ਪੰਜਾਬ ਕਾਂਗਰਸ ਅਤੇ ਸਰਕਾਰ ’ਚ ਘਮਾਸਾਨ ‘ਇਹ ਕੀ ਕਰ ਰਹੇ ਹੋ, ਇਹ ਕੀ ਹੋ ਰਿਹਾ ਹੈ’
Friday, May 21, 2021 - 03:23 AM (IST)
ਕਿਸੇ ਸਮੇਂ ‘ਗ੍ਰੈਂਡ ਓਲਡ ਪਾਰਟੀ’ ਅਖਵਾਉਣ ਵਾਲੀ ਕਾਂਗਰਸ ਨਾ ਸਿਰਫ ਹਾਸ਼ੀਏ ’ਤੇ ਆ ਗਈ ਹੈ ਸਗੋਂ ਇਸ ਦੀਆਂ ਰਾਜਸਥਾਨ, ਚੰਡੀਗੜ੍ਹ, ਹਰਿਆਣਾ ਆਦਿ ਇਕਾਈਆਂ ’ਚ ਲਗਾਤਾਰ ਕਲੇਸ਼ ਜਾਰੀ ਹੈ ਅਤੇ ਹੁਣ ਕੁਝ ਦਿਨਾਂ ਤੋਂ ਪੰਜਾਬ ਦੀ ਕਾਂਗਰਸ ਸਰਕਾਰ ’ਚ ਵੀ ਮਚਿਆ ਘਮਾਸਾਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਪਹਿਲਾਂ ਜਿਥੇ ਸ. ਨਵਜੋਤ ਸਿੰਘ ਸਿੱਧੂ ਦੇ ਮਾਮਲੇ ’ਤੇ ਪੰਜਾਬ ਕਾਂਗਰਸ ਦੇ ਵਧੇਰੇ ਨੇਤਾ ਮੁੱਖ ਮੰਤਰੀ ਸ. ਅਮਰਿੰਦਰ ਸਿੰਘ ਦੇ ਨਾਲ ਸਨ ਪਰ ਹੁਣ ਕਈ ਨੇਤਾਵਾਂ ਨੇ ਵੱਖ-ਵੱਖ ਮੁੱਦਿਆਂ ’ਤੇ ਸ. ਅਮਰਿੰਦਰ ਸਿੰਘ ਦੇ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਹੈ।
ਇਸੇ ਸੰਬੰਧ ’ਚ 18 ਮਈ ਨੂੰ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਦਰਜਨ ਕੁ ਕਾਂਗਰਸੀ ਨੇਤਾਵਾਂ ਦੀਆਂ ਬੈਠਕਾਂ ਹੋਈਆਂ, ਜਿਨ੍ਹਾਂ ’ਚ ਸ. ਸੁਖਜਿੰਦਰ ਸਿੰਘ ਰੰਧਾਵਾ ਸਮੇਤ 2 ਮੰਤਰੀ, ਰਾਜ ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਅਤੇ ਸ. ਪ੍ਰਗਟ ਸਿੰਘ ਸਮੇਤ ਕੁਝ ਵਿਧਾਇਕ ਵੀ ਸ਼ਾਮਲ ਹੋਏ।
ਸ. ਪ੍ਰਤਾਪ ਸਿੰਘ ਬਾਜਵਾ ਨੇ ਵਿਧਾਇਕ ਸ. ਪ੍ਰਗਟ ਸਿੰਘ ਨੂੰ ਮੁੱਖ ਮੰਤਰੀ ਸ. ਅਮਰਿੰਦਰ ਸਿੰਘ ਦੇ ਸਲਾਹਕਾਰ ਸੰਦੀਪ ਸੰਧੂ ਵਲੋਂ ਦਿੱਤੀ ਗਈ ਧਮਕੀ ਅਤੇ ਸ. ਨਵਜੋਤ ਸਿੰਘ ਸਿੱਧੂ ਦੇ ਵਿਰੁੱਧ ਵਿਜੀਲੈਂਸ ਕਾਰਵਾਈ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਗਲਤ ਲੋਕਾਂ ਦੇ ਨਾਲ ਕੰਮ ਕਰ ਰਹੇ ਹਨ। ਲੋਕ ਅਕਾਲੀਆਂ ਦਾ ਹਿਸਾਬ ਮੰਗ ਰਹੇ ਸਨ, ਅਸੀਂ ਆਪਣਿਆਂ ਦੇ ਹੀ ਵਿਰੁੱਧ ਮੋਰਚੇ ਖੋਲ੍ਹ ਦਿੱਤੇ ਹਨ।
