‘ਆਪਣੀ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ ’ਚ ਜਾਣ ਦਾ’‘ਨੇਤਾਵਾਂ ’ਚ ਵਧਦਾ ਰੁਝਾਨ’
Wednesday, Dec 30, 2020 - 03:29 AM (IST)

ਓ. ਕੇ. ਆਰਟੀਕਲ
ਪਿਛਲੇ ਕੁਝ ਸਮੇਂ ਤੋਂ ਦੇਸ਼ ਦੀ ਸਿਆਸਤ ’ਚ ਵੱਖ-ਵੱਖ ਪਾਰਟੀਅਾਂ ਦੇ ਨੇਤਾਵਾਂ ਵਲੋਂ ਆਪਣੀ ਮੂਲ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ’ਚ ਜਾਣ ਦਾ ਰੁਝਾਨ ਕਾਫੀ ਤੇਜ਼ ਹੋ ਗਿਆ ਹੈ। ਹਰ ਰੋਜ਼ ਕਿਸੇ ਨਾ ਕਿਸੇ ਛੋਟੇ-ਵੱਡੇ ਨੇਤਾ ਦੇ ਆਪਣੀ ਸਿਆਸੀ ਪਾਰਟੀ ਛੱਡ ਕੇ ਦੂਜੀ ਪਾਰਟੀ ’ਚ ਸ਼ਾਮਲ ਹੋਣ ਦੀ ਖ਼ਬਰ ਆ ਜਾਂਦੀ ਹੈ, ਜਿਸ ਦੀਆਂ ਇਸ ਮਹੀਨੇ ਦੀਆਂ ਉਦਾਹਰਣਾਂ ਪਾਠਕਾਂ ਲਈ ਪੇਸ਼ ਹਨ :
* 4 ਦਸੰਬਰ ਨੂੰ ਹਰਿਆਣਾ ਦੇ ਸਾਬਕਾ ਸਿੰਚਾਈ ਮੰਤਰੀ ‘ਜਗਦੀਸ਼ ਨੇਹਰਾ’ ਦੇ ਬੇਟੇ ‘ਸੁਰਿੰਦਰ ਨੇਹਰਾ’ ਨੇ ਅੰਦੋਲਨਕਾਰੀ ਕਿਸਾਨਾਂ ਦੀਅਾਂ ਮੰਗਾਂ ਦੇ ਸਮਰਥਨ ’ਚ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ।
* 4 ਦਸੰਬਰ ਨੂੰ ਗੋਆ ’ਚ ‘ਆਮ ਆਦਮੀ ਪਾਰਟੀ’ ਦੇ ਸਾਬਕਾ ਕਨਵੀਨਰ ਅਤੇ 2017 ਦੀਅਾਂ ਚੋਣਾਂ ’ਚ ਪਾਰਟੀ ਵਲੋਂ ਸੀ.ਐੱਮ. ਕੈਂਡੀਡੇਟ ਰਹੇ ‘ਐਲਵਿਸ ਗੋਮਸ’ ਨੇ ਪਾਰਟੀ ਦੀ ਰਣਨੀਤੀ ’ਤੇ ਨਾਰਾਜ਼ਗੀ ਜਤਾਉਂਦੇ ਹੋਏ ਪਾਰਟੀ ਛੱਡ ਦਿੱਤੀ।
* 19 ਦਸੰਬਰ ਨੂੰ ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਦਾ ਸੱਜਾ ਹੱਥ ਮੰਨੇ ਜਾਣ ਵਾਲੇ ‘ਤ੍ਰਿਣਮੂਲ ਕਾਂਗਰਸ’ ਦੇ ਵੱਡੇ ਬਾਗੀ ਨੇਤਾ ‘ਸ਼ੁਭੇਂਦੂ ਅਧਿਕਾਰੀ’ ਅਤੇ ਅੱਧਾ ਦਰਜਨ ਤੋਂ ਵੱਧ ਪਾਰਟੀ ਦੇ ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਤੇ ਸੂਬਾ ਪੱਧਰ ਦੇ ਅਹੁਦੇਦਾਰਾਂ ਨੇ ਆਪਣੇ ਸਮਰਥਕਾਂ ਸਮੇਤ ਭਾਜਪਾ ਦਾ ਪੱਲਾ ਫੜ ਲਿਆ। ‘ਸ਼ੁਭੇਂਦੂ ਅਧਿਕਾਰੀ’ ਦਾ ਕਹਿਣਾ ਹੈ, ‘‘ਤ੍ਰਿਣਮੂਲ ਕਾਂਗਰਸ ’ਚ ਆਪਣੇ 20 ਸਾਲ ਖਰਾਬ ਕਰਨ ’ਤੇ ਮੈਂ ਸ਼ਰਮਿੰਦਾ ਹਾਂ।’’
* 25 ਦਸੰਬਰ ਨੂੰ ਆਸਾਮ ਦੀ ਕਾਂਗਰਸ ਸਰਕਾਰ ’ਚ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕਾਂ ‘ਅਜੰਤਾ ਨੇਯੋਗ’ ਅਤੇ ‘ਰਾਜਦੀਪ ਗੋਵਾਲਾ’ ਨੇ ਅਸਤੀਫਾ ਦੇ ਦਿੱਤਾ ਅਤੇ ਭਾਜਪਾ ’ਚ ਸ਼ਾਮਲ ਹੋ ਗਏ।
* 25 ਦਸੰਬਰ ਨੂੰ ਹੀ ਆਸਾਮ ਤੋਂ ਵਿਧਾਇਕ ‘ਪਬਿੰਦਰ ਡੇਕਾ’ ਨੇ ਵੀ ‘ਅਸਮ ਗਣ ਪ੍ਰੀਸ਼ਦ’ (ਏ. ਜੀ. ਪੀ.) ਤੋਂ ਅਸਤੀਫਾ ਦੇ ਕੇ ਨਵਗਠਿਤ ‘ਅਸਮ ਜਾਤੀ ਪ੍ਰੀਸ਼ਦ’ (ਏ. ਜੇ. ਪੀ.) ਦਾ ਪੱਲਾ ਫੜ ਲਿਆ ਅਤੇ ਉਸੇ ਦਿਨ ਏ. ਜੇ. ਪੀ. ਦੇ ਕਾਰਜਕਾਰੀ ਪ੍ਰਧਾਨ ਚੁਣ ਲਏ ਗਏ।
* 25 ਦਸੰਬਰ ਨੂੰ ਹੀ ਅਰੁਣਾਚਲ ’ਚ ਜਨਤਾ ਦਲ (ਯੂ) ਦੇ 7 ’ਚੋਂ 6 ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਜਦ (ਯੂ) ਦੀ ਸਹਿਯੋਗੀ ਭਾਜਪਾ ਦਾ ਪੱਲਾ ਫੜ ਲਿਆ, ਜਿਸ ਨਾਲ ਜਦ (ਯੂ) ਅਤੇ ਭਾਜਪਾ ਗੱਠਜੋੜ ਵਿਚਾਲੇ ਕਾਨਾਫੂਸੀ ਸ਼ੁਰੂ ਹੋ ਗਈ।
* 26 ਦਸੰਬਰ ਨੂੰ ਭਾਜਪਾ ਦੀ ਗੱਠਜੋੜ ਸਹਿਯੋਗੀ ‘ਰਾਸ਼ਟਰੀ ਲੋਕਤਾਂਤਰਿਕ ਪਾਰਟੀ’ ਦੇ ਕਨਵੀਨਰ ਅਤੇ ਨਾਗੌਰ ਤੋਂ ਸੰਸਦ ਮੈਂਬਰ ‘ਹਨੂੰਮਾਨ ਬੇਨੀਵਾਲ’ ਨੇ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ’ਚ ‘ਰਾਜਗ’ ਦਾ ਸਾਥ ਛੱਡਣ ਦਾ ਐਲਾਨ ਕਰ ਦਿੱਤਾ।
