ਭ੍ਰਿਸ਼ਟ ਅਤੇ ਨਿਕੰਮੇ ਅਧਿਕਾਰੀਆਂ ਨੂੰ ਗਡਕਰੀ ਦੀ ਝਾੜ ‘ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ’

10/30/2020 3:41:40 AM

ਆਪਣੀ ਬੇਬਾਕੀ ਦੇ ਲਈ ਪ੍ਰਸਿੱਧ ਸ਼੍ਰੀ ਨਿਤਿਨ ਗਡਕਰੀ ਨੇ 1995 ਤੋਂ 1999 ਤਕ ਮਹਾਰਾਸ਼ਟਰ ਸਰਕਾਰ ’ਚ ਲੋਕ ਨਿਰਮਾਣ ਮੰਤਰੀ ਦੇ ਰੂਪ ’ਚ ਵੱਡੀ ਗਿਣਤੀ ’ਚ ਸੂਬੇ ’ਚ ਸੜਕਾਂ, ਰਾਜਮਾਰਗਾਂ ਅਤੇ ਫਲਾਈਓਵਰਾਂ ਦਾ ਜਾਲ ਵਿਛਾਉਣ ਦੇ ਇਲਾਵਾ ਮੁੰਬਈ-ਪੁਣੇ ਐਕਸਪ੍ਰੈੱਸ ਵੇਅ ਦਾ ਨਿਰਮਾਣ ਕਰਵਾਇਆ ਅਤੇ ਆਪਣੇ ਮੰਤਰਾਲਾ ਨੂੰ ਨਵਾਂ ਰੂਪ ਦਿੱਤਾ।

ਉਹ ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਦੇ ਇਲਾਵਾ 1 ਜਨਵਰੀ 2010 ਤੋਂ 22 ਜਨਵਰੀ 2013 ਤਕ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਰਹੇ ਅਤੇ ਮੌਜੂਦਾ ਸਮੇਂ ’ਚ ਕੇਂਦਰੀ ਸੜਕੀ ਆਵਾਜਾਈ ਮੰਤਰੀ ਅਤੇ ਰਾਜਮਾਰਗ, ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਦੇ ਰੂਪ ’ਚ ਸ਼ਲਾਘਾਯੋਗ ਕਾਰਜ ਕਰ ਰਹੇ ਹਨ।

ਇਸ ਸਮੇਂ ਜਦਕਿ ਦੇਸ਼ ਅਨੇਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਸ਼੍ਰੀ ਗਡਕਰੀ ਆਪਣੇ ਵਿਭਾਗ ’ਚ ਸੁਧਾਰ ਲਿਆਉਣ ਲਈ ਲਗਾਤਾਰ ਅਧਿਕਾਰੀਆਂ ਦੀ ਕਲਾਸ ਲਗਾ ਰਹੇ ਹਨ :

* 22 ਦਸੰਬਰ, 2019 ਨੂੰ ਉਨ੍ਹਾਂ ਨੇ ਆਪਣੇ ਮੰਤਰਾਲੇ ਦੇ ਵੱਖ-ਵੱਖ ਪ੍ਰਾਜੈਕਟਾਂ ’ਚ ਫਸੀ 89,000 ਕਰੋੜ ਰੁਪਏ ਦੀ ਰਕਮ ਦੇ ਦੇਸ਼ ਦੀ ਅਰਥਵਿਵਸਥਾ ’ਤੇ ਪ੍ਰਤੀਕੂਲ ਪ੍ਰਭਾਵ ’ਤੇ ਟਿੱਪਣੀ ਕਰਦੇ ਹੋਏ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਵੱਖ-ਵੱਖ ਪ੍ਰਾਜੈਕਟਾਂ ਦੇ ਕੰਮ ’ਚ ਤੇਜ਼ੀ ਲਿਆਉਣ ਦੀ ਨਸੀਹਤ ਵੀ ਦਿੱਤੀ।

* 13 ਜਨਵਰੀ, 2020 ਨੂੰ ਉਨ੍ਹਾਂ ਨੇ ਆਪਣੇ ਮੰਤਰਾਲਾ ’ਚ ਫਾਈਲਾਂ ਦਬਾਉਣ, ਕੰਮ ਨਾ ਕਰਨ ਤੇ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ’ਚ ਅੜਿੱਕਾ ਪਾਉਣ ਵਾਲੇ ਅਧਿਕਾਰੀ ਨੂੰ ‘ਬਾਹਰ ਦਾ ਰਸਤਾ ਦਿਖਾਉਣ’ ਦੀ ਚਿਤਾਵਨੀ ਦਿੱਤੀ ਅਤੇ ਕਿਹਾ, ‘‘ਅਜਿਹੇ ਅਧਿਕਾਰੀ ਜੋ ਸਾਲ-ਸਾਲ ਭਰ ਫਾਈਲਾਂ ਦਬਾ ਕੇ ਬੈਠੇ ਰਹਿੰਦੇ ਹਨ, ਨਾ ਤਾਂ ਖੁਦ ਕੋਈ ਫੈਸਲਾ ਕਰਦੇ ਹਨ ਅਤੇ ਨਾ ਦੂਸਰਿਆਂ ਨੂੰ ਕਰਨ ਦਿੰਦੇ ਹਨ, ਉਨ੍ਹਾਂ ਨੂੰ ਪਛਾਣ ਕੇ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ।’’

