‘ਭਗਵਾਨ ਰਾਮ ਦੇ ਪਵਿੱਤਰ ਨਾਮ ਦੀ ਸ਼ਾਨ ਵਧਾਓ’ ‘ਚੰੰਦਾ ਸਿਰਫ ਟਰੱਸਟ ਨੂੰ ਭੇਜੋ’
Wednesday, Jan 20, 2021 - 03:15 AM (IST)

ਸ਼੍ਰੀ ਰਾਮ ਜਨਮਭੂਮੀ ਵਿਵਾਦ ’ਤੇ ਲੰਬੀ ਅਦਾਲਤੀ ਲੜਾਈ ਤੋਂ ਬਾਅਦ ਅਖੀਰ 9 ਨਵੰਬਰ, 2019 ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼੍ਰੀ ਰੰਜਨ ਗੋਗੋਈ ਦੀ ਅਗਵਾਈ ਹੇਠ ਅਦਾਲਤ ਨੇ ਸਰਬਸੰਮਤੀ ਨਾਲ ‘ਨਿਰਮੋਹੀ ਅਖਾੜੇ’ ਅਤੇ ‘ਸੁੰਨੀ ਵਕਫ’ ਬੋਰਡ ਦੋਹਾਂ ਦੇ ਦਾਅਵਿਆਂ ਨੂੰ ਰੱਦ ਕਰ ਕੇ ‘ਰਾਮਲੱਲਾ ਬਿਰਾਜਮਾਨ’ ਦੇ ਹੱਕ ’ਚ ਸ਼ਰਤਾਂ ਸਮੇਤ ਫੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ‘‘ਵਾਦ-ਵਿਵਾਦ ਵਾਲੀ ਜ਼ਮੀਨ ’ਤੇ ਹੀ ਮੰਦਰ ਬਣੇਗਾ’’।
ਇਸ ਦੇ ਨਾਲ ਹੀ ਮਾਣਯੋਗ ਅਦਾਲਤ ਨੇ ਇਸ ਭੂਮੀ ਦੀ ਮਲਕੀਅਤ ‘ਰਾਮਲੱਲਾ ਬਿਰਾਜਮਾਨ’ ਨੂੰ ਦੇਣ ਅਤੇ ਉੱਥੇ ਮੰਦਰ ਦੇ ਨਿਰਮਾਣ ਦੀ ਰੂਪ-ਰੇਖਾ ਤੈਅ ਕਰਨ ਲਈ 3 ਮਹੀਨਿਆਂ ’ਚ ਇਕ ਟਰੱਸਟ ਬਣਾਉਣ ਦਾ ਸਰਕਾਰ ਨੂੰ ਹੁਕਮ ਦਿੱਤਾ ਸੀ।
ਸੁਪਰੀਮ ਕੋਰਟ ਦੇ ਹੁਕਮ ਮੁਤਾਬਕ 5 ਅਗਸਤ, 2020 ਨੂੰ ਉਹ ਖੁਸ਼ਕਿਸਮਤ ਪਲ ਆਇਆ ਜਦੋਂ ਪਵਿੱਤਰ ਨਗਰੀ ਅਯੁੱਧਿਆ ਵਿਖੇ ਜਿਸ ਥਾਂ ’ਤੇ ਪ੍ਰਭੂ ਸ਼੍ਰੀ ਰਾਮ ਪ੍ਰਗਟ ਹੋਏ ਸਨ, ਉੱਥੇ ਵਿਸ਼ਾਲ ਮੰਦਰ ਦੇ ਨਿਰਮਾਣ ਦੇ ਸੰਕਲਪ ਦੀ ਪੂਰਤੀ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਦਰ ਦੀ ਉਸਾਰੀ ਲਈ ਭੂਮੀ ਪੂਜਨ ਕੀਤਾ।
ਇਸ ਦੌਰਾਨ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਰਸੰਘਚਾਲਕ ‘ਮੋਹਨ ਭਾਗਵਤ’ ਨੇ ਬ੍ਰਜ ਪ੍ਰਾਂਤ ਕਾਰਜਕਾਰਨੀ ਦੀ ਬੈਠਕ ’ਚ ਆਪਣੇ ਸੇਵਕਾਂ ਨੂੰ ਪਾਰਟੀ, ਧਰਮ ਅਤੇ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਹਰ ਪਰਿਵਾਰ ਤੱਕ ਪੁੱਜਣ ਲਈ ਕਿਹਾ ‘‘ਕਿਉਂਕਿ ਹਰ ਵਿਅਕਤੀ ਭਗਵਾਨ ਰਾਮ ਦਾ ਹੈ ਅਤੇ ਰਾਮ ਰਾਜ ’ਚ ਸਹਿਯੋਗ ਕਰਨਾ ਚਾਹੁੰਦਾ ਹੈ।’’
