''ਆਪ ''ਚ ਘਮਾਸਾਨ'' ਰਾਜ ਸਭਾ ਲਈ ਉਮੀਦਵਾਰਾਂ ਦੇ ਐਲਾਨ ''ਤੇ

01/05/2018 5:27:14 AM

ਵਿਚਾਰਕ ਮੱਤਭੇਦਾਂ ਦੇ ਆਧਾਰ 'ਤੇ ਗਾਂਧੀਵਾਦੀ ਸਮਾਜ ਸੇਵੀ ਅੰਨਾ ਹਜ਼ਾਰੇ ਤੋਂ ਵੱਖ ਹੋ ਕੇ ਅਰਵਿੰਦ ਕੇਜਰੀਵਾਲ ਨੇ ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਮਨੀਸ਼ ਸਿਸੌਦੀਆ ਅਤੇ ਕਿਰਨ ਬੇਦੀ ਆਦਿ ਨੂੰ ਨਾਲ ਲੈ ਕੇ 2 ਅਕਤੂਬਰ 2012 ਨੂੰ 'ਆਮ ਆਦਮੀ ਪਾਰਟੀ' (ਆਪ) ਦਾ ਗਠਨ ਕੀਤਾ ਸੀ। 
'ਆਪ' ਨੇ 28 ਦਸੰਬਰ 2013 ਨੂੰ ਕਾਂਗਰਸ ਦੀ ਹਮਾਇਤ ਨਾਲ ਦਿੱਲੀ ਵਿਚ ਸਰਕਾਰ ਬਣਾਈ ਪਰ 49 ਦਿਨਾਂ ਤੋਂ ਬਾਅਦ ਹੀ ਜਨ-ਲੋਕਪਾਲ ਬਿੱਲ ਪੇਸ਼ ਕਰਨ ਦੇ ਪ੍ਰਸਤਾਵ ਨੂੰ ਸਮਰਥਨ ਨਾ ਮਿਲ ਸਕਣ ਕਾਰਨ ਉਨ੍ਹਾਂ ਦੀ ਸਰਕਾਰ ਨੇ ਅਸਤੀਫਾ ਦੇ ਦਿੱਤਾ। 
ਪਾਰਟੀ 'ਚ ਇਸ ਤੋਂ ਬਾਅਦ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਪਰ ਨੇਤਾਵਾਂ ਦੇ ਇਕ ਵਰਗ ਅਤੇ ਕੇਜਰੀਵਾਲ ਵਿਚਾਲੇ ਮੱਤਭੇਦਾਂ ਕਾਰਨ ਪਾਰਟੀ ਵਿਚ ਪਹਿਲੀ ਵਾਰ ਫੁੱਟ ਪੈਦਾ ਹੋਈ। ਇਸ ਦੇ ਬਾਵਜੂਦ ਪਾਰਟੀ ਨੇ ਦਿੱਲੀ ਵਿਚ 2015 ਦੀਆਂ ਚੋਣਾਂ ਵਿਚ 70'ਚੋਂ 67 ਸੀਟਾਂ ਜਿੱਤੀਆਂ ਅਤੇ ਕੇਜਰੀਵਾਲ ਮੁੜ ਮੁੱਖ ਮੰਤਰੀ ਬਣੇ। 
ਪਰ ਕੁਝ ਹੀ ਸਮੇਂ ਬਾਅਦ ਪਾਰਟੀ 'ਚ ਉਨ੍ਹਾਂ ਵਿਰੁੱਧ ਆਵਾਜ਼ਾਂ ਉੱਠਣ ਲੱਗੀਆਂ। ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਨੇ ਉਨ੍ਹਾਂ 'ਤੇ ਅਨੇਕ ਦੋਸ਼ ਲਗਾਏ, ਜਿਸ 'ਤੇ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ। 
ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿਚ 4 ਸੀਟਾਂ ਜਿੱਤ ਕੇ ਪੈਰ ਜਮਾ ਰਹੀ ਪਾਰਟੀ ਵਿਚ ਵੀ ਵਿਦਰੋਹ ਦੇ ਸੁਰ ਉੱਭਰਨ ਲੱਗੇ ਅਤੇ ਉਸ ਤੋਂ ਬਾਅਦ ਲਗਾਤਾਰ ਪਾਰਟੀ ਗਲਤ ਕਾਰਨਾਂ ਕਰਕੇ ਚਰਚਾ ਵਿਚ ਬਣੀ ਹੋਈ ਹੈ। 
ਇਨ੍ਹੀਂ ਦਿਨੀਂ ਰਾਜ ਸਭਾ ਲਈ ਉਮੀਦਵਾਰਾਂ ਦੇ ਤੌਰ 'ਤੇ ਪਾਰਟੀ ਦੇ ਸੰਸਥਾਪਕ ਮੈਂਬਰ ਸੰਜੇ ਸਿੰਘ ਤੋਂ ਇਲਾਵਾ 36 ਦਿਨ ਪਹਿਲਾਂ 28 ਨਵੰਬਰ ਨੂੰ ਕਾਂਗਰਸ ਛੱਡ ਕੇ ਆਏ ਸੁਸ਼ੀਲ ਗੁਪਤਾ ਅਤੇ ਚਾਰਟਰਡ ਅਕਾਊਂਟੈਂਟ ਐੱਨ. ਡੀ. ਗੁਪਤਾ ਨੂੰ ਨਾਮਜ਼ਦ ਕੀਤੇ ਜਾਣ ਵਿਰੁੱਧ ਪਾਰਟੀ ਵਿਚ ਕੇਜਰੀਵਾਲ ਵਿਰੁੱਧ ਰੋਸ ਭੜਕ ਉੱਠਿਆ ਹੈ। 
ਸੁਸ਼ੀਲ ਗੁਪਤਾ ਦਿੱਲੀ ਦੇ ਕਾਰੋਬਾਰੀ ਹਨ, ਜਿਨ੍ਹਾਂ ਨੇ ਕੇਜਰੀਵਾਲ ਵਿਰੁੱਧ ਪੋਸਟਰ ਮੁਹਿੰਮ ਚਲਾ ਕੇ ਵਿਗਿਆਪਨਾਂ 'ਤੇ ਕਰੋੜਾਂ ਰੁਪਏ ਫੂਕਣ ਦਾ ਦੋਸ਼ ਲਾਇਆ ਅਤੇ ਹਸਤਾਖਰ ਮੁਹਿੰਮ ਚਲਾਈ ਸੀ।
ਪਰ ਇਨ੍ਹਾਂ ਦੀ ਚੋਣ ਨੂੰ ਲੈ ਕੇ ਕੇਜਰੀਵਾਲ ਦੇ ਵਿਰੋਧੀਆਂ ਨੇ ਉਨ੍ਹਾਂ 'ਤੇ ਨਿਸ਼ਾਨਾ ਸਾਧ ਲਿਆ ਹੈ। ਕਰਾਵਲ ਨਗਰ ਤੋਂ ਪਾਰਟੀ ਵਿਧਾਇਕ ਕਪਿਲ ਮਿਸ਼ਰਾ ਨੇ ਕੇਜਰੀਵਾਲ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ''ਤੁਸੀਂ ਲੀਡਰ ਅਤੇ ਡੀਲਰ 'ਚੋਂ ਡੀਲਰ ਨੂੰ ਚੁਣਿਆ ਹੈ।''
ਇਸੇ ਤਰ੍ਹਾਂ ਕੁਮਾਰ ਵਿਸ਼ਵਾਸ ਨੇ ਕਿਹਾ ਕਿ ''ਮੈਨੂੰ ਸੱਚ ਬੋਲਣ ਦੀ ਸਜ਼ਾ ਮਿਲੀ ਹੈ। ਕੇਜਰੀਵਾਲ ਦਾ ਫੈਸਲਾ ਹੋਵੇ ਜਾਂ ਸਰਜੀਕਲ ਸਟ੍ਰਾਈਕ, ਟਿਕਟ ਵੰਡ ਵਿਚ ਗੜਬੜ ਜਾਂ ਪੰਜਾਬ ਵਿਚ ਕੱਟੜਪੰਥੀਆਂ ਪ੍ਰਤੀ ਸਾਫਟ ਰਹਿਣਾ ਹੋਵੇ, ਮੈਂ ਇਸ ਦੀ ਕੀਮਤ ਚੁਕਾਈ।''
''ਕੇਜਰੀਵਾਲ ਨਾਲ ਅਸਹਿਮਤ ਹੋ ਕੇ ਪਾਰਟੀ ਵਿਚ ਕੋਈ ਵੀ ਜਿਊਂਦਾ ਨਹੀਂ ਰਹਿ ਸਕਦਾ। ਕੁਝ ਸਮਾਂ ਪਹਿਲਾਂ ਕੇਜਰੀਵਾਲ ਨੇ ਮੈਨੂੰ ਕਿਹਾ ਸੀ ਕਿ ਅਸੀਂ ਤੁਹਾਨੂੰ ਖਤਮ ਕਰ ਦੇਵਾਂਗੇ ਪਰ ਸ਼ਹੀਦ ਨਹੀਂ ਹੋਣ ਦੇਵਾਂਗੇ। ਮੈਂ ਆਪਣੀ ਸ਼ਹਾਦਤ ਨੂੰ ਸਵੀਕਾਰ ਕਰਦਾ ਹਾਂ।''
