ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਗਿਣਾਏ ਦੇਸ਼ ਦੇ ਸਨਮੁੱਖ 3 ਸੰਕਟ

03/13/2020 1:42:02 AM

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੋਰੋਨਾ ਵਾਇਰਸ, ਆਰਥਿਕ ਸੁਸਤੀ ਅਤੇ ਸੀ. ਏ. ਏ. ਦਾ ਵਿਰੋਧ ਦੇਸ਼ ਦੇ ਸਾਹਮਣੇ ਮੌਜੂਦ 3 ਸੰਕਟ ਦੱਸਦੇ ਹੋਏ ਕਿਹਾ ਹੈ ਕਿ, ‘‘ਇਸ ਨਾਲ ਭਾਰਤ ਦੇ ਅੰਦਰੂਨੀ ਸਮਾਜਿਕ ਢਾਂਚੇ ਨੂੰ ਨੁਕਸਾਨ ਪਹੁੰਚੇਗਾ ਅਤੇ ਇਨ੍ਹਾਂ ਹਾਲਾਤ ’ਚ ਦੇਸ਼ ਦਾ ਵਿਕਾਸ ਕਿਵੇਂ ਹੋਵੇਗਾ?’’ ‘‘ਇਸ ਸਮੇਂ ਦੇਸ਼ ਦੀ ਮੌਜੂਦਾ ਹਾਲਤ ਬੜੀ ਗੰਭੀਰ ਅਤੇ ਖਰਾਬ ਹੈ। ਇਹ ਖਤਰੇ ਨਾ ਸਿਰਫ ਸੰਯੁਕਤ ਤੌਰ ’ਤੇ ਭਾਰਤ ਦੀ ਆਤਮਾ ਨੂੰ ਸੱਟ ਮਾਰਨਗੇ ਸਗੋਂ ਦੇਸ਼ ਦੇ ਕੌਮਾਂਤਰੀ ਅਕਸ ਨੂੰ ਵੀ ਨੁਕਸਾਨ ਪਹੁੰਚਾਉਣਗੇ।’’ ‘‘ਜਿਸ ਭਾਰਤ ਨੂੰ ਅਸੀਂ ਸੰਜੋਅ ਕੇ ਰੱਖਿਆ ਹੈ ਅਤੇ ਜਿਸ ਨੂੰ ਅਸੀਂ ਜਾਣਦੇ ਹਾਂ ਉਹ ਬਹੁਤ ਤੇਜ਼ੀ ਨਾਲ ਓਝਲ ਹੋ ਰਿਹਾ ਹੈ।’’ ਇਨ੍ਹਾਂ ਸਾਰੀਅ ਾਂ ਗੱਲਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ,‘‘ਸਿਰਫ ਗੱਲਾਂ ਨਹੀਂ, ਕੰਮ ਕਰਨ ਦੀ ਜ਼ਰੂਰਤ ਹੈ।’’ ਉਨ੍ਹਾਂ ਨੇ ਸਰਕਾਰ ਨੂੰ ਇਨ੍ਹਾਂ ਤਿੰਨਾਂ ਚੁਣੌਤੀਅ ਾਂ ਤੋਂ ਪਾਰ ਹੋਣ ਦੇ ਰਸਤੇ ਵੀ ਦੱਸੇ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਕਾਰਜਾਂ ਜ਼ਰੀਏ ਇਹ ਭਰੋਸਾ ਦਿਵਾਉਣਾ ਚਾਹੀਦਾ ਹੈ ਕਿ ਦੇਸ਼ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ’ਚ ਸਮਰੱਥ ਹੈ। ਡਾ. ਸਿੰਘ ਨੇ ਭਾਰਤ ਨੂੰ ਕੋਰੋਨਾ ਦੇ ਖਤਰੇ ਨੂੰ ਰੋਕਣ ਲਈ ਹਰ ਕੋਸ਼ਿਸ਼ ’ਤੇ ਧਿਆਨ ਕੇਂਦਰਿਤ ਕਰਨ ਅਤੇ ਦੇਸ਼ ਵਿਚ ਜਾਰੀ ਵਿਰੋਧ-ਵਿਖਾਵਿਆਂ ਅਤੇ ਹਿੰਸਾ ਨੂੰ ਰੋਕਣ ਲਈ ਸੀ. ਏ. ਏ. ਕਾਨੂੰਨ ’ਚ ਸੋਧ ਜਾਂ ਇਸ ਨੂੰ ਵਾਪਸ ਲੈ ਕੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ, ਆਰਥਿਕ ਸੁਸਤੀ ਨਾਲ ਨਜਿੱਠਣ ਲਈ ਖਪਤ ਨੂੰ ਉਤਸ਼ਾਹਿਤ ਕਰਨ ਅਤੇ ਚੌਕਸੀਪੂਰਵਕ ਸਰਕਾਰੀ ਖਜ਼ਾਨੇ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ’ਤੇ ਧਿਆਨ ਦੇਣ ਦੀ ਸਲਾਹ ਦਿੱਤੀ ਹੈ। ਪਰ ਹੋਰ ਵੀ ਚੰਗਾ ਹੁੰਦਾ ਜੇਕਰ ਉਹ ਦੇਸ਼ ਨੂੰ ਦਰਪੇਸ਼ ਕੁਝ ਹੋਰ ਗੰਭੀਰ ਸਮੱਸਿਆਵਾਂ ਵੱਲ ਵੀ ਸਰਕਾਰ ਦਾ ਧਿਆਨ ਦਿਵਾਉਂਦੇ ਜਿਨ੍ਹਾਂ ਵਿਚ ਲਗਾਤਾਰ ਵਧ ਰਹੀ ਮਹਿੰਗਾਈ, ਬੇਰੋਜ਼ਗਾਰੀ, ਹੱਤਿਆਵਾਂ, ਲੁੱਟ-ਖੋਹ ਅਤੇ ਜਬਰ-ਜ਼ਨਾਹ ਆਦਿ ਸ਼ਾਮਲ ਹਨ। ਇਹੀ ਨਹੀਂ, ਕੋਰੋਨਾ ਵਾਇਰਸ ਦੇ ਵਿਸ਼ਵ ਪੱਧਰੀ ਪ੍ਰਕੋਪ ਕਾਰਣ ਵਿਸ਼ਵ ਦੀ ਅਰਥਵਿਵਸਥਾ ਤਬਾਹੀ ਦੇ ਕੰਢੇ ’ਤੇ ਪਹੁੰਚ ਗਈ ਹੈ ਅਤੇ ਸ਼ੇਅਰ ਬਾਜ਼ਾਰ ਧੜੱਮ ਕਰ ਕੇ ਡਿੱਗਣ ਨਾਲ ਨਿਵੇਸ਼ਕਾਂ ਦਾ ਅਰਬਾਂ ਰੁਪਇਆਂ ਦਾ ਨੁਕਸਾਨ ਹੋ ਚੁੱਕਾ ਹੈ। ਇਸ ਲਈ ਡਾ. ਮਨਮੋਹਨ ਸਿੰਘ ਦੇ ਗਿਣਾਏ ਗਏ ਸੰਕਟਾਂ ਦੇ ਨਾਲ-ਨਾਲ ਉਕਤ ਸਮੱਸਿਆਵਾਂ ਦਾ ਵੀ ਸਾਹਮਣਾ ਕਰਨ ਲਈ ਮੋਦੀ ਸਰਕਾਰ ਨੂੰ ਹੋਰਨਾਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਅਤੇ ਸਾਰੇ ਮੋਰਚਿਆਂ ’ਤੇ ਜਲਦੀ ਅਤੇ ਗੰਭੀਰ ਯਤਨ ਕਰਨ ਦੀ ਲੋੜ ਹੈ।

-ਵਿਜੇ ਕੁਮਾਰ


Bharat Thapa

Content Editor

Related News