ਪੈਸਿਆਂ ਦਾ ਲਾਲਚ ਦੇ ਕੇ ਲੋਕਾਂ ਦੀਆਂ ਕਿਡਨੀਆਂ ਕੱਢਣ ਵਾਲੇ ਗਿਰੋਹ ਸਰਗਰਮ

06/03/2022 1:17:23 AM

ਸਾਡੇ ਦੇਸ਼ ’ਚ ਹਰ ਸਾਲ ਕਿਡਨੀ ਖਰਾਬ ਹੋਣ ਕਾਰਨ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਹੁੰਦੀ ਹੈ ਪਰ ਲੋੜਵੰਦ ਰੋਗੀਆਂ ’ਚ ਟਰਾਂਸਪਲਾਂਟ ਦੇ ਲਈ ਲੋੜੀਂਦੀ ਗਿਣਤੀ ’ਚ ਦਾਨੀ ਨਾ ਮਿਲਣ ਦੇ ਕਾਰਨ ਦੇਸ਼ ’ਚ ਕਿਡਨੀ ਦੀ ਵਿਕਰੀ ਇਕ ਵੱਡੇ ਨਾਜਾਇਜ਼ ਧੰਦੇ ਦਾ ਰੂਪ ਧਾਰਨ ਕਰ ਗਈ ਹੈ। ਇਸ ’ਚ ਗਰੀਬਾਂ ਨੂੰ ਲਾਲਚ ਦੇ ਕੇ ਜਾਂ ਧੋਖੇ ਨਾਲ ਉਨ੍ਹਾਂ ਦੀਆਂ ਕਿਡਨੀਆਂ ਕੱਢ ਕੇ ਲੋੜਵੰਦ ਰੋਗੀਆਂ ਨੂੰ ਮਹਿੰਗੇ ਭਾਅ ’ਤੇ ਵੇਚਣ ਵਾਲੇ ਗਿਰੋਹ ਸ਼ਾਮਲ ਹਨ। ਇਨ੍ਹਾਂ ਗਿਰੋਹਾਂ ਦੇ ਮੈਂਬਰ ਦੇਸ਼ ਭਰ ’ਚ ਘੁੰਮ ਕੇ ਅਜਿਹੇ ਲੋਕਾਂ ਨੂੰ ਲੱਭਦੇ ਹਨ ਜਿਨ੍ਹਾਂ ਨੂੰ ਪੈਸੇ ਦੀ ਲੋੜ ਹੁੰਦੀ ਹੈ ਅਤੇ ਉਨ੍ਹਾਂ ਨਾਲ ਕਿਡਨੀ ਦਾ ਸੌਦਾ ਕਰ ਲੈਂਦੇ ਹਨ। ਮਰੀਜ਼ ਦੇ ਪਰਿਵਾਰਕ ਮੈਂਬਰਾਂ ਕੋਲੋਂ ਪ੍ਰਤੀ ਕਿਡਨੀ 25-30 ਲੱਖ ਰੁਪਏ ਲੈਣ ਵਾਲੇ ਇਹ ਧੋਖੇਬਾਜ਼  ਅੰਗਦਾਨ  ਕਰਨ ਵਾਲੇ ਗਰੀਬਾਂ ਨੂੰ ਸਿਰਫ ਕੁਝ ਲੱਖ ਰੁਪਏ ਦੇ ਕੇ ਹੀ ਟਰਕਾ ਦਿੰਦੇ ਹਨ।  ਕਿਡਨੀ ਸਕੈਂਡਲ ਦੇ ਨਵੇਂ ਮਾਮਲੇ ’ਚ ਦਿੱਲੀ ਪੁਲਸ ਨੇ ਇਕ ਨਾਜਾਇਜ਼ ਕਿਡਨੀ ਟਰਾਂਸਪਲਾਂਟ ਸਕੈਂਡਲ ਦਾ ਪਰਦਾਫਾਸ਼ ਕਰ ਕੇ 2 ਡਾਕਟਰਾਂ ਸਮੇਤ 10 ਲੋਕਾਂ ਨੂੰ ਦਿੱਲੀ ਦੇ ਵੱਖ-ਵੱਖ ਹਿੱਸਿਆਂ ਦੇ  ਇਲਾਵਾ ਸੋਨੀਪਤ ਅਤੇ ਰਿਸ਼ੀਕੇਸ਼ ਤੋਂ ਗ੍ਰਿਫਤਾਰ ਕੀਤਾ ਹੈ। ਸੰਭਵ  ਤੌਰ ’ਤੇ ਦੋਸ਼ੀਆਂ ਨੇ 6 ਮਹੀਨਿਆਂ ’ਚ 20 ਤੋਂ ਵੱਧ ਕਿਡਨੀਆਂ ਦਾ ਨਾਜਾਇਜ਼ ਟਰਾਂਸਪਲਾਂਟ ਕੀਤਾ। 