ਕਿਸੇ ਸਮੇਂ ਅਰਵਿੰਦ ਕੇਜਰੀਵਾਲ ਦੇ ਸਾਥੀ ਰਹੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਅਨੁਸਾਰ, ''ਕੇਜਰੀਵਾਲ ਨੇ ਅਜਿਹੇ ਲੋਕਾਂ ਨੂੰ ਟਿਕਟ ਦਿੱਤੀ ਹੈ, ਜਿਨ੍ਹਾਂ ਦੀ ਨਾ ਸਮਾਜ ਸੇਵਾ ਦੇ ਖੇਤਰ ਵਿਚ ਕੋਈ ਪਛਾਣ ਹੈ ਅਤੇ ਨਾ ਉਹ ਰਾਜ ਸਭਾ 'ਚ ਜਾਣ ਦੇ ਯੋਗ ਹਨ।''
ਇਸੇ ਤਰ੍ਹਾਂ ਯੋਗੇਂਦਰ ਯਾਦਵ ਨੇ ਕਿਹਾ ਕਿ ''3 ਸਾਲਾਂ ਵਿਚ ਮੈਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਿਹਾ ਕਿ ਕੇਜਰੀਵਾਲ ਵਿਚ ਹੋਰ ਜੋ ਵੀ ਦੋਸ਼ ਹੋਣ, ਉਨ੍ਹਾਂ ਨੂੰ ਕੋਈ ਖਰੀਦ ਨਹੀਂ ਸਕਦਾ। ਇਥੋਂ ਤਕ ਕਿ ਕਪਿਲ ਮਿਸ਼ਰਾ ਦੇ ਦੋਸ਼ ਨੂੰ ਵੀ ਮੈਂ ਖਾਰਿਜ ਕੀਤਾ ਪਰ ਅੱਜ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਹਾਂ। ਮੈਂ ਹੈਰਾਨ ਹਾਂ ਅਤੇ ਸ਼ਰਮਸਾਰ ਹਾਂ।''
ਕੇਜਰੀਵਾਲ ਦੇ ਵਿਰੋਧ 'ਚ ਅਨੇਕ ਵੱਡੇ ਲੋਕ ਆ ਗਏ ਹਨ ਅਤੇ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਤਾਂ ਇਥੋਂ ਤਕ ਕਿਹਾ ਹੈ ਕਿ ''ਮੈਂ ਕੇਜਰੀਵਾਲ ਨੂੰ ਨਾਰਕੋ ਟੈਸਟ ਕਰਵਾਉਣ ਦੀ ਚੁਣੌਤੀ ਦਿੰਦਾ ਹਾਂ। ਜੇਕਰ ਇਸ ਵਿਚ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ....ਰਾਜ ਸਭਾ ਦੀਆਂ ਟਿਕਟਾਂ ਵੇਚੀਆਂ ਹਨ ਤਾਂ ਮੈਂ ਆਪਣੇ ਪਰਿਵਾਰ ਦੇ ਨਾਲ ਦੇਸ਼ ਛੱਡ ਦੇਵਾਂਗਾ।''