ਅਤੇ ਹੁਣ 26 ਅਕਤੂਬਰ ਨੂੰ ਸ਼੍ਰੀ ਗਡਕਰੀ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ’ਚ ਕੰਮ ਦੀ ਸੁਸਤ ਰਫਤਾਰ ਨੂੰ ਲੈ ਕੇ ਭੜਕ ਉੱਠੇ ਅਤੇ ਨਵੀਂ ਦਿੱਲੀ ’ਚ ਇਸਦੇ ਭਵਨ ਦੇ ਉਦਘਾਟਨ ਦੇ ਮੌਕੇ ’ਤੇ ਆਨਲਾਈਨ ਪ੍ਰੋਗਰਾਮ ਦੇ ਦੌਰਾਨ ਅਥਾਰਟੀ ਦੇ ਅਧਿਕਾਰੀਆਂ ਦੀ ਜ਼ਬਰਦਸਤ ਖਿਚਾਈ ਕਰਦੇ ਹੋਏ ਕਿਹਾ ਕਿ :

‘‘2008 ’ਚ 2050 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਦਾ ਟੈਂਡਰ 2011 ’ਚ ਪ੍ਰਵਾਨ ਹੋਇਆ ਜੋ 9 ਸਾਲ ਬਾਅਦ ਪੂਰਾ ਹੋਇਆ। ਇਸ ਦੌਰਾਨ 2 ਸਰਕਾਰਾਂ ਆਈਆਂ ਅਤੇ 8 ਚੇਅਰਮੈਨ ਬਦਲੇ ਗਏ। ਜਿਨ੍ਹਾਂ ‘ਮਹਾਨ ਹਸਤੀਆਂ’ ਨੇ ਇਸ ’ਤੇ ਕੰਮ ਕੀਤਾ ਹੈ ਅਤੇ ਜੇਕਰ ਸੰਭਵ ਹੋਵੇ ਤਾਂ ਉਨ੍ਹਾਂ ਦੇ ਫੋਟੋ ਇਸ ਆਫਿਸ ’ਚ ਜ਼ਰੂਰ ਲਗਾ ਦੇਣਾ ਕਿ ਇਨ੍ਹਾਂ ਨੇ ਫੈਸਲੇ ਲੈਣ ’ਚ 9 ਸਾਲ ਤਕ ਦੇਰੀ ਵੀ ਕੀਤੀ।’’

‘‘ਐੱਨ. ਐੱਚ. ਏ. ਆਈ. ਦੇ ‘ਨਕਾਰਾ, ਨਿਕੰਮੇ ਅਤੇ ਭ੍ਰਿਸ਼ਟ ਲੋਕ’ ਇੰਨੇ ਸ਼ਕਤੀਸ਼ਾਲੀ ਹਨ ਕਿ ਮਨਿਸਟਰੀ ਦੇ ਕਹਿਣ ਦੇ ਬਾਵਜੂਦ ਉਹ ਗਲਤ ਫੈਸਲੇ ਲੈਂਦੇ ਹਨ ਅਤੇ ਅਜਿਹੇ ਨਿਕੰਮੇ ਅਧਿਕਾਰੀਆਂ ਨੂੰ ‘ਬਾਹਰ ਦਾ ਰਸਤਾ ਦਿਖਾਉਣ’ ਦਾ ਸਮਾਂ ਆ ਗਿਆ ਹੈ। ਇਹ ਲੋਕ ਪੂਰੀ ਤਰ੍ਹਾਂ ਨਾ-ਪੱਖੀ ਅਤੇ ਵਿਗੜੀ ਵਿਚਾਰਧਾਰਾ ਦੇ ਹਨ। ਜਿਸ ਅਧਿਕਾਰੀ ਨੂੰ ਚੁਣਿਆ ਜਾਂਦਾ ਹੈ ਉਹ ‘ਰਾਅ ਮੈਟੀਰੀਅਲ’ (ਕੱਚਾ ਮਾਲ) ਹੀ ਸਭ ਤੋਂ ਖਰਾਬ ਹੈ।’’

‘‘ਅਜਿਹੇ ਲੋਕ ਪ੍ਰਾਜੈਕਟਾਂ ’ਚ ਦੇਰੀ ਕਰ ਕੇ ਅੜਿੱਕੇ ਪੈਦਾ ਕਰ ਰਹੇ ਹਨ। ਇਨ੍ਹਾਂ ਨੂੰ ਮੁਅੱਤਲ ਅਤੇ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਜੋ ਵਾਰ-ਵਾਰ ਝਿੜਕਣ ’ਤੇ ਵੀ ਕੰਮ ਨਹੀਂ ਕਰ ਸਕਦੇ, ਇਥੇ ਉਨ੍ਹਾਂ ਨੂੰ ਰੱਖਿਆ ਜਾਂਦਾ ਹੈ ਅਤੇ ਤਰੱਕੀ ਦਿੱਤੀ ਜਾਂਦੀ ਹੈ।’’

