ਚੀਨ ਵਲੋਂ ਦੇਸ਼ ’ਚ ਮੁਸਲਮਾਨਾਂ ਦਾ ਦਮਨ, ਵਿਦੇਸ਼ ’ਚ ਮੁਸਲਿਮ ਅੱਤਵਾਦੀਅਾਂ ਦਾ ਸਮਰਥਨ

Monday, Oct 01, 2018 - 06:26 AM (IST)

ਚੀਨ ਵਲੋਂ ਦੇਸ਼ ’ਚ ਮੁਸਲਮਾਨਾਂ ਦਾ ਦਮਨ,  ਵਿਦੇਸ਼ ’ਚ ਮੁਸਲਿਮ ਅੱਤਵਾਦੀਅਾਂ ਦਾ ਸਮਰਥਨ

ਮੁਸਲਿਮ ਕੱਟੜਵਾਦ ’ਤੇ ਲਗਾਮ ਲਗਾਉਣ ਲਈ ਚੀਨ ਘੱਟ ਗਿਣਤੀਅਾਂ ਦੀ ਧਾਰਮਿਕ ਆਜ਼ਾਦੀ ਖਤਮ ਕਰਨ ਤੋਂ ਲੈ ਕੇ ਉਨ੍ਹਾਂ ’ਤੇ ਤਸ਼ੱਦਦ ਕਰਨ ਦੀ ਸਖਤ ਨੀਤੀ ’ਤੇ ਚੱਲ ਰਿਹਾ ਹੈ। ਅਨੁਮਾਨ ਹੈ ਕਿ ਚੀਨ ’ਚ ਵਸੇ ਉਈਗਰ, ਕਜਾਕ, ਹੂਈ, ਉਜਬੇਕ ਅਤੇ ਹੋਰਨਾਂ ਘੱਟ ਗਿਣਤੀਅਾਂ ’ਚੋਂ 10 ਲੱਖ ਤੋਂ ਵੱਧ ਲੋਕਾਂ ਨੂੰ ਜਬਰੀ ਕਥਿਤ ਸੁਧਾਰ ਕੈਂਪਾਂ ’ਚ ਭੇਜਿਆ ਜਾ ਚੁੱਕਾ ਹੈ। 
ਇਹ ਕੈਂਪ ਅਸਲ ’ਚ ਜੇਲ ਤੋਂ ਘੱਟ ਨਹੀਂ, ਜਿੱਥੇ ਰੱਖੇ ਜਾਣ ਵਾਲਿਅਾਂ ਨੂੰ ਸਾਲਾਂ ਤਕ ਬਾਹਰ ਨਹੀਂ ਆਉਣ ਦਿੱਤਾ ਜਾਂਦਾ। ਇਹ ਕੈਂਪ ਮੁਸਲਮਾਨਾਂ ਪ੍ਰਤੀ ਚੀਨ ਦੀ ਬੇਹੱਦ ਸਖਤ ਨੀਤੀ ਦਾ ਹਿੱਸਾ ਹਨ, ਜਿਸ ਦੇ ਅਧੀਨ ਅਦਾਲਤੀ ਮਨਜ਼ੂਰੀ ਤੋਂ ਬਿਨਾਂ ਸਾਲਾਂ ਤਕ ਕੈਦ ਕਰਨ, ਸਖਤ ਨਿਗਰਾਨੀ ਰੱਖਣ, ਸਿਆਸੀ ਅਤੇ ਧਾਰਮਿਕ ਸੋਚ ਬਦਲਣ ਲਈ ਮਜਬੂਰ ਕਰਨ ਤੋਂ ਲੈ ਕੇ ਕੱਟੜਵਾਦੀਅਾਂ ਨੂੰ ਖਤਮ ਕਰਨ ਲਈ ਤਸ਼ੱਦਦ  ਦਾ  ਸ਼ਿਕਾਰ  ਬਣਾਇਆ  ਜਾ ਰਿਹਾ ਹੈ। 
ਅਮਰੀਕੀ ਕਾਂਗਰਸ ਨੇ ਵੀ ਇਸ ਨੂੰ ਘੱਟ ਗਿਣਤੀਅਾਂ ਨੂੰ ਬੰਦੀ ਬਣਾਉਣ ਦੀ ਵਿਸ਼ਵ ਦੀ ਸਭ ਤੋਂ ਵੱਡੀ ਕਾਰਵਾਈ ਦੱਸਿਆ ਹੈ। 
