‘ਮਾਸੂਮ ਬੱਚੀਆਂ’ ਬੇਗਾਨਿਆਂ ਅਤੇ ‘ਆਪਣਿਆਂ’ ਦੇ ਹੱਥੋਂ ਹੋ ਰਹੀਆਂ ਸੈਕਸ ਸ਼ੋਸ਼ਣ ਦੀਆਂ ਸ਼ਿਕਾਰ
Tuesday, Apr 04, 2023 - 04:42 AM (IST)
![‘ਮਾਸੂਮ ਬੱਚੀਆਂ’ ਬੇਗਾਨਿਆਂ ਅਤੇ ‘ਆਪਣਿਆਂ’ ਦੇ ਹੱਥੋਂ ਹੋ ਰਹੀਆਂ ਸੈਕਸ ਸ਼ੋਸ਼ਣ ਦੀਆਂ ਸ਼ਿਕਾਰ](https://static.jagbani.com/multimedia/2023_3image_12_30_579150472rape.jpg)
ਦੇਸ਼ ਵਿਚ ਸੈਕਸ ਅਪਰਾਧਾਂ ਦੀ ਹਨੇਰੀ ਜਿਹੀ ਆਈ ਹੋਈ ਹੈ ਅਤੇ ਔਰਤਾਂ ਦੇ ਨਾਲ-ਨਾਲ ਮਾਸੂਮ ਬੱਚਿਆਂ ਨੂੰ ਵੀ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਾਂ ਜਾਣੂਆਂ ਅਤੇ ਗੁਆਂਢੀਆਂ ਆਦਿ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
* 21 ਮਾਰਚ ਨੂੰ ਦਸੂਹਾ ਦੇ ਨੇੜਲੇ ਪਿੰਡ ਵਿਚ 7 ਸਾਲਾ ਮਾਸੂਮ ਬੱਚੀ ਨਾਲ ਕਈ ਵਾਰ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਉਸ ਦੇ ਬੀਮਾਰ ਪਿਤਾ ਦੇ ਦੋਸਤ ਨੂੰ ਫੜਿਆ ਗਿਆ। ਬੱਚੀ ਦੇ ਪਿਤਾ ਮੁਤਾਬਕ ਬੀਮਾਰ ਹੋਣ ਕਾਰਨ ਉਸ ਨੇ ਮਦਦ ਲਈ ਦੋਸਤ ਨੂੰ ਆਪਣੇ ਘਰ ਰੱਖਿਆ ਹੋਇਆ ਸੀ, ਜਿਸਦੀ ਉਸ ਨੇ ਦੁਰਵਰਤੋਂ ਕੀਤੀ।
* 21 ਮਾਰਚ ਨੂੰ ਹੀ ਮੋਹਾਲੀ ਵਿਚ ਨਾਣਕੇ ਰਹਿਣ ਵਾਲੀ ਆਪਣੀ 9 ਸਾਲਾ ਮਤਰੇਈ ਬੇਟੀ ਨੂੰ ਲੁਧਿਆਣਾ ਸਥਿਤ ਆਪਣੇ ਘਰ ਲਿਆ ਕੇ ਉਸ ਦੇ ਨਾਲ ਕਈ ਵਾਰ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
* 21 ਮਾਰਚ ਨੂੰ ਹੀ ਖੇੜਾ (ਗੁਜਰਾਤ) ਦੀ ਇਕ ਅਦਾਲਤ ਨੇ ਆਪਣੀ ਮਤਰੇਈ ਬੇਟੀ ਦੇ ਨਾਲ ਵਾਰ-ਵਾਰ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ਵਿਚ ਦੋਸ਼ੀ ਨੂੰ ਮੌਤ ਦੀ ਸਜ਼ਾ ਤੋਂ ਇਲਾਵਾ ਪੀੜਤਾ ਨੂੰ 2 ਲੱਖ ਰੁਪਏ ਜੁਰਮਾਨਾ ਦੇਣ ਦੀ ਸਜ਼ਾ ਸੁਣਾਈ ਗਈ।
* 22 ਮਾਰਚ ਨੂੰ ਅੰਬਾਲਾ ਦੀ ਇਕ ਫਾਸਟ ਟ੍ਰੈਕ ਅਦਾਲਤ ਨੇ ਇਕ 13 ਸਾਲਾ ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਇਕ 64 ਸਾਲਾ ਵਿਅਕਤੀ ਨੂੰ 3 ਸਾਲ ਸਖਤ ਕੈਦ ਦੀ ਸਜ਼ਾ ਸੁਣਾਈ।