ਇਸੇ ਤਰ੍ਹਾਂ ਬਾਬਰੀ ਮਸਜਿਦ ਕਾਂਡ ’ਚ ਧਿਰ ਰਹੇ ‘ਹਾਸ਼ਿਮ ਅੰਸਾਰੀ’ ਦੇ ਪੁੱਤਰ ‘ਇਕਬਾਲ ਅੰਸਾਰੀ’ ਨੇ ਮੰਦਰ ਦੀ ਉਸਾਰੀ ’ਚ ਯੋਗਦਾਨ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਕਿਉਂਕਿ ‘‘ਰਾਮ ਮੰਦਰ ਦਾ ਨਿਰਮਾਣ ਅਸਲ ’ਚ ‘ਰਾਸ਼ਟਰ ਮੰਦਰ’ ਦਾ ਨਿਰਮਾਣ ਹੈ, ਇਸ ਲਈ ਲੋਕ ਕਿਸੇ ਧਾਰਮਿਕ ਵਿਵਾਦ ’ਚ ਪਏ ਬਿਨਾਂ ਮੰਦਰ ਦੇ ਨਿਰਮਾਣ ’ਚ ਯੋਗਦਾਨ ਪਾਉਣ।’’
ਬੰਗਲਾਦੇਸ਼ ਮੂਲ ਦੀ ਲੇਖਿਕਾ ‘ਤਸਲੀਮਾ ਨਸਰੀਨ’ ਨੇ ਵੀ ਮੰਦਰ ਦੇ ਨਿਰਮਾਣ ਲਈ ਧਨ ਜੁਟਾਉਣ ਲਈ ਮੁਸਲਮਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦੇ ਹੋਏ ਕਿਹਾ ਹੈ ਕਿ ‘‘ਜੇ ਮੁਸਲਮਾਨ ਦਾਨ ਕਰਦੇ ਹਨ ਤਾਂ ਇਸ ਨਾਲ ਯਕੀਨੀ ਤੌਰ ’ਤੇ ਹਿੰਦੂ-ਮੁਸਲਿਮ ਸਦਭਾਵਨਾ ਵਧੇਗੀ ਅਤੇ ਹਿੰਦੂਆਂ ਨਾਲ ਉਨ੍ਹਾਂ ਦੇ ਸਬੰਧ ਮਜ਼ਬੂਤ ਹੋਣਗੇ। ਮੁਸਲਮਾਨਾਂ ਨੂੰ ਮੰਦਰ ਲਈ ਧਨ ਜੁਟਾਉਣ ਲਈ ਅੱਗੇ ਆਉਣਾ ਚਾਹੀਦਾ ਹੈ।’’
ਇਕ ਪਾਸੇ ਪ੍ਰਭੂ ਸ਼੍ਰੀ ਰਾਮ ਦੇ ਮੰਦਰ ਦੇ ਨਿਰਮਾਣ ਦੇ ਲਈ ਕੀ ਅਮੀਰ ਅਤੇ ਕੀ ਗਰੀਬ ਸਭ ਉਮਰ ਵਰਗ ਅਤੇ ਸਭ ਧਰਮਾਂ ਦੇ ਲੋਕ ਆਪਣੀ-ਆਪਣੀ ਸਮਰੱਥਾ ਮੁਤਾਬਕ ਦਿਲ ਖੋਲ੍ਹ ਕੇ ਯੋਗਦਾਨ ਪਾ ਰਹੇ ਹਨ ਤਾਂ ਦੂਜੇ ਪਾਸੇ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਰਾਮ ਮੰਦਰ ਦੇ ਨਾਂ ’ਤੇ ਧਰਮ ਪ੍ਰੇਮੀਆਂ ਕੋਲੋਂ ਨਾਜਾਇਜ਼ ਚੰਦਾ ਵਸੂਲੀ ਕਰ ਕੇ ਲੋਕਾਂ ਨਾਲ ਧੋਖਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਹੁਣੇ ਜਿਹੇ ਹੀ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ’ਚ ‘ਰਾਸ਼ਟਰੀ ਬਜਰੰਗ ਦਲ’ ਦੇ ਨਾਂ ਹੇਠ ਨਕਲੀ ਬਜਰੰਗ ਦਲ ਦੀਆਂ ਰਸੀਦਾਂ ਛਪਵਾ ਕੇ ਰਾਮ ਭਗਤਾਂ ਨਾਲ ਠੱਗੀ ਕਰਨ ਦੇ ਦੋਸ਼ ਹੇਠ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਵਾਇਆ ਗਿਆ ਹੈ।
ਉੱਤਰ ਪ੍ਰਦੇਸ਼ ਸਰਕਾਰ ’ਚ ਪੰਚਾਇਤੀ ਰਾਜ ਕੈਬਨਿਟ ਮੰਤਰੀ ਚੌਧਰੀ ਭੁਪਿੰਦਰ ਸਿੰਘ ਅਤੇ ਮੁੱਖ ਮੰਤਰੀ ਯੋਗੀ ਅਾਦਿੱਤਿਆਨਾਥ ਦੀ ਤਸਵੀਰ ਲੱਗੀ ਨਕਲੀ ਰਸੀਦ ਦੇ ਕੇ ਲੋਕਾਂ ਕੋਲੋਂ ਚੰਦਾ ਵਸੂਲੀ ਦੀ ਧੋਖਾਦੇਹੀ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ।
ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਮਹੀਨੇ ’ਚ ਵੀ ਉੱਤਰ ਪ੍ਰਦੇਸ਼ ਦੇ ਮੇਰਠ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰਾਂ ਦੀ ਸ਼ਿਕਾਇਤ ’ਤੇ ਸ਼੍ਰੀ ਰਾਮ ਮੰਦਰ ਨਿਰਮਾਣ ਦੇ ਨਾਂ ’ਤੇ ਠੱਗੀ ਕਰ ਰਹੇ ਐੱਨ. ਜੀ. ਓ. ਸੰਚਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਖੁਦ ਨੂੰ ‘ਵਿਸ਼ਵ ਹਿੰਦੂ ਪ੍ਰੀਸ਼ਦ’ ਦਾ ਨੇਤਾ ਦੱਸ ਕੇ ਲੋਕਾਂ ਕੋਲੋਂ ਚੰਦਾ ਲੈ ਰਿਹਾ ਸੀ।
ਇਹੀ ਨਹੀਂ ਰਾਮ ਮੰਦਰ ਹਿੱਤ ਚੰਦਾ ਜੁਟਾਉਣ ਲਈ ਗੁਜਰਾਤ ਦੇ ਕੱਛ ਜ਼ਿਲੇ ਦੇ ‘ਕਿਡਨਾ’ ਪਿੰਡ ’ਚ ਕੱਢੀ ਗਈ ਰੈਲੀ ਦੌਰਾਨ 2 ਭਾਈਚਾਰਿਆਂ ’ਚ ਮਾਰਾ-ਮਾਰੀ ਹੋ ਗਈ। ਹਿੰਸਾ ’ਤੇ ਉਤਾਰੂ ਭੀੜ ਨੇ ਇਕ-ਦੂਜੇ ’ਤੇ ਪੱਥਰ ਵਰ੍ਹਾਏ। ਨਾਲ ਹੀ ਕੁਝ ਮੋਟਰਗੱਡੀਆਂ ਨੂੰ ਅੱਗ ਵੀ ਲਾ ਦਿੱਤੀ। ਇਕ ਗਰੁੱਪ ਦੇ ਲੋਕਾਂ ਨੇ ਇਕ ਆਟੋ ਰਿਕਸ਼ਾ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ।
ਕਰੋੜਾਂ ਧਰਮ ਪ੍ਰੇਮੀਅਾਂ ਦੇ ਹਿਰਦੇ ਸਮਰਾਟ ਪ੍ਰਭੂ ਸ਼੍ਰੀ ਰਾਮ ਦੇ ਪਾਵਨ ਪੁਨੀਤ ਵਿਸ਼ਾਲ ਮੰਦਰ ਦੇ ਨਿਰਮਾਣ ਦੇ ਨਾਂ ’ਤੇ ਪ੍ਰਭੂ ਪ੍ਰੇਮੀਆਂ ਨਾਲ ਠੱਗੀ ਅਤੇ ਹਿੰਸਾ ਘੋਰ ਨਿਖੇਧੀਯੋਗ ਹੈ। ਆਸਥਾ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਧਰਮ ਧ੍ਰੋਹੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦੂਜਿਆਂ ਨੂੰ ਵੀ ਨਸੀਹਤ ਮਿਲੇ ਅਤੇ ਉਹ ਅਜਿਹਾ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ ਤਾਂ ਜੋ ਇਸ ਪਵਿੱਤਰ ਕਰਮ ਦੀ ਸ਼ਾਨ ’ਤੇ ਆਂਚ ਨਾ ਆਵੇ।
ਇਸ ਦੇ ਨਾਲ ਹੀ ਅਸੀਂ ਪ੍ਰਭੂ ਭਗਤ ਸੱਜਣਾਂ ਨੂੰ ਸਲਾਹ ਦੇਵਾਂਗੇ ਕਿ ਦਾਨ ਦੀ ਰਕਮ ਸਿਰਫ ‘ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ, ਅਯੁੱਧਿਆ’ ਦੇ ਨਾਂ ਬੈਂਕ ਡ੍ਰਾਫਟ ਰਾਹੀਂ ਹੀ ਭੇਜਣ ਤਾਂ ਜੋ ਤੁਹਾਡੀ ਸਹਿਯੋਗ ਰਕਮ ਸਹੀ ਥਾਂ ਪੁੱਜੇ।
-ਵਿਜੇ ਕੁਮਾਰ