ਧਰਤੀ ਤੋਂ ਆਕਾਸ਼ ਤੱਕ ਸਫਲਤਾ ਦੀ ਉਡਾਣ ਭਰ ਰਹੀ ਨਾਰੀ ਸ਼ਕਤੀ

05/16/2023 4:40:55 AM

ਔਰਤਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਅੱਜਕਲ ਚੁੱਲ੍ਹੇ-ਚੌਕੇ ਤਕ ਸੀਮਿਤ ਨਾ ਰਹਿ ਕੇ ਧਰਤੀ ਤੋਂ ਆਕਾਸ਼ ਤੱਕ ਫੈਲ ਚੁੱਕੀ ਹੈ। ਅੱਜ ਉਹ ਬੱਸਾਂ, ਟਰੱਕ, ਰੇਲ-ਗੱਡੀਆਂ ਹੀ ਨਹੀਂ ਚਲਾ ਰਹੀਆਂ ਸਗੋਂ ਹਵਾਈ ਜਹਾਜ਼ ਦੇ ਪਾਇਲਟਾਂ ਅਤੇ ਪੁਲਾੜ ਯਾਤਰੀਆਂ, ਡਾਕਟਰ, ਇੰਜੀਨੀਅਰ, ਅਧਿਆਪਕ ਅਤੇ ਵਕੀਲ ਤੋਂ ਇਲਾਵਾ ਸਰਹੱਦਾਂ ’ਤੇ ਦੇਸ਼ ਦੀ ਰਾਖੀ ਵੀ ਕਰ ਰਹੀਆਂ ਹਨ।

ਸਿੱਖਿਆ ਜਗਤ ’ਚ ਕੁੜੀਆਂ ਦੀ ਚੜ੍ਹਤ ਦੀਆਂ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :-

* 21 ਮਾਰਚ ਨੂੰ ਐਲਾਨੇ ਬਿਹਾਰ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ’ਚ ਵਿਦਿਆਰਥਣਾਂ ਸਾਇੰਸ, ਕਾਮਰਸ ਅਤੇ ਆਰਟਸ/ਹਿਊਮੈਨਟੀਜ਼ ਤਿੰਨਾਂ ਸਟ੍ਰੀਮ ’ਚ ਅੱਵਲ ਰਹੀਆਂ।

* 22 ਅਪ੍ਰੈਲ ਨੂੰ ‘ਕਰਨਾਟਕ ਪ੍ਰੀ-ਯੂਨੀਵਰਸਿਟੀ ਪ੍ਰੀਖਿਆ ਵਿਭਾਗ’ ਵਲੋਂ ਐਲਾਨੇ 12ਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ ’ਚ ਆਪਣੀ ਪੜ੍ਹਾਈ ਲਈ ਹਿਜਾਬ ਛੱਡਣ ਵਾਲੀ ਤਬੱਸੁਮ ਨੇ ਪੂਰੇ ਸੂਬੇ ’ਚ ਆਰਟਸ ਸਟ੍ਰੀਮ ’ਚ ਟਾਪ ਕੀਤਾ।

* 12 ਮਈ ਨੂੰ ਸੀ. ਬੀ. ਐੱਸ. ਈ. ਦੀ 10ਵੀਂ ਦੀ ਪ੍ਰੀਖਿਆ ’ਚ 92.72 ਫੀਸਦੀ ਮੁੰਡਿਆਂ ਦੇ ਮੁਕਾਬਲੇ 94.25 ਫੀਸਦੀ ਕੁੜੀਆਂ ਪਾਸ ਹੋਈਆਂ ਅਤੇ 12ਵੀਂ ਜਮਾਤ ’ਚ ਵੀ 84.67 ਫੀਸਦੀ ਮੁੰਡਿਆਂ ਦੇ ਮੁਕਾਬਲੇ 90.68 ਫੀਸਦੀ ਕੁੜੀਆਂ ਪਾਸ ਹੋਈਆਂ।