* 22 ਮਾਰਚ ਨੂੰ ਹੀ ਗੁਰੂਗ੍ਰਾਮ ਵਿਚ ਆਪਣੇ ਮਾਮੇ ਦੇ ਘਰ ਜਾ ਰਹੀ 11 ਸਾਲਾ ਬੱਚੀ ਦਾ ਮੂੰਹ ਹੱਥ ਨਾਲ ਬੰਦ ਕਰ ਕੇ ਜ਼ਬਰਦਸਤੀ ਆਪਣੇ ਘਰ ਲਿਜਾਣ, ਵਿਰੋਧ ਕਰਨ ’ਤੇ ਉਸ ਨੂੰ ਅੰਨ੍ਹੇਵਾਹ ਥੱਪੜ ਮਾਰਨ ਅਤੇ ਫਿਰ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਇਕ ਸਕਿਓਰਿਟੀ ਗਾਰਡ ਨੂੰ ਗ੍ਰਿਫ਼ਤਾਰ ਕੀਤਾ ਗਿਆ।
* 23 ਮਾਰਚ ਨੂੰ ਨਵੀਂ ਦਿੱਲੀ ਦੇ ਘਰੌਲੀ ਸਥਿਤ ਐੱਮ. ਸੀ. ਡੀ. ਸਕੂਲ ਦੇ ਪ੍ਰਿੰਸੀਪਲ ਦੀ ਸ਼ਿਕਾਇਤ ’ਤੇ 5ਵੀਂ ਕਲਾਸ ਦੀ 10 ਸਾਲਾ ਵਿਦਿਆਰਥਣ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਦੇ ਨਾਲ ਜਬਰ-ਜ਼ਨਾਹ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਸਕੂਲ ਦੇ ਚਪੜਾਸੀ ਨੂੰ ਗ੍ਰਿਫਤਾਰ ਕੀਤਾ ਗਿਆ।
* 23 ਮਾਰਚ ਨੂੰ ਹੀ ਫਗਵਾੜਾ ਵਿਚ ਮਹੇੜੂ ਦੇ ਇਕ ਪੀ. ਜੀ. ਵਿਚ ਇਕ ਲੜਕੀ ਨੂੰ ਨਸ਼ੀਲਾ ਪਦਾਰਥ ਪਿਆਉਣ ਤੋਂ ਬਾਅਦ ਬੇਹੋਸ਼ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ।
* 25 ਮਾਰਚ ਨੂੰ ਬਹਿਰਾਮਪੁਰ (ਪੰਜਾਬ) ਦੇ ਪਿੰਡ ਵਿਚ ਆਪਣੀ 11 ਸਾਲਾ ਬੇਟੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ।
* 26 ਮਾਰਚ ਨੂੰ ਨਵੀਂ ਦਿੱਲੀ ਦੇ ਆਦਰਸ਼ ਨਗਰ ਵਿਚ 4 ਸਾਲਾ ਬੀਮਾਰ ਬੱਚੀ ਨੂੰ ਦੇਖਣ ਦੀ ਆੜ ਹੇਠ ਉਸ ਦੇ ਨਾਲ ਸਰੀਰਕ ਛੇੜਖਾਨੀ ਕਰਨ ’ਤੇ ਡਾਕਟਰ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਉਸ ਦਾ ਕਲੀਨਿਕ ਸੀਲ ਕੀਤਾ ਗਿਆ।
