ਹਾਲ-ਏ-ਸਰਕਾਰੀ ਹਸਪਤਾਲ: ਚੂਹੇ ਕੁਤਰ ਰਹੇ ਇਲਾਜ ਅਧੀਨ ਰੋਗੀਆਂ ਦੇ ਅੰਗ, ‘ਪੀ ਰਹੇ ਗੁਲੂਕੋਜ਼’ ਅਤੇ ‘ਖਾ ਰਹੇ ਪ੍ਰੋਟੀਨ’
Saturday, Aug 06, 2022 - 02:29 AM (IST)
 
            
            ਉਂਝ ਤਾਂ ਲੋਕਾਂ ਨੂੰ ਸਸਤਾ ਅਤੇ ਸਟੈਂਡਰਡ ਇਲਾਜ ਅਤੇ ਸਿੱਖਿਆ ਮੁਹੱਈਆ ਕਰਵਾਉਣਾ ਸਰਕਾਰ ਦਾ ਫਰਜ਼ ਹੈ ਪਰ ਸਰਕਾਰੀ ਹਸਪਤਾਲਾਂ ਵਿਚ ਇੰਨੀ ਅਵਿਵਸਥਾ ਹੈ ਕਿ ਉਥੇ ਇਲਾਜ ਕਰਵਾਉਣ ਦੇ ਲਈ ਲੋਕ ਜਾਣਾ ਹੀ ਨਹੀਂ ਚਾਹੁੰਦੇ, ਜਦਕਿ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਬੜਾ ਮਹਿੰਗਾ ਹੈ ਜੋ ਆਮ ਲੋਕਾਂ ਦੇ ਵੱਸ ਤੋਂ ਬਾਹਰ ਹੈ। ਨਾ ਸਿਰਫ ਸਰਕਾਰੀ ਹਸਪਤਾਲਾਂ ਦੇ ਵਾਰਡਾਂ ਦੀ ਹਾਲਤ ਤਰਸਯੋਗ ਹੈ ਸਗੋਂ ਉਥੇ ਚੂਹੇ ਅਤੇ ਹੋਰਨਾਂ ਕੀੜੇ-ਮਕੌੜਿਆਂ ਦੀ ਵੀ ਭਰਮਾਰ ਹੈ, ਜੋ ਇਲਾਜ ਕਰਵਾਉਣ ਲਈ ਆਏ ਰੋਗੀਆਂ ਦੇ ਲਈ ਖਤਰਾ ਪੈਦਾ ਕਰ ਰਹੇ ਹਨ। ਕਈ ਥਾਂ ਤਾਂ ਚੂਹਿਆਂ ਨੇ ਰੋਗੀਆਂ ਦੇ ਬਿਸਤਰਿਆਂ ਦੇ ਗੱਦਿਆਂ ਤੱਕ ਨੂੰ ਕੁਤਰ ਦਿੱਤਾ ਹੈ :
* 31 ਮਾਰਚ ਨੂੰ ਵਾਰੰਗਲ (ਤੇਲੰਗਾਨਾ) ਦੇ ਸਰਕਾਰੀ ‘ਮਹਾਤਮਾ ਗਾਂਧੀ ਮੈਮੋਰੀਅਲ ਹਸਪਤਾਲ’ ਵਿਚ ਚੂਹਿਆਂ ਨੇ ਉੱਥੇ ਇਲਾਜ ਅਧੀਨ ਇਕ ਮਰੀਜ਼ ਦੇ ਗਿੱਟੇ ਅਤੇ ਅੱਡੀਆਂ ਨੂੰ ਕੁਤਰ ਦਿੱਤਾ, ਜਦੋਂ ਉੱਥੇ ਰਾਤ ਨੂੰ ਉਸ ਦੀ ਨਿਗਰਾਨੀ ਦੇ ਲਈ ਤਾਇਨਾਤ ਅਟੈਂਡੈਂਟ ਸੌਂ ਰਹੇ ਸਨ। ਇਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ। 