ਦੋਸ਼ੀਆਂ ਦੀ ਪਛਾਣ ਕੁਲਦੀਪ ਰੇ ਵਿਸ਼ਵਕਰਮਾ (47), ਸਰਵਜੀਤ ਜੇਲਵਾਲ (37), ਸ਼ੈਲੇਸ਼ ਪਟੇਲ (23), ਮੁਹੰਮਦ ਲਤੀਫ (24), ਵਿਕਾਸ (24), ਰਣਜੀਤ ਗੁਪਤਾ (43), ਡਾ. ਸੋਨੂੰ ਰੋਹਿੱਲਾ (37), ਡਾ. ਸੌਰਭ ਮਿੱਤਲ (37), ਓਮ ਪ੍ਰਕਾਸ਼ ਸ਼ਰਮਾ (48) ਅਤੇ ਮਨੋਜ ਤਿਵਾਰੀ (36) ਦੇ ਰੂਪ ’ਚ ਕੀਤੀ ਗਈ ਹੈ।
 ਪੁਲਸ ਦੇ ਅਨੁਸਾਰ ਇਹ ਗਿਰੋਹ ‘ਸਾਫਟ ਟਾਰਗੈੱਟ’ ਭਾਵ ਬੇਘਰ ਲੋਕਾਂ ਜਾਂ 20-30 ਸਾਲ ਦੇ ਨੌਜਵਾਨਾਂ ਤੇ ਹੋਰ ਲੋੜਵੰਦਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ। ਸ਼ੈਲੇਸ਼ ਪਟੇਲ ਅਤੇ ਸਰਵਜੀਤ ਨੇ ਗ੍ਰਿਫਤਾਰੀ ਦੇ ਬਾਅਦ ਦੱਸਿਆ ਕਿ ਉਨ੍ਹਾਂ ਨੂੰ ਗਿਰੋਹ ਦੇ ਸਹਿਯੋਗੀਆਂ ਵਿਕਾਸ ਅਤੇ ਇਕ ਡਾਕਟਰ ਦੇ ਕੋਲ ਦਾਨੀ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਉਨ੍ਹਾਂ ਨੂੰ ਹਰ ਕੇਸ ਦੇ ਬਦਲੇ ’ਚ 30,000 ਤੋਂ 40,000 ਰੁਪਏ  ਤੱਕ ਦਿੱਤੇ ਜਾਂਦੇ ਸਨ। ਇਸ ਦੇ ਬਾਅਦ ਇਨ੍ਹਾਂ ਦਾਨੀਆਂ ਦੀ ਡਾਕਟਰੀ ਜਾਂਚ ਕੀਤੀ ਜਾਂਦੀ ਅਤੇ ਫਿਰ ਇਨ੍ਹਾਂ ਦੀਆਂ ਕਿਡਨੀਆਂ ਕੱਢ ਕੇ ਕਿਤੇ ਵੱਧ  ਰੇਟਾਂ ’ਤੇ ਲੋੜਵੰਦ ਰੋਗੀਆਂ ਨੂੰ ਵੇਚ ਦਿੱਤੀਆਂ ਜਾਂਦੀਆਂ ਸਨ। ਇਨ੍ਹਾਂ ਦੋਸ਼ੀਆਂ ਦਾ ਇਕ ਸਾਥੀ ਲੈਬਾਰਟਰੀ ਸਹਾਇਕ ਵੀ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿਡਨੀ ਦਾਨੀਆਂ ਅਤੇ ਪ੍ਰਾਪਤ ਕਰਨ ਵਾਲਿਆਂ ਨੂੰ ਆਪ੍ਰੇਸ਼ਨ ਤੋਂ ਪਹਿਲਾਂ ਡਾਇਗਨੋਸਟਿਕ ਸੈਂਟਰਾਂ ’ਚ ਲੈ ਕੇ ਜਾਂਦਾ ਸੀ। ਦੋਸ਼ੀ ਰਣਜੀਤ ਗੁਪਤਾ ਦਾਨੀਆਂ ਤੇ ਕਿਡਨੀ ਪ੍ਰਾਪਤ ਕਰਨ ਵਾਲਿਆਂ ਨੂੰ ਡਾਕਟਰੀ ਪ੍ਰਕਿਰਿਆ ਪੂਰੀ ਕਰਨ ਲਈ ਗੋਹਾਨਾ ਭੇਜਿਆ ਕਰਦਾ ਸੀ ਜਿੱਥੋਂ ਪੁਲਸ ਨੇ ਕਲੀਨਿਕ ਦੇ ਮਾਲਕ ਡਾ. ਸੋਨੂੰ ਰੋਹਿੱਲਾ ਅਤੇ ਦਿੱਲੀ ਦੇ ਇਕ ਪ੍ਰਸਿੱਧ ਹਸਪਤਾਲ ’ਚ ਕੰਮ ਕਰਨ ਵਾਲੇ ਐਨੇਸਥਿਸਿਸਟ ਡਾ. ਸੌਰਭ ਮਿੱਤਲ ਨੂੰ ਗ੍ਰਿਫਤਾਰ ਕੀਤਾ ਹੈ।  ਇੱਥੇ ਮੋਹਰੀ ਹਸਪਤਾਲਾਂ  ਦੇ ਡਾਕਟਰਾਂ ਅਤੇ ਤਕਨੀਸ਼ੀਅਨਾਂ ਦੀ ਸਹਾਇਤਾ ਨਾਲ ਨਾਜਾਇਜ਼ ਆਪ੍ਰੇਸ਼ਨ ਕੀਤੇ ਜਾਂਦੇ ਸਨ। 