* 26 ਦਸੰਬਰ ਨੂੰ ਹੀ ਪੰਜਾਬ ਭਾਜਪਾ ਦੀ ਕਾਰਜਕਾਰਨੀ ਦੇ ਮੈਂਬਰ ਅਤੇ ਸਾਬਕਾ ਸੰਸਦ ਮੈਂਬਰ ‘ਹਰਿੰਦਰ ਸਿੰਘ ਖਾਲਸਾ’ ਨੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦੇ ਹੋਏ ਕੇਂਦਰ ਸਰਕਾਰ ਵਲੋਂ ਇਕਪਾਸੜ ਢੰਗ ਨਾਲ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ।
* 27 ਦਸੰਬਰ ਨੂੰ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਪੰ. ਵਿਨੋਦ ਮਿਸ਼ਰਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਕਿਹਾ, ‘‘ਕਾਂਗਰਸ ਪਾਰਟੀ ਆਪਣੀਅਾਂ ਨੀਤੀਅਾਂ ਅਤੇ ਸਥਾਪਤ ਪ੍ਰੰਪਰਾਵਾਂ ਤੋਂ ਭਟਕ ਗਈ ਹੈ। ਪਾਰਟੀ ’ਚ ਲਗਾਤਾਰ ਵਰਕਰਾਂ ਦਾ ਅਪਮਾਨ ਹੋ ਰਿਹਾ ਹੈ ਅਤੇ ਗਾਂਧੀ ਪਰਿਵਾਰ ਖੁਦ ਨੂੰ ਸੀ. ਬੀ. ਆਈ. ਅਤੇ ਈ. ਡੀ. ਤੋਂ ਬਚਾਉਣ ਲਈ ਪਾਰਟੀ ਦੀ ਵਰਤੋਂ ਕਰ ਰਿਹਾ ਹੈ।
* ਅਤੇ ਹੁਣ 29 ਦਸੰਬਰ ਨੂੰ ਗੁਜਰਾਤ ਦੇ ਭਰੂਚ ਤੋਂ ਭਾਜਪਾ ਸੰਸਦ ਮੈਂਬਰ ‘ਮਨਸੁਖ ਭਾਈ ਵਸਾਵਾ’ ਨੇ ਪਾਰਟੀ ਲੀਡਰਸ਼ਿਪ ਵਲੋਂ ਆਪਣੀ ਗੱਲ ਨਾ ਸੁਣੇ ਜਾਣ ਤੋਂ ਨਾਰਾਜ਼ ਹੋ ਕੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਸੂਬਾ ਭਾਜਪਾ ਪ੍ਰਧਾਨ ਨੂੰ ਲਿਖੇ ਪੱਤਰ ’ਚ ਉਨ੍ਹਾਂ ਨੇ ਕਿਹਾ ਹੈ ਕਿ ਆਉਣ ਵਾਲੇ ਬਜਟ ਅਜਲਾਸ ’ਚ ਉਹ ਲੋਕ ਸਭਾ ਤੋਂ ਵੀ ਅਸਤੀਫਾ ਦੇ ਦੇਣਗੇ।
ਮੋਦੀ ਸਰਕਾਰ ’ਚ ਰਾਜ ਮੰਤਰੀ ਦਾ ਅਹੁਦਾ ਸੰਭਾਲ ਚੁੱਕੇ ‘ਮਨਸੁਖ ਭਾਈ ਵਸਾਵਾ’ ਪਾਰਟੀ ਦੇ ਵੱਡੇ ਨੇਤਾਵਾਂ ’ਚ ਗਿਣੇ ਜਾਂਦੇ ਸਨ, ਜੋ ਹਾਲ ਹੀ ’ਚ ਸੂਬੇ ਦੀ ਭਾਜਪਾ ਸਰਕਾਰ ਦੇ ਤੌਰ-ਤਰੀਕਿਅਾਂ ’ਤੇ ਸਵਾਲ ਉਠਾ ਕੇ ਚਰਚਾ ’ਚ ਆਏ ਸਨ।