ਲੱਗਭਗ 1 ਕਰੋੜ 20 ਲੱਖ ਮੁਸਲਿਮ ਘੱਟ ਗਿਣਤੀਅਾਂ ਦੀ ਆਬਾਦੀ ਵਾਲੇ ਦੂਰ-ਦੁਰਾਡੇ ਪੱਛਮ ’ਚ 2009 ’ਚ ਛਿੜੇ ਦੰਗਿਅਾਂ ਤੋਂ ਬਾਅਦ ਚੀਨ ਨੇ ਉਥੇ ਘੱਟ ਗਿਣਤੀਅਾਂ ’ਤੇ ਪਾਬੰਦੀਅਾਂ ਲਾਉਣੀਅਾਂ ਸ਼ੁਰੂ ਕਰ ਦਿੱਤੀਅਾਂ, ਜੋ 2016 ਤੋਂ ਬਾਅਦ ਹੋਰ ਵੀ ਸਖਤ ਹੋ ਚੁੱਕੀਅਾਂ ਹਨ। ਸਖਤ ਇੰਨੀਅਾਂ ਜ਼ਿਆਦਾ ਹਨ ਕਿ ਉਹ ਆਪਣੀਅਾਂ ਧਾਰਮਿਕ ਮਾਨਤਾਵਾਂ ਦੀ ਪਾਲਣਾ ਤਕ ਨਹੀਂ ਕਰ ਸਕਦੇ ਹਨ। ਹਿਜਾਬ ਪਹਿਨਣ ਜਾਂ ਲੰਮੀ ਦਾੜ੍ਹੀ ਰੱਖਣ ’ਤੇ ਵੀ ਪੁੱਛਗਿੱਛ ਸ਼ੁਰੂ ਹੋ ਜਾਂਦੀ ਹੈ ਅਤੇ ਹਲਕਾ ਜਿਹਾ ਵੀ ਸ਼ੱਕ ਹੁੰਦੇ ਹੀ ਉਨ੍ਹਾਂ ਨੂੰ ਸੁਧਾਰ ਕੈਂਪਾਂ ’ਚ ਬੰਧਕ ਬਣਾ ਲਿਆ ਜਾਂਦਾ ਹੈ। 
ਚੀਨ ਇਨ੍ਹਾਂ ਕਦਮਾਂ ਨੂੰ ਦੇਸ਼ ਦੇ ਦੂਰ-ਦੁਰਾਡੇ ਪੱਛਮੀ ਹਿੱਸਿਅਾਂ ’ਚ ਸੰਤੁਲਨ ਅਤੇ ਸਦਭਾਵਨਾ ਕਾਇਮ ਕਰਨ ਦੇ ਯਤਨ ਦੱਸਦੇ ਹੋਏ ਘੱਟ ਗਿਣਤੀਅਾਂ ’ਤੇ ਅੱਤਿਆਚਾਰ ਦੇ ਦੋਸ਼ਾਂ ਨੂੰ ਨਕਾਰਦਾ ਹੈ। ਉਸ ਦੇ ਅਨੁਸਾਰ ਉਥੇ ਨਾਗਰਿਕਾਂ ਨੂੰ ਧਾਰਮਿਕ ਆਜ਼ਾਦੀ ਹੈ ਪਰ ਘੱਟ ਗਿਣਤੀਅਾਂ ’ਤੇ ਸਖ਼ਤੀ ਤੋਂ ਸਪੱਸ਼ਟ ਹੈ ਕਿ ਸੱਚਾਈ ਕੁਝ ਹੋਰ ਹੀ ਹੈ। 
ਕੈਂਪਾਂ ਤੋਂ ਛੁੱਟ ਕੇ ਆਏ ਲੋਕਾਂ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਉਥੇ ਘੱਟ ਗਿਣਤੀਅਾਂ ਕਿਸ ਕਦਰ ਡਰ ’ਚ ਹਨ। ਪਛਾ-  ਪੱਤਰ ਕੋਲ ਨਾ ਰੱਖਣ ਤੋਂ ਲੈ ਕੇ ਹਿਜਾਬ ਪਹਿਨਣ ਅਤੇ ਨਮਾਜ਼ ਅਦਾ ਕਰਨ ’ਤੇ ਵੀ ਘੱਟ ਗਿਣਤੀਅਾਂ ਨੂੰ ਕੈਂਪ ’ਚ ਰੱਖਿਆ ਜਾਂਦਾ ਹੈ। ਇਥੋਂ ਤਕ ਕਿ ਫੋਨ ’ਚ ‘ਹੈਪੀ ਈਦ’ ਵਰਗਾ ਕੋਈ ਧਾਰਮਿਕ ਮੈਸੇਜ ਮਿਲਣਾ ਵੀ ਮੁਸੀਬਤ ਨੂੰ ਦਾਅਵਤ ਦੇ ਸਕਦਾ ਹੈ। 
ਇਨ੍ਹਾਂ ਕੈਂਪਾਂ ’ਚ ਬੇਹੱਦ ਘੱਟ ਜਗ੍ਹਾ ’ਚ ਕਈ ਹਜ਼ਾਰ ਲੋਕਾਂ ਨੂੰ ਰੱਖਿਆ ਜਾਂਦਾ ਹੈ ਅਤੇ ਰੋਜ਼ 2 ਘੰਟੇ ਰਾਸ਼ਟਰ ਭਗਤੀ ਦੇ ਗੀਤ ਗਾਉਣ, ਅਨੁਸ਼ਾਸਨ ਸਬੰਧੀ 10 ਨੁਕਤਿਅਾਂ ਨੂੰ ਯਾਦ ਕਰਨ ਤੋਂ ਲੈ ਕੇ ਸਵੈ-ਆਲੋਚਨਾ ਸੈਸ਼ਨ ਵਰਗੀਅਾਂ ਵੱਖ-ਵੱਖ ਸਰਗਰਮੀਅਾਂ ’ਚ ਹਿੱਸਾ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। 
ਇਨਕਾਰ ਕਰਨ ’ਤੇ ਹੱਥ-ਪੈਰ ਜ਼ੰਜੀਰਾਂ ’ਚ ਜਕੜ ਦਿੱਤੇ ਜਾਂਦੇ ਹਨ। ਰਾਤ ਨੂੰ ਕੈਦੀਅਾਂ ਨੇ ਵਾਰੀ-ਵਾਰੀ ਨਾਲ ਨਜ਼ਰ ਰੱਖਣੀ ਹੁੰਦੀ ਹੈ ਕਿ ਸੌਂ ਰਿਹਾ ਕੋਈ ਵੀ ਕੈਦੀ ਉਨ੍ਹਾਂ ਨਿਗਰਾਨੀ ਕੈਮਰਿਅਾਂ ਵੱਲ ਨਾ ਤਾਂ ਪਿੱਠ ਕਰਕੇ ਸੌਂਵੇਂ ਅਤੇ ਨਾ ਹੀ ਮੂੰਹ ਢਕੇ। ਹਰ ਵਾਰ ਭੋਜਨ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਸ਼ੁਕਰੀਆ ਅਦਾ ਕਰਨ ਤੋਂ ਲੈ ਕੇ ਟੌਪ ਚੀਨੀ ਨੇਤਾਵਾਂ ਦੇ ਨਾਂ ਯਾਦ ਰੱਖਣ ਲਈ ਵੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਸੁਧਾਰਨ ਦੇ ਨਾਂ ’ਤੇ ਮਾਨਸਿਕ ਤੌਰ ’ਤੇ ਤਸੀਹੇ ਦਿੱਤੇ ਜਾਂਦੇ ਹਨ। 
ਅਨੁਮਾਨ ਹੈ ਕਿ ਸ਼ਿਨਜਿਅਾਂਗ ਪ੍ਰਾਂਤ ਦੀ ਮੁਸਲਿਮ ਆਬਾਦੀ ਦੇ 10 ਫੀਸਦੀ, ਭਾਵ ਲੱਗਭਗ 11 ਲੱਖ ਲੋਕਾਂ ਨੂੰ ਸੁਧਾਰ ਕੈਂਪਾਂ ’ਚ ਡੱਕਿਆ ਜਾ ਚੁੱਕਾ ਹੈ। ਕਿੰਨੇ ਹੀ ਘੱਟ ਗਿਣਤੀ ਪਰਿਵਾਰ ਸਾਲਾਂ ਤੋਂ ਆਪਣੇ ਰਿਸ਼ਤੇਦਾਰਾਂ ਦੀ ਕੈਂਪਾਂ ਤੋਂ ਪਰਤਣ ਦੀ ਉਡੀਕ ਕਰ ਰਹੇ ਹਨ, ਜਿਨ੍ਹਾਂ ’ਚ ਬਜ਼ੁਰਗ, ਔਰਤਾਂ ਅਤੇ ਬੱਚੇ ਤਕ ਸ਼ਾਮਿਲ ਹਨ ਪਰ ਕਿਸੇ ਨੂੰ ਨਹੀਂ ਪਤਾ ਕਿ ਉਹ ਕਦੋਂ ਪਰਤਣਗੇ? 
ਹਾਲਾਂਕਿ ਉਸ ਦਾ ਦੋਗਲਾਪਨ ਇਸ ਗੱਲ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਉਹ ਆਪਣੇ ਇਥੇ ਮੁਸਲਿਮ ਫਿਰਕੇ ’ਤੇ ਲਗਾਮ ਲਗਾਉਣ ਲਈ ਮਨੁੱਖੀ ਅਧਿਕਾਰਾਂ ਦੀ ਖੁੱਲ੍ਹ ਕੇ ਅਣਦੇਖੀ ਕਰਨ ਵਾਲਾ ਚੀਨ ਕੌਮਾਂਤਰੀ ਪੱਧਰ ’ਤੇ ਅੱਤਵਾਦ ਵਿਰੁੱਧ ਭਾਰਤ ਦੇ ਕਦਮਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। 
ਇਸੇ ਦਾ ਪ੍ਰਮਾਣ ਹੈ ਕਿ ਪਾਕਿਸਤਾਨੀ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵਲੋਂ ‘ਗਲੋਬਲ ਟੈਰੇਰਿਸਟ’ ਐਲਾਨ ਕਰਵਾਉਣ ਦੇ ਭਾਰਤ ਦੇ ਯਤਨਾਂ ਨੂੰ ਉਸ ਨੇ ਵਾਰ-ਵਾਰ ਵੀਟੋ ਕੀਤਾ ਹੈ। 
ਹਾਲ ਹੀ ’ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਮਸੂਦ ਦਾ ਪੱਖ ਲੈਂਦੇ ਹੋਏ ਤਰਕ ਦਿੱਤਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ  ਪ੍ਰੀਸ਼ਦ ਦੇ ਮੈਂਬਰਾਂ ਦੇ ਨਾਲ-ਨਾਲ ਸਿੱਧੇ ਜੁੜੇ ਪੱਖਾਂ (ਭਾਰਤ-ਪਾਕਿਸਤਾਨ) ਵਿਚਾਲੇ ਇਸ ਮੁੱਦੇ ’ਤੇ ਸਹਿਮਤੀ ਨਹੀਂ ਹੈ ਅਤੇ ਮਸੂਦ ਦੇ ਵਿਰੁੱਧ ਸਬੂਤ ਵੀ ਨਾਕਾਫੀ ਹਨ। 
ਦੂਸਰੇ ਪਾਸੇ ਭਾਰਤ ’ਚ ਕਈ ਘਾਤਕ ਅੱਤਵਾਦੀ ਹਮਲਿਅਾਂ ਦੇ ਮੁਲਜ਼ਮ ਮਸੂਦ ਨੂੰ ‘ਗਲੋਬਲ ਟੈਰੇਰਿਸਟ’ ਐਲਾਨਣ ਦੇ ਮਤੇ ਦਾ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਤਕ ਸਮਰਥਨ ਕਰਦੇ ਹਨ। ਇੰਨਾ ਹੀ ਨਹੀਂ, ਮਸੂਦ ਵਲੋਂ ਸਥਾਪਤ ਸੰਗਠਨ ਜੈਸ਼-ਏ-ਮੁਹੰਮਦ ਨੂੰ ਪਹਿਲਾਂ ਹੀ ਸੰਯੁਕਤ  ਰਾਸ਼ਟਰ ਵਲੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੀ ਸੂਚੀ ’ਚ ਪਾਇਆ ਜਾ ਚੁੱਕਾ ਹੈ। 
ਅਜਿਹੇ ’ਚ ਚੀਨ ਭਾਵੇਂ ਕੋਈ ਵੀ ਤਰਕ ਕਿਉਂ ਨਾ ਦੇਵੇ, ਇਹ ਸਪੱਸ਼ਟ ਹੈ ਕਿ ਪਾਕਿਸਤਾਨ ਨਾਲ ਦੋਸਤੀ ਨਿਭਾਉਣ ਲਈ ਹੀ ਉਹ ਅੱਤਵਾਦ ਵਿਰੁੱਧ ਭਾਰਤ ਦੇ ਯਤਨਾਂ ’ਚ ਰੋੜੇ ਅਟਕਾ ਰਿਹਾ ਹੈ। 


Related News