ਸ਼੍ਰੀ ਗਡਕਰੀ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਕਿਹਾ ਕਿ, ‘‘ਅਜਿਹੀ ਵਿਰਾਸਤ ਅੱਗੇ ਵਧਾਉਣ ਵਾਲੇ ਅਧਿਕਾਰੀਆਂ ਦੇ ਵਤੀਰੇ ’ਤੇ ਮੈਨੂੰ ਸ਼ਰਮ ਆਉਂਦੀ ਹੈ। ਇਹ ਫੈਸਲੇ ਲੈਣ ’ਚ ਦੇਰੀ ਕਰਦੇ ਅਤੇ ਔਕੜਾਂ ਪੈਦਾ ਕਰਦੇ ਹਨ। ਇਹ ਮੁੱਖ ਪ੍ਰਬੰਧਕ ਪੱਧਰ ਦੇ ਅਧਿਕਾਰੀ ਹਨ ਜੋ ਵਰ੍ਹਿਆਂ ਤੋਂ ਇਥੇ ਟਿਕੇ ਹੋਏ ਹਨ। ਦੇਖਣਾ ਹੋਵੇਗਾ ਕਿ ਘੋੜੇ ਅਤੇ ਗਧੇ ਕਿਹੜੇ ਹਨ।’’

ਉਨ੍ਹਾਂ ਨੇ ਵਿਅੰਗ ਕਰਦੇ ਹੋਏ ਕਿਹਾ, ‘‘ਇਸ ਤਰ੍ਹਾਂ ਦੀ ਦੇਰੀ ’ਤੇ ਖੋਜ ਪੱਤਰ (ਰਿਸਰਚ ਪੇਪਰ) ਤਿਆਰ ਹੋਣਾ ਚਾਹੀਦਾ ਹੈ ਜਿਸ ’ਚ ਦੇਰੀ ਦੇ ਲਈ ਜ਼ਿੰਮੇਵਾਰ ਮੁੱਖ ਮਹਾਪ੍ਰਬੰਧਕ ਅਤੇ ਮਹਾਪ੍ਰਬੰਧਕ ਦੀਆਂ ਤਸਵੀਰਾਂ ਲਗਾਈਆਂ ਜਾਣ। ਅਜਿਹੇ ਲੋਕਾਂ ਦਾ ਨਾਂ ਅਤੇ ਤਸਵੀਰਾਂ ਜਨਤਕ ਕਰਨ ਦੇ ਲਈ ਵੀ ਸਮਾਰੋਹ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਮੰਤਰਾਲਾ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਲਈ ਕਰਦਾ ਹੈ।’’

ਅਫਸਰਾਂ ਵਲੋਂ ਫਾਈਲਾਂ ਦਬਾ ਕੇ ਬੈਠਣ, ਕੰਮ ਨਾ ਕਰਨ, ਪ੍ਰਾਜੈਕਟਾਂ ਨੂੰ ਲਟਕਾ ਕੇ ਦੇਸ਼ ਨੂੰ ਹਾਨੀ ਪਹੁੰਚਾਉਣ ਦੀ ਪ੍ਰਵਿਰਤੀ ਦੇ ਬਾਰੇ ’ਚ ਸ਼੍ਰੀ ਗਡਕਰੀ

ਦੀਆਂ ਉਕਤ ਟਿੱਪਣੀਆਂ ਬਿਲਕੁਲ ਸਹੀ ਹਨ। ਇਹ ਹਾਲਾਤ ਸਿਰਫ ਉਨ੍ਹਾਂ ਦੇ ਮੰਤਰਾਲਾ ’ਚ ਹੀ ਨਹੀਂ, ਦੇਸ਼ ਦੇ ਲਗਭਗ ਸਾਰੇ ਸਰਕਾਰੀ ਵਿਭਾਗਾਂ ’ਚ ਵੀ ਪੈਦਾ ਹੋਏ ਹਨ।

ਲਿਹਾਜਾ ਸਾਰੀਆਂ ਸਰਕਾਰਾਂ ਅਤੇ ਗੈਰ-ਸਰਕਾਰੀ ਵਿਭਾਗਾਂ ’ਚ ਫਾਈਲਾਂ ਦਬਾ ਕੇ ਬੈਠਣ ਵਾਲੇ ਲਾਪ੍ਰਵਾਹ ਅਧਿਕਾਰੀਆਂ ਦੇ ਵਿਰੁੱਧ ਸਖਤ ਵਤੀਰਾ ਧਾਰਨ ਕਰਨ ਦੀ ਲੋੜ ਹੈ ਤਾਂ ਕਿ ਸਰਕਾਰੀ ਮੰਤਰਾਲਿਆਂ ਦੇ ਵੱਖ-ਵੱਖ ਦਫਤਰਾਂ ਦੇ ਕੰਮ-ਕਾਜ ’ਚ ਸੁਧਾਰ ਲਿਆਂਦਾ ਜਾ ਸਕੇ।

-ਵਿਜੇ ਕੁਮਾਰ


Bharat Thapa

Content Editor

Related News