ਆਪਣੀਅਾਂ-ਆਪਣੀਅਾਂ ਪਾਰਟੀਅਾਂ ਦੀ ਉੱਚ ਲੀਡਰਸ਼ਿਪ ਦੀ ਕਾਰਜਸ਼ੈਲੀ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡਣ ਵਾਲੇ ਨੇਤਾਵਾਂ ਦੀਅਾਂ ਇਹ ਤਾਂ ਕੁਝ ਉਦਾਹਰਣਾਂ ਹਨ। ਇਨ੍ਹਾਂ ਤੋਂ ਇਲਾਵਾ ਵੀ ਹੋਰ ਪਤਾ ਨਹੀਂ ਕਿੰਨੇ ਲੋਕ ਆਪਣੀਅਾਂ-ਆਪਣੀਅਾਂ ਪਾਰਟੀਅਾਂ ਦੀ ਕਾਰਜਸ਼ੈਲੀ ਤੋਂ ਨਾਰਾਜ਼ ਬੈਠੇ ਹਨ।
ਅਸਲ ’ਚ ਜਿਥੇ ਪਾਰਟੀ ਮੈਂਬਰਾਂ ਵਲੋਂ ਆਪਣੀ ਮੂਲ ਪਾਰਟੀ ਨੂੰ ਅਲਵਿਦਾ ਕਹਿਣਾ ਨਿੱਜੀ ਇੱਛਾਵਾਂ ਦਾ ਨਤੀਜਾ ਹੈ, ਉਥੇ ਹੀ ਇਸ ਦਾ ਇਕ ਕਾਰਨ ਉਨ੍ਹਾਂ ਦੀ ਮੂਲ ਪਾਰਟੀ ਦੀ ਲੀਡਰਸ਼ਿਪ ਵਲੋਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਅਤੇ ਉਨ੍ਹਾਂ ਦੀ ਗੱਲ ਨਾ ਸੁਣਨਾ ਵੀ ਹੈ, ਜਿਸ ਨਾਲ ਉਨ੍ਹਾਂ ਅੰਦਰ ਨਾਰਾਜ਼ਗੀ ਪੈਦਾ ਹੁੰਦੀ ਹੈ।
ਨੇਤਾਵਾਂ ਵਲੋਂ ਆਪਣੀ ਆਸਥਾ ਬਦਲਣ ਅਤੇ ਸਿਆਸੀ ਉਮੀਦਾਂ ਦੇ ਚੱਲਦਿਅਾਂ ਉਨ੍ਹਾਂ ਨੂੰ ਵਿਰੋਧੀ ਵਿਚਾਰਧਾਰਾ ਵਾਲੀਆਂ ਪਾਰਟੀਅਾਂ ’ਚ ਜਾਣ ਤੋਂ ਰੋਕਣ ਲਈ ਸੰਸਦ ’ਚ 1985 ’ਚ ਦਲ-ਬਦਲ ਵਿਰੋਧੀ ਕਾਨੂੰਨ ਲਾਗੂ ਕੀਤਾ ਗਿਆ ਸੀ ਅਤੇ ਇਸ ’ਚ 2002 ’ਚ ਸੋਧ ਕੀਤੀ ਗਈ ਸੀ ਪਰ ਇਸ ਤੋਂ ਬਾਅਦ ਵੀ ਨੇਤਾਵਾਂ ’ਚ ‘ਆਇਆ ਰਾਮ ਗਯਾ ਰਾਮ’ ਦਾ ਰੁਝਾਨ ਜਾਰੀ ਹੈ।
ਇਸ ਨੂੰ ਰੋਕਣ ਲਈ ਦਲ-ਬਦਲ ਵਿਰੋਧੀ ਕਾਨੂੰਨ ਦੀਅਾਂ ਧਾਰਾਵਾਂ ’ਚ ਬਦਲਾਅ ਕਰ ਕੇ ਇਸ ਨੂੰ ਹੋਰ ਜ਼ਿਆਦਾ ਸਖਤ ਕਰਨ ਦੀ ਲੋੜ ਹੈ ਕਿਉਂਕਿ ਇਸ ਕਾਨੂੰਨ ਦੀਅਾਂ ਕਮੀਅਾਂ ਦੇ ਚੱਲਦਿਅਾਂ ਹੀ ਨੇਤਾ ਪਾਰਟੀ ਬਦਲਦੇ ਹਨ ਅਤੇ ਕਈ ਵਾਰ ਸੂਬਿਅਾਂ ’ਚ ਸਿਆਸੀ ਅਸਥਿਰਤਾ ਦੀ ਸਥਿਤੀ ਪੈਦਾ ਹੋ ਜਾਂਦੀ ਹੈ।
–ਵਿਜੇ ਕੁਮਾਰ