ਸ. ਪ੍ਰਤਾਪ ਸਿੰਘ ਬਾਜਵਾ ਨੇ ਬੇਅਦਬੀ ਮਾਮਲੇ ’ਚ ਬਾਦਲ ਪਰਿਵਾਰ ਦੇ ਵਿਰੁੱਧ ਕਾਰਵਾਈ ਕਰਨ, ਸੂਬੇ ’ਚ ਡਰੱਗ ਮਾਫੀਆ ਖਤਮ ਕਰਨ ਤੇ ਪਾਰਟੀ ਦੇ ਨੇਤਾਵਾਂ ’ਤੇ ਕਾਰਵਾਈ ਨਾ ਕਰਨ ਦੀ ਮੰਗ ਕਰਦੇ ਹੋਏ ਕਿਹਾ, ‘‘ਉਹ ਅਗਲੇ 45 ਦਿਨਾਂ ’ਚ ਹਾਲਾਤ ਸੁਧਾਰ ਲੈਣ ਨਹੀਂ ਤਾਂ ਇਸ ਦੇ ਬਾਅਦ ਉਹ ਵੀ ਆਜ਼ਾਦ ਹਨ ਅਤੇ ਅਸੀਂ ਵੀ ਆਜ਼ਾਦ ਹਾਂ।’’
‘‘ਅਸੀਂ ਆਪਣੀ ਪਾਰਟੀ ਦੇ ਕਿਸੇ ਵੀ ਨੇਤਾ ਦੇ ਵਿਰੁੱਧ ਕਾਰਵਾਈ ਨਹੀਂ ਹੋਣ ਦਿਆਂਗੇ ਅਤੇ ਵਿਧਾਇਕ ਸ. ਪ੍ਰਗਟ ਸਿੰਘ ਨੂੰ ਧਮਕੀ ਦਾ ਮਾਮਲਾ ਹਾਈਕਮਾਨ ਤਕ ਲੈ ਕੇ ਜਾਵਾਂਗੇ।’’
ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ, ‘‘ਸਾਡੀ ਲੜਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਨੂੰ ਲੈ ਕੇ ਹੈ। ਪਤਾ ਨਹੀਂ ਕੌਣ ਇਹ ਮਾਮਲਾ ਦਬਾਉਣਾ ਚਾਹੁੰਦਾ ਹੈ।’’
ਇਸੇ ਤਰ੍ਹਾਂ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਮਾਮਲੇ ’ਚ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਦੀ ਸ਼ਿਕਾਇਤ ’ਤੇ ਤਿੰਨ ਸਾਲ ਬਾਅਦ ਕਾਰਵਾਈ ’ਤੇ ਵੀ ਸਥਿਤੀ ਸਪੱਸ਼ਟ ਕਰਨ ਦੀ ‘ਨਾਰਾਜ਼ ਧੜੇ’ ਵਲੋਂ ਮੰਗ ਕੀਤੀ ਜਾ ਰਹੀ ਹੈ।
ਸ. ਪ੍ਰਗਟ ਸਿੰਘ ਨੇ ਸੰਦੀਪ ਸੰਧੂ ’ਤੇ ਪ੍ਰਾਪਰਟੀ ਨੂੰ ਲੈ ਕੇ ਉਨ੍ਹਾਂ ਦੇ ਵਿਰੁੱਧ ਵਿਜੀਲੈਂਸ ਜਾਂਚ ਸ਼ੁਰੂ ਕਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਸ. ਪ੍ਰਗਟ ਸਿੰਘ ਦੇ ਅਨੁਸਾਰ ਸੰਦੀਪ ਸੰਧੂ ਨੇ ਕਿਹਾ ਹੈ ਕਿ ਇਹ ਮੁੱਖ ਮੰਤਰੀ ਦਾ ਹੀ ਸੰਦੇਸ਼ ਹੈ।
ਇਸੇ ਬਾਰੇ ਸ. ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ, ‘‘ਜੋ ਕੋਈ ਵੀ ਮੂੰਹ ਖੋਲ੍ਹਦਾ ਹੈ, ਉਹ ਤੁਹਾਡਾ ਦੁਸ਼ਮਣ ਬਣ ਜਾਂਦਾ ਹੈ।’’
‘‘ਨਾ ਹੀ ਚੋਣਾਂ ’ਚ ਕੀਤੇ ਵਾਅਦੇ ਪੂਰੇ ਹੋਣ ਬਾਰੇ ਕੋਈ ਕਦਮ ਚੁੱਕਿਆ ਗਿਆ, ਨਾ ਨਸ਼ਿਆਂ ਤੇ ਨਾ ਹੀ ਬੇਅਦਬੀ ਮਾਮਲੇ ’ਚ ਕੋਈ ਕਾਰਵਾਈ ਕੀਤੀ ਗਈ। ਤੁਸੀਂ ਸਿਰਫ ਬਾਦਲਾਂ ਤੇ ਮਜੀਠੀਆ ਨੂੰ ਬਚਾਉਣ ਲਈ ਆਪਣੀ ਹੀ ਪਾਰਟੀ ਦੇ ਲੋਕਾਂ ਦੇ ਵਿਰੁੱਧ ਕਾਰਵਾਈ ਕੀਤੀ ਹੈ।’’
ਪੰਜਾਬ ਕਾਂਗਰਸ ’ਚ ਚੱਲ ਰਹੇ ਵਿਵਾਦ ’ਚ ਵਿਧਾਇਕ ਸ. ਸੁਰਜੀਤ ਸਿੰਘ ਧੀਮਾਨ ਵੀ ਸ਼ਾਮਲ ਹੋ ਗਏ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ‘‘ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸ਼ਾਸਨਕਾਲ ’ਚ ਨਾ ਹੀ ਨਸ਼ਾ ਖਤਮ ਹੋਇਆ ਅਤੇ ਨਾ ਹੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮਿਲੀ। ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਧਮਕਾਉਣ ਨਾਲ ਕੁਝ ਨਹੀਂ ਹੋਵੇਗਾ। ਉਹ ਸਿਰਫ ਜਨਤਾ ਨਾਲ ਕੀਤੇ ਗਏ ਚੋਣਾਂ ਦੇ ਵਾਅਦਿਆਂ ਲਈ ਯਾਦ ਦਿਵਾ ਰਹੇ ਹਨ, ਜਿਨ੍ਹਾਂ ਨੂੰ ਪੂਰਾ ਨਾ ਕਰਨ ਦੀ ਕੀਮਤ ਸਾਨੂੰ ਅਦਾ ਕਰਨੀ ਪਵੇਗੀ।’’
ਇਨ੍ਹਾਂ ਹਾਲਾਤ ਦੇ ਦਰਮਿਆਨ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਨੇਤਾਵਾਂ ਦੇ ਵਿਰੁੱਧ ਵਿਜੀਲੈਂਸ ਜਾਂਚ ਦੀ ਮੰਗ ਨੂੰ ਅਫਵਾਹ ਦੱਸਦੇ ਹੋਏ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਦੂਸਰੇ ਪਾਸੇ ਸ਼੍ਰੋ. ਅ. ਦ. ਦੇ ਨੇਤਾ ਸ. ਸੁਖਬੀਰ ਸਿੰਘ ਬਾਦਲ ਨੇ ਸ. ਅਮਰਿੰਦਰ ਸਿੰਘ ’ਤੇ ਭਾਜਪਾ ਨਾਲ ਮਿਲੀਭੁਗਤ ਕਰ ਕੇ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ‘‘ਉਹ ਸਿਰਫ ਬਾਦਲਾਂ ਨੂੰ ਹੀ ਫਸਾਉਣਾ ਚਾਹੁੰਦੇ ਹਨ।’’
ਇਸ ਦਰਮਿਆਨ ਹੁਣ ਪ੍ਰਿਯੰਕਾ ਗਾਂਧੀ ਨੇ ਸ. ਅਮਰਿੰਦਰ ਸਿੰਘ ਨੂੰ ਫੋਨ ਕਰ ਕੇ ਉਨ੍ਹਾਂ ਨਾਲ ਉਕਤ ਮਾਮਲਿਆਂ ’ਤੇ ਚਰਚਾ ਕੀਤੀ ਹੈ ਪਰ ਇਹ ਟਕਰਾਅ ਸੂਬੇ ’ਚ ਕਾਂਗਰਸ ਅਤੇ ਉਸ ਦੀ ਸਰਕਾਰ ਨੂੰ ਕਿੱਥੇ ਲੈ ਜਾਵੇਗਾ, ਕਹਿਣਾ ਔਖਾ ਹੈ।
ਇਸ ਦਰਮਿਆਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਸਿਹਤ ਖਰਾਬ ਹੋ ਜਾਣ ਦੇ ਕਾਰਨ ਇਸ ਮਾਮਲੇ ’ਚ ਹਾਈਕਮਾਨ ਦੀ ਦਖਲਅੰਦਾਜ਼ੀ ’ਤੇ ਖਦਸ਼ਾ ਪੈਦਾ ਹੋ ਗਿਆ ਹੈ ਅਤੇ ਸ. ਨਵਜੋਤ ਸਿੰਘ ਸਿੱਧੂ ਨੇ ਦਿੱਲੀ ਚੱਲੋ ਦਾ ਨਾਅਰਾ ਦੇ ਕੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ ਕਿ ‘‘ਹੁਣ ਵਿਧਾਇਕਾਂ ਤੇ ਪਾਰਟੀ ਵਰਕਰਾਂ ਨੂੰ ਦਿੱਲੀ ਜਾ ਕੇ ਹਾਈਕਮਾਨ ਨੂੰ ਸੱਚ ਲਾਜ਼ਮੀ ਦੱਸਣਾ ਚਾਹੀਦਾ ਹੈ।’’
ਇੰਝ ਜਾਪਦਾ ਹੈ ਕਿ ਇਸ ਸਾਰੇ ਘਟਨਾਕ੍ਰਮ ਦੇ ਲਈ ਕਿਤੇ ਨਾ ਕਿਤੇ ਕਾਂਗਰਸ ਹਾਈਕਮਾਨ ਵੀ ਜ਼ਿੰਮੇਵਾਰ ਹੈ, ਜਿਸ ਨੇ ਹੁਣ ਤਕ ਇਹ ਵਿਵਾਦ ਹੱਲ ਕਰਨ ਦੀ ਕੋਸ਼ਿਸ ਹੀ ਨਹੀਂ ਕੀਤੀ ਅਤੇ ਮਾਮਲਾ ਵਿਗੜਦੇ-ਵਿਗੜਦੇ ਇਥੋਂ ਤਕ ਪਹੁੰਚ ਗਿਆ!
ਇਸ ਲਈ ਜੇਕਰ ਪਾਰਟੀ ’ਚ ਕਲੇਸ਼ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਚੋਣਾਂ ’ਚ ਪਾਰਟੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
–ਵਿਜੇ ਕੁਮਾਰ