ਆਖਿਰ ਕਿਉਂ ਨਹੀਂ ਰੁਕ ਰਿਹਾ ਦੇਸ਼ ’ਚ ਔਰਤਾਂ ਦਾ ਸ਼ੋਸ਼ਣ
Saturday, Sep 30, 2023 - 06:09 AM (IST)
ਕੇਂਦਰ ਅਤੇ ਸੂਬਾਈ ਸਰਕਾਰਾਂ ਵੱਲੋਂ ਔਰਤਾਂ ਦੀ ਸੁਰੱਖਿਆ ਦੇ ਦਾਅਵਿਆਂ ਅਤੇ ਕਾਨੂੰਨਾਂ ਦੇ ਬਾਵਜੂਦ ਦੇਸ਼ ’ਚ ਅੱਜ ਵੀ ਔਰਤਾਂ ਓਨੀਆਂ ਹੀ ਤੰਗ-ਪ੍ਰੇਸ਼ਾਨ ਅਤੇ ਅਸੁਰੱਖਿਅਤ ਹਨ ਜਿੰਨੀਆਂ ਪਹਿਲਾਂ ਸਨ। ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਔਰਤਾਂ ਨੂੰ ਵੱਖ-ਵੱਖ ਰੂਪਾਂ ’ਚ ਤੰਗ-ਪ੍ਰੇਸ਼ਾਨ ਕਰਨ ਦੀ ਘਟਨਾ ਸਾਹਮਣੇ ਨਾ ਆਉਂਦੀ ਹੋਵੇ।
ਮੱਧ ਪ੍ਰਦੇਸ਼ ਦੇ ਉੱਜੈਨ ’ਚ 25 ਸਤੰਬਰ ਸ਼ਾਮ ਨੂੰ ਦਿੱਲੀ ਦੀ ਨਿਰਭਯਾ ਕਾਂਡ ਵਰਗੀ ਘਟਨਾ ’ਚ ਬਦਮਾਸ਼ਾਂ ਨੇ ਪ੍ਰਯਾਗਰਾਜ ਦੀ ਰਹਿਣ ਵਾਲੀ ਇਕ ਨਾਬਾਲਿਗਾ ਨਾਲ ਜਬਰ-ਜ਼ਨਾਹ ਪਿੱਛੋਂ ਉਸ ਦੇ ਪ੍ਰਾਈਵੇਟ ਪਾਰਟ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਹੀ ਉਸ ਨੂੰ ਅਰਧ-ਨਗਨ ਹਾਲਤ ’ਚ ਉੱਥੇ ਹੀ ਛੱਡ ਿਦੱਤਾ।
ਦੱਸਿਆ ਜਾਂਦਾ ਹੈ ਕਿ ਕੁਝ ਲੋਕਾਂ ਵੱਲੋਂ ਇਸ ਬੱਚੀ ਬਾਰੇ ਸੂਚਿਤ ਕਰਨ ’ਤੇ ਢਾਈ ਘੰਟੇ ਤਕ ਅਰਧ-ਨਗਨ ਹਾਲਤ ’ਚ ਬਦਹਵਾਸ 8 ਕਿਲੋਮੀਟਰ ਇਧਰ-ਓਧਰ ਭਟਕਦੀ ਇਹ ਬੱਚੀ ਜਦੋਂ ਪੁਲਸ ਨੂੰ ਮਿਲੀ ਤਾਂ ਉਸ ਦੇ ਕੱਪੜੇ ਖੂਨ ਨਾਲ ਲਿਬੜੇ ਹੋਏ ਸਨ। ਮੈਡੀਕਲ ਰਿਪੋਰਟ ’ਚ ਉਸ ਨਾਲ ਜਬਰ-ਜ਼ਨਾਹ ਦੀ ਪੁਸ਼ਟੀ ਹੋਈ ਹੈ। ਹਾਲਤ ਗੰਭੀਰ ਹੋਣ ’ਤੇ ਉਸ ਨੂੰ ਇੰਦੌਰ ਰੈਫਰ ਕੀਤਾ ਗਿਆ ਹੈ।
ਪੁਲਸ ਨੇ ਇਸ ਮਾਮਲੇ ’ਚ ਇਕ ਸ਼ੱਕੀ ਆਟੋ ਚਾਲਕ ਜਿਸ ਦੇ ਆਟੋ ’ਚ ਖੂਨ ਦੇ ਨਿਸ਼ਾਨ ਮਿਲੇ ਹਨ, ਸਮੇਤ 5 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਪੁੱਛਗਿੱਛ ਦੌਰਾਨ ਉਸ ਨੇ ਮਾਸੂਮ ਨਾਲ ਵਧੀਕੀ ਕਰਨ ਦੀ ਗੱਲ ਮੰਨੀ ਹੈ।
ਹਾਲਾਂਕਿ ਇਸ ਘਟਨਾ ਨੂੰ ਲੈ ਕੇ ਮੱਧ ਪ੍ਰਦੇਸ਼ ਪੁਲਸ ਅਤੇ ਪ੍ਰਸ਼ਾਸਨ ਦੀ ਭਾਰੀ ਆਲੋਚਨਾ ਹੋ ਰਹੀ ਹੈ ਪਰ ਸਿਰਫ 5 ਦਿਨਾਂ ’ਚ ਹੀ ਇਸ ਤੋਂ ਇਲਾਵਾ ਵੀ ਔਰਤਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀਆਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
