ਰੌਚਕ ਰੀਤੀ-ਰਿਵਾਜ਼ ਹਿਮਾਚਲ ਦੇ ਗੱਦੀ ਭਾਈਚਾਰੇ ਦੇ
Thursday, Aug 03, 2023 - 05:06 PM (IST)

ਹਾਲ ਹੀ ’ਚ ਮੇਰੀ ਮੁਲਾਕਾਤ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਇਕ ਭੈਣ ਨਾਲ ਹੋਈ, ਜਿਨ੍ਹਾਂ ਨੇ ਮੈਨੂੰ ਹਿਮਾਚਲ ਪ੍ਰਦੇਸ਼ ਦੇ ਗੱਦੀ ਭਾਈਚਾਰੇ ਦੀਆਂ ਕੁਝ ਰੌਚਕ ਗੱਲਾਂ ਦੱਸੀਆਂ। ਇਸ ਪਿੱਛੋਂ ਮੈਂ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤਾਂ ਕੁਝ ਰੌਚਕ ਤੱਥ ਸਾਹਮਣੇ ਆਏ ਜੋ ਮੈਂ ਪਾਠਕਾਂ ਨਾਲ ਇਥੇ ਸਾਂਝੇ ਕਰ ਰਿਹਾ ਹਾਂ :
ਦੇਵ ਭੂਮੀ ਦੇ ਨਾਂ ਨਾਲ ਪ੍ਰਸਿੱਧ ਹਿਮਾਚਲ ਪ੍ਰਦੇਸ਼ ਵਿਚ ਵੱਖ-ਵੱਖ ਭਾਈਚਾਰਿਆਂ ਅਤੇ ਜਾਤਾਂ ਦੇ ਲੋਕ ਮੋਹ ਪਿਆਰ ਨਾਲ ਮਿਲ-ਜੁਲ ਕੇ ਜੀਵਨ ਬਤੀਤ ਕਰਦੇ ਹਨ। ਇਨ੍ਹਾਂ ਵਿਚੋਂ ਹੀ ਇਕ ਹੈ ਗੱਦੀ ਭਾਈਚਾਰਾ। ਜਾਣਕਾਰਾਂ ਅਨੁਸਾਰ ਕਈ ਸਾਲ ਪਹਿਲਾਂ ਇਹ ਲੋਕ ਅਫਗਾਨਿਸਤਾਨ ਤੋਂ ਲਾਹੌਰ ਦੇ ਰਾਹ ਰਾਜਸਥਾਨ ਆਏ ਸਨ ਪਰ ਉਥੋਂ ਦੀ ਆਬੋ-ਹਵਾ ਗਰਮ ਹੋਣ ਕਾਰਨ ਇਹ ਹਿਮਾਚਲ ਪ੍ਰਦੇਸ਼ ’ਚ ਆ ਕੇ ਵਸ ਗਏ। ਹਾਲਾਂਕਿ ਜੰਮੂ ਖੇਤਰ ਦੇ ਪਹਾੜੀ ਇਲਾਕਿਆਂ ਵਿਚ ਵੀ ਇਨ੍ਹਾਂ ਦਾ ਵੱਡਾ ਕੁਨਵਾ ਰਹਿੰਦਾ ਹੈ। ਹਿਮਾਚਲ ਦੇ ਚੰਬਾ, ਭਰਮੌਰ ਅਤੇ ਕਾਂਗੜਾ ਦੇ ਸਰਹੱਦੀ ਇਲਾਕਿਆਂ ’ਚ ਵਸੇ ਇਨ੍ਹਾਂ ਲੋਕਾਂ ਨੇ ਆਪਣੇ ਪੌਰਾਣਿਕ ਵਿਰਸੇ ਦੇ ਨਾਲ-ਨਾਲ ਆਪਣੇ ਰਵਾਇਤੀ ਭੋਜਨ, ਪਹਿਰਾਵੇ ਅਤੇ ਸੱਭਿਆਚਾਰ ਦੀ ਵਿਸ਼ੇਸ਼ ਪਛਾਣ ਕਾਇਮ ਰੱਖੀ ਹੋਈ ਹੈ। ਇਸ ਭਾਈਚਾਰੇ ਦੇ ਬਜ਼ੁਰਗਾਂ ਅਨੁਸਾਰ, ਪੁਸ਼ਤੈਨੀ ਭੇਡ ਪਾਲਣ ਕਿੱਤੇ ਦੇ ਨਾਲ-ਨਾਲ ਆਪਣੇ ਹੁਨਰ ਅਤੇ ਯੋਗਤਾ ਦੇ ਬਲਬੂਤੇ ਇਸ ਭਾਈਚਾਰੇ ਦੇ ਕਈ ਮੈਂਬਰ ਉੱਚ ਸਿਆਸੀ ਅਤੇ ਪ੍ਰਸ਼ਾਸਨਿਕ ਅਹੁਦਿਆਂ ’ਤੇ ਪਹੁੰਚ ਗਏ ਹਨ। ਇਸ ਭਾਈਚਾਰੇ ਦੇ ਲੋਕ ਜਨਮ ਅਤੇ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਦੀ ਮੌਤ ਨੂੰ ਉਤਸਵ ਵਾਂਗ ਮਨਾਉਂਦੇ ਹਨ ਅਤੇ ਆਪਣੀ ਬਰਾਦਰੀ ਦੇ ਲੋਕਾਂ ਦੀ ਆਰਥਿਕ ਅਤੇ ਸਮਾਜਿਕ ਬਿਹਤਰੀ ਵਿਚ ਵੀ ਮਹੱਤਵਪੂਰਨ ਯੋਗਦਾਨ ਦਿੰਦੇ ਹਨ। ਰਵਾਇਤੀ ਰੀਤੀ-ਰਿਵਾਜ਼ਾਂ ਨਾਲ ਇਸ ਭਾਈਚਾਰੇ ਦੇ ਲਗਾਅ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਹਿਮਾਚਲ ਤੋਂ ਬਾਹਰ ਵਸੇ ਗੱਦੀ ਭਾਈਚਾਰੇ ਦੇ ਲੋਕਾਂ ਨੇ ਲੁਧਿਆਣਾ, ਦਿੱਲੀ, ਚੰਡੀਗੜ੍ਹ ਅਤੇ ਮੁੰਬਈ ਵਰਗੇ ਵੱਡੇ ਸ਼ਹਿਰਾਂ ਵਿਚ ਆਪਣੀਆਂ ਜਥੇਬੰਦੀਆਂ ਬਣਾਈਆਂ ਹੋਈਆਂ ਹਨ, ਜਿਨ੍ਹਾਂ ਰਾਹੀਂ ਉਹ ਆਪਣੇ ਲੋਕਾਂ ਅਤੇ ਆਪਣੀ ਸੱਭਿਅਤਾ ਅਤੇ ਰੀਤੀ-ਰਿਵਾਜ਼ਾਂ ਨਾਲ ਜੁੜੇ ਰਹਿੰਦੇ ਹਨ।
ਮੌਤ ਵਰਗੀ ਗਮ ਦੀ ਘੜੀ ਵਿਚ ਸਮੁੱਚਾ ਗੱਦੀ ਭਾਈਚਾਰਾ ਸੋਗ ਗ੍ਰਸਤ ਪਰਿਵਾਰ ਦੇ ਨਾਲ ਖੜ੍ਹਾ ਹੁੰਦਾ ਹੈ। ਮ੍ਰਿਤਕ ਦਾ ਅੰਤਿਮ ਸੰਸਕਾਰ ਸੰਪੰਨ ਕਰਨ ਵਾਲਾ ਪਰਿਵਾਰ ਦਾ ਮੈਂਬਰ 10 ਦਿਨਾਂ ਤਕ ਜ਼ਮੀਨ ’ਤੇ ਸੌਂਦਾ ਹੈ। ਇਸ ਦੌਰਾਨ ਉਸਦੇ ਸਾਹਮਣੇ ਚਾਦਰ ਵਿਛਾਈ ਜਾਂਦੀ ਹੈ। ਅਫਸੋਸ ਕਰਨ ਆਉਣ ਵਾਲੇ ਲੋਕ ਜਿੰਨਾ ਹੋ ਸਕੇ ਆਰਥਿਕ ਸਹਿਯੋਗ ਕਰਦਿਆਂ ਚਾਦਰ ’ਤੇ ਆਪਣੀ ਸਮਰੱਥਾ ਅਨੁਸਾਰ ਰੁਪਏ-ਪੈਸੇ ਚੜ੍ਹਾਉਂਦੇ ਹਨ, ਜਿਸ ਨੂੰ ਸਥਾਨਕ ਭਾਸ਼ਾ ਵਿਚ ‘ਬਰਤਨ’ ਕਹਿੰਦੇ ਹਨ। 10 ਦਿਨ ਪਿੱਛੋਂ ਚਾਦਰ ਚੁੱਕ ਕੇ ਇਕੱਠੀ ਰਾਸ਼ੀ ਸੋਗ ਗ੍ਰਸਤ ਪਰਿਵਾਰ ਨੂੰ ਦੇ ਦਿੱਤੀ ਜਾਂਦੀ ਹੈ। ਇਸ ਦੌਰਾਨ ਸੋਗ ਗ੍ਰਸਤ ਪਰਿਵਾਰ ਦੀਆਂ ਨੂੰਹਾਂ ਰਵਾਇਤੀ ਪਹਿਰਾਵਾ ‘ਲੁਆਂਚੜੀ’ ਪਹਿਨਦੀਆਂ ਹਨ ਅਤੇ ਕੋਈ ਵੀ ਗਹਿਣਾ ਨਹੀਂ ਪਾਉਂਦੀਆਂ। ਗੱਦੀ ਭਾਈਚਾਰੇ ’ਚ ਵਿਆਹ ਸਮਾਗਮ ਦੇ ਮੌਕੇ ਲਾੜੇ ਨੂੰ ਬਾਰਾਤ ਤੋਂ ਪਹਿਲਾਂ ‘ਜੋਗੀ’ ਬਣਾਇਆ ਜਾਂਦਾ ਹੈ। ਇਸ ਪ੍ਰੰਪਰਾ ’ਚ ਧੋਤੀ-ਕੁੜਤੇ ਨਾਲ ਉਸ ਨੂੰ ਚੋਲਾ-ਡੋਰਾ ਪੁਆ ਕੇ ਹੱਥਾਂ ਵਿਚ ਤੀਰ-ਕਮਾਨ ਦਿੱਤਾ ਜਾਂਦਾ ਹੈ। ਮਾਨਤਾ ਹੈ ਕਿ ਇਸ ਦੌਰਾਨ ਜੇ ਲਾੜਾ ਘਰ ਦੀ ਸਰਦਲ ਤੋਂ ਬਾਹਰ ਚਲਾ ਜਾਵੇ ਤਾਂ ‘ਜੋਗੀ’ ਬਣ ਜਾਂਦਾ ਹੈ। ਹਾਲਾਂਕਿ ਇਸ ਰਸਮ ਨੂੰ ਪ੍ਰੰਪਰਾ ਦੇ ਤੌਰ ’ਤੇ ਨਿਭਾਇਆ ਜਾਂਦਾ ਹੈ ਪਰ ਕਦੀ ਅਜਿਹਾ ਕੋਈ ਮਾਮਲਾ ਨਹੀਂ ਹੋਇਆ। ਵਿਆਹ ਸੰਪੰਨ ਹੋਣ ਪਿੱਛੋਂ ਰਵਾਇਤੀ ਨੁਆਲਾ (ਜਾਗਰਣ) ਕੀਤਾ ਜਾਂਦਾ ਹੈ, ਜਿਸ ਵਿਚ ਭਾਈਚਾਰੇ ਦੇ ਬ੍ਰਾਹਮਣ ਸਾਰੀ ਰਾਤ ਭਗਵਾਨ ਸ਼ਿਵ ਦੀ ਉਸਤਿਤ ਕਰਦੇ ਹਨ। ਇਸ ਦੌਰਾਨ ਰਵਾਇਤੀ ਸਾਜਾਂ ਦੀਆਂ ਧੁਨਾਂ ’ਤੇ ਸਮੁੱਚਾ ਇਲਾਕਾ ਗੂੰਜ ਉਠਦਾ ਹੈ ਅਤੇ ਭਾਈਚਾਰੇ ਦੇ ਲੋਕ ਰਵਾਇਤੀ ਪਹਿਰਾਵਿਆਂ ਵਿਚ ਨੱਚਦੇ-ਗਾਉਂਦੇ ਹਨ। ਸ਼ੁੱਭ ਮੌਕਿਆਂ ’ਤੇ ਗੱਦੀ ਔਰਤਾਂ ਰਵਾਇਤੀ ਪਹਿਰਾਵਾ ‘ਲੁਆਂਚੜੀ’, ਕੁੜਤਾ, ਡੋਰਾ ਪਹਿਨਦੀਆਂ ਹਨ। ਔਰਤਾਂ ਦੇ ਗਹਿਣਿਆਂ ਵਿਚ ਮੁੱਖ ਤੌਰ ’ਤੇ ਅਤੇ ਜ਼ਿਆਦਾਤਰ ਚਾਂਦੀ ਤੋਂ ਬਣੇ ਚਿੜੀ, ਚੰਦਰਹਾਰ, ਸੰਗਲੀ, ਸਿੰਗੀ, ਕਲਇਪੜੂ, ਚੱਕ, ਕੰਡੂ, ਕੰਗਣ ਅਤੇ ਮਰੀਜੜੀ ਹੁੰਦੇ ਹਨ। ਜ਼ਿਆਦਾਤਰ ਔਰਤਾਂ ਲੱਕ ’ਤੇ ਚਾਂਦੀ ਦਾ ਛੱਲਾ ਲਟਕਾਉਣਾ ਨਹੀਂ ਭੁੱਲਦੀਆਂ ਹਨ। ਆਸ ਕਰਨੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਗੱਦੀ ਭਾਈਚਾਰੇ ਨੇ ਆਪਣੀਆਂ ਪ੍ਰੰਪਰਾਵਾਂ ਨੂੰ ਕਾਇਮ ਰੱਖਿਆ ਹੈ,ਉਸੇ ਤਰ੍ਹਾਂ ਇਹ ਭਵਿੱਖ ’ਚ ਵੀ ਉਨ੍ਹਾਂ ’ਤੇ ਚੱਲਦੇ ਹੋਏ ਜੀਵਨ ’ਚ ਹੋਰ ਤਰੱਕੀ ਕਰੇਗਾ, ਜਿਸ ਨਾਲ ਇਸ ਭਾਈਚਾਰੇ ਅਤੇ ਦੇਸ਼, ਦੋਹਾਂ ਦਾ ਭਲਾ ਹੋਵੇਗਾ।
-ਵਿਜੇ ਕੁਮਾਰ