* 2 ਅਪ੍ਰੈਲ ਨੂੰ ਹਨਮਕੋਂਡਾ (ਤੇਲੰਗਾਨਾ) ਦੇ ਸਰਕਾਰੀ ‘ਨਿਜਾਮਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼’ (ਨਿਮਸ) ’ਚ ਦਾਖਲ ਕਰਵਾਏ ਗਏ ਇਕ ਰੋਗੀ ਦੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਚੂਹੇ ਨੇ ਕੁਤਰ ਦਿੱਤਾ, ਜਿਸ ਨਾਲ ਉਸ ਦੀ ਜਾਨ ਚਲੀ ਗਈ। 
* 2 ਮਈ ਨੂੰ ਗਿਰਿਡੀਹ (ਝਾਰਖੰਡ) ਦੇ ਸਰਕਾਰੀ ਹਸਪਤਾਲ ’ਚ 2 ਦਿਨ ਦੀ ਨਵਜਾਤ ਬੱਚੀ ਨੂੰ ਚੂਹਿਆਂ ਨੇ ਬੁਰੀ ਤਰ੍ਹਾਂ ਕੁਤਰ ਦਿੱਤਾ, ਜਿਸ ਨਾਲ ਉਸ ਦੀ ਹਾਲਤ ਗੰਭੀਰ ਹੋ ਜਾਣ ਕਾਰਨ ਉਸ ਨੂੰ ਧਨਬਾਦ ਦੇ ‘ਸ਼ਹੀਦ ਨਿਰਮਲ ਮਹਤੋ ਮੈਡੀਕਲ ਕਾਲਜ ਹਸਪਤਾਲ’ ’ਚ ਦਾਖਲ ਕਰਵਾਉਣਾ ਪਿਆ।
* 18 ਮਈ ਨੂੰ ਸਰਕਾਰੀ ਹਸਪਤਾਲ ਕੋਟਾ (ਰਾਜਸਥਾਨ) ਦੇ ਆਈ. ਸੀ. ਯੂ. ’ਚ ਇਲਾਜ ਅਧੀਨ ਇਕ ਲਕਵਾਗ੍ਰਸਤ ਔਰਤ ਦੀ ਅੱਖ ਨੂੰ ਹੀ ਚੂਹਿਆਂ ਨੇ ਕੁਤਰ ਦਿੱਤਾ, ਜਿਸ ਨਾਲ ਉਸ ਦੀ ਪਲਕ ਦੇ 2 ਟੁਕੜੇ ਹੋ ਗਏ।
* 19 ਮਈ ਨੂੰ ਇੰਦੌਰ (ਮੱਧ ਪ੍ਰਦੇਸ਼) ਦੇ ਇਕ ਸਰਕਾਰੀ ਹਸਪਤਾਲ ’ਚ ਇਲਾਜ ਦੌਰਾਨ ਗੰਭੀਰ ਤੌਰ ’ਤੇ ਬੀਮਾਰ ਸਿਰਫ 23 ਦਿਨ ਉਮਰ ਦੇ ਇਕ ਨਵਜਨਮੇ ਬੱਚੇ ਦਾ ਪੈਰ ਚੂਹਿਆਂ ਨੇ ਕੁਤਰ ਦਿੱਤਾ, ਜਿਸ ਨਾਲ ਉਸ ਦੀ ਹਾਲਤ ਹੋਰ ਵੀ ਖਰਾਬ ਹੋ ਗਈ। 
* 6 ਜੂਨ ਨੂੰ ਬਦਾਯੂੰ (ਉੱਤਰ ਪ੍ਰਦੇਸ਼) ਦੇ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ’ਚ ਪੋਸਟਮਾਰਟਮ ਦੇ ਲਈ ਰੱਖੇ ਮੁਰਦੇ ਦੀ ਇਕ ਅੱਖ ਹੀ ਚੂਹੇ ਖਾ ਗਏ। 