ਇਸ ਘਟਨਾਚੱਕਰ ਦੇ ਵਿਚਾਲੇ ਕਪਿਲ ਮਿਸ਼ਰਾ ਨੇ ਆਪਣੇ ਸਮਰਥਕਾਂ ਨਾਲ ਵੀਰਵਾਰ ਨੂੰ ਰਾਜਘਾਟ ਪਹੁੰਚ ਕੇ ਧਰਨਾ ਦਿੱਤਾ ਅਤੇ 'ਆਪ' ਦੀਆਂ ਰਾਜ ਸਭਾ ਸੀਟਾਂ ਨੂੰ ਪੈਸੇ ਲੈ ਕੇ ਵੇਚਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ''ਕੇਜਰੀਵਾਲ ਵਿਕਾਊ ਅਤੇ ਖਾਊ ਦੋਵੇਂ ਹਨ ਅਤੇ ਉਨ੍ਹਾਂ ਨੇ ਰਾਜ ਸਭਾ ਦੀਆਂ ਸੀਟਾਂ ਦਾ ਸੌਦਾ ਕੀਤਾ ਹੈ... ਰਾਜ ਸਭਾ ਦੀ ਇਸ ਸੌਦੇਬਾਜ਼ੀ ਨੂੰ, ਅੰਦੋਲਨ ਦੇ ਹੱਤਿਆਰਿਆਂ ਨੂੰ ਚੁਣੌਤੀ ਦੇਣਾ ਜ਼ਰੂਰੀ ਹੈ।''
ਦੂਜੇ ਪਾਸੇ ਕੁਮਾਰ ਵਿਸ਼ਵਾਸ ਪਾਰਟੀ ਵੱਲੋਂ ਰਾਜ ਸਭਾ ਦੀ ਟਿਕਟ ਨਾ ਦਿੱਤੇ ਜਾਣ ਤੋਂ ਦੁਖੀ ਹਨ ਅਤੇ ਸਿਆਸਤ ਤੋਂ ਸੰਨਿਆਸ ਲੈਣ ਤਕ ਬਾਰੇ ਸੋਚ ਰਹੇ ਦੱਸੇ ਜਾਂਦੇ ਹਨ। 
ਇਸ ਦੌਰਾਨ 'ਆਪ' ਵੱਲੋਂ ਰਾਜ ਸਭਾ ਦੀ ਸੀਟ ਲਈ ਦਿੱਲੀ ਤੋਂ ਐਲਾਨੇ ਉਮੀਦਵਾਰ ਸੁਸ਼ੀਲ ਗੁਪਤਾ ਨੇ ਪੈਸਾ ਦੇ ਕੇ ਟਿਕਟ ਖਰੀਦਣ ਦਾ ਦੋਸ਼ ਲਾਉਣ ਵਾਲੇ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ, ਕਪਿਲ ਮਿਸ਼ਰਾ ਅਤੇ ਭਾਜਪਾ ਦੇ ਸਥਾਨਕ ਨੇਤਾ ਹਰੀਸ਼ ਖੁਰਾਣਾ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। 
ਕੁਲ ਮਿਲਾ ਕੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਨਾਲ ਲੋਕਾਂ ਵਿਚ ਦੇਸ਼ 'ਚ ਸਾਫ-ਸੁਥਰੀ ਰਾਜਨੀਤੀ ਦੇ ਇਕ ਨਵੇਂ ਯੁੱਗ ਦੇ ਉਦੈ ਹੋਣ ਦੀ ਆਸ ਦਾ ਸੰਚਾਰ ਹੋਇਆ ਸੀ  ਪਰ ਇਹ ਆਸ ਮਿੱਟੀ ਵਿਚ ਮਿਲ ਰਹੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਪਾਰਟੀ ਦੀ ਦਿੱਖ ਨੂੰ ਧੱਕਾ ਹੀ ਪਹੁੰਚਾ ਰਹੀਆਂ ਹਨ, ਜਿਨ੍ਹਾਂ ਦੇ ਜਾਰੀ ਰਹਿਣ 'ਤੇ ਉਨ੍ਹਾਂ ਲਈ ਆਪਣਾ ਟੀਚਾ ਹਾਸਿਲ ਕਰਨਾ ਮੁਸ਼ਕਿਲ ਹੋ ਸਕਦਾ ਹੈ। 
—ਵਿਜੇ ਕੁਮਾਰ  


Vijay Kumar Chopra

Chief Editor

Related News