ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਸੁਨੀਲ ਜਾਖੜ ਦੀ ਅਪੀਲ, ਹਊਮੇ ਨੂੰ ਛੱਡ ਕੇ ਅਕਾਲੀ ਦਲ ਹੋਵੇ ਇਕੱਠਾ
Sunday, Jun 08, 2025 - 05:13 PM (IST)

ਸੰਗਰੂਰ (ਵੈੱਬ ਡੈਸਕ)- ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਅੱਜ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਸੰਗਰੂਰ ਵਿਖੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਹੋਈ। ਇਸ ਮੌਕੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਮੇਤ ਸਿਆਸੀ ਆਗੂ ਸੁਖਬੀਰ ਸਿੰਘ ਬਾਦਲ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਪ੍ਰਤਾਪ ਸਿੰਘ ਬਾਜਵਾ, ਸੁਨੀਲ ਜਾਖੜ ਅਤੇ ਹੋਰ ਸ਼ਖ਼ਸ਼ੀਅਤਾਂ ਵੀ ਸ਼ਾਮਲ ਹੋਈਆਂ। ਅੰਤਿਮ ਅਰਦਾਸ ਮੌਕੇ ਆਪਣੇ ਸੰਬੋਧਨ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਇਕ ਮਜ਼ਬੂਤ ਪੰਥਕ ਪਾਰਟੀ ਨਾ ਸਿਰਫ਼ ਪੰਥ, ਕੌਮ ਅਤੇ ਪੰਜਾਬ ਦੀ ਜ਼ਰੂਰਤ ਹੈ ਸਗੋਂ ਇਹ ਦੇਸ਼ ਦੀ ਵੀ ਜ਼ਰੂਰਤ ਹੈ।
ਇਹ ਵੀ ਪੜ੍ਹੋ: ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ
ਉਨ੍ਹਾਂ ਕਿਹਾ ਕਿ ਸਾਰੀਆਂ ਅਕਾਲੀ ਧਿਰਾਂ ਨੂੰ ਆਪਸੀ ਹਉਮੈ ਦਾ ਤਿਆਗ ਕਰਕੇ ਕੌਮੀ ਹਿੱਤਾਂ ਲਈ ਇਕਜੁੱਟ ਹੋ ਕੇ ਪੰਥ ਅਤੇ ਪੰਜਾਬ ਲਈ ਅੱਗੇ ਆਉਣਾ ਚਾਹੀਦਾ ਹੈ। ਇਹੀ ਸੁਖਦੇਵ ਸਿੰਘ ਢੀਂਡਸਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਥੇ ਇਹ ਯਾਦ ਰੱਖਣਾ ਹੋਵੇਗਾ ਕਿ ਕਿਤੇ ਆਪਸੀ ਮੱਤਭੇਦਾਂ ਦੇ ਚਲਦੇ ਪੰਜਾਬ ਦੀ ਮਹਾਨ ਵਿਰਾਸਤ ਦਾ ਇੰਤਕਾਲ ਕੋਈ ਹੋਰ ਹੀ ਆਪਣੇ ਨਾਮ ਨਾ ਕਰਵਾ ਜਾਵੇ, ਜਿਸ ਦਾ ਖਮਿਆਜਾ ਪੰਥ, ਕੌਮ ਅਤੇ ਪੰਜਾਬ ਨੂੰ ਭੁਗਤਣਾ ਪਵੇ।
ਉਥੇ ਹੀ ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੂਰੇ ਪੰਜਾਬ ਨੂੰ ਸੁਖਦੇਵ ਸਿੰਘ ਢੀਂਡਸਾ 'ਤੇ ਮਾਣ ਸੀ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ। ਅਮਨ ਅਰੋੜਾ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਾਰੀ ਜ਼ਿੰਦਗੀ ਅਕਾਲੀ ਦਲ ਨੂੰ ਸਮਰਪਿਤ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਲੈ ਕੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ।
ਇਹ ਵੀ ਪੜ੍ਹੋ: ਪੰਜਾਬ 'ਚ ਸੁਨਿਆਰੇ ਦੀ ਦੁਕਾਨ 'ਤੇ ਪੈ ਗਿਆ ਵੱਡਾ ਡਾਕਾ
ਜ਼ਿਕਰਯੋਗ ਹੈ ਕਿ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ 28 ਮਈ ਨੂੰ ਦਿਹਾਂਤ ਹੋ ਗਿਆ ਸੀ। ਉਹ ਸ਼੍ਰੋਮਣੀ ਅਕਾਲੀ ਦਲ ਦੇ ਸ੍ਰਪਰਸਤ ਵੀ ਰਹੇ। ਸੁਖਦੇਵ ਸਿੰਘ ਢੀਂਡਸਾ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਦਾ ਮੋਹਾਲੀ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ, ਜਿੱਥੇ ਉਨ੍ਹਾਂ 28 ਮਈ ਨੂੰ ਆਖਰੀ ਸਾਹ ਲਏ ਸਨ। ਦੱਸਣਯੋਗ ਹੈ ਕਿ ਢੀਂਡਸਾ 2019 'ਚ ਪਦਮ ਭੂਸ਼ਨ ਨਾਲ ਸਨਮਾਨਤ ਕੀਤੇ ਗਏ ਸਨ। 2020 'ਚ ਅਕਾਲੀ ਦਲ ਨਾਲੋਂ ਵੱਖ ਹੋਏ ਸਨ। ਢੀਂਡਸਾ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਢੀਂਡਸਾ ਨੇ 89 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ।
ਇਹ ਵੀ ਪੜ੍ਹੋ: ਲੁਧਿਆਣਾ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਕਈ ਵੱਡੇ ਆਗੂ 'ਆਪ' 'ਚ' ਸ਼ਾਮਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e