* ਅਤੇ ਹੁਣ 2 ਅਪ੍ਰੈਲ ਨੂੰ ਉਦੈਪੁਰ (ਰਾਜਸਥਾਨ) ਜ਼ਿਲੇ ਦੇ ਪਿੰਡ ‘ਲੋਪੜਾ’ ਵਿਚ 9 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਕੇ ਲਾਸ਼ ਦੇ 10 ਟੁੱਕੜੇ ਕਰਨ ਦੇ ਦੋਸ਼ ਹੇਠ ਗੁਆਂਢੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਪੀੜਤ ਬੱਚੀਆਂ ਦੂਜਿਆਂ ਤੋਂ ਇਲਾਵਾ ਆਪਣੇ ਹੀ ਜਾਣੂਆਂ ਵਲੋਂ ਸੈਕਸ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ।
ਇਸੇ ਬਾਰੇ 21 ਮਾਰਚ, 2023 ਨੂੰ ਮੁੰਬਈ ਦੀ ਇਕ ਪੋਕਸੋ ਅਦਾਲਤ ਦੀ ਵਿਸ਼ੇਸ਼ ਜੱਜ ‘ਪ੍ਰਿਯਾ ਬੈਂਕਰ’ ਨੇ ਬਾਲ ਸੈਕਸ ਸ਼ੋਸ਼ਣ ਦੇ ਇਕ ਦੋਸ਼ੀ ਨੂੰ 8 ਸਾਲਾ ਇਕ ਬੱਚੀ ਦੇ ਸੈਕਸ ਸ਼ੋਸ਼ਣ ਦੇ ਦੋਸ਼ ਹੇਠ 5 ਸਾਲ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਦੇਸ਼ ਵਿਚ ਬਾਲ ਸੈਕਸ ਸ਼ੋਸ਼ਣ ਦੇ ਵਧ ਰਹੇ ਮਾਮਲਿਆਂ ’ਤੇ ਚਿੰਤਾ ਪ੍ਰਗਟਾਈ।
ਉਨ੍ਹਾਂ ਕਿਹਾ, ‘‘ਛੋਟੀ ਉਮਰ, ਜੀਵਨ ਅਤੇ ਸਮਾਜ ਦੇ ਤਜਰਬਿਆਂ ਤੋਂ ਅਣਜਾਣ ਅਤੇ ਸਰੀਰਕ ਰੂਪ ਵਿਚ ਕਮਜ਼ੋਰ ਹੋਣ ਕਾਰਨ ਬੱਚਿਆਂ ਨੂੰ ਆਪਣੇ ਜਾਲ ਵਿਚ ਫਸਾਉਣਾ ਸੌਖਾ ਹੁੰਦਾ ਹੈ। ਉਕਤ ਘਟਨਾ ਦੋਸ਼ੀ ਨੇ ਆਪਣੇ ਗੁਆਂਢ ਵਿਚ ਹੀ ਕੀਤੀ, ਜਿਥੇ ਰਹਿਣ ਵਾਲੇ ਲੋਕ ਆਮ ਤੌਰ ’ਤੇ ਇਕ-ਦੂਜੇ ਦੇ ਜਾਣੂ ਹੋਣ ਕਾਰਨ ਖੁਦ ਨੂੰ ਵੱਧ ਸੁਰੱਖਿਅਤ ਸਮਝਦੇ ਹਨ।’’
‘‘ਨਾਬਾਲਿਗ ਪੀੜਤਾ ਦੇ ਮਾਤਾ-ਪਿਤਾ ਨੇ ਇਸੇ ਵਿਸ਼ਵਾਸ ਕਾਰਨ ਆਪਣੀ ਬੇਟੀ ਨੂੰ ਗੁਆਂਢੀ ਦੇ ਘਰ ਖੇਡਣ ਜਾਣ ਦਿੱਤਾ, ਜਿਸ ਦਾ ਇਹ ਨਤੀਜਾ ਹੋਇਆ। ਅਜਿਹੀਆਂ ਘਟਨਾਵਾਂ ਦਾ ਪੀੜਤਾਂ ਦੇ ਪਰਿਵਾਰਕ ਮੈਂਬਰਾਂ ’ਤੇ ਅਤਿਅੰਤ ਉਲਟ ਅਸਰ ਪੈਂਦਾ ਹੈ ਅਤੇ ਉਹ ਮਹਿਸੂਸ ਕਰਨ ਲੱਗਦੇ ਹਨ ਕਿ ਗੁਆਂਢ ਵੀ ਬੱਚਿਆਂ ਲਈ ਸੁਰੱਖਿਅਤ ਨਹੀਂ।’’
ਇਸ ਤਰ੍ਹਾਂ ਦੇ ਹਾਲਾਤ ਵਿਚ ਜਿਥੇ ਬੱਚੀਆਂ ਦੇ ਮਾਤਾ-ਪਿਤਾ ਨੂੰ ਆਪਣੇ ਆਂਢ-ਗੁਆਂਢ ਦੇ ਲੋਕਾਂ ’ਤੇ ਸਖਤ ਨਜ਼ਰ ਰੱਖਣੀ ਚਾਹੀਦੀ ਹੈ, ਉਥੇ ਹੀ ਇਸ ਤਰ੍ਹਾਂ ਦੇ ਦੋਸ਼ਾਂ ਵਿਚ ਮੁਲਜ਼ਮਾਂ ਨੂੰ ਛੇਤੀ ਅਤੇ ਸਖਤ ਸਜ਼ਾ ਦੇਣ ਦੀ ਵੀ ਲੋੜ ਹੈ ਤਾਂ ਜੋ ਇਸ ਨਾਲ ਦੂਜਿਆਂ ਨੂੰ ਵੀ ਨਸੀਹਤ ਮਿਲੇ ਅਤੇ ਦੇਸ਼ ਇਸ ਬੁਰਾਈ ਤੋਂ ਬਚ ਸਕੇ।
–ਵਿਜੇ ਕੁਮਾਰ