ਚੋਣਾਂ ’ਚ ਭਾਜਪਾ ਦੀ ਸਫਲਤਾ ’ਤੇ ‘ਐਗਜ਼ਿਟ ਪੋਲ ਦਾ ਇਕੋ ਜਿਹਾ ਹੀ ਅਨੁਮਾਨ’

05/21/2019 6:40:08 AM

19 ਮਈ ਨੂੰ ਲੋਕ ਸਭਾ ਚੋਣਾਂ ਲਈ 7ਵੇਂ ਪੜਾਅ ਦੀ ਵੋਟਿੰਗ ਖਤਮ ਹੁੰਦਿਆਂ ਹੀ ਐਗਜ਼ਿਟ ਪੋਲ ਆਉਣ ਲੱਗੇ। ਕਿਉਂਕਿ ਭਾਰਤ ’ਚ ਪਹਿਲੀ ਵਾਰ ਕਿਸੇ ਵਿਰੋਧੀ ਪਾਰਟੀ ਦੀ ਸਰਕਾਰ ਨੇ ਆਪਣਾ 5 ਸਾਲਾਂ ਦਾ ਕਾਰਜਕਾਲ ਪੂਰਾ ਕੀਤਾ ਹੈ, ਇਸ ਲਈ ਲੋਕਾਂ ’ਚ ਬਹੁਤ ਜ਼ਿਆਦਾ ਜਿਗਿਆਸਾ ਸੀ ਕਿ ਕੀ ਭਾਜਪਾ ਦੀ ਅਗਵਾਈ ਵਾਲਾ ਰਾਜਗ ਦੂਜੀ ਵਾਰ ਸੱਤਾ ’ਚ ਵਾਪਸੀ ਕਰ ਸਕੇਗਾ! ਹਾਲਾਂਕਿ ਸਰਕਾਰ ਵਲੋਂ ਲਾਗੂ ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਕਦਮਾਂ ਨਾਲ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਅਤੇ ਬੇਰੋਜ਼ਗਾਰੀ, ਕਿਸਾਨਾਂ ਦੀਆਂ ਸਮੱਸਿਆਵਾਂ, ਰਾਫੇਲ ਅਤੇ ਵਿਗੜਦੀ ਅਰਥ ਵਿਵਸਥਾ ਨੂੰ ਲੈ ਕੇ ਲੋਕਾਂ ’ਚ ਕਾਫੀ ਬੇਚੈਨੀ ਸੀ ਪਰ ਐਗਜ਼ਿਟ ਪੋਲ ਦੇ ਨਤੀਜਿਆਂ ਵਿਚ ਭਾਜਪਾ ਦੀਆਂ ਚੋਣ ਸੰਭਾਵਨਾਵਾਂ ’ਤੇ ਇਨ੍ਹਾਂ ਦਾ ਖਾਸ ਅਸਰ ਨਜ਼ਰ ਨਹੀਂ ਆਇਆ। ਇਸੇ ਕਾਰਨ ਵੱਖ-ਵੱਖ ਐਗਜ਼ਿਟ ਪੋਲ ’ਚ ਭਾਜਪਾ ਦੀ ਅਗਵਾਈ ਵਾਲੇ ਰਾਜਗ ਦੀ ਸਫਲਤਾ ਦੀ ਸੰਭਾਵਨਾ ਪ੍ਰਗਟਾਉਂਦਿਆਂ ਇਸ ਦੇ ਦੂਜੀ ਵਾਰ ਸੱਤਾ ਵਿਚ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਨਿਤਿਨ ਗਡਕਰੀ ਨੇ ਕਿਹਾ ਹੈ ਕਿ ‘‘ਐਗਜ਼ਿਟ ਪੋਲ ਆਖਰੀ ਨਤੀਜੇ ਨਹੀਂ ਹਨ ਪਰ ਭਾਜਪਾ ਦੇ ਇਕ ਵਾਰ ਫਿਰ ਸੱਤਾ ’ਚ ਆਉਣ ਦਾ ਸੰਕੇਤ ਦਿੰਦੇ ਹਨ।’’

ਹਾਲਾਂਕਿ ਵਿਰੋਧੀ ਪਾਰਟੀਆਂ ਇਹ ਕਹਿ ਕੇ ਖੁਦ ਨੂੰ ਦਿਲਾਸਾ ਦੇ ਰਹੀਆਂ ਹਨ ਕਿ ਅਤੀਤ ’ਚ ਐਗਜ਼ਿਟ ਪੋਲ ਦੇ ਅਨੁਮਾਨ ਗਲਤ ਵੀ ਸਿੱਧ ਹੁੰਦੇ ਰਹੇ ਹਨ ਅਤੇ ਮਮਤਾ ਬੈਨਰਜੀ ਨੇ ਵੀ ਇਨ੍ਹਾਂ ਨੂੰ ਅਟਕਲਬਾਜ਼ੀ ਦੱਸ ਕੇ ਖਾਰਜ ਕਰ ਦਿੱਤਾ ਹੈ ਪਰ ਇਸ ਵਾਰ ਸਥਿਤੀ ਵੱਖਰੀ ਹੈ ਕਿਉਂਕਿ ਇਸ ਵਾਰ ਲੱਗਭਗ ਸਾਰੇ ਐਗਜ਼ਿਟ ਪੋਲਜ਼ ਨੇ ਭਾਜਪਾ ਦੀ ਲੀਡ ਹੀ ਦਿਖਾਈ ਹੈ। ਐਗਜ਼ਿਟ ਪੋਲ ਦੇ ਅਨੁਮਾਨ ਨੂੰ ਦੇਖਦਿਆਂ ਸੰਭਾਵਨਾ ਇਹੋ ਹੈ ਕਿ ਅਗਲੀ ਸਰਕਾਰ ਭਾਜਪਾ ਦੀ ਹੋਵੇਗੀ। ਇਸ ਲਈ ਲੋੜ ਇਸ ਗੱਲ ਦੀ ਹੈ ਕਿ ਭਾਜਪਾ ਲੀਡਰਸ਼ਿਪ ਆਪਣੀਆਂ ਹੁਣ ਤਕ ਦੀਆਂ ਕਮੀਆਂ ਦਾ ਜਾਇਜ਼ਾ ਲਵੇ ਅਤੇ ਰੁੱਸੇ ਹੋਏ ਨੇਤਾਵਾਂ ਤੇ ਗੱਠਜੋੜ ਸਹਿਯੋਗੀਆਂ ਨੂੰ ਆਪਣੇ ਨਾਲ ਪੱਕਾ ਕਰਕੇ ਚੱਲੇ। ਹਾਲਾਂਕਿ ਭਾਜਪਾ ਲੀਡਰਸ਼ਿਪ ਨੇ ਆਪਣੀਆਂ ਸਹਿਯੋਗੀ ਪਾਰਟੀਆਂ ਸ਼ਿਵ ਸੈਨਾ ਆਦਿ ਨੂੰ ਮਨਾ ਲਿਆ ਹੈ ਪਰ ਅਜਿਹਾ ਆਖਰੀ ਸਮੇਂ ’ਤੇ ਹੀ ਹੋਇਆ। ਇਸ ਦੇ ਨਾਲ ਹੀ ਅਜੇ ਵੀ ਇਸ ਦੀਆਂ ਕੁਝ ਗੱਠਜੋੜ ਸਹਿਯੋਗੀ ਪਾਰਟੀਆਂ ਕੁਝ-ਕੁਝ ਅੰਦਰੂਨੀ ਤੌਰ ’ਤੇ ਨਾਰਾਜ਼ ਹਨ, ਜਿਨ੍ਹਾਂ ਨੂੰ ਨਾਲ ਰੱਖਣ ਦੀ ਲੋੜ ਹੈ। ਇਸ ਤੋਂ ਇਲਾਵਾ ਪਾਰਟੀ ’ਚ ਸਹਿਯੋਗੀਆਂ ਵਲੋਂ ਉਠਾਏ ਜਾਣ ਵਾਲੇ ਅਸਹਿਮਤੀ ਦੇ ਸੁਰ ਵੀ ਸੁਣਨ ਦੀ ਲੋੜ ਹੈ। ਮਿਸਾਲ ਵਜੋਂ ਜਿੱਥੇ ਭਾਜਪਾ ਨੇ ਸੱਤਾ ’ਚ ਆਉਣ ’ਤੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ-370 ਖਤਮ ਕਰਨ ਦੀ ਗੱਲ ਕਹੀ ਹੈ, ਉਥੇ ਹੀ ਨਿਤੀਸ਼ ਕੁਮਾਰ ਨੇ ਵੀ ਧਾਰਾ-370 ਅਤੇ ਦੇਸ਼ ਦੇ ਧਰਮ ਨਿਰਪੱਖ ਸਰੂਪ ਨੂੰ ਕਾਇਮ ਰੱਖਣ ਦੀ ਗੱਲ ਕਹੀ ਹੈ।

–ਵਿਜੇ ਕੁਮਾਰ


Bharat Thapa

Content Editor

Related News