ਪੁਲਸ ਦੇ ਅਨੁਸਾਰ, ‘‘ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਸੀ ਕਿ ਸਰਵਜੀਤ ਇਕ ਵਿਅਕਤੀ ਨੂੰ ਪੇਟ ਦਰਦ ਦੇ ਇਲਾਜ ਦੇ ਬਹਾਨੇ ਲੈਬ ’ਚ ਲਿਜਾ ਰਿਹਾ ਸੀ ਪਰ ਜਦੋਂ ਉਸ ਵਿਅਕਤੀ ਨੂੰ ਪਤਾ ਲੱਗਾ ਕਿ ਉਸ ਨੂੰ ਕਿਡਨੀ ਡੋਨੇਸ਼ਨ ਲਈ ਉੱਥੇ ਲਿਜਾਇਆ ਜਾ ਰਿਹਾ ਹੈ ਤਾਂ ਉਸ ਨੇ ਉਨ੍ਹਾਂ ਨਾਲ ਬਹਿਸ ਕੀਤੀ ਅਤੇ ਉੱਥੋਂ ਨਿਕਲ ਗਿਆ।’’ ਅੰਗਦਾਨੀਆਂ ਦੀ ਭਿਆਨਕ ਕਮੀ ਕਾਰਨ ਹੀ ਦੇਸ਼ ’ਚ  ਅੱਜ ਅੰਗ ਵੇਚਣਾ ਵੀ ਕਰੋੜਾਂ ਰੁਪਏ ਦਾ ਵਪਾਰ ਬਣ ਗਿਆ ਹੈ ਜਿਸ ’ਚ ਡਾਕਟਰਾਂ, ਹਸਪਤਾਲਾਂ, ਪ੍ਰਬੰਧਕਾਂ, ਦਲਾਲਾਂ ਦੇ ਇਲਾਵਾ ਵੱਡੀ ਗਿਣਤੀ ’ਚ ਪੁਲਸ ਪ੍ਰਸ਼ਾਸਨ ਨਾਲ ਜੁੜੇ ਲੋਕ ਵੀ  ਸ਼ਾਮਲ ਪਾਏ ਜਾ ਰਹੇ ਹਨ।  ਕੁਝ ਮਾਮਲਿਆਂ ’ਚ ਨੌਕਰੀ ਦਾ ਝਾਂਸਾ ਦੇ ਕੇ ਮੈਡੀਕਲ ਰਿਪੋਰਟ ਪੂਰੀ ਕਰਨ ਦੇ ਨਾਂ ’ਤੇ ਸਾਰੇ ਡਾਕਟਰੀ ਟੈਸਟ ਕਰਵਾਉਣ ਦੇ ਬਾਅਦ ਧੋਖੇ ਨਾਲ ਕਿਡਨੀ ਕੱਢ ਲਏ ਜਾਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਕਈ ਵਾਰ ਇਸ ’ਚ ਪਰਿਵਾਰਕ ਮੈਂਬਰ ਤੱਕ ਸ਼ਾਮਲ ਪਾਏ ਗਏ ਹਨ। 