12ਵੀਂ ਜਮਾਤ ਦੀ ਪ੍ਰੀਖਿਆ ’ਚ 94.20 ਫੀਸਦੀ ਅੰਕ ਹਾਸਲ ਕਰਨ ਵਾਲੀ ਚੰਡੀਗੜ੍ਹ ਦੇ ਬਲਾਈਂਡ ਸਕੂਲ ਦੀ ਦਿਵਿਯਾਂਗ ਵਿਦਿਆਰਥਣ ਕਸ਼ਿਸ਼ ਸੈਣੀ ਨੂੰ ਹਰਿਆਣਾ ਸਰਕਾਰ ਨੇ ਇਕ ਲੱਖ ਰੁਪਏ ਦਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਇਸੇ ਸਕੂਲ ਦੀ ਨੇਤਰ ਜੋਤੀ ਤੋਂ ਵਾਂਝੀ ਵਿਦਿਆਰਥਣ ‘ਕੈਫੀ’ ਨੇ 10ਵੀਂ ਜਮਾਤ ’ਚ ਸਕੂਲ ’ਚ ਟਾਪ ਕੀਤਾ ਹੈ।

* 15 ਮਈ ਨੂੰ ਮੱਧ ਪ੍ਰਦੇਸ਼ ਬੋਰਡ ਵਲੋਂ ਐਲਾਨੀਆਂ 5ਵੀਂ ਅਤੇ 8ਵੀਂ ਦੀਆਂ ਜਮਾਤਾਂ ਦੇ ਪ੍ਰੀਖਿਆ ਨਤੀਜਿਆਂ ’ਚ 5ਵੀਂ ਜਮਾਤ ’ਚ 80.34 ਫੀਸਦੀ ਮੁੰਡਿਆਂ ਦੇ ਮੁਕਾਬਲੇ 84.32 ਫੀਸਦੀ ਕੁੜੀਆਂ ਪਾਸ ਹੋਈਆਂ ਜਦੋਂਕਿ 8ਵੀਂ ਦੀ ਪ੍ਰੀਖਿਆ ’ਚ 73.46 ਫੀਸਦੀ ਮੁੰਡਿਆਂ ਦੇ ਮੁਕਾਬਲੇ 78.86 ਫੀਸਦੀ ਕੁੜੀਆਂ ਨੇ ਬਾਜ਼ੀ ਮਾਰੀ।

* 15 ਮਈ ਨੂੰ ਹੀ ਐਲਾਨੀ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਪ੍ਰੀਖਿਆ ’ਚ ਤਿੰਨੋ ਚੋਟੀ ਦੀਆਂ ਥਾਵਾਂ ਕੁੜੀਆਂ ਨੇ ਹਾਸਲ ਕੀਤੀਆਂ। ਭਿਵਾਨੀ ਦੀ ਨੈਨਸੀ ਨੇ ਸਭ ਸਟ੍ਰੀਮ (ਵਿਸ਼ਿਆਂ) ’ਚ ਟਾਪ ਕੀਤਾ।

ਖੇਡਾਂ ’ਚ ਵੀ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਅਤੇ 3 ਤੋਂ 5 ਮਾਰਚ ਤਕ ਲਖਨਊ ’ਚ ਹੋਈ ਜੁਡੋ ਕਰਾਟੇ ਚੈਂਪੀਅਨਸ਼ਿਪ ’ਚ ਮਾਨਸਾ ਦੇ ਜਟਾਣਾ ਕਲਾਂ ਪਿੰਡ ਦੀ ‘ਨੇਤਰਹੀਣ’ ਵੀਰਪਾਲ ਕੌਰ ਨੇ ਗੋਲਡ ਮੈਡਲ ਜਿੱਤਿਆ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਬੱਚੀਆਂ ਕਿਸੇ ਵੀ ਉੱਚਾਈ ਨੂੰ ਛੂਹ ਸਕਦੀਆਂ ਹਨ। ਇਸ ਲਈ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਬੇਟੀਆਂ ਨਾਲ ਬੇਟਿਆਂ ਵਰਗਾ ਹੀ ਵਤੀਰਾ ਅਪਣਾ ਕੇ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਨ ਤਾਂ ਜੋ ਉਹ ਸਮਾਜ ’ਚ ਆਪਣੀ ਯੋਗਤਾ ਸਿੱਧ ਕਰ ਸਕਣ।

–ਵਿਜੇ ਕੁਮਾਰ


Anmol Tagra

Content Editor

Related News