* 24 ਜੁਲਾਈ ਨੂੰ ਬਿਹਾਰ ’ਚ ਗਯਾ ਸਥਿਤ ‘ਮਗਧ ਮੈਡੀਕਲ ਕਾਲਜ’ ਦੇ ਮੁਰਦਾਘਰ ’ਚ ਪੋਸਟਮਾਰਟਮ ਲਈ ਰੱਖੀ ਇਕ ਬਜ਼ੁਰਗ ਦੀ ਲਾਸ਼ ਨੂੰ ਚੂਹਿਆਂ ਨੇ ਬੁਰੀ ਤਰ੍ਹਾਂ ਕੁਤਰ ਦਿੱਤਾ।
* 29 ਜੁਲਾਈ ਨੂੰ ਬਸਤਰ (ਛੱਤੀਸਗੜ੍ਹ) ਦੇ ‘ਬਲਿਰਾਮ ਕਸ਼ਯਪ ਸਮ੍ਰਿਤੀ ਸਰਕਾਰੀ ਹਸਪਤਾਲ’ ਦੇ ਇਕ ਵਾਰਡ ਦਾ ਵੀਡੀਓ ਵਾਇਰਲ ਹੋਇਆ, ਜਿਸ ’ਚ ਕੁਝ ਚੂਹੇ ਇਕ ਰੋਗੀ ਨੂੰ ਗੁਲੂਕੋਜ਼ ਦੇ ਲਾਏ ਹੋਏ ਪਾਈਪ ਕੁਤਰ ਕੇ ਉਸ ’ਚੋਂ ਗੁਲੂਕੋਜ਼ ਪੀਂਦੇ ਹੋਏ ਅਤੇ ਇਕ ਹੋਰ ਚੂਹਾ ਹਸਪਤਾਲ ਦੀ ਛੱਤ ’ਚ ਬਣੇ ਸੁਰਾਖ ’ਚੋਂ ਡ੍ਰਿਪ ਦੇ ਸਟੈਂਡ ’ਤੇ ਚਲਦਾ ਹੋਇਆ ਦਿਖਾਈ ਦੇ ਰਿਹਾ ਸੀ। 
ਵਰਣਨਯੋਗ ਹੈ ਕਿ ਚੂਹਿਆਂ ਦੇ ਖਰੂਦ ਤੋਂ ਤੰਗ ਆ ਕੇ ਲਗਭਗ 700 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਉਕਤ ਹਸਪਤਾਲ ਦੇ ਪ੍ਰਸ਼ਾਸਨ ਨੇ ਚੂਹਿਆਂ ਨੂੰ ਮਾਰਨ ਲਈ ਇਕ ਕੰਪਨੀ ਨੂੰ ਲਗਭਗ 12 ਲੱਖ ਰੁਪਏ ਦਾ ਠੇਕਾ ਦਿੱਤਾ ਹੈ। 
ਇਸ ਕੰਪਨੀ ਨੇ ਲਗਭਗ 6 ਵਿਅਕਤੀਆਂ ਦੀ ਇਕ ਟੀਮ ਬਣਾਈ ਹੈ, ਜੋ ਰੋਜ਼ਾਨਾ ਲਗਭਗ 50 ਚੂਹੇ ਫੜ ਰਹੀ ਹੈ। ਰਿਪੋਰਟ ਅਨੁਸਾਰ ਇਸ ਹਸਪਤਾਲ ’ਚ 1200 ਚੂਹੇ ਮਾਰੇ ਜਾ ਚੁੱਕੇ ਹਨ। 
ਉੱਥੇ ਇਲਾਜ ਦੌਰਾਨ ਰੋਗੀਆਂ ਲਈ ਰੱਖੀਆਂ ਗਈਆਂ ਗੁਲੂਕੋਜ਼ ਦੀਆਂ ਬੋਤਲਾਂ ਨੂੰ ਕੁਤਰ ਕੇ ਚੂਹੇ ਉਨ੍ਹਾਂ ’ਚੋਂ ਗੁਲੂਕੋਜ਼ ਪੀ ਜਾਣ ਦੇ ਕਾਰਨ ਹਸਪਤਾਲ ਦੇ ਸਟੋਰ ’ਚ ਰੱਖੀਆਂ ਗੁਲੂਕੋਜ਼ ਦੀਆਂ ਬੋਤਲਾਂ ਵੱਡੀ ਗਿਣਤੀ ’ਚ ਖਾਲੀ ਮਿਲੀਆਂ ਹਨ। 