ਇਹੀ ਨਹੀਂ ਸਾਧਨ-ਸੰਪੰਨ ਲੋਕ ਆਪਣੇ ਧਨ-ਬਲ ਨਾਲ ਲੋੜਵੰਦ ਦਾ ਅੰਗ ਖਰੀਦ ਕੇ ਆਪਣੇ ਰੋਗੀ ਦੀ ਜਾਨ ਬਚਾ ਵੀ ਲੈਂਦੇ ਹਨ ਪਰ ਧੋਖੇ ਨਾਲ ਅਤੇ ਕਿਸੇ ਦੀ ਮਜਬੂਰੀ ਦਾ ਲਾਭ ਉਠਾ ਕੇ ਉਸ ਦੇ ਸਰੀਰ ਦਾ ਕੋਈ ਅੰਗ ਕੱਢ ਲੈਣਾ  ਕਿਸੇ ਵੀ ਤਰ੍ਹਾਂ ਸਹੀ ਨਹੀਂ ਅਤੇ ਡਾਕਟਰੀ ਦੇ ਪਵਿੱਤਰ ਪੇਸ਼ੇ ’ਤੇ ਗੂੜ੍ਹਾ ਦਾਗ ਹੈ। ਹੋਰਨਾਂ ਧੰਦਿਆਂ ਦੇ ਵਾਂਗ ਹੀ ਇਸ ਕਾਰੋਬਾਰ ’ਚ ਭਾਰੀ ਰਕਮ ਜੁੜੀ ਹੋਣ ਕਾਰਨ ਪੁਲਸ ਦੇ ਛਾਪਿਆਂ ਆਦਿ ਦੇ ਬਾਵਜੂਦ ਇਹ ਬੁਰਾਈ ਰੁਕਣ ’ਚ ਨਹੀਂ ਆ ਰਹੀ। ਇਸ ਲਈ ਇਸ ’ਤੇ  ਰੋਕ ਲਾਉਣ ਲਈ ਸਵੈਇੱਛੁਕ ਅੰਗਦਾਨ ਦੀ ਪ੍ਰਕਿਰਿਆ ਸੌਖੀ ਬਣਾਉਣ ਅਤੇ ਸਹਿਮਤੀ ਨਾਲ ਅੰਗ ਦਾਨ ਕਰਨ ਦੀ ਇਜਾਜ਼ਤ ਦੀ ਵਿਵਸਥਾ ਕਰਨ ਦੇ ਇਲਾਵਾ ਇਸ ਨਾਜਾਇਜ਼ ਕਾਰੋਬਾਰ ਦੇ ਲਈ  ਜ਼ਿੰਮੇਵਾਰ ਲੋਕਾਂ  ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਦੂਸਰਿਆਂ ਨੂੰ ਵੀ ਨਸੀਹਤ ਮਿਲੇ। ਇਸ ਦੇ ਨਾਲ ਹੀ ਸਰਕਾਰ ਜੇਕਰ ਅੰਗਦਾਨ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਮਰਨ ਉਪਰੰਤ ਅੰਗਦਾਨ ਕਰਨ ਲਈ ਪ੍ਰੇਰਿਤ ਕਰਨ ਲਈ  ਮੁਹਿੰਮ ਚਲਾਵੇ ਤਾਂ ਇਸ ਨਾਲ ਕਿਸੇ ਹੱਦ ਤੱਕ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ।     
ਵਿਜੇ ਕੁਮਾਰ  


Karan Kumar

Content Editor

Related News