* 28 ਸਤੰਬਰ ਨੂੰ ਆਸਾਮ ਦੇ ਕਰੀਮਗੰਜ ਜ਼ਿਲੇ ’ਚ ਇਕ ਅੱਲ੍ਹੜ ਕੁੜੀ ਦੀ ਗਲਾ ਘੁੱਟ ਕੇ ਹੱਤਿਆ ਕਰਨ ਪਿੱਛੋਂ ਉਸ ਦੀ ਲਾਸ਼ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਇਕ ਰੇਲਵੇ ਮੁਲਾਜ਼ਮ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
* 27 ਸਤੰਬਰ ਨੂੰ ਆਸਾਮ ਦੇ ‘ਦੀਮਾ ਹਸਾਓ’ ਜ਼ਿਲੇ ’ਚ ਗ੍ਰਿਫਤਾਰ ਕੀਤੇ ਗਏ ਫੌਜ ਦੇ ਇਕ ਮੇਜਰ ਅਤੇ ਉਸ ਦੀ ਪਤਨੀ ਹੱਥੋਂ ਤੰਗ-ਪ੍ਰੇਸ਼ਾਨ ਦੀ ਸ਼ਿਕਾਰ ਘਰੇਲੂ ਕੰਮਕਾਰ ਲਈ ਰੱਖੀ 15 ਸਾਲਾ ਨਾਬਾਲਿਗ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਮੁਲਜ਼ਮ ਪਤੀ-ਪਤਨੀ ਉਸ ਦੀ ਬੇਟੀ ਨੂੰ ਘੰਟਿਆਂ ਤੱਕ ਨਗਨ ਰੱਖ ਕੇ ਉਸ ਨੂੰ ਕੁੱਟਦੇ ਸਨ, ਉਸ ’ਤੇ ਉਬਲਦਾ ਪਾਣੀ ਤਕ ਪਾਉਂਦੇ ਅਤੇ ਉਸ ਨੂੰ ਕਚਰਾ ਖਾਣ ਲਈ ਮਜਬੂਰ ਕੀਤਾ ਜਾਂਦਾ ਸੀ।
* 24 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਪੁਲਸ ਕੋਲੋਂ ਮਦਦ ਮੰਗਣ ਗਈ 35 ਸਾਲ ਦੀ ਇਕ ਦਲਿਤ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਪੁਲਸ ਦੇ ਸਬ-ਇੰਸਪੈਕਟਰ ਸੁਧੀਰ ਪਾਂਡੇ ਨੂੰ ਮੁਅੱਤਲ ਕੀਤਾ ਗਿਆ।
* 23 ਸਤੰਬਰ ਨੂੰ ਉੱਤਰ ਪ੍ਰਦੇਸ਼ ’ਚ ਆਗਰਾ ਦੇ ਥਾਣਾ ਫਤਿਹਪੁਰ ਸੀਕਰੀ ਦੇ ਇਕ ਪਿੰਡ ’ਚ ਆਪਣੇ ਘਰੋਂ ਮਜ਼ਦੂਰੀ ਕਰਨ ਲਈ ਨਿਕਲੀ 70 ਸਾਲ ਦੀ ਇਕ ਬਜ਼ੁਰਗ ਔਰਤ ਦੀ ਖੂਨ ਨਾਲ ਲਿਬੜੀ ਲਾਸ਼ ਪਿੰਡ ਦੇ ਖੇਤਾਂ ’ਚੋਂ ਬਰਾਮਦ ਹੋਈ। ਇਸ ਸਿਲਸਿਲੇ ’ਚ ਪੁਲਸ ਨੇ ਸਮੂਹਿਕ ਜਬਰ-ਜ਼ਨਾਹ ਦਾ ਕੇਸ ਦਰਜ ਕੀਤਾ ਹੈ।
* 23 ਸਤੰਬਰ ਨੂੰ ਹੀ ਬਿਹਾਰ ਦੀ ਰਾਜਧਾਨੀ ਪਟਨਾ ਦੇ ਖੁਸਰੂਪੁਰ ਥਾਣਾ ਖੇਤਰ ’ਚ ਸਿਰਫ 1500 ਰੁਪਏ ਦੇ ਉਧਾਰ ਲਈ ਸੂਦਖੋਰ ਪਿਤਾ-ਪੁੱਤਰ ਪ੍ਰਮੋਦ ਅਤੇ ਅੰਸ਼ੂ ਵੱਲੋਂ ਇਕ ਮਹਾਦਲਿਤ ਔਰਤ ਨੂੰ ਨਗਨ ਕਰ ਕੇ ਕੁੱਟਣ ਅਤੇ ਉਸ ਦੇ ਚਿਹਰੇ ’ਤੇ ਪਿਸ਼ਾਬ ਕਰਨ ਦੇ ਦੋਸ਼ ਹੇਠ ਪ੍ਰਮੋਦ ਨੂੰ ਗ੍ਰਿਫਤਾਰ ਕੀਤਾ ਗਿਆ।
