ਲਾਗੂ ਨਾ ਕਰਨ ਦਾ ਫੈਸਲਾ ਆ ਗਿਆ ਹੈ ਅਤੇ ਕੁਝ ਹੋਰ ਸੂੁਬੇ ਵੀ ਜੁਰਮਾਨਾ ਘੱਟ ਕਰਨ ਦੀ ਤਿਆਰੀ ਕਰ ਰਹੇ ਦੱਸੇ ਜਾਂਦੇ ਹਨ।

ਇਸੇ ਦਰਮਿਆਨ ਦੁਨੀਆ ਭਰ ’ਚ ਸੜਕਾਂ ਨੂੰ ਬਿਹਤਰ ਅਤੇ ਸੁਰੱਖਿਅਤ ਬਣਾਉਣ ਲਈ ਕੰਮ ਕਰ ਰਹੀ ਕੌਮਾਂਤਰੀ ਸੰਸਥਾ ‘ਇੰਟਰਨੈਸ਼ਨਲ ਰੋਡ ਫੈਡਰੇਸ਼ਨ’ (ਆਈ. ਆਰ. ਐੱਫ.) ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ‘‘ਜੁਰਮਾਨੇ ਦੀ ਰਕਮ ’ਚ ਹੌਲੀ-ਹੌਲੀ ਵਾਧਾ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਫਰਜ਼ੀ ਅਤੇ ਫਸਾਉਣ ਵਲੇ ਚਲਾਨ ਰੋਕਣ ਦੇ ਉਪਾਅ ਵੀ ਲੱਭਣੇ ਚਾਹੀਦੇ ਹਨ।’’

ਅਸੀਂ ਤਾਂ ਆਪਣੇ ਪਾਠਕਾਂ ਦੇ ਹਵਾਲੇ ਨਾਲ ਪਹਿਲਾਂ ਹੀ ਇਹ ਗੱਲ ਆਪਣੇ 3 ਅਤੇ 10 ਸਤੰਬਰ ਦੇ ਅੰਕਾਂ ’ਚ ਪ੍ਰਕਾਸ਼ਿਤ ਸੰਪਾਦਕੀ ਲੇਖਾਂ ’ਚ ਕਰ ਚੁੱਕੇ ਹਾਂ ਕਿ ਕਿਸੇ ਨੂੰ ਪਹਿਲੀ ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਫੜੇ ਜਾਣ ’ਤੇ ਜੁਰਮਾਨੇ ਦੀ ਰਕਮ ਘੱਟ ਰੱਖੀ ਜਾਵੇ ਅਤੇ ਦੁਬਾਰਾ ਫੜੇ ਜਾਣ ’ਤੇ ਜੁਰਮਾਨਾ ਹਰ ਵਾਰ ਪਹਿਲਾਂ ਨਾਲੋਂ ਜ਼ਿਆਦਾ ਵਧਾ ਦਿੱਤਾ ਜਾਵੇ।

ਲੋੜ ਇਸ ਗੱਲ ਦੀ ਵੀ ਹੈ ਕਿ ਹਾਦਸਿਆਂ ਦੀ ਵਜ੍ਹਾ ਬਣਨ ਵਾਲੇ ਸੜਕਾਂ ’ਚ ਪਏ ਟੋਏ ਅਤੇ ਹੋਰ ਖਰਾਬੀਆਂ ਦੂਰ ਕੀਤੀਆਂ ਜਾਣ, ਤਾਂ ਹੀ ਵਾਹਨ ਹਾਦਸਿਆਂ ’ਚ ਕਮੀ ਲਿਆਉਣ ਦਾ ਸਰਕਾਰ ਦਾ ਮਨੋਰਥ ਪੂਰਾ ਹੋ ਸਕੇਗਾ।

–ਵਿਜੇ ਕੁਮਾਰ


Bharat Thapa

Content Editor

Related News