* 1 ਅਗਸਤ ਨੂੰ ਭਿਵੰਡੀ (ਮਹਾਰਾਸ਼ਟਰ) ਸਥਿਤ ‘ਇੰਦਰਾ ਗਾਂਧੀ ਉਪ ਜ਼ਿਲ੍ਹਾ ਹਸਪਤਾਲ’ ਦੇ ਐੱਚ. ਆਈ. ਵੀ. ਪੀੜਤ ਰੋਗੀਆਂ ਲਈ ਐੱਚ. ਆਈ. ਵੀ. ਵਿਭਾਗ ’ਚ ਰੱਖੇ ਪ੍ਰੋਟੀਨ ਪਾਊਡਰ ਦੇ ਪੈਕੇਟਾਂ ਨੂੰ ਕੁਤਰ ਕੇ ਪ੍ਰੋਟੀਨ ਪਾਊਡਰ ਖਾ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ, ਜਿਸ ’ਤੇ ਆਪਣੀ ਲਾਪ੍ਰਵਾਹੀ ਲੁਕਾਉਣ ਲਈ ਹਸਪਤਾਲ ਦੇ ਸਬੰਧਤ ਮੁਲਾਜ਼ਮਾਂ ਨੇ ਇਸ ਦੇ ਡੱਬੇ ਬਾਹਰ ਸੁੱਟ ਦਿੱਤੇ। 
ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਚੂਹਿਆਂ ਦੇ ਖਰੂਦ ਤੋਂ ਸਪੱਸ਼ਟ ਹੈ ਕਿ ਅੱਜ ਦੇਸ਼ ਦੇ ਸਰਕਾਰੀ ਹਸਪਤਾਲ ਕਿਸ ਕਦਰ  ਭੈੜੇ ਪ੍ਰਬੰਧਨ ਦੇ ਸ਼ਿਕਾਰ ਹਨ, ਜਿੱਥੇ ਇਲਾਜ ਅਧੀਨ ਰੋਗੀ ਤਾਂ ਇਕ ਪਾਸੇ, ਮੁਰਦਾਘਰਾਂ ’ਚ ਰੱਖੀਆਂ ਲਾਸ਼ਾਂ ਵੀ ਸੁਰੱਖਿਅਤ ਨਹੀਂ ਹਨ। 
ਅੱਜ ਜਦੋਂ ਦੇਸ਼ ਕਈ ਖੇਤਰਾਂ ’ਚ ਤਰੱਕੀ ਦੀਆਂ ਛਾਲਾਂ ਮਾਰ ਰਿਹਾ ਹੈ, ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਦਵਾਈਆਂ ਦੀ ਕਮੀ ਅਤੇ ਇਲਾਜ ’ਚ ਲਾਪ੍ਰਵਾਹੀ ਦੇ ਨਾਲ-ਨਾਲ ਚੂਹਿਆਂ ਅਤੇ ਹੋਰ ਜੀਵ-ਜੰਤੂਆਂ ਦੇ ਕਾਰਨ ਇਲਾਜ ਦੇ ਲਈ ਆਉਣ ਵਾਲਿਆਂ ਦੀ ਜਾਨ ਨਾ ਜਾਵੇ।
-ਵਿਜੇ ਕੁਮਾਰ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            