ਔਰਤ ਦਾ ਦੋਸ਼ ਹੈ ਕਿ ਉਸ ਦੇ ਪਤੀ ਨੇ ਕੁਝ ਸਮਾਂ ਪਹਿਲਾਂ ਪ੍ਰਮੋਦ ਕੁਮਾਰ ਸਿੰਘ ਕੋਲੋਂ 1500 ਰੁਪਏ ਉਧਾਰ ਲਏ ਸਨ ਅਤੇ ਉਹ ਇਹ ਰਕਮ ਅਦਾ ਵੀ ਕਰ ਚੱੁਕੇ ਹਨ ਪਰ ਇਸ ਦੇ ਬਾਵਜੂਦ ਉਹ ਇਸ ਦੀ ਮੰਗ ਕਰਦੇ ਆ ਰਹੇ ਸਨ।
ਇਸੇ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪੰਜਾਬ-ਹਰਿਆਣਾ ਹਾਈ ਕੋਰਟ ਦੇ ਜੱਜਾਂ ਮਾਣਯੋਗ ਜਸਟਿਸ ਬੀ. ਐੱਸ. ਵਾਲੀਆ ਅਤੇ ਜਸਟਿਸ ਲਲਿਤ ਬੱਤਰਾ ’ਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਹੁਣੇ ਜਿਹੇ ਹੀ ਇਕ ਕੇਸ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ‘‘ਜਬਰ-ਜ਼ਨਾਹ ਿਕਸੇ ਵੀ ਔਰਤ, ਜੋ ਕਦੀ ਇਕ ਖੁਸ਼ ਇਨਸਾਨ ਸੀ, ਨੂੰ ਅੰਦਰ ਤਕ ਹਿਲਾ ਿਦੰਦਾ ਹੈ, ਜਿਸ ਦੀ ਪੀੜਾ ਉਸ ਨੂੰ ਸਾਰੀ ਉਮਰ ਝੱਲਣੀ ਪੈਂਦੀ ਹੈ।’’
ਔਰਤਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀਆਂ ਇਹ ਤਾਂ ਸਿਰਫ 5 ਦਿਨਾਂ ’ਚ ਸਾਹਮਣੇ ਆਈਆਂ 4 ਵੱਖ-ਵੱਖ ਸੂਬਿਆਂ ’ਚ ਵਾਪਰੀਆਂ ਘਟਨਾਵਾਂ ਹਨ। ਪਤਾ ਨਹੀਂ ਹਰ ਉਮਰ ਵਰਗ ਦੀਆਂ ਅਜਿਹੀਆਂ ਕਿੰਨੀਆਂ ਔਰਤਾਂ ਸੈਕਸ ਸ਼ੋਸ਼ਣ, ਘਰੇਲੂ ਹਿੰਸਾ, ਕੰਮ ਵਾਲੀਆਂ ਥਾਵਾਂ ’ਤੇ ਲਿੰਗਕ ਵਿਤਕਰਾ, ਪੱਖਪਾਤ ਆਦਿ ਦਾ ਸ਼ਿਕਾਰ ਹੋ ਰਹੀਆਂ ਹਨ।
ਇਨ੍ਹਾਂ ਘਟਨਾਵਾਂ ਦਾ ਸਿੱਟਾ ਇਹੀ ਹੈ ਕਿ ਅਪਰਾਧੀਆਂ ਨੂੰ ਕਾਨੂੰਨ ਦਾ ਡਰ ਨਹੀਂ ਰਿਹਾ। ਅੱਵਲ ਤਾਂ ਅਪਰਾਧੀ ਫੜੇ ਨਹੀਂ ਜਾਂਦੇ ਅਤੇ ਜੇ ਫੜੇ ਜਾਣ ਤਾਂ ਬਚ ਜਾਂਦੇ ਹਨ ਅਤੇ ਸਿਰਫ ਲਗਭਗ 26 ਫੀਸਦੀ ਮਾਮਲਿਆਂ ’ਚ ਹੀ ਸਜ਼ਾ ਹੁੰਦੀ ਹੈ।
ਇਸ ਤਰ੍ਹਾਂ ਦੇ ਅਪਰਾਧਾਂ ’ਚ ਸ਼ਾਮਲ ਹੋਣ ਵਾਲਿਆਂ ’ਤੇ ਫਾਸਟ ਟ੍ਰੈਕ ਅਦਾਲਤਾਂ ’ਚ ਮੁਕੱਦਮੇ ਚਲਾ ਕੇ ਤੁਰੰਤ ਸਿੱਖਿਆਦਾਇਕ ਅਤੇ ਸਖਤ ਸਜ਼ਾ ਦੇਣ ਨਾਲ ਹੀ ਇਸ ਬੁਰਾਈ ’ਤੇ ਕਾਬੂ ਪਾਇਆ ਜਾ ਸਕਦਾ ਹੈ। -ਵਿਜੇ ਕੁਮਾਰ