ਸੁਤੰਤਰਤਾ ਦਿਵਸ ਦੇ ਵੱਖ-ਵੱਖ ਸਮਾਗਮਾਂ ’ਚ ਨਵੀਆਂ ਗੱਲਾਂ ਹੋਈਆਂ ਪਹਿਲੀ ਵਾਰ!

08/17/2023 2:48:08 AM

15 ਅਗਸਤ ਨੂੰ ਦੇਸ਼ ਭਰ ’ਚ ਸੁਤੰਤਰਤਾ ਦਿਵਸ ਬੇਮਿਸਾਲ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਗਿਆ। ਲੋਕਾਂ ਨੇ ਥਾਂ-ਥਾਂ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਇਆ ਅਤੇ ਇਸ ਵਾਰ ਕਈ ਗੱਲਾਂ ਅਜਿਹੀਆਂ ਹੋਈਆਂ ਜੋ ਇਸ ਤੋਂ ਪਹਿਲਾਂ ਕਿਸੇ ਸੁਤੰਤਰਤਾ ਦਿਵਸ ਸਮਾਗਮ ’ਚ ਨਹੀਂ ਹੋਈਆਂ ਸੀ।

* ਇਸ ਸਾਲ ਦੇ ਸੁਤੰਤਰਤਾ ਦਿਵਸ ਸਮਾਗਮ ’ਚ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਮੇਕ ਇਨ ਇੰਡੀਆ’ ਦੇ ਅਧੀਨ ਬਣੀਆਂ ਸਵਦੇਸ਼ੀ ਤੋਪਾਂ ਨਾਲ ਸਲਾਮੀ ਦਿੱਤੀ ਗਈ।

* ਵੱਖ-ਵੱਖ ਪ੍ਰਧਾਨ ਮੰਤਰੀ ਹੁਣ ਤਕ ਲਾਲ ਕਿਲੇ ਤੋਂ ਜਨਤਾ ਨੂੰ ਆਮ ਤੌਰ ’ਤੇ ‘ਮੇਰੇ ਪਿਆਰੇ ਦੇਸ਼ਵਾਸੀਓ’ ਕਹਿ ਕੇ ਸੰਬੋਧਿਤ ਕਰਦੇ ਰਹੇ ਹਨ ਪਰ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੇ ਸ਼ੁਰੂ ’ਚ ਕਿਹਾ :

‘‘ਮੇਰੇ ਪਿਆਰੇ 140 ਕਰੋੜ ਪਰਿਵਾਰ ਵਾਲਿਓ...ਇੰਨਾ ਵੱਡਾ ਵਿਸ਼ਾਲ ਦੇਸ਼...140 ਕਰੋੜ ਇਹ ਮੇਰੇ ਭਰਾ-ਭੈਣ ਮੇਰੇ ਪਰਿਵਾਰ ਵਾਲੇ ਅੱਜ ਆਜ਼ਾਦੀ ਦਾ ਪੁਰਬ ਮਨਾ ਰਹੇ ਹਨ।’’ ਇਸ ਪਿੱਛੋਂ ਵੀ ਉਨ੍ਹਾਂ ਨੇ ਵਾਰ-ਵਾਰ ‘ਮੇਰੇ ਪਿਆਰੇ ਪਰਿਵਾਰ ਵਾਲਿਓ’ ਅਤੇ ‘ਮੇਰੇ ਪ੍ਰਿਯ ਪਰਿਵਾਰ ਵਾਲਿਓ’ ਕਿਹਾ।

* ਲਾਲ ਕਿਲੇ ’ਤੇ ਸੁਤੰਤਰਤਾ ਦਿਵਸ ਸਮਾਗਮ ਦੇਖਣ ਲਈ ਪਹਿਲੀ ਵਾਰ ਦੇਸ਼ ਭਰ ਤੋਂ 50 ਨਰਸਾਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਗਿਆ।

* ਬਸਤਰ (ਛੱਤੀਸਗੜ੍ਹ) ਡਵੀਜ਼ਨ ਦੇ 7 ਪਿੰਡਾਂ ਚਿੰਨਾਗੇਲੂਰ, ਤਿਮੇਨਾਰ, ਹਿਰੋਲੀ, ਬੇਦਰੇ, ਦੁੱਬਾਮਰਕਾ, ਟੋਡਾਮਰਕਾ ਅਤੇ ਚਾਂਦਾਮੇਟਾ ’ਚ ਦੇਸ਼ ਦੀ ਆਜ਼ਾਦੀ ਪਿੱਛੋਂ ਪਹਿਲੀ ਵਾਰ ਰਾਸ਼ਟਰੀ ਝੰਡੇ ਲਹਿਰਾਏ ਗਏ। ਇੱਥੇ ਹੁਣ ਤਕ ਨਕਸਲਵਾਦੀ ਕਾਲਾ ਝੰਡਾ ਲਹਿਰਾਉਂਦੇ ਸਨ ਅਤੇ ਲੋਕਾਂ ਨੂੰ ਆਜ਼ਾਦੀ ਦਾ ਦਿਨ ਮਨਾਉਣ ਦੀ ਇਜਾਜ਼ਤ ਨਹੀਂ ਸੀ।

* ਬਸਤੀ (ਉੱਤਰ ਪ੍ਰਦੇਸ਼) ’ਚ ਪਹਿਲੀ ਵਾਰ ਕਿੰਨਰ ਭਾਈਚਾਰੇ ਦੀ ਪ੍ਰਧਾਨ ਕਾਜਲ ਬਾਈ ਨੂੰ ਇੰਦਰਾ ਚੈਰੀਟੇਬਲ ਸੋਸਾਇਟੀ ਨੇ ਆਪਣੇ ਦਫਤਰ ’ਚ ਝੰਡਾ ਲਹਿਰਾਉਣ ਲਈ ਸੱਦਿਆ ਤਾਂ ਕਿ ਲੋਕ ਕਿੰਨਰ ਭਾਈਚਾਰੇ ਦੀ ਮਹੱਤਤਾ ਨੂੰ ਸਮਝ ਸਕਣ।

* ਚੁਰਾਚਾਂਦਪੁਰ (ਮਣੀਪੁਰ) ਜ਼ਿਲੇ ਦੇ ‘ਰੇਂਗਕਈ’ ਸ਼ਹਿਰ ’ਚ ਸੁਤੰਤਰਤਾ ਦਿਵਸ ਦੇ ਮੌਕੇ ’ਤੇ 20 ਸਾਲ ਬਾਅਦ ਪਹਿਲੀ ਵਾਰ ਹਿੰਦੀ ਫਿਲਮ ‘ਉੜੀ : ਦਿ ਸਰਜੀਕਲ ਸਟ੍ਰਾਈਕ’ ਦਿਖਾਈ ਗਈ। ਇੱਥੇ ਪ੍ਰਦਰਸ਼ਿਤ ਆਖਰੀ ਹਿੰਦੀ ਫਿਲਮ ‘ਕੁਛ-ਕੁਛ ਹੋਤਾ ਹੈ’ (1998) ਸੀ।

* ਕਸ਼ਮੀਰ ਘਾਟੀ ’ਚ ਸ਼ਾਂਤੀ ਬਹਾਲੀ ਪਿੱਛੋਂ ਬਦਲੇ ਹੋਏ ਵਾਤਾਵਰਣ ’ਚ ਪਹਿਲਗਾਮ, ਦੁੱਧਪੱਥਰੀ ਅਤੇ ਗੁਲਮਰਗ ਵਰਗੇ ਸਥਾਨਾਂ ’ਤੇ ਰਿਜ਼ਾਰਟ 15 ਅਗਸਤ ਦੀ ਖੁਸ਼ੀ ਮਨਾਉਣ ਵਾਲੇ ਲੋਕਾਂ ਨਾਲ ਭਰ ਗਏ। ਲਗਭਗ 30 ਸਾਲ ਪਿੱਛੋਂ ਹੁਣ ਪਹਿਲੀ ਵਾਰ ਕਸ਼ਮੀਰ ਘਾਟੀ ’ਚ ਨਿਕਾਹ, ਵਲੀਮਾ (ਸ਼ਾਦੀ ਦੀ ਦਾਅਵਤ) ਅਤੇ ਹੋਰ ਪਰਿਵਾਰਕ ਸਮਾਗਮਾਂ ਦਾ ਦੌਰ ਚੱਲ ਪਿਆ ਹੈ। ਕਸ਼ਮੀਰ ਘਾਟੀ ’ਚ 14 ਅਤੇ 15 ਅਗਸਤ ਨੂੰ ਕਈ ਵਿਆਹ ਸਮਾਗਮ ਸੰਪੰਨ ਹੋਏ।

* ਸ਼੍ਰੀਨਗਰ (ਕਸ਼ਮੀਰ) ਦੇ ਬਖਸ਼ੀ ਸਟੇਡੀਅਮ ’ਚ ਸੁਤੰਤਰਤਾ ਦਿਵਸ ਸਮਾਗਮ ’ਚ ਹਜ਼ਾਰਾਂ ਲੋਕ ਿਹੱਸਾ ਲੈਣ ਪਹੁੰਚੇ। ਅਤੀਤ ’ਚ ਕਸ਼ਮੀਰ ’ਚ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ’ਤੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਲਾਈਆਂ ਜਾਣ ਵਾਲੀਆਂ ਕੰਡਿਆਲੀਆਂ ਤਾਰਾਂ ਅਤੇ ਅੜਿੱਕੇ ਇਸ ਵਾਰ ਦੇਖਣ ਨੂੰ ਨਹੀਂ ਮਿਲੇ।

* ਸ਼੍ਰੀਨਗਰ ਦੇ ਉਸ ਘੰਟਾਘਰ ’ਤੇ ਵੀ ਤਿਰੰਗਾ ਲਹਿਰਾਇਆ ਗਿਆ, ਜਿੱਥੇ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀ ਕਦੀ ਪਾਕਿਸਤਾਨੀ ਝੰਡਾ ਲਾਉਣ ਦੀ ਇੱਛਾ ਰੱਖਦੇ ਸਨ। ਘੰਟਾਘਰ ਦੇ ਹੇਠਾਂ ਸਾਬਕਾ ਅੱਤਵਾਦੀ ਕਮਾਂਡਰ ਸੈਫੁੱਲਾ ਫਾਰੂਕ ਨੇ ਆਪਣੇ ਸਾਥੀਆਂ ਨਾਲ ਤਿਰੰਗਾ ਲਹਿਰਾਇਆ ਜਦਕਿ ਅੱਤਵਾਦੀ ਜਾਵੇਦ ਮੱਟੂ ਦੇ ਭਰਾ ਰਈਸ ਮੱਟੂ ਨੇ ਵੀ ਸੁਤੰਤਰਤਾ ਦਿਵਸ ਤੋਂ ਪਹਿਲਾਂ ਜਾਵੇਦ ਦੇ ਮਕਾਨ ’ਤੇ ਤਿਰੰਗਾ ਲਹਿਰਾਇਆ।

* ਜਬਲਪੁਰ (ਮੱਧ ਪ੍ਰਦੇਸ਼) ’ਚ ਨਰਮਦਾ ਨਦੀ ਦੀਆਂ ਉੱਛਲਦੀਆਂ ਲਹਿਰਾਂ ਦੌਰਾਨ 200 ਤੈਰਾਕਾਂ ਨੇ ਨਦੀ ਵਿਚ ਲਗਭਗ 10 ਕਿਲੋਮੀਟਰ ਤੈਰ ਕੇ ਤਿਰੰਗਾ ਯਾਤਰਾ ਕੱਢੀ।

* ਭੋਪਾਲ (ਮੱਧ ਪ੍ਰਦੇਸ਼) ’ਚ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਇਸ ਵਾਰ ਪਹਿਲੀ ਵਾਰ ਲਾਲ ਚੌਕ ’ਤੇ ਸੁਤੰਤਰਤਾ ਦਿਵਸ ਦੀ ਪਰੇਡ ਵਿਚ ਝੰਡਾ ਲਹਿਰਾਉਣ ਵਾਲੇ ਮੱਧ ਪ੍ਰਦੇਸ਼ ਦੇ ਡਾਇਰੈਕਟਰ ਜਨਰਲ ਪੁਲਸ ਸੁਧੀਰ ਸਕਸੈਨਾ ਨੂੰ ਪਰੇਡ ਦੀ ਅਗਵਾਈ ਕਰ ਰਹੀ ਉਨ੍ਹਾਂ ਦੀ ਬੇਟੀ ਸੋਨਾਕਸ਼ੀ ਸਕਸੈਨਾ ਨੇ ਸਲਾਮੀ ਦਿੱਤੀ।

* ਵਿਦਿਸ਼ਾ (ਮੱਧ ਪ੍ਰਦੇਸ਼) ਜ਼ਿਲਾ ਹੈੱਡਕੁਆਰਟਰ ’ਤੇ ਆਯੋਜਿਤ ਸੁਤੰਤਰਤਾ ਦਿਵਸ ਪਰੇਡ ’ਚ ਪਹਿਲੀ ਵਾਰ ਮਹਿਲਾ ਸਸ਼ਕਤੀਕਰਨ ਨੂੰ ਹੁਲਾਰਾ ਦੇਣ ਲਈ ਗਠਿਤ ‘ਲਾਡਲੀ ਬਹਿਨਾ ਸੇਨਾ’ ਦੀ ਟੁਕੜੀ ਨੇ ਇੰਚਾਰਜ ਮੰਤਰੀ ਵਿਸ਼ਵਾਸ ਸਾਰੰਗ ਨੂੰ ਸਲਾਮੀ ਦਿੱਤੀ।

ਇਸ ਵਾਰ ਸੁਤੰਤਰਤਾ ਦਿਵਸ ਸਮਾਗਮ ’ਚ ਅਜਿਹੇ ਦ੍ਰਿਸ਼ ਪਹਿਲੀ ਵਾਰ ਦਿਖਾਈ ਦਿੱਤੇ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲਾ ਮਹਾਪੁਰਬ ਇਸ ਤੋਂ ਵੀ ਵੱਧ ਸ਼ਾਨਦਾਰ ਹੋਵੇਗਾ ਅਤੇ ਸਾਨੂੰ ਹੋਰ ਵੀ ਚੰਗੇ ਦ੍ਰਿਸ਼ ਦੇਖਣ ਨੂੰ ਮਿਲਣਗੇ। 
-ਵਿਜੇ ਕੁਮਾਰ
 


Manoj

Content Editor

Related News