ਭਾਰਤ ’ਚ ਵਧ ਰਹੇ ਯੌਨ ਅਪਰਾਧ ਇੰਗਲੈਂਡ ਅਤੇ ਅਮਰੀਕਾ ਨੇ ਔਰਤਾਂ ਲਈ ਜਾਰੀ ਕੀਤੀ ਐਡਵਾਈਜ਼ਰੀ

12/15/2019 1:20:09 AM

ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਦੇਸ਼ ਵਿਚ ਅਪਰਾਧ ਲਗਾਤਾਰ ਵਧ ਰਹੇ ਹਨ। ਰਾਹੁਲ ਗਾਂਧੀ ਨੇ ਤਾਂ ਭਾਰਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਅਰੇ ‘ਮੇਕ ਇਨ ਇੰਡੀਆ’ ਦੀ ਤਰਜ਼ ’ਤੇ ‘ਰੇਪ ਇਨ ਇੰਡੀਆ’ ਕਹਿ ਦਿੱਤਾ, ਜਿਸ ’ਤੇ 13 ਦਸੰਬਰ ਨੂੰ ਸੰਸਦ ਵਿਚ ਭਾਰੀ ਹੰਗਾਮਾ ਹੋਇਆ ਅਤੇ ਰਾਹੁਲ ਨੇ ਇਹ ਵੀ ਕਿਹਾ ਕਿ ‘‘ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਨੂੰ ‘ਰੇਪ ਕੈਪੀਟਲ’ ਕਹਿ ਚੁੱਕੇ ਹਨ।’’

ਔਰਤਾਂ ਵਿਰੁੱਧ ਵਧ ਰਹੀਆਂ ਹੈਵਾਨੀਅਤ ਦੀਆਂ ਘਟਨਾਵਾਂ ਨਾਲ ਵਿਸ਼ਵ ਵਿਚ ਭਾਰਤ ਦੀ ਦਿੱਖ ਮਿੱਟੀ ਵਿਚ ਰੁਲ਼ ਰਹੀ ਹੈ ਅਤੇ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀ ਵੀ ਵੱਖ-ਵੱਖ ਅਪਰਾਧਾਂ ਦਾ ਸ਼ਿਕਾਰ ਬਣ ਰਹੇ ਹਨ।

* 21 ਦਸੰਬਰ 2018 ਨੂੰ ਗੋਆ ’ਚ 48 ਸਾਲਾ ਇਕ ਬ੍ਰਿਟਿਸ਼ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਗੋਆ ਵਿਚ ਅਨੇਕ ਵਿਦੇਸ਼ੀ ਔਰਤਾਂ ਨਾਲ ਬਲਾਤਕਾਰ ਹੋ ਚੁੱਕੇ ਹਨ।

* 6 ਫਰਵਰੀ 2019 ਨੂੰ ਯੂ. ਪੀ. ਦੇ ਚੰਦੋਲੀ ਵਿਚ ਇਕ ਨਕਲੀ ਟੂਰਿਸਟ ਗਾਈਡ ਨੇ ਭਾਰਤ ਘੁੰਮਣ ਆਈ ਕੈਨੇਡਾ ਦੀ ਇਕ ਮਹਿਲਾ ਸੈਲਾਨੀ ਨਾਲ ਬਲਾਤਕਾਰ ਕੀਤਾ।

* 15 ਜੂਨ 2019 ਨੂੰ ਗੁਰੂਗ੍ਰਾਮ ਵਿਚ ਇੰਟਰਨਸ਼ਿਪ ਕਰ ਰਹੀ ਇਕ ਸਪੈਨਿਸ਼ ਔਰਤ ਨਾਲ ਇਕ ਵਿਅਕਤੀ ਨੇ ਬਲਾਤਕਾਰ ਕੀਤਾ।

ਇਨ੍ਹਾਂ ਤੋਂ ਇਲਾਵਾ ਵੀ ਵਿਦੇਸ਼ੀ ਸੈਲਾਨੀਆਂ ਨਾਲ ਲੁੱਟ-ਖੋਹ ਆਦਿ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਜਿਸ ਕਾਰਣ ਭਾਰਤ ਵਿਚ ਔਰਤਾਂ ਦੀ ਸੁਰੱਖਿਆ ’ਤੇ ਸਵਾਲ ਉੱਠਦੇ ਦੇਖ ਇੰਗਲੈਂਡ ਅਤੇ ਅਮਰੀਕਾ ਦੇ ਦੂਤਘਰਾਂ ਨੇ ਭਾਰਤ ਆਉਣ ਵਾਲੀਆਂ ਮਹਿਲਾ ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ।

ਇਸ ਦੇ ਅਨੁਸਾਰ ਦੋਹਾਂ ਦੇਸ਼ਾਂ ਦੇ ਦੂਤਘਰਾਂ ਨੇ ਉਨ੍ਹਾਂ ਨੂੰ ਹੰਗਾਮੀ ਸਥਿਤੀ ਵਿਚ ਪੁਲਸ ਦੇ ਹੈਲਪਲਾਈਨ ਨੰਬਰ ’ਤੇ ਸੂਚਿਤ ਕਰਨ, ਤੁਰੰਤ ਆਪਣੇ ਟੂਰ ਆਪ੍ਰੇਟਰ ਅਤੇ ਆਪਣੇ ਦੇਸ਼ ਦੇ ਨਜ਼ਦੀਕੀ ਦੂਤਘਰ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ।

ਭਾਰਤ ਸਰਕਾਰ ਨੇ ਇਸ ਐਡਵਾਈਜ਼ਰੀ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਭਾਰਤ ਦੀ ਸਥਿਤੀ ਕਈ ਯੂਰਪੀ ਦੇਸ਼ਾਂ ਦੀ ਆਬਾਦੀ ਦੇ ਅਨੁਪਾਤ ਵਿਚ ਬਿਹਤਰ ਹੈ।

ਭਾਰਤ ਵਿਚ ਔਰਤਾਂ ਵਿਰੁੱਧ ਅਤੇ ਹੋਰਨਾਂ ਅਪਰਾਧਾਂ ਕਾਰਣ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਕਮੀ ਕਾਰਣ ਵਿਦੇਸ਼ੀ ਸੈਰ-ਸਪਾਟਾ ਉਦਯੋਗ ਨੂੰ ਪਹਿਲਾਂ ਹੀ ਭਾਰੀ ਧੱਕਾ ਲੱਗ ਚੁੱਕਾ ਹੈ। ਹੁਣ ਇੰਗਲੈਂਡ ਅਤੇ ਅਮਰੀਕਾ ਵਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਨਾਲ ਇਸ ਨੂੰ ਹੋਰ ਧੱਕਾ ਲੱਗਣ ਦਾ ਖਦਸ਼ਾ ਹੈ, ਜਿਸ ਨਾਲ ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਦੀ ਚਿੰਤਾ ਵਧ ਗਈ ਹੈ ਕਿਉਂਕਿ ਇਸ ਨਾਲ ਸਾਡੇ ਹੱਥੋਂ ਵਿਦੇਸ਼ੀ ਮੁਦਰਾ ਦੀ ਕਮਾਈ ਦਾ ਇਕ ਚੰਗਾ ਸਾਧਨ ਵੀ ਨਿਕਲ ਜਾਵੇਗਾ।

–ਵਿਜੇ ਕੁਮਾਰ


Bharat Thapa

Content Editor

Related News