‘ਇਤਰਾਜ਼ਯੋਗ ਪਹਿਰਾਵਿਆਂ’ ਤੋਂ ਬਾਅਦ ਮੰਦਿਰਾਂ ’ਚ ਹੁਣ ‘ਗਾਂਜੇ ਦੇ ਪ੍ਰਸ਼ਾਦ’ ’ਤੇ ਰੋਕ

05/26/2023 2:26:00 AM

ਹਰੇਕ ਧਰਮ ਦੇ ਪੈਰੋਕਾਰਾਂ ਕੋਲੋਂ ਆਪਣੇ ਪੂਜਾ ਸਥਾਨ ’ਤੇ ਸ਼ੁੱਧ ਮਨ ਅਤੇ ਪਵਿੱਤਰ ਸਰੀਰ ਦੇ ਨਾਲ ਹੀ ਸ਼ਾਲੀਨ ਪਹਿਰਾਵੇ ’ਚ ਜਾਣ ਦੀ ਉਮੀਦ ਕੀਤੀ ਜਾਂਦੀ ਹੈ। ਇਸ ਲਈ ਹੁਣ ਕੁਝ ਮੰਦਿਰਾਂ ’ਚ ਸ਼ਰਧਾਲੂਆਂ ਲਈ ਡ੍ਰੈੱਸ ਕੋਡ ਤੈਅ ਕੀਤੇ ਗਏ ਹਨ।

ਹਾਲ ਹੀ ’ਚ ਉੱਤਰ ਪ੍ਰਦੇਸ਼ ’ਚ ਬਾਲਾਜੀ ਧਾਮ ਮੰਦਿਰ (ਮੁਜ਼ੱਫਰਨਗਰ), ਹਨੂੰਮਾਨ ਜੀ ਦੇ ਪ੍ਰਾਚੀਨ ‘ਗਿਲਹਿਰੀ ਰਾਜ ਮੰਦਿਰ’ (ਅਲੀਗੜ੍ਹ) ਅਤੇ ‘ਰਾਧਾ ਦਾਮੋਦਰ ਮੰਦਿਰ’ (ਵਰਿੰਦਾਵਨ) ਤੋਂ ਇਲਾਵਾ ਮਹਾਰਾਸ਼ਟਰ ’ਚ ਉਸਮਾਨਾਬਾਦ ਸਥਿਤ ‘ਤੁਲਜਾ ਭਵਾਨੀ ਮੰਦਿਰ’ ’ਚ ਦਰਸ਼ਨ ਕਰਨ ਵਾਲਿਆਂ ਦੇ ਕਟੀ-ਫਟੀ ਜੀਨਸ, ਸਕਰਟ, ਟੀ-ਸ਼ਰਟ ਅਤੇ ਮਿੰਨੀ ਵਰਗੇ ਛੋਟੇ ਕੱਪੜੇ ਪਹਿਨ ਕੇ ਆਉਣ ’ਤੇ ਰੋਕ ਲਗਾ ਦਿੱਤੀ ਗਈ ਹੈ।

ਅਤੇ ਹੁਣ 23 ਮਈ ਨੂੰ ਓਡਿਸ਼ਾ ਸਰਕਾਰ ਨੇ ਸੂਬੇ ’ਚ ਭਗਵਾਨ ਸ਼ਿਵ ਦੇ ਸਾਰੇ ਮੰਦਿਰਾਂ ’ਚ ਗਾਂਜੇ ਦੀ ਵਰਤੋਂ ’ਤੇ ਪਾਬੰਦੀ ਲਗਾ ਕੇ ਸਬੰਧਤ ਅਧਿਕਾਰੀਆਂ ਨੂੰ ਇਸ ਬਾਰੇ ਜ਼ਰੂਰੀ ਕਦਮ ਚੁੱਕਣ ਦਾ ਹੁਕਮ ਦਿੱਤਾ ਹੈ।

ਇਸ ਦੇ ਅਨੁਸਾਰ ਮੰਦਿਰਾਂ ’ਚ ਗਾਂਜਾ ਚੜ੍ਹਾਇਆ ਤਾਂ ਜਾ ਸਕਦਾ ਹੈ ਪਰ ਇਸ ਨੂੰ ਭਗਤਾਂ ਦਰਮਿਆਨ ਸੇਵਨ ਲਈ ਪ੍ਰਸ਼ਾਦ ਦੇ ਰੂਪ ’ਚ ਨਹੀਂ ਵੰਡਣਾ ਚਾਹੀਦਾ ਹੈ।

ਸੂਬੇ ਦੇ ਸੱਭਿਆਚਾਰਕ ਮੰਤਰੀ ਅਸ਼ਵਿਨੀ ਪਾਤਰਾ ਦਾ ਕਹਿਣਾ ਹੈ ਕਿ ਭਗਵਤੀ ਮੰਦਿਰਾਂ ’ਚ ਪਸ਼ੂ-ਬਲੀ ’ਤੇ ਰੋਕ ਵਾਂਗ ਹੀ ਸਾਨੂੰ ਗਾਂਜੇ ’ਤੇ ਵੀ ਪਾਬੰਦੀ ਲਗਾਉਣ ਦੀ ਲੋੜ ਹੈ।

ਮੰਦਿਰਾਂ ’ਚ ਮਰਿਆਦਾ ਬਣਾਈ ਰੱਖਣ ਦੇ ਨਜ਼ਰੀਏ ਨਾਲ ਅਭੱਦਰ ਪਹਿਰਾਵਿਆਂ ਅਤੇ ਪ੍ਰਸ਼ਾਦ ਦੇ ਰੂਪ ’ਚ ਗਾਂਜੇ ਵਰਗੇ ਨਸ਼ੀਲੇ ਪਦਾਰਥ ਦੀ ਵੰਡ ’ਤੇ ਰੋਕ ਦੋਵੇਂ ਹੀ ਸਹੀ ਫੈਸਲੇ ਹਨ, ਜਿਨ੍ਹਾਂ ਨਾਲ ਮੰਦਿਰਾਂ ਦੇ ਵਾਤਾਵਰਣ ’ਚ ਹੋਰ ਬਿਹਤਰੀ ਆਵੇਗੀ। ਇਸ ਲਈ ਹੋਰਨਾਂ ਮੰਦਿਰਾਂ ’ਚ ਵੀ ਇਸੇ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾਣੇ ਚਾਹੀਦੇ ਹਨ।

- ਵਿਜੇ ਕੁਮਾਰ


Anmol Tagra